ਆਪਣੇ ਆਪ ਨੂੰ ਜ਼ਾਬਤੇ ਵਿਚ ਰੱਖ ਕੇ ਕਿਵੇਂ ਗੱਜਿਆ ਭੂਮੀ ਵਿਗਿਆਨੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਪੱਤਾ ਰੰਗ ਚਾਰਟ ਵਿਧੀ’ ਦੇ ਸਨਮਾਨ ਵਜੋਂ ਦਿਤਾ ਜਾਣਾ ਸੀ। 

Dr. Varinderpal Singh

ਚੰਡੀਗੜ੍ਹ : ਭਾਰਤੀ ਖਾਦ ਸੰਸਥਾ (ਐਫ਼.ਏ.ਆਈ.) ਨੇ ਡਾ: ਵਰਿੰਦਰਪਾਲ ਸਿੰਘ ਨੂੰ ਭੂਮੀ ਵਿਗਿਆਨ ਵਿਚ ਉੱਤਮ ਖੋਜ ਲਈ 1 ਲੱਖ ਰੁਪਏ ਦਾ ਇਨਾਮ ਅਤੇ ਸੋਨੇ ਦੇ ਤਮਗ਼ੇ ਨਾਲ ਨਿਵਾਜਣ ਲਈ ਦਿੱਲੀ ਵਿਖੇ ਸੱਦਾ ਦਿਤਾ ਸੀ। ਇਹ ਇਨਾਮ ਉਨ੍ਹਾਂ ਦੀ ਟੀਮ ਵਲੋਂ ਘੱਟ ਤੋਂ ਘੱਟ ਯੂਰੀਆ ਖਾਦ ਦੀ ਵਰਤੋਂ ਨਾਲ ਪੂਰਾ ਝਾੜ ਪ੍ਰਾਪਤ ਕਰਨ ਲਈ ਤਿਆਰ ਕੀਤੀ ਗਈ ‘ਪੱਤਾ ਰੰਗ ਚਾਰਟ ਵਿਧੀ’ ਦੇ ਸਨਮਾਨ ਵਜੋਂ ਦਿਤਾ ਜਾਣਾ ਸੀ। ਜ਼ਿਕਰਯੋਗ ਹੈ ਕਿ ਇਸ ਵਿਧੀ ਦੀ ਵਰਤੋਂ ਨਾਲ ਪੰਜਾਬ ਵਿਚ 750 ਕਰੋੜ ਰੁਪਏ ਦੀ ਯੂਰੀਆ ਅਤੇ ਅਰਬਾਂ ਰੁਪਏ ਦੇ ਕੀਟ ਨਾਸ਼ਕਾਂ ਦੀ ਸਾਲਾਨਾ ਬੱਚਤ ਕੀਤੀ ਜਾ ਸਕਦੀ ਹੈ । ਕੁਲ ਭਾਰਤ ਵਿਚ ਇਹ ਬੱਚਤ ਖਰਬਾਂ ਵਿਚ ਹੋ ਜਾਣੀ ਹੈ । ਇਸ ਤੋਂ ਇਲਾਵਾ ਰਸਾਇਣਾਂ ਅਤੇ ਜ਼ਹਿਰਾਂ ਦੀ ਬੱਚਤ ਨਾਲ ਵਾਤਾਵਰਣ ਪ੍ਰਦੂਸ਼ਣ ਦੀ ਰੋਕਥਾਮ ਅਤੇ ਅਨਾਜ ਦੀ ਗੁਣਵੱਤਾ ਦੇ ਵਾਧੇ ਦੇ ਲਾਭ ਅਣਮੁੱਲੇ ਹਨ।

ਭਾਰਤ ਸਰਕਾਰ ਵਲੋਂ ਭਾਰਤੀ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਮੰਨਣ ਦੀ ਬਜਾਏ ਉਨ੍ਹਾਂ ਉਪਰ ਕੀਤੇ ਗਏ ਤਸ਼ੱਦਦ ਦੇ ਰੋਸ ਵਜੋਂ ਮੰਚ ਉਪਰ ਸ਼ਾਂਤਮਈ ਪ੍ਰਦਰਸ਼ਨ ਕਰਦਿਆਂ ਡਾ: ਵਰਿੰਦਰਪਾਲ ਸਿੰਘ ਨੇ ਰਸਾਇਣਾਂ ਅਤੇ ਖਾਦ ਮੰਤਰੀ ਤੋਂ ਇਹ ਸਨਮਾਨ ਪ੍ਰਾਪਤ ਕਰਨ ਤੋਂ ਨਾਂਹ ਕਰ ਦਿਤੀ। ਅਪਣਾ ਰੋਸ ਪ੍ਰਗਟ ਕਰਦਿਆਂ ਉਨ੍ਹਾਂ ਪ੍ਰਧਾਨ ਮੰਤਰੀ, ਭਾਰਤ ਦੇ ਨਾਮ ਲਿਖਿਆ ਖ਼ਤ ਸ੍ਰੀ ਐਮ.ਐਲ. ਮੰਨਦਾਵੀਆ, ਰਸਾਇਣਾਂ ਅਤੇ ਖਾਦਾਂ ਮੰਤਰੀ ਅਤੇ ਸ੍ਰੀ ਸਤੀਸ਼ ਚੰਦਰ, ਡਾਇਰੈਕਟਰ ਜਨਰਲ, ਭਾਰਤ ਖਾਦ ਸੰਸਥਾ ਨੂੰ ਦਸਤੀ ਭੇਟ ਕੀਤਾ। ਨਿਮਰਤਾ ਅਤੇ ਦਿ੍ਰੜਤਾ ਨਾਲ ਪ੍ਰਧਾਨ ਮੰਤਰੀ ਨੂੰ ਲਿਖੇ ਖਤ ਵਿਚ ਉਨ੍ਹਾਂ ਸਪਸ਼ਟ ਕੀਤਾ ਕਿ ਇਨ੍ਹਾਂ ਕਾਲੇ ਕਾਨੂੰਨਾਂ ਦੀ ਵਾਪਸੀ ਤੋਂ ਬਿਨਾਂ ਦੇਸ਼ ਵਾਸੀ ਕਿਸੇ ਵੀ ਪ੍ਰਸਤਾਵ ਨੂੰ ਪ੍ਰਵਾਨ ਨਹੀਂ ਕਰਨਗੇ।

ਜਿਉਂਦੀਆਂ ਜ਼ਮੀਰਾਂ ਵਾਲੇ ਹੋਰ ਵਿਦਵਾਨਾਂ ਵਲੋਂ ਇਸ ਰੋਸ ਵਿਚ ਮੋੜੇ ਗਏ ਪਦਮ ਸ੍ਰੀ ਸਨਮਾਨਾਂ ਨੇ ਸਰਕਾਰ ਨੂੰ ਅਪਣੇ ਫ਼ਰਜ਼ ਪਹਿਚਾਣਨ ਲਈ ਮਜਬੂਰ ਕਰ ਦਿਤਾ ਹੈ । ਡਾ. ਕਿਰਪਾਲ ਸਿੰਘ ਔਲਖ, ਸਾਬਕਾ ਵਾਈਸ ਚਾਂਸਲਰ, ਪੀ.ਏ.ਯੂ., ਡੀ. ਨਛੱਤਰ ਸਿੰਘ ਜੀ, ਸਾਬਕਾ ਵਾਈਸ ਚਾਂਸਲਰ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਅਤੇ ਹੋਰ ਖੇਤੀ ਵਿਗਿਆਨੀ ਵੀ ਆਪੋ ਅਪਣੀ ਭੂਮਿਕਾ ਨਿਭਾਉਣ ਲਈ ਡਟੇ ਹੋਏ ਹਨ।  ਡਾ: ਵਰਿੰਦਰਪਾਲ ਸਿੰਘ ਨੂੰ ਭਾਰਤੀ ਖਾਦ ਸੰਸਥਾ ਨੇ ਭੂਮੀ ਵਿਗਿਆਨ ’ਚ ਉੱਤਮ ਖੋਜ ਲਈ 1 ਲੱਖ ਰੁਪਏ ਦਾ ਇਨਾਮ ਅਤੇ ਸੋਨੇ ਦੇ ਤਮਗ਼ੇ ਨਾਲ ਨਿਵਾਜਣ ਲਈ ਦਿੱਲੀ ਵਿਖੇ ਸੱਦਾ ਦਿਤਾ ਗਿਆ ਸੀ। ਕਿਸਾਨ ਅੰਦੋਲਨ ’ਚ ਕਿਸਾਨਾਂ ਵਲੋਂ ਕਾਨੂੰਨ ਵਾਪਸੀ ਦੀ ਮੰਗ ਨੂੰ ਜਾਇਜ਼ ਦਸਦਿਆਂ ਡਾ: ਵਰਿੰਦਰਪਾਲ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਫ਼ਰਾਖ਼ਦਿਲੀ ਦਾ ਮੁਜ਼ਾਹਰਾ ਕਰਦਿਆਂ ਕਿਸਾਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ ।

 

 

ਉਨ੍ਹਾਂ ਸਰਕਾਰ ਵਲੋਂ ਲਿਆਂਦੇ ਕਾਨੂੰਨਾਂ ਨੂੰ ਕਾਰਪੋਰੇਟਾਂ ਲਈ ਲਿਆਂਦੇ ਕਾਨੂੰਨ ਦਸਦਿਆਂ ਇਸ ਦੀ ਤੁਲਣਾ ਈਸਟ ਇੰਡੀਆ ਕੰਪਨੀ ਨਾਲ ਕਰਦਿਆਂ ਕਿਹਾ ਕਿ ਕੀ ਹੁਣ ਆਜ਼ਾਦ ਭਾਰਤ ’ਚ ਇਕ ਹੋਰ ਆਜ਼ਾਦੀ ਦੀ ਜੰਗ ਲੜਨੀ ਪਵੇਗੀ? ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦੇ ਮੁਖੀ ਹੋਣ ਦੇ ਨਾਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਨੂੰ ਦੇਸ਼ ਦੇ ਸਭ ਤੋਂ ਉੱਤਮ ਬੱਚੇ ਸਮਝ ਕੇ ਉਨ੍ਹਾਂ ਦਾ ਮਾਣ ਰਖਣਾ ਚਾਹੀਦਾ ਹੈ । ਕਿਸਾਨ ਸੰਘਰਸ਼ ਦੀ ਹਮਾਇਤ ’ਚ ਹਾਲੇ ਤਕ ਕਈ ਲੇਖਕ, ਕਵੀ, ਖਿਡਾਰੀ ਅਪਣੇ ਪੁਰਸਕਾਰ ਵਾਪਸ ਕਰ ਚੁੱਕੇ ਹਨ ਪਰ ਸਟੇਜ ਤੋਂ ਪੁਰਸਕਾਰ ਨੂੰ ਨਾਂਹ ਕਰਨ ਵਾਲੇ ਡਾ: ਵਰਿੰਦਰਪਾਲ ਸਿੰਘ ਪਹਿਲੇ ਵਿਗਿਆਨੀ ਹਨ ਜਿਨ੍ਹਾਂ ਨੂੰ ਇਹ ਪੁਰਸਕਾਰ ਘੱਟ ਤੋਂ ਘੱਟ ਯੂਰੀਆ ਖਾਦ ਦੀ ਵਰਤੋਂ ਨਾਲ ਪੂਰੇ ਝਾੜ ਹਾਸਲ ਕਰਨ ਲਈ ਤਿਆਰ ਕਰਨ ਲਈ ਦਿਤਾ ਗਿਆ। ‘ਪੱਤਾ ਰੰਗ ਚਾਰਟ ਵਿਧੀ’ ਦੇ ਸਨਮਾਨ ਵਜੋਂ ਦਿਤਾ ਜਾਣਾ ਸੀ। 

ਡਾ: ਵਰਿੰਦਰਪਾਲ ਸਿੰਘ ਨੇ ਸਟੇਜ ਤੋਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਇਕ ਚਿੱਠੀ ਵੀ ਸੌਂਪੀ, ਜਿਸ ਵਿਚ ਉਨ੍ਹਾਂ ਕਿਹਾ ਕਿ ਮੇਰੀ ਚੇਤਨਾ ਮੈਨੂੰ ਅਜਿਹੇ ਕਿਸੇ ਵੀ ਸਰਕਾਰੀ ਅਧਿਕਾਰੀ ਤੋਂ ਇਹ ਸਨਮਾਨ ਲੈਣ ਦੀ ਇਜਾਜ਼ਤ ਨਹੀਂ ਦਿੰਦੀ, ਜਿਸ ਸਰਕਾਰ ਨੇ ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਤਸੀਹੇ ਦਿਤੇ ਹੋਣ। ਡਾ: ਵਰਿੰਦਰਪਾਲ ਸਿੰਘ ਨੇ ਚਿੱਠੀ ’ਚ ਰਾਸ਼ਟਰੀ ਮੀਡੀਆ ਵਲੋਂ ਕਿਸਾਨਾਂ ਨੂੰ ਅਤਿਵਾਦੀ ਕਹੇ ਜਾਣ ’ਤੇ ਇਤਰਾਜ਼ ਪ੍ਰਗਟਾਇਆ। ਚਿੱਠੀ ਦੀ ਪਹਿਲੀ ਹੀ ਪੰਕਤੀ ’ਚ ਉਨ੍ਹਾਂ ਕਿਹਾ ਕਿ ਉਹ ਨਾ ਤਾਂ ਸਿਆਸਤਦਾਨ ਹੈ , ਨਾ ਹੀ ਕੋਈ ਅਤਿਵਾਦੀ। ਉਨ੍ਹਾਂ ਪ੍ਰਧਾਨ ਮੰਤਰੀ ਤੋਂ ਤਿੰਨ ਖੇਤੀ ਕਾਨੂੰਨ ਛੇਤੀ ਤੋਂ ਛੇਤੀ ਵਾਪਸ ਲੈਣ ਦੀ ਮੰਗ ਕਰਦਿਆਂ ਕਿਹਾ ਕਿ ਕਾਨੂੰਨ ਵਾਪਸੀ ਤੋਂ ਕੁੱਝ ਵੀ ਘੱਟ ਦੀ ਪੇਸ਼ਕਸ਼ ਕਿਸਾਨਾਂ ਅਤੇ ਰਾਸ਼ਟਰ ਨਾਲ ਧੋਖਾ ਹੋਵੇਗਾ।