ਜੋਅ ਬਾਈਡਨ ਦੋਸਤ, ਨਿਰਪੱਖ ਜਾਂ ਦੁਸ਼ਮਣ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਜੋਅ ਬਾਈਡਨ ਨੂੰ ਆਰਥਕ ਮੰਦੀ ਸਦਕਾ ਪੈਨੇਸਲਵੇਨੀਆ ਛੱੱਡ ਡੈਲਾ ਵੇਰਮਰ ਰਾਜ ਵਿਚ ਜਾਣਾ ਪਿਆ

Joe Biden

ਦੂਸਰੇ ਸੰਸਾਰ ਯੁਧ (1939-45) ਦੌਰਾਨ 1942 ਵਿਚ ਪੈਦਾ ਹੋਇਆ ਸੰਯੁਕਤ ਰਾਜ ਅਮਰੀਕਾ ਦਾ ਰਾਸ਼ਟਰਪਤੀ, ਜੋਅ ਬਾਈਡਨ ਪੁਰਾਤਨ ਰੂੜੀਵਾਦੀ ਈਸਾਈ ਪ੍ਰਵਾਰ ਨਾਲ ਸਬੰਧ ਰਖਦਾ ਹੈ। ਇਸ ਦੀ ਧਰਮ ਪ੍ਰਤੀ ਕੱਟੜਤਾ ਡੋਨਾਲਡ ਟਰੰਪ ਵਰਗੀ ਬੇਸਬਰ ਨਹੀਂ, ਬਲਕਿ ਸੁਲਝੀ ਹੋਈ ਰਾਜਨੀਤੀ ਵਿਚ ਅਪ੍ਰਤੱਖ ਰੂਪ ਵਿਚ ਵਿਚਰਦੀ ਹੈ।

ਪੈਨੇਸਲਵੇਨੀਆ ਭਾਰਤ ਦੇ ਝਾਰਖੰਡ ਰਾਜ ਵਾਂਗ ਕੋਲੇ ਦੀਆਂ ਪਰਤਾਂ ਉਪਰ ਵਸਿਆ ਰਾਜ ਹੈ ਤੇ ਇਸ ਦਾ ਸ਼ਹਿਰ ਸਕਰੈਟਨ, ਜੋਅ ਬਾਈਡਨ ਦੀ ਜਨਮ ਭੂਮੀ ਹੈ। ਜੋਅ ਬਾਈਡਨ ਨੂੰ ਆਰਥਕ ਮੰਦੀ ਸਦਕਾ ਪੈਨੇਸਲਵੇਨੀਆ ਛੱੱਡ ਡੈਲਾ ਵੇਰਮਰ ਰਾਜ ਵਿਚ ਜਾਣਾ ਪਿਆ। ਸੁੱਖ-ਦੁੱਖ ਦੇ ਗੇੜਾਂ ਵਿਚ ਘਿਰੇ ਰਹਿ ਕੇ, ਕਾਨੂੰਨੀ ਪੜ੍ਹਾਈ ਪੂਰੀ ਕਰ ਉਹ ਰਾਜਸੀ ਸਰਗਰਮੀਆਂ ਦਾ ਹਿੱਸਾ ਬਣਿਆ।

1988 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਡੈਮੋਕਰੇਟਸ ਦੀ ਉਮੀਦਵਾਰੀ ਲਈ, ਰਾਜਸੀ ਮੈਦਾਨ ਵਿਚ ਉਤਰੇ ਪਰ ਛੇਤੀ ਹੀ ਵਿਵਾਦਾਂ ਵਿਚ ਘਿਰ ਗਏ ਤੇ ਉਮੀਦਵਾਰੀ ਦੀ ਦੌੜ ਵਿਚੋਂ ਬਾਹਰ ਹੋ ਗਏ। 2009 ਤੋਂ 2017 ਤਕ ਬਰਾਕ ਓਬਾਮਾ ਦੇ ਰਾਸ਼ਟਰੀ ਕਾਲ ਦੌਰਾਨ ਉਪ-ਰਾਸ਼ਟਰਪਤੀ ਰਹੇ ਅਤੇ 2020 ਦੀਆਂ ਚੋਣਾਂ ਵਿਚ ਕਮਲਾ ਹੈਰਿਸ ਦੀ ਦਾਅਵੇਦਾਰੀ ਨੂੰ ਹਰਾ ਕੇ ਡੋਨਾਲਡ ਟਰੰਪ ਨਾਲ ਦੋ-ਦੋ ਹੱਥ ਕੀਤੇ ਤੇ ਰਾਸ਼ਟਰਪਤੀ ਦੀ ਦੌੜ ਜਿੱਤ ਗਏ।

ਰਾਜਨੀਤਕ ਚਿਹਰੇ ਤੇ ਪਾਰਟੀਆਂ ਬਦਲਣ ਨਾਲ ਰਣਨੀਤਕ ਰੁਚੀਆਂ ਵਿਚ ਵੱਡਾ ਫੇਰਬਦਲ ਨਹੀਂ ਆਉਂਦਾ। ਪਰ ਇਤਿਹਾਸ ਗਵਾਹ ਹੈ ਕਿ ਨਿਕਸਨ ਤੇ ਕੈਸਿੰਗਰ ਦੇ ਇੰਦਰਾ ਗਾਂਧੀ ਨਾਲ ਨਿਜੀ ਮੱੱਤਭੇਦ ਹੋਣ ਕਾਰਨ ਦੋਹਾਂ ਦੇਸ਼ਾਂ ਦੇ ਰਿਸ਼ਤੇ ਤਣਾਅ ਪੂਰਨ ਰਹੇ। ਅਮਰੀਕਾ ਖੁੱਲ੍ਹ ਕੇ ਭਾਰਤ ਦੇ ਵਿਰੋਧ ਵਿਚ ਖੜਾ ਹੋ ਗਿਆ ਸੀ, ਇਸ ਸਦਕਾ ਹਿੰਦ ਮਹਾਂਸਾਗਰ ਦੀ ਭੂ-ਰਾਜਨੀਤੀ ਹਮੇਸ਼ਾ ਲਈ ਬਦਲ ਗਈ।

ਜੋਅ ਬਾਈਡਨ ਦਾ ਲੰਮਾ ਰਾਜਸੀ ਤਜਰਬਾ ਉਨ੍ਹਾਂ ਨੂੰ ਸਹਿਜ ਬਣਾਉਂਦਾ ਹੈ ਤੇ ਉਨ੍ਹਾਂ ਦੇ ਨਰਮ ਸੁਭਾਅ ਨੂੰ ਸੰਸਾਰ ਭਰ ਵਿਚ ਲੋਕਾਂ ਨੇ ਰਾਸ਼ਟਰਪਤੀਆਂ ਦਰਮਿਆਨ ਵਾਦ-ਵਿਵਾਦ ਮੌਕੇ ਮਹਿਸੂਸ ਕੀਤਾ। ਕਮਲਾ ਹੈਰਿਸ ਨੇ ਭਾਵੇਂ ਅਪਣੀ ਕਾਨੂੰਨੀ ਵਿਦਿਆ ਤੇ ਰੁਤਬੇ ਵਿਚ ਤਿੱੱਖੀਆਂ ਟਿੱਪਣੀਆਂ ਕੀਤੀਆਂ ਤੇ ਕੁੱਝ ਅਥਰਾਪਨ ਵਿਖਾਇਆ, ਧਾਰਮਕ ਮਾਮਲਿਆਂ ਵਿਚ ਫ਼ਰਾਂਸ ਵਰਗਾ ਰੁਖ਼ ਸਾਹਮਣੇ ਰਖਿਆ ਪਰ ਸੰਵਿਧਾਨਕ ਪਦਵੀ ਤੇ ਬੈਠ ਕੇ ਉਨ੍ਹਾਂ ਵਿਚ ਵੀ ਨਿਰਸੰਦੇਹ ਕੁੱਝ ਬਦਲਾਅ ਵੇਖਣ ਨੂੰ ਮਿਲੇਗਾ।

ਇਥੇ ਇਹ ਗੱਲ ਵਰਨਣਯੋਗ ਹੈ ਕਿ ਅਮਰੀਕਾ ਦੇ ਕਾਲੇ, ਲੈਟਿਨ, ਏਸ਼ੀਆਈ, ਮੁਸਲਮਾਨ ਤੇ ਜ਼ਿਆਦਾਤਰ ਹਿੰਦੂ ਵੋਟ ਬਾਇਡਨ ਤੇ ਕਮਲਾ ਹੈਰਿਸ ਦੇ ਪੱਖ ਵਿਚ ਪਏ ਹਨ। ਜਾਰਜ ਫ਼ਲਾਇਡ ਦੀ ਮੌਤ ਨੇ ਨਾ ਸਿਰਫ਼ ਟਰੰਪ ਦੀ ਫ਼ਿਰਕੂ ਰਾਜਨੀਤੀ ਤੇ ਸੱਟ ਮਾਰੀ, ਸਗੋਂ ਸੰਸਾਰ ਭਰ ਵਿਚ ਸੰਦੇਸ਼ ਵੀ ਦਿਤਾ ਕਿ ਘੱਟ ਗਿਣਤੀਆਂ ਜੇਕਰ ਇਕੱਠੀਆਂ ਹੋ ਜਾਣ ਤਾਂ ਕਿਸੇ ਵੀ ਰਾਜਸੀ ਸੋਚ ਦੀ ਤਕਦੀਰ ਨੂੰ ਬਦਲਿਆ ਜਾ ਸਕਦਾ ਹੈ।

ਇਕ ਆਮ ਧਾਰਣਾ ਹੈ ਕਿ ਸਹੀ ਕੂਟਨੀਤੀ ਜੰਗੀ ਖ਼ਰਚਿਆਂ ਨੂੰ ਘਟਾ ਦਿੰਦੀ ਹੈ। ਜੋਅ ਬਾਈਡਨ ਇਸੇ ਸੋਚ ਦਾ ਮਾਲਕ ਹੈ। ਕੋਰੋਨਾ ਤੇ ਕਾਬੂ ਪਾਉਣਾ ਤੇ ਸਿਹਤ ਸੇਵਾਵਾਂ ਨੂੰ ਅਮਰੀਕਾ ਹੀ ਨਹੀਂ ਸਗੋਂ ਸੰਸਾਰ ਭਰ ਵਿਚ ਲਾਮਬੰਦ ਕਰਨਾ ਉਸ ਦੀ ਸੱਭ ਤੋਂ ਵੱਡੀ ਤਰਜੀਹ ਹੋਵੇਗੀ ਤੇ ਇਸ ਸਦਕਾ ਕੋਰੋਨਾ ਤੋਂ ਬੇਵੱੱਸ ਹੋ ਕੇ ਡਿੱੱਗੀ ਹੋਈ ਅਮਰੀਕੀ ਸਾਖ ਮੁੜ ਬਹਾਲ ਕੀਤੀ ਜਾਵੇਗੀ।

ਟਰੰਪ ਦੀ ਅਧਿਕਾਰਤ ਆਪਹੁਦਰੀ ਸ਼ੈਲੀ ਨੂੰ ਤੁਰਤ ਠੰਢਾ ਕੀਤਾ ਜਾਵੇਗਾ। ਸੰਯੁਕਤ ਰਾਸ਼ਟਰ ਸੰਘ ਦੀਆਂ ਸੰਸਥਾਵਾਂ ਵਿਚ ਡਗਮਗਾਏ ਹੋਏ ਵਿਸ਼ਵਾਸ ਦੀ ਲੋਕਾਂ ਵਿਚ ਬਹਾਲੀ ਬਹੁਤ ਜ਼ਰੂਰੀ ਹੈ। ਪੈਰਿਸ ਦੀ ਜਲਵਾਯੂ ਬਦਲਾਅ ਬਾਰੇ ਕਾਨਫ਼ਰੰਸ ਵਿਚ ਅਮਰੀਕਾ ਦੀ ਮੁੜ ਵਾਪਸੀ ਇਕ ਅਹਿਮ ਮੁੱੱਦਾ ਰਹੇਗੀ ਜਿਸ ਲਈ ਅਮਰੀਕੀ ਨੌਜੁਆਨਾਂ ਨੇ ਬਾਇਡਨ ਨੂੰ ਵੋਟਾਂ ਪਾਈਆਂ ਹਨ।

ਵਿਸ਼ਵ ਵਪਾਰ ਸੰਸਥਾ ਨੂੰ ਵੀ ਹੋਰ ਤਾਕਤਵਰ ਕਰਨਾ ਬਹੁਤ ਜ਼ਰੂਰੀ ਹੈ। ਨਾਟੋ (ਉਤਰੀ ਐਟਲਾਂਟਿਕ ਸੰਧੀ ਸੰਸਥਾ) ਵਿਚ ਵੈਲਜ਼ ਪਲੱਜ ਸਦਕਾ ਜ਼ਬਰਦਸਤੀ ਹਥਿਆਰਾਂ ਦੀ ਖ਼ਰੀਦ ਨੂੰ ਵੀ ਰੋਕਿਆ ਜਾਵੇਗਾ। ਖ਼ਰੀਦੋ-ਫ਼ਰੋਖ਼ਤ ਤੇ ਬਚਾਅਵਾਦੀ (ਪ੍ਰੋਟੈਕਸ਼ਨਿਸਟ) ਮੁਹਿੰਮ ਸਦਕਾ ਤੋੜੇ ਸੰਸਾਰਕ ਨਾਤੇ ਮੁੜ ਕਾਇਮ ਕੀਤੇ ਜਾਣਗੇ। ਹੋ ਸਕਦਾ ਹੈ ਕਿ ਟੀ.ਪੀ.ਪੀ (ਟਰਾਂਸ ਪੈਸੇਫ਼ਿਕ ਸਾਂਝੇਦਾਰੀ) ਵੀ ਮੁੜ ਸੁਰਜੀਤ ਹੋ ਜਾਵੇ। ਹਾਂਗਕਾਂਗ ਵਿਚ ਅਮਰੀਕਾ ਦੀ ਦਿਲਚਸਪੀ ਵਧੇਗੀ। ਵੀਗਰ ਜਾਂ ਉਗਿਆਰ, ਜੋ ਚੀਨ ਦੇ ਸਵੈ ਪ੍ਰਭੂਸੱਤਾ ਰਾਜ ਜੀ-ਜਿਆਂਗ ਦੇ ਵਸਨੀਕ ਹਨ, ਬਾਰੇ ਗੱਲਬਾਤ ਲਈ ਮੇਜ਼ ਤੇ ਬੈਠਿਆ ਜਾ ਸਕਦਾ ਹੈ।

ਚੀਨ ਦੇ ਲਗਭਗ ਹਰ ਨਾਜ਼ੁਕ ਮੁੱੱਦੇ ਨੂੰ ਸੰਸਾਰ ਭਰ ਵਿਚ ਉਛਾਲਿਆ ਜਾਵੇਗਾ। ਇਜ਼ਰਾਈਲ ਦੇ ਰਾਸ਼ਟਰਪਤੀ ਬੈਂਜਾਮਿਨ ਨੇਤਨਯਾਹੂ ਤੇ ਸਾਊਦੀ ਅਰਬ ਦੇ ਮੁਹੰਮਦ ਬਿਨ ਸਲਮਾਨ ਲਈ ਹਾਲਾਤ ਕੁੱਝ ਨਾਸਾਜ਼ ਹੋ ਸਕਦੇ ਹਨ। ਵਿਗੜਿਆ ਹੋਇਆ ਤੁਰਕੀ, ਜੋ 2018 ਦੀ ਫ਼ੌਜੀ ਬਗ਼ਾਵਤ ਮਗਰੋਂ ਭੂਤਰਿਆ ਫਿਰਦਾ ਹੈ, ਉਤੇ ਵੀ ਤਕੜੀ ਲਗਾਮ ਲੱਗ ਸਕਦੀ ਹੈ। ਰੂਸ ਨੂੰ ਵੀ ਹੌਲੀ-ਹੌਲੀ ਦਰਕਿਨਾਰ ਕੀਤਾ ਜਾਵੇਗਾ। ਇਰਾਨ ਦੀ ਸਿਵਲ ਪ੍ਰਮਾਣੂ ਸੰਧੀ ਸਿਰੇ ਚੜ੍ਹ ਸਕਦੀ ਹੈ ਜਿਸ ਨਾਲ ਉਹ ਵੀ ਸੁੱਖ ਦਾ ਸਾਹ ਲੈ ਕੇ ਜ਼ਰੂਰੀ ਵਸਤੂਆਂ ਦੀ ਪੂਰਤੀ ਲਈ ਹੱਥ ਪੈਰ ਮਾਰ ਸਕੇਗਾ। ਇਸ ਦਾ ਫ਼ਾਇਦਾ ਭਾਰਤ ਨੂੰ ਵੀ ਹੋਵੇਗਾ।

ਭਾਰਤ ਲਈ ਕੁੱਝ ਸੰਦੇਸ਼ ਤੇ ਸੰਕੇਤ ਇਸ ਪ੍ਰਕਾਰ ਸਾਹਮਣੇ ਆਉਣਗੇ :
ਹਿੰਦ-ਪ੍ਰਸ਼ਾਂਤ ਸਾਗ਼ਰੀ ਚਹੁੰ-ਮੁੱੱਖੀ ਸਾਂਝ, ਬਿਨਾ ਕਿਸੇ ਢਿਲ ਦੇ ਕਾਇਮ ਰੱਖੀ ਜਾਵੇਗੀ।
ਭਾਰਤ ਨਾਲ ਮੱਧਮ ਪਏ ਪ੍ਰਮਾਣੂ ਸਮਝੌਤੇ ਨੂੰ ਮੁੜ ਰਫ਼ਤਾਰੀ ਚਾਲ ਤੇ ਪਾਇਆ ਜਾਵੇਗਾ।

ਭਾਰਤ ਨੂੰ ਅਫ਼ਗਾਨਿਸਤਾਨ ਵਿਚ ਅਪਣੀ ਛਾਪ ਹੋਰ ਡੂੰਘੀ ਕਰਨੀ ਪਵੇਗੀ।
ਸਾਧਾਰਣ ਸ਼੍ਰੇਣੀ ਤਰਜੀਹ (ਜਨਰਲਾਈਜ਼ਡ ਸਿਸਟਮ ਆਫ਼ ਪ੍ਰੈਫ਼ਰਨਸਿਸ) ਤਹਿਤ ਵਪਾਰਕ ਖੁੱਲ੍ਹ ਦਿਤੀ ਜਾਵੇਗੀ।
ਅਮਰੀਕਨ ਵੀਜ਼ਿਆਂ ਤੇ ਲੱਗੀ ਰੋਕ ਨੂੰ ਘੱਟ ਕੀਤਾ ਜਾਵੇਗਾ।

ਈਰਾਨ ਨਾਲ ਵਪਾਰ ਦੀ ਖੁੱਲ੍ਹ ਹੋਵੇਗੀ। ਭਾਰਤ ਸਸਤਾ ਤੇਲ ਈਰਾਨ ਤੋਂ ਖ਼ਰੀਦਣ ਲਈ ਅਜ਼ਾਦ ਹੋਵੇਗਾ।
ਸ਼ਾਹਬਹਾਰ ਬੰਦਰਗਾਹ ਤੇ ਉਤਰ-ਦੱਖਣ ਵਪਾਰਕ ਮਾਰਗਾਂ ਨੂੰ  ਮੁੜ ਤੇਜ਼ ਚਹਿਲਕਦਮੀ ਵਿਚ ਪਾਇਆ ਜਾਵੇਗਾ।
ਜਪਾਨ ਤੇ ਭਾਰਤ ਨਾਲ ਮਿਲ ਕੇ, ਅਫ਼ਰੀਕਾ ਨੂੰ ਰਾਹ ਤੇ ਪਾਉਣ ਦੀਆਂ ਕੋਸ਼ਿਸ਼ਾਂ ਕਰਨਗੇ।

ਜੋਅ ਬਾਇਡਨ ਦੀ ਗ੍ਰੀਨ ਫ਼ੰਡਿੰਗ ਦਾ ਫ਼ਾਇਦਾ ਭਾਰਤ ਨੂੰ ਜ਼ਰੂਰ ਹੋਵੇਗਾ।
ਅਮਰੀਕੀ ਗ਼ੈਰ-ਸਰਕਾਰੀ ਸੰਗਠਨਾਂ ਨੂੰ ਦੁਬਾਰਾ ਸ਼ੁਰੂ ਕਰਨ ਲਈ ਭਾਰਤ ਤੇ ਦਬਾਅ ਵਧੇਗਾ।

ਕਸ਼ਮੀਰ ਦੀ ਤੇ ਸ੍ਰੀਨਗਰ ਘਾਟੀ ਦੀ ਸਥਿਤੀ ਉਤੇ ਜੋਅ ਬਾਈਡਨ ਤੇ ਕਮਲਾ ਹੈਰਿਸ ਦੀ ਸਖ਼ਤ ਬਿਆਨੀ ਕਾਇਮ ਰਹਿਣ ਦੀ ਸੰਭਾਵਨਾ ਹੈ। ਧਾਰਾ 370 ਤੇ 35-ਏ ਤੇ ਰਾਜਸੀ ਕਥਨ ਜਾਰੀ ਕਰਨ ਤੋਂ ਸ਼ਾਇਦ ਇਹ ਦੋਵੇਂ ਗੁਰੇਜ਼ ਨਾ ਕਰਨ।

ਇਹ ਦੋਵੇਂ ਰਾਜਨੇਤਾ ਨਾਗਰਿਕਤਾ ਸੋਧ ਕਾਨੂੰਨ ਤੇ ਭਾਰਤ ਨੂੰ ਘੇਰਨ ਦੀ ਕੋਸ਼ਿਸ਼ ਕਰਦੇ ਰਹਿਣਗੇ। 25 ਲੱੱਖ ਤੋਂ ਵੱਧ ਸਿੱਖ ਭਾਰਤ ਤੋਂ ਬਾਹਰ ਵਖਰੇ-ਵਖਰੇ ਮੁਲਕਾਂ ਵਿਚ ਰਹਿੰਦੇ ਹਨ, ਇਨ੍ਹਾਂ ਵਿਚੋਂ 5 ਲੱਖ ਜਾਂ 20 ਫ਼ੀ ਸਦੀ ਕੇਵਲ ਸੰਯੁਕਤ ਰਾਜ ਅਮਰੀਕਾ ਵਿਚ ਹੀ ਹਨ। ਇਨ੍ਹਾਂ ਦਾ ਵੱਡਾ ਹਿੱਸਾ ਪ੍ਰਸ਼ਾਂਤ ਤੱਟੀ ਪ੍ਰਾਂਤਾਂ ਵਿਚ ਰਹਿੰਦਾ ਹੈ ਤੇ ਬਾਕੀ ਦੀ ਵਸੋਂ ਨਿਊ ਇੰਗਲੈਂਡ ਸੂਬਿਆਂ ਵਿਚ ਹੈ। ਇਨ੍ਹਾਂ ਬਾਰੇ ਤਿੰਨ ਕੁ ਪਹਿਲੂ ਵਿਚਾਰੇ ਜਾਣੇ ਜ਼ਰੂਰੀ ਹਨ :

ਧਾਰਮਿਕ ਵਖਰੇਵਿਆਂ ਹੇਠ ਸਿੱਖੀ ਨੂੰ ਉਸ ਦੀ ਆਣ-ਬਾਣ ਨਾਲ ਸਵੀਕਾਰ ਕਰਨਾ।
ਸਿੱਖ ਨੌਜੁਆਨਾਂ ਨੂੰ ਸੈਨਾ ਵਿਚ ਭਰਤੀ ਸਮੇਂ ਪਹਿਲ ਦੇਣਾ।
ਸ਼ਟਲ ਕੂਟਨੀਤੀ ਹੇਠ ਪੰਜਾਬ ਰਾਜ ਨਾਲ ਸਿੱਧੇ ਵਪਾਰਕ ਸੰਬਧ ਕਾਇਮ ਕਰਨਾ ਆਦਿ।

ਅਜੋਕੀ ਖੇਤੀ ਤੇ ਨਵੇਂ ਖੇਤੀਬਾੜੀ ਕਾਨੂੰਨਾਂ ਸਦਕਾ ਇਹ ਕਦਮ ਹੋਰ ਵੀ ਜ਼ਰੂਰੀ ਹੋ ਗਿਆ ਹੈ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਤੇ ਇਸ ਦੀਆਂ ਜਿਨਸਾਂ ਤੇ ਆਧਾਰਿਤ ਉਦਯੋਗ ਵਿਚ ਸਰਮਾਇਆ ਲਗਾਉਣਾ ਦੋਵੇਂ ਧਿਰਾਂ ਲਈ ਲਾਹੇਵੰਦ ਹੋਵੇਗਾ। 1999 ਤੋਂ ਅਮਰੀਕਾ ਵਿਚ ਕੰਮ ਕਰ ਰਹੀ ਖ਼ਾਲਸਾ-ਏਡ ਗ਼ੈਰ-ਸਰਕਾਰੀ ਜਥੇਬੰਦੀਆਂ ਵਰਗੀਆਂ ਸਰਗਰਮੀਆਂ ਲਈ ਪੰਜਾਬ ਦਾ ਨੌਜੁਆਨ ਹਮੇਸ਼ਾਂ ਤਿਆਰ ਰਹਿੰਦਾ ਹੈ ਤੇ ਕੁਰੀਤੀਆਂ ਤੋਂ ਬਚਣ ਲਈ ਅਜਿਹੇ ਪ੍ਰੋਗਰਾਮ ਜਦੋਂ ਰਾਜਸੀ ਸਹਿਮਤੀ ਨਾਲ ਮਾਨਵਤਾ ਦੀ ਸੇਵਾ ਕਰਦੇ ਹਨ ਤਾਂ ਉਨ੍ਹਾਂ ਦੀ ਆਤਮਕ ਛੋਹ ਦੂਰ-ਦੂਰ ਤਕ ਮਹਿਸੂਸ ਕੀਤੀ ਜਾਂਦੀ ਹੈ।

ਟਰੰਪ ਵਰਗੀ ਝੂਠ ਦੀ ਪੰਡ ਅਮਰੀਕੀ ਲੋਕਾਂ ਨੂੰ ਮੱਲੋ-ਮਲੀ ਚੁਕਣੀ ਪਈ। ਸੰਸਾਰ ਇਸ ਨੂੰ ਛੇਤੀ ਹੀ ਭੁੱਲਣ ਦੀ ਕੋਸ਼ਿਸ਼ ਕਰੇਗਾ। ਅਮਰੀਕੀ ਮੀਡੀਆ, ਚੋਣ ਕਮਿਸ਼ਨ, ਪ੍ਰਸ਼ਾਸਨ ਤੇ ਅਦਾਲਤਾਂ ਇਸ ਦੌਰਾਨ ਹੋਏ ਨੁਕਸਾਨ ਨੂੰ ਜਲਦੀ ਠੀਕ ਕਰਨ ਦੀ ਕੋਸ਼ਿਸ਼ ਕਰਨਗੇ। ਭਾਵੇਂ ਹੁਣ  ਇਹ ਇਤਿਹਾਸ ਦਾ ਹਿੱਸਾ ਬਣ ਚੁੱਕਾ ਹੈ, ਟਰੰਪ ਨਾਂ ਦਾ ਰਾਵਣ ਫਿਰ ਸਿਰ ਨਾ ਚੁੱਕੇ, ਇਸ ਲਈ ਅਮਰੀਕਾ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੋਵੇਗੀ।
ਸੰਪਰਕ : 94636-86611