ਅਸ਼ਕੇ! ਓ ਪੰਜਾਬ ਦੇ ਪੁੱਤਰੋ! ਸਾਰੇ ਦਾਗ ਹੀ ਧੋ ਛੱਡੇ ਜੇ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਕੇਂਦਰ ਸਰਕਾਰ ਦੀ ਜਿੰਨੀਆਂ ਮੀਟਿੰਗਾਂ ਵੀ ਹੋਈਆਂ, ਬੇਸਿੱਟਾ ਹੀ ਰਹੀ

file photo

 ਨਵੀਂ ਦਿੱਲੀ: ‘ਪੰਜਾਬੀ ਨਸ਼ੇੜੀ ਨੇ, ਪੰਜਾਬੀ ਵਿਹਲੜ, ਲਫ਼ੰਗੇ, ਲਚਰ ਅਤੇ ਲੜਾਕੇ ਹਨ, ਇਨ੍ਹਾਂ ਨੂੰ ਆਨੇ ਦੀ ਅਕਲ ਨਹੀਂ, ਇਹ ਆਪਸੀ ਏਕਤਾ ਨਹੀਂ ਰੱਖ ਸਕਦੇ, ਇਨ੍ਹਾਂ ਵਿਚ ਜੋਸ਼ ਹੀ ਏ ਪਰ ਹੋਸ਼ ਨਹੀਂ, ਇਹ ਹੁਣ ਹੱਡੀਆਂ ਦੀ ਮੁੱਠ ਬਣ ਗਏ ਨੇ, ਉਹ ਪੁਰਾਣਾ ਜ਼ੋਰ ਹੁਣ ਇਨ੍ਹਾਂ ਵਿਚ ਨਹੀਂ ਰਿਹਾ।’ ਇਹ ਸਾਰੇ ਬੋਲ ਪਿਛਲੇ ਵੀਹ ਸਾਲਾਂ ਤੋਂ ਸੁਣਨ ਨੂੰ ਮਿਲ ਰਹੇ ਸਨ। ਬਹੁਤਿਆਂ ਦੀ ਸੋਚ ਵੀ ਇਹੋ ਹੀ ਬਣ ਗਈ ਸੀ ਅਤੇ ਸਚ ਪੁੱਛੋ ਤਾਂ ਮੈਂ ਵੀ ਕੁੱਝ ਇਸ ਤਰ੍ਹਾਂ ਹੀ ਸੋਚ ਕੇ ਉਦਾਸ ਹੋ ਜਾਂਦਾ ਸੀ। ਪਰ ਕਮਾਲ ਹੀ ਹੋ ਗਈ, ਇਹ ਉਹ ਪੰਜਾਬੀ ਹਨ ਜਿਨ੍ਹਾਂ ਢਾਈ ਮਹੀਨਿਆਂ ਤੋਂ ਅਪਣਾ ਘਰ-ਪ੍ਰਵਾਰ, ਸੁਖ-ਸਹੂਲਤਾਂ ਛੱਡ ਕੇ ਅਪਣੇ ਹੱਕਾਂ ਦੀ ਲੜਾਈ ਲੜਦਿਆਂ ਜਿਸ ਸੂਝ-ਬੂਝ, ਅਕਲਮੰਦੀ, ਆਪਸੀ ਇਤਫ਼ਾਕ ਦਾ ਸਬੂਤ ਦਿੰਦੇ ਹੋਏ ਅਪਣੇ ਸੰਘਰਸ਼ ਨੂੰ ਪੂਰੀ ਦੁਨੀਆਂ ਸਾਹਮਣੇ ਪੇਸ਼ ਕਰ ਕੇ ਅਪਣਾ ਅਕਸ ਹੀ ਬਦਲ ਕੇ ਰਖ ਦਿਤਾ ਹੈ। ਹੁਣ ਲੋਕ ਸੋਚਣ ਲਈ ਮਜਬੂਰ ਹੋ ਗਏ ਹਨ ਕਿ ਕੀ ਇਹ ਉਹੀ ਪੰਜਾਬੀ ਹਨ, ਜਿਨ੍ਹਾਂ ’ਤੇ ਕੁਝ ਸਮਾਂ ਪਹਿਲਾਂ ਹੀ ‘ਉੜਤਾ ਪੰਜਾਬ’ ਵਰਗੀ ਫ਼ਿਲਮ ਬਣੀ ਅਤੇ ਸਾਰੇ ਮੁਲਕ ਨੇ ਪੰਜਾਬੀਆਂ ਨੂੰ ‘ਚਿੱਟੇ’ ਲਾਉਂਦਿਆਂ ਅਤੇ ਟੀਕੇ ਲਾ ਕੇ ਮਰਦਿਆਂ ਅਤੇ ਸਿਵਿਆਂ ਵਿਚ ਨੌਜਵਾਨਾਂ ਦੀਆਂ ਅਰਥੀਆਂ ’ਤੇ ਵੈਣ ਪੈਂਦੇ ਵੇਖੇ? ਪਰ ਆਹ ਤਾਂ ਤਸਵੀਰ ਹੀ ਬਦਲ ਗਈ... ਕਮਾਲ ਹੋ ਗਈ ਬਈ ਕਮਾਲ!

ਖੇਤੀ, ਖੇਤਾਂ ਅਤੇ ਖੇਤ ਪੁੱਤਰਾਂ ਨੂੰ ਤਬਾਹ ਕਰਨ ਵਾਲੇ ਤਿੰਨ ਕਾਲੇ ਕਾਨੂੰਨ ਜਦੋਂ ਭਾਰਤ ਸਰਕਾਰ ਨੇ ਬਿਨਾਂ ਦੇਸ਼ ਦੇ ਕਿਸਾਨਾਂ ਨੂੰ ਭਰੋਸੇ ਵਿਚ ਲਏ, ਅਪਣੇ ਫ਼ੰਡ ਦਾਤਾਵਾਂ ਨੂੰ ਖ਼ੁਸ਼ ਕਰਨ ਲਈ ਪਾਸ ਕਰ ਦਿਤੇ ਅਤੇ ਪਾਸ ਵੀ ਕੋਰੋਨਾ ਕਾਲ ਵਿਚ ਕੀਤੇ ਤਾਂ ਜੋ ਇਸ ਦਾ ਵਿਰੋਧ ਨਾ ਹੋਵੇ ਕਿਉਂਕਿ ਕੋਰੋਨਾ ਤੋਂ ਡਰਦੇ ਕਿਸਾਨ ਘਰਾਂ ’ਚੋਂ ਬਾਹਰ ਨਹੀਂ ਨਿਕਲਣਗੇ ਅਤੇ ਇਸ ਵਿਰੁਧ ਧਰਨੇ-ਮੁਜ਼ਾਹਰੇ ਨਹੀਂ ਹੋਣਗੇ। ਪਰ ਆਫ਼ਰੀਨ... ਧਰਤੀ ਪੁੱਤਰਾਂ ਦੇ। ਜਦੋਂ ਸਮੇਂ ਦੇ ਹਾਕਮਾਂ ਨੂੰ ਸਿੱਧੀ ਤਰ੍ਹਾਂ ਗੱਲ ਸਮਝ ਨਾ ਆਈ ਤਾਂ ਫਿਰ ਦੇਸ਼ ਦੇ ਅੰਨਦਾਤੇ, ਲੈ ਕੇ ਕਲਗੀਆਂ ਵਾਲੇ ਦਾ ਓਟ ਆਸਰਾ ਅਤੇ ਕਰ ਕੇ ਕਮਰਕਸੇ, ਨਿਕਲ ਪਏ ਸੜਕਾਂ, ਰੇਲਵੇ ਸਟੇਸ਼ਨਾਂ, ਰੇਲ ਪਟੜੀਆਂ ਅਤੇ ਟੋਲ ਪਾਲਾਜ਼ਿਆਂ ’ਤੇ ਧਰਨੇ ਲਾਉਣ ਲਈ। ਉਨ੍ਹਾਂ ਦਾ ਜਜ਼ਬਾ ਅਤੇ ਜੋਸ਼ ਵੇਖ ਕੇ ਕੋਰੋਨਾ ਛਾਲਾਂ ਮਾਰਦਾ ਕੋਰੋਨਾ ਚੀਨ ਵਾਪਸ ਭੱਜ ਗਿਆ। ਅਪਣੇ ਹੱਕਾਂ ਲਈ ਯੋਧੇ ਧੁੱਪ, ਮੀਂਹ, ਰਾਤ ਦਿਨ, ਭੁੱਖ, ਪਿਆਸ ਦੀ ਪ੍ਰਵਾਹ ਕੀਤੇ ਬਿਨਾਂ ਮੈਦਾਨ ਵਿਚ ਡਟ ਗਏ। ਇਕ ਹੋਰ ਕਮਾਲ ਦੀ ਗੱਲ ਇਹ ਵੀ  ਕਿ ਲਗਭਗ 31-32 ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਕਰਦਿਆਂ ਜਿਸ ਏਕਤਾ, ਇਕਸੁਰਤਾ ਅਤੇ ਇਕ ਸੋਚ ਦਾ ਸਬੂਤ ਦਿਤਾ ਹੈ ਉਸ ਨੂੰ ਨੂੰ ਵੇਖ ਕੇ  ਦੁਨੀਆਂ ਹੈਰਾਨ ਰਹਿ ਗਈ। ਪੰਜਾਬੀ ਖ਼ਾਸ ਕਰ ਕੇ ਸਿੱਖ ਸੰਘਰਸ਼ ਕਰਨ ਲਈ ਇਕੱਠੇ ਤੁਰ ਤਾਂ ਪੈਂਦੇ ਹਨ ਪਰ ਮੰਜ਼ਿਲ ’ਤੇ ਅਪੜਨ ਤੋਂ ਪਹਿਲਾਂ ਹੀ ਖਖੜੀਆਂ-ਕਰੇਲੇ ਹੋ ਜਾਂਦੇ ਹਨ। ਪਰ ਅੱਜ ਜਿਹੜੇ ਲੋਕ ਕਹਿੰਦੇ ਸਨ ਕਿ ਇਹ ਏਕਤਾ ਨਹੀਂ ਰੱਖ ਸਕਦੇ, ਉਹ ਦੰਦਾਂ ਥੱਲੇ ਉਂਗਲਾਂ ਦੇਣ ਲਈ ਮਜਬੂਰ ਹੋ ਗਏ ਹਨ।

ਪੰਜਾਬ ਦੇ ਕਿਸਾਨਾਂ ਨੇ ਸਦੀਆਂ ਤੋਂ ਲਗਿਆ ਆ ਰਿਹਾ ਇਹ ਦਾਗ਼ ਅੱਜ ਧੋ ਦਿਤਾ ਹੈ । ਕਿਸਾਨਾਂ ਨੇ ਰੇਲਾਂ ਰੋਕੀਆਂ, ਪਟੜੀਆਂ ਮੱਲੀਆਂ, ਟੋਲ ਪਲਾਜ਼ੇ ਬੰਦ ਕੀਤੇ ਪਰ ਮਜਾਲ ਹੈ ਕਿ ਕਿਤੇ ਵੀ ਕੋਈ ਆਪਹੁਦਰੀ ਹੋਈ ਹੋਵੇ ਅਤੇ ਕਿਤੇ ਕੋਈ ਅਨੁਸਾਸ਼ਨ ਦੀ ਘਾਟ ਸਾਹਮਣੇ ਆਈ ਹੋਵੇ। ਕਿਸਾਨ ਯੂਨੀਅਨਾਂ ਵਲੋਂ ਦਿਤੀਆਂ ਹਦਾਇਤਾਂ ਦੀ ਹਰ ਕਿਸਾਨ ਅਤੇ ਮੈਂਬਰ ਨੇ ਪਾਲਣਾ ਕੀਤੀ। ਜਿਹੜੇ ਆਖਦੇ ਸਨ ਕਿ ਪੰਜਾਬੀ ਕਿਸਾਨ ਅਨਪੜ੍ਹ ਹਨ, ਇਨ੍ਹਾਂ ਵਿਚ ਹੋਸ਼ ਘੱਟ ਤੇ ਜੋਸ਼ ਜ਼ਿਆਦਾ ਹੁੰਦਾ ਹੈ  ਉਨ੍ਹਾਂ ਨੇ ਪੰਜਾਬੀ ਧਰਨਾਕਾਰੀਆਂ ਦਾ ਨਿੱਕੇ ਤੋਂ ਨਿੱਕਾ ਅਮਲ ਵੀ ਯੋਜਨਾਬੱਧ ਹੋਇਆ ਵੇਖਿਆ ਤਾਂ ਉਹ ਅਸ਼-ਅਸ਼ ਕਰ ਉਠੇ। ਕਿਸਾਨੀ ਸੰਘਰਸ਼ ਦੇ ਦੋ ਮਹੀਨੇ ਬੀਤ ਗਏ ਅਤੇ ਕੇਂਦਰ ਨੇ ਮੁਸਾਫ਼ਰ ਗੱਡੀਆਂ ਦੇ ਨਾਲ ਮਾਲ ਗੱਡੀਆਂ ਵੀ ਰੋਕ ਲਈਆਂ। ਨਾ ਤਾਂ ਪੰਜਾਬ ਤੋਂ ਕੁਝ ਬਾਹਰ ਜਾ ਰਿਹਾ ਸੀ ਅਤੇ ਨਾ ਹੀ ਆ ਰਿਹਾ ਸੀ। ਖ਼ਾਸ ਕਰ ਕੇ ਕੋਲਾ ਨਾ ਆਉਣ ਕਰ ਕੇ ਪੰਜਾਬ ਵਿਚ ਬਿਜਲੀ ਸੰਕਟ ਪੈਦਾ ਹੋ ਗਿਆ ਅਤੇ ਪੰਜਾਬ ਆਰਥਕ ਪੱਖੋਂ ਡਾਵਾਂਡੋਲ ਹੋਣ ਲੱਗਾ। ਕੈਪਟਨ ਸਰਕਾਰ ਨੇ ਕਿਸਾਨਾਂ ਨੂੰ ਰੇਲ ਜਾਮ ਹਟਾਉਣ ਦੀ ਬੇਨਤੀ ਕੀਤੀ ਤਾਂ ਉਨ੍ਹਾਂ ਨੇ ਰੇਲਵੇ ਟਰੈਕ ਖ਼ਾਲੀ ਕਰ ਦਿਤੇ ਕਿਉਂਕਿ ਕਿਸਾਨ ਅਪਣੇ ਹੱਕਾਂ ਦੇ ਨਾਲ ਨਾਲ ਅਪਣੇ ਵਤਨ ਨੂੰ ਵੀ ਬਹੁਤ ਪਿਆਰ ਕਰਦੇ ਹਨ। ਪਰ ਕੇਂਦਰ ਸਰਕਾਰ ਫਿਰ ਵੀ ਟਸ ਤੋਂ ਮੱਸ ਨਾ ਹੋਈ।  ਕੇਂਦਰ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਉਨ੍ਹਾਂ ਨੂੰ ਦਿੱਲੀ ਆਉਣ ਦਾ ਸੱਦਾ ਦਿਤਾ ਜਿਸ ਨੂੰ ਕਿਸਾਨਾਂ ਨੇ ਪ੍ਰਵਾਨ ਕਰਦਿਆਂ ਦਿੱਲੀ ਵਲ ਕਿਸਾਨ ਆਗੂਆਂ ਦੀ ਇਕ ਟੀਮ ਰਵਾਨਾ ਹੋਈ, ਜਿਥੇ ਉਨ੍ਹਾਂ ਦੀ ਕਿਸੇ ਮੰਤਰੀ ਨੇ ਗੱਲ ਨਾ ਸੁਣੀ, ਸਿਰਫ਼ ਸਕੱਤਰ ਹੀ ਮੱਥੇ ਲੱਗੇ, ਜਿਵੇਂ ਕਿਸਾਨਾਂ ਦੀ ਇਸ ਦੇਸ਼ ਵਿਚ ਕੋਈ ਵੁੱਕਤ ਹੀ ਨਾ ਹੋਵੇ। ਫਿਰ ਕਿਸਾਨਾਂ ਨੇ ਆਰ-ਪਾਰ ਦੀ ਲੜਾਈ ਲੜਨ ਦਾ ਵੱਡਾ ਫ਼ੈਸਲਾ ਲਿਆ। ਅਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਕਿਸਾਨਾਂ ਨੇ ਠੋਕ ਵਜਾ ਕੇ ‘‘ਦਿੱਲੀ ਚਲੋ’’ ਦਾ ਹੋਕਾ ਦਿਤਾ। ‘‘ਦਿੱਲੀ ਚਲੋ’’ ਦਾ ਨਾਹਰਾ ਇਸ ਸਰਜ਼ੀਮਨ ਦੇ ਹਰ ਖੂੰਜੇ ’ਚ ਗੂੰਜਣ ਲੱਗਾ। ਫਿਰ 26-27 ਨਵੰਬਰ ਨੂੰ ਦਿੱਲੀ ਕੂਚ ਕਰਨ ਲਈ ਤਰੀਕ ਮਿਥ ਲਈ ਗਈ।

 

ਕੇਂਦਰ ਦੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਦੇ ਅੰਨਦਾਤਾ ਨੇ ਦਿੱਲੀ ਜਾਣ ਲਈ ਤਿਆਰੀ ਕਰਨੀ ਸ਼ੁਰੂ ਕਰ ਦਿਤੀ। ਕਿਸਾਨਾਂ ਨੇ ਅਪਣੀਆਂ ਟਰਾਲੀਆਂ ’ਤੇ ਤਰਪਾਲਾਂ ਪਾ ਕੇ ਘਰ ਬਣਾ ਲਏ ਅਤੇ 6-6 ਮਹੀਨੇ ਦਾ ਰਾਸ਼ਨ ਵਿਚ ਨਾਲ ਰਖ ਲਿਆ। ਸਾਬਣ, ਬਰੁਸ਼ ਤੋਂ ਲੈ ਕੇ ਗਦਿਆਂ, ਬਿਸਤਰਿਆਂ ਤੋਂ ਇਲਾਵਾ ਮਾਚਸ ਦੀਆਂ ਡੱਬੀਆਂ ਦਾ ਭੰਡਾਰ ਵੀ ਨਾਲ ਜਮ੍ਹਾਂ ਕਰ ਲਿਆ। ਪਾਣੀ ਦਾ ਘੁੱਟ ਵੀ ਕਿਤੋਂ ਮੰਗਣਾ ਨਾ ਪਵੇ, ਇਸ ਲਈ ਪਾਣੀ ਦੇ ਟੈਂਕਰ ਵੀ ਨਾਲ ਲੈ ਲਏ। ਫ਼ੋਨ ਚਾਰਜ ਕਰਨ ਲਈ ਬਿਜਲੀ ਦਾ ਪ੍ਰਬੰਧ ਕਰ ਲਿਆ ਗਿਆ। ਐਮਰਜੈਂਸੀ ਅਤੇ ਮੈਡੀਕਲ ਸਹੂਲਤਾਂ ਲਈ ਕਿਸਾਨਾਂ ਨੇ ਅਪਣੀਆਂ ਨਿਜੀ ਗੱਡੀਆਂ ਨੂੰ ਐਂਬੂਲੈਂਸਾਂ ਦਾ ਰੂਪ ਦੇ ਦਿਤਾ। ਹੋਰ ਤਾਂ ਹੋਰ ਪੜ੍ਹਨ ਵਾਲੇ ਬੱਚਿਆਂ ਨੂੰ ਵੀ ਨਾਲ ਲੈ ਤੁਰੀਆਂ ਉਹ ਸ਼ੇਰਨੀਆਂ ਮਾਵਾਂ, ਬੀਬੀਆਂ, ਭੈਣਾਂ ਜੋ ਮਾਈ ਭਾਗੋ ਦੀਆਂ ਵਾਰਸ ਬਣ ਕੇ ਅਪਣੇ ਸੂਰਮੇ ਮਰਦਾਂ, ਪੁੱਤਰਾਂ, ਵੀਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਆ ਖੜੀਆਂ ਹੋਈਆਂ। ਇੰਨੀ ਯੋਜਨਾਬੱਧ ਤਰੀਕੇ ਨਾਲ ਤਿਆਰੀ ਤਾਂ ਕੋਈ ਫ਼ੌਜੀ ਕਮਾਂਡਰ ਹੀ ਕਰਵਾ ਸਕਦਾ ਹੈ । ਹੁਣ ਮਿਥੇ ਦਿਨ ’ਤੇ ਯੋਧਿਆਂ ਨੇ ਅੰਮਿ੍ਰਤ ਵੇਲੇ ਹੀ ਮੰਜ਼ਲ ਵਲ ਨੂੰ ਚਾਲੇ ਪਾ ਦਿਤੇ। ਅਜੇ ਪੰਜਾਬ ਦੀ ਹੱਦ ਲੰਘੇ ਹੀ ਸੀ ਕਿ ਮੋਦੀ ਦੇ ਪਹਿਲੇ ਸਿਪਾਹ-ਸਲਾਰ ਖੱਟਰ ਨੇ ਸੂਰਮਿਆਂ ਦਾ ਸਵਾਗਤ ਠੰਢੇ ਪਾਣੀ ਦੀਆਂ ਤੋਪਾਂ ਅਤੇ ਅੱਥਰੂ ਗੈਸ ਦੇ ਬੰਬਾਂ ਨਾਲ ਕਰਦਿਆਂ ਉਨ੍ਹਾਂ ਦੇ ਵਧਦੇ ਕਦਮਾਂ ਨੂੰ ਰੋਕਣ ਲਈ ਬੈਰੀਕੇਡ ਲਾ ਦਿਤੇ। ਸੜਕਾਂ ’ਤੇ ਦੋ-ਦੋ ਟਨ ਦੇ ਪੱਥਰ ਸੁੱਟੇ, ਸ਼ਾਹ ਮਾਰਗ ’ਚ 15-15 ਫੁੱਟ ਡੂੰਘੇ ਅਤੇ ਚੌੜੇ ਟੋਏ ਪੁੱਟੇ ਅਤੇ ਜਿਸਮ ਨੂੰ ਚੀਰ ਦੇਣ ਵਾਲੀ ਕੰਡਿਆਲੀ ਤਾਰ ਲਾ ਕੇ ਵੰਗਾਰ ਪਾਈ ਕਿ ‘ਵੇਖਦਾਂ, ਹੁਣ ਤੁਸੀ ਕਿਵੇਂ ਵੜਦੇ ਹੋ ਹਰਿਆਣੇ ’ਚ!’ ਇਹ ਤਸ਼ੱਦਦ ਪਿੰਡੇ ’ਤੇ ਖਿੜੇ ਮੱਥੇ ਜਰਦਿਆਂ ਸੂਰਮਿਆਂ ਦਾ ਰੋਹ ਜਾਗ ਉਠਿਆ। ਉਨ੍ਹਾਂ ਦਾ ਜੋਸ਼ ਉਬਾਲੇ ਖਾਣ ਲੱਗਾ ਤੇ ਫਿਰ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ ਅਸਮਾਨ ਗੂੰਜਾਉਂਦਿਆਂ  ਪੁੱਟ ਦਿਤੇ ਗਏ ਬੈਰੀਕੇਡ, ਔਹ ਮਾਰੇ ਚੁੱਕ ਕੇ ਪਹਾੜਾਂ ਵਰਗੇ ਪੱਥਰ, ਹੱਥਾਂ ਨਾਲ ਹੀ ਪੂਰ ਦਿਤੀਆਂ ਖਾਈਆਂ ਤੇ ਵੱਢ ਦਿਤੀਆਂ ਤਾਰਾਂ। ਫਿਰ ਧੂੰਆਂ ਉਗਲਦੇ ਰਿੜ੍ਹੇ ਆਉਂਦੇ ਬੰਬ ਹੱਥਾਂ ’ਚ ਫੜ ਕੇ ਵਗਾਹ ਕੇ ਮਾਰੇ ਪੁੱਠੇ ਪੈਰੀਂ, ਹੱਥ ਫੱਟੜ ਹੋਏ, ਲੱਤਾਂ ’ਚੋਂ ਲਹੂ ਵਗ ਤੁਰਿਆ, ਪਰ ਕੱਖ ਨਹੀਂ ਗੌਲਿਆ ਇਨ੍ਹਾਂ ਤਕਲੀਫ਼ਾਂ ਨੂੰ ਅਤੇ ਵਹਿੰਦੇ ਦਰਿਆ ਦੇ ਵਹਿਣ ਵਾਂਗ ਤੁਰ ਪਏ ਕਿਸਾਨ ਦਿੱਲੀ ਵਲ ਨੂੰ।

ਵਾਹ... ਵਾਹ... ਅਜ ਵੇਖਿਆ ਕੌਣ ਆਂਹਦਾ ਏ ਪੰਜਾਬੀਆਂ ’ਚ ਹੁਣ ਤਾਕਤ, ਜ਼ੋਰ, ਹਿੰਮਤ, ਅਣਖ ਤੇ ਜੁਝਾਰੂ ਜਜ਼ਬਾ ਨਹੀਂ ਰਿਹਾ? ਪਹਾੜ ਵਰਗੀਆਂ ਰੋਕਾਂ ਇਨ੍ਹਾਂ ਤੀਲਾਂ-ਡੱਕਿਆਂ ਵਾਂਗ ਚੁੱਕ-ਚੁੱਕ ਮਾਰੀਆਂ। ਨਹੀਂ... ਨਹੀਂ... ਇਹ ਤਾਂ ਉਹੋ ਹੀ ਨੇ ਨਲੂਏ, ਅਕਾਲੀ ਫੂਲਾ ਸਿੰਘ, ਭਗਤ ਸਿਹੁੰ ਸਰਾਭੇ, ਦਾਰਾ ਸਿਹੁੰ, ਝਬਰ ਅਤੇ ਲਛਮਣ ਸਿੰਘ ਧਾਰੋਵਾਲੀਏ ਜੋ ਜਾ ਅਪੜੇ ਦਿੱਲੀ ਦੇ ਸਿੰਘੂ ਬਾਰਡਰ ’ਤੇ। ਫਿਰ ਸ਼ੁਰੂ ਹੋਈ ਹਾਕਮ ਦੀ ਜ਼ੋਰ-ਅਜ਼ਮਾਈ ਵਾਲੀ ਭੁੱਲ, ਪਰ ਸਿੰਘਾਂ ਅੱਗੇ ਸਿੰਘੂ ਵੀ ਅਟਕ ਨਾ ਬਣ ਸਕਿਆ ਅਤੇ ਸ਼ੇਰਾਂ ਦੇ ਜੈਕਾਰਿਆਂ ਨੇ ਦਿੱਲੀ ਦੇ ਤਖ਼ਤ ਨੂੰ ਕੰਬਣ ਲਾ ਦਿਤਾ। ਪੰਜਾਬ ਦੇ ਪੁੱਤਰਾਂ ਨੇ ਰਾਤੋ-ਰਾਤ ਦਿੱਲੀ ਵਿਚ ਇਕ ਵਖਰਾ ਪਿੰਡ ਵਸਾ ਦਿਤਾ। ਕੁੱਝ ਹੀ ਪਲਾਂ ਵਿਚ ਉਥੇ ਤੰਬੂ ਗੱਡੇ ਗਏ। ਬਾਥਰੂਮ, ਫਲੱਸ਼ਾਂ ਬਣ ਗਈਆਂ ਅਤੇ ਤਰ੍ਹਾਂ ਤਰ੍ਹਾਂ ਦੇ ਲੰਗਰ ਸ਼ੁਰੂ ਹੋ ਗਏ। ਅਪਣੇ ਪੰਜਾਬੀ ਭਰਾਵਾਂ ਨੂੰ ਮੈਦਾਨ ਵਿਚ ਗਜਦਿਆਂ ਵੇਖ ਕੇ ਦੂਜੇ ਸੂਬਿਆਂ ਦੇ ਕਿਸਾਨਾਂ ਦਾ ਰੋਹ ਵੀ ਜਾਗ ਪਿਆ ਅਤੇ ਹਰਿਆਣਾ, ਰਾਜਸਥਾਨ, ਯੂ.ਪੀ., ਤੇਲੰਗਾਨਾ ਅਤੇ ਹੋਰ ਸੂਬਿਆਂ ਦੇ ਕਿਸਾਨ ਵੀ ਦਿੱਲੀ ਨੂੰ ਤੁਰ ਪਏ। ਸਾਰਿਆਂ ਨੇ ਹੀ ਅਪਣੇ ਪੰਜਾਬੀ ਭਰਾਵਾਂ ਦੀ ਰੱਜ ਕੇ ਤਾਰੀਫ਼ ਕੀਤੀ ਅਤੇ ਉਨ੍ਹਾਂ ਨੂੰ ਅਪਣਾ ਵੱਡਾ ਭਰਾ ਦਸਦਿਆਂ ਉਨ੍ਹਾਂ ਦੀ ਅਗਵਾਈ ’ਚ ਕੇਂਦਰ ਨਾਲ ਜੂਝਣ ਦਾ ਅਹਿਦ ਲਿਆ।  ਇਸ ਸਾਰੇ ਵਰਤਾਰੇ ਤੋੋਂ ਇਹ ਸਾਬਤ ਹੋਇਆ ਹੈ ਕਿ ਪੰਜਾਬੀ ਅਜ ਵੀ ਪੂਰੇ ਮੁਲਕ ਦੀ ਅਗਵਾਈ ਕਰਨ ਦੀ ਯੋਗਤਾ ਅਤੇ ਸਮਰਥਾ ਰਖਦੇ ਹਨ। ਹਰਿਆਣਾ ਦੀਆਂ ਖਾਪ ਪੰਚਾਇਤਾਂ ਵੀ ਸੰਘਰਸ਼ ਦੇ ਹਕ ਵਿਚ ਡਟ ਕੇ ਖੜੀਆਂ ਹੋ ਗਈਆਂ ਅਤੇ ਉਨ੍ਹਾਂ ਨੇ ਉਪ ਮੁਖ ਮੰਤਰੀ ਦੁਸ਼ਯੰਤ ਚੌਟਾਲਾ ਅਤੇ ਅਭਿਨੇਤਰੀ ਕੰਗਨਾ ਰਣੌਤ ਦਾ ਮੁਕੰਮਲ ਬਾਈਕਾਟ ਕਰ ਦਿਤਾ। ਦਿਨ ਪ੍ਰਤੀ ਦਿਨ ਪੰਜਾਬ ਅਤੇ ਦੂਜੇ ਸੂਬਿਆਂ ’ਚੋਂ ਲਗਾਤਾਰ ਕਿਸਾਨ ਦਿੱਲੀ ਅਪੜਦੇ ਰਹੇ। ਦਿੱਲੀ ਵਿਚ ਕਿਸਾਨਾਂ ਦਾ ਇਕ ਵਿਸ਼ਾਲ ਇਕੱਠ, ਹੜ੍ਹ ਦੀ ਤਰ੍ਹਾਂ ਸੜਕਾਂ ’ਤੇ ਮੀਲਾਂ ਤਕ ਨਜ਼ਰ ਆ ਰਿਹਾ ਹੈ। ਇਸ ਦੌਰਾਨ ਸੱਤਾ ਨੇ ਇਸ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਕਈ ਹਥਕੰਡਿਆਂ ਦੀ ਵਰਤੋਂ ਕੀਤੀ।

ਭਾਜਪਾ ਦੀ ਚਹੇਤੀ ਕੰਗਨਾ ਰਣੌਤ ਨੇ ਪੰਜਾਬੀ ਬੀਬੀਆਂ ਅਤੇ ਬੀਬੀ ਬਿਲਕਿਸ ਵਰਗੀਆਂ ਮਾਵਾਂ ਨੂੰ ਸੌ-ਸੌ ਰੁਪਏ ਲੈ ਕੇ ਦਿਹਾੜੀ ’ਤੇ ਆਈਆਂ ਹੋਈਆਂ ਦਸਿਆ, ਜਿਸ ਦਾ ਪ੍ਰਸਿੱਧ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਪੂਰੇ ਪੰਜਾਬੀ ਅੰਦਾਜ਼ ਵਿਚ ਉਸ ਨੂੰ ਠੋਕਵਾਂ ਜਵਾਬ ਦਿਤਾ। ਕੇਂਦਰ ਨੇ ਫਿਰ ਕਈ ਵਾਰ ਇਕੱਠ ਵਿਚ ਕੁੱਝ ਗ਼ਲਤ ਅਨਸਰ ਭੇਜੇ ਜੋ ਫ਼ੋਟੋਗ੍ਰਾਫ਼ੀ ਕਰਦੇ ਫੜੇ ਗਏ। ਲੱਖ ਸਾਬਾਸ਼ ਪੰਜਾਬੀ ਯੋਧਿਆਂ ਨੂੰ ਜਿਨ੍ਹਾਂ ਨੇ ਜ਼ਾਬਤੇ, ਸਬਰ ਅਤੇ ਸਹਿਜ ਦਾ ਪੱਲਾ ਨਾ ਛਡਿਆ। ਹੁਣ ਵੇਖੀਏ ਲੋਕਾਈ ਨੇ ਕਿੰਝ ਸਲਾਮ ਕੀਤਾ ਇਨ੍ਹਾਂ ਕਿਰਤੀਆਂ ਦੇ ਸੰਘਰਸ਼ ਨੂੰ। ਪੰਜਾਬ ਦੇ ਇਕ ਸਧਾਰਣ ਕਿਸਾਨ ਨੇ ਦਿੱਲੀ ਨੂੰ ਜਾਂਦੇ ਟਰੈਕਟਰਾਂ ਵਿਚ ਮੁਫ਼ਤ ਤੇਲ ਭਰਵਾਉਣਾ ਸ਼ੁਰੂ ਕਰ ਦਿਤਾ, ਉਥੇ ਹੀ ਹਰਿਆਣੇ ਦੇ ਗੈਸ ਸਿਲੰਡਰ ਦੀ ਏਜੰਸੀ ਵਾਲੇ ਵੀਰਾਂ ਨੇ ਕਿਸਾਨਾਂ ਨੂੰ ਖ਼ਾਲੀ ਸਿਲੰਡਰ ਦੇ ਕੇ ਮੁਫ਼ਤ ਭਰਿਆ ਸਿਲੰਡਰ ਲੈ ਜਾਣ ਦੀ ਪੇਸ਼ਕਸ਼ ਕੀਤੀ। ਬਹੁਤ ਥਾਵਾਂ ’ਤੇ ਹਿੰਦੂ, ਮੁਸਲਿਮ ਵੀਰਾਂ ਨੇ ਤਰ੍ਹਾਂ-ਤਰ੍ਹਾਂ ਦੇ ਲੰਗਰ ਲਾਏ ਹੋਏ ਸਨ। ਅਮਰੀਕਾ ਵਾਸੀ ਚਾਰ ਭਰਾਵਾਂ ਨੇ ਕਿਸਾਨਾਂ ਲਈ 30 ਕੁਇੰਟਲ ਬਦਾਮ ਭੇਜੇ ਅਤੇ ਕੁਵੈਤ ਤੋਂ ਸ਼ੇਖ਼ ਪ੍ਰਵਾਰ ਨੇ 13 ਕੁਇੰਟਲ ਪਿੰਨੀਆਂ ਘੱਲੀਆਂ। ਮਹਾਨ ਸਮਾਜ ਸੇਵਕ ਓਬਰਾਏ ਸਾਹਬ ਨੇ ਤਿੰਨ ਹਜ਼ਾਰ ਕੰਬਲ, ਤਿੰਨ ਹਜ਼ਾਰ ਜੈਕਟਾਂ, 12 ਹਜ਼ਾਰ ਚਪਲਾਂ ਦੇ ਜੋੜੇ ਭੇਜੇ। ਹੋਰ ਵੇਖੋ, ਕਿਸਾਨ ਜਿਥੇ ਵੀ ਠਹਿਰੇ ਹੋਏ ਹਨ, ਉਥੇ ਸਫ਼ਾਈ ਦਾ ਵਿਸ਼ੇਸ਼ ਧਿਆਨ ਰਖਦਿਆਂ ਨੌਜਵਾਨ ਸਾਰਾ ਕੂੜਾ ਕਰਕਟ ਇਕੱਠਾ ਕਰ ਕੇ ਡਰੰਮਾਂ ਵਿਚ ਪਾ ਰਹੇ ਹਨ। ਕੂੜੇ ਕਚਰੇ ਦਾ ਨਾਮ ਨਿਸ਼ਾਨ ਵੀ ਪਿੱਛੇ ਨਹੀਂ ਰਹਿਣ ਦੇਂਦੇ। ਟੀ.ਵੀ. ਚੈਨਲ ਵਾਲੇ ਆਖ ਰਹੇ ਹਨ ਕਿ ਪੰਜਾਬੀਆਂ ਤੋਂ ਪੂਰੇ ਦੇਸ਼ ਦੇ ਮੁਜ਼ਾਹਰਾਕਾਰੀਆਂ ਨੂੰ ਸਬਕ ਲੈਣ ਦੀ ਲੋੜ ਹੈ। ਧਰਨਿਆਂ ਦੇ ਬਾਵਜੂਦ ਵੀ ਜੇ ਕੋਈ ਐਂਬੂਲੈਂਸ ਆਉਂਦੀ ਹੈ ਤਾਂ ਉਸ ਨੂੰ ਬੇਰੋਕ-ਟੋਕ ਰਸਤਾ ਦਿਤਾ ਜਾ ਰਿਹਾ ਹੈ ਤਾਕਿ ਕਿਸੇ ਦੀ ਕੀਮਤੀ ਜਾਨ ਨੂੰ ਕੋਈ ਖ਼ਤਰਾ ਨਾ ਹੋਵੇ। ਸੋਸ਼ਲ ਮੀਡੀਆ ’ਤੇ ਦਿੱਲੀ ਦੀ ਇਕ ਲੜਕੀ ਅਪਣੀ ਸਹੇਲੀ ਨੂੰ ਕਹਿ ਰਹੀ ਹੈਕਿ ‘ਬੇਫ਼ਿਕਰ ਰਹੋ, ਜਦੋਂ ਤਕ ਸਾਡੇ ਵੀਰ ਪੰਜਾਬੀ ਦਿੱਲੀ ਵਿਚ ਨੇ, ਸਾਨੂੰ ਕੋਈ ਨਹੀਂ ਛੇੜੇਗਾ ਅਤੇ ਹੁਣ ਕੋਈ ਬਲਾਤਕਾਰ ਨਹੀਂ ਹੋਵੇਗਾ।’ ਇਥੋਂ ਮੈਨੂੰ ਇੰਝ ਮਹਿਸੂਸ ਹੋਇਆ ਜਿਵੇਂ ਉਹ 18ਵੀਂ ਸਦੀ ਵਾਲਾ ਵੇਲਾ ਮੁੜ ਆ ਗਿਆ ਹੋਵੇ ਜਦੋਂ ਸਿੰਘਾਂ ਨੂੰ ਵੇਖ ਕੇ ਲੋਕ ਸਤਿਕਾਰ ਨਾਲ ਬੂਹਾ ਖੋਲ੍ਹ ਕੇ ਆਖਦੇ ਸਨ, ‘‘ਆ ਗਏ ਨਿਹੰਗ, ਬੂਹਾ ਖੋਲ੍ਹ ਦੇ ਨਿਸੰਗ।’’

ਵਾਹ... ਵਾਹ... ਪੰਜਾਬੀਆਂ ਦੇ ਲਾਏ ਲੰਗਰ ’ਚੋਂ ਉਨ੍ਹਾਂ ਨੂੰ ਕੁੱਟਣ ਮਾਰਨ ਵਾਲੀ ਪੁਲਿਸ ਵੀ ਸਵਾਦਿਸ਼ਟ ਪ੍ਰਸ਼ਾਦ ਛਕ ਰਹੀ ਹੈ ਅਤੇ ਦਿੱਲੀ ਦੇ ਸੈਂਕੜੇ ਉਹ ਲੋਕ ਵੀ ਜਿਹੜੇ ਸਿਰਫ਼ ਇਕ ਡੰਗ ਖਾ ਕੇ ਅ੍ੱਧ ਭੁੱਖੇ ਸੌਂ ਜਾਂਦੇ ਸਨ। ਇਸ ਦੌਰਾਨ ਕਿਸਾਨਾਂ ਨੇ ਵੀ ਆਖਿਆ ਕਿ ਜੇ ਦਿੱਲੀ ਵਾਸੀਆਂ ਨੂੰ ਸਾਡੇ ਕਰ ਕੇ ਕੋਈ ਤਕਲੀਫ਼ ਹੋਈ ਤਾਂ ਅਸੀ ਅਪਣਾ ਰਾਸ਼ਨ ਉਨ੍ਹਾਂ ਨੂੰ ਦੇ ਦਿਆਂਗੇ। ਲੀਡਰ, ਲੇਖਕ, ਕਲਾਕਾਰ ਅਤੇ ਖਿਡਾਰੀਆਂ ਨੇ ਮਿਲ ਕੇ ਸਰਕਾਰੀ ਐਵਾਰਡ, ਇਨਾਮ, ਸਨਮਾਨ, ਪਦਮ ਵਿਭੂਸ਼ਣ, ਪਦਮ ਭੂਸ਼ਨ, ਪਦਮ ਸ੍ਰੀ, ਅਰਜੁਨ ਐਵਾਰਡ ਵਾਪਸ ਕਰਨ ਦਾ ਐਲਾਨ ਕਰ ਕੇ ਇਸ ਮਹਾਂਕੁੰਭ ਵਿਚ ਹਿੱਸਾ ਪਾਇਆ ਹੈ। ਇਹ ਹੱਕਾਂ ਲਈ ਕੀਤਾ ਜਾ ਰਿਹਾ ਸੰਘਰਸ਼ ਕਿਵੇਂ ਲੋਕ ਦਿਲਾਂ ਵਿਚ ਵਸ ਗਿਆ, ਇਸ ਦਾ ਇਥੋਂ ਹੀ ਪਤਾ ਲਗਦਾ ਹੈ ਕਿ ਅਜ ਸਨਾਤਨੀ ਸਾਧੂ, ਮਹਾਤਮਾ, ਪੁਜਾਰੀ, ਗਿਆਨੀ, ਵਿਦਵਾਨ, ਮੁੱਲਾ, ਟਰੇਡ ਯੂਨੀਅਨਾਂ ਵਾਲੇ ਸਭ ਅਪਣੇ ਦੇਸ਼ ਦੇ ਅੰਨਦਾਤਾ ਦੇ ਮੋਢੇ ਨਾਲ ਮੋਢਾ ਜੋੜ ਕੇ ਆਣ ਖੜੇ ਹੋਏ। ਪੰਜਾਬ ਦੇ ਆੜ੍ਹਤੀ, ਮੁਨੀਮ ਅਤੇ ਮਜ਼ਦੂਰਾਂ ਨੇ 60 ਬੱਸਾਂ ਭਰ ਕੇ ਸੰਘਰਸ਼ ਵਿਚ ਪਹੁੰਚਣ ਦਾ ਐਲਾਨ ਕੀਤਾ ਅਤੇ ਨਾਲ ਹੀ 3 ਹਜ਼ਾਰ ਭੱਠਾ ਮਾਲਕ ਅਤੇ 7 ਲਖ ਮਜ਼ਦੂਰ ਵੀ ਕਿਸਾਨਾਂ ਦੀ ਹਮਾਇਤ ਵਿਚ ਡਟ ਗਏ। ਵਾਹਿਗੁਰੂ ਦਾ ਸ਼ੁਕਰ ਹੈ ਕਿ ਇਸ ਲਹਿਰ ਨੇ ਸਾਡੀਆਂ ਭਾਈਚਾਰਕ ਤੰਦਾਂ ਨੂੰ ਫਿਰ ਤੋਂ ਮਜ਼ਬੂਤ ਕਰ ਦਿਤਾ ਹੈ। ਹਿੰਦੂ, ਸਿੱਖ, ਮੁਸਲਿਮ, ਇਸਾਈ, ਉੱਚਾ-ਨੀਵਾਂ, ਅਮੀਰ-ਗ਼ਰੀਬ, ਰਾਜਸਥਾਨੀ, ਹਰਿਆਣਵੀ ਅਤੇ ਯੂ.ਪੀ. ਵਾਲੇ ਸਭ ਨੇ ਆਪਸ ਵਿਚ ਜੱਫ਼ੀਆਂ ਪਾ ਕੇ, ਇਕ ਦੂਜੇ ਦਾ ਹਥ ਫੜ ਇਕੱਠੇ ਜਿਉਣ ਮਰਨ ਦੀਆਂ ਕਸਮਾਂ ਖਾਧੀਆਂ ਹਨ। ਚਾਰੇ ਪਾਸੇ ਭਰਾਤਰੀ ਭਾਵ, ਪ੍ਰੇਮ, ਸੱਜਣ ਦੇ ਮੁੜ੍ਹਕੇ ਵਾਲੀ ਥਾਂ ਅਪਣਾ ਖ਼ੂਨ ਡੋਲ੍ਹਣ ਦੀ ਭਾਵਨਾ, ਸੱਚੇ-ਸੁੱਚੇ ਇਖਲਾਕ ਦਾ ਪ੍ਰਦਰਸ਼ਨ ਅਤੇ ਹਰ ਕੋਈ ਦੂਜੇ ਦੀ ਸੁੱਖ-ਸਹੂਲਤ ਦਾ ਧਿਆਨ ਰਖਦਾ ਹੈ। ਪਿੰਡਾਂ ਵਿਚ ਰਹਿ ਗਏ ਕਿਰਤੀ ਮਜ਼ਦੂਰਾਂ ਨੇ ਸੰਘਰਸ਼ ਵਿਚ ਕੁੱਦੇ ਕਿਸਾਨਾਂ ਦੇ ਖੇਤਾਂ ਵਿਚ ਨਰਮਾ ਚੁਗਣ, ਪਾਣੀ ਲਾਉਣ, ਖਾਦ ਪਾਉਣ ਅਤੇ ਪਸ਼ੂਆਂ ਲਈ ਪੱਠੇ ਲਿਆਉਣ ਦੀਆਂ ਮੁਫ਼ਤ ਸੇਵਾਵਾਂ ਪੇਸ਼ ਕੀਤੀਆਂ। ਕੋਈ ਢਾਬਿਆਂ ’ਤੇ ਮੁਫ਼ਤ ਲੰਗਰ, ਕੋਈ ਮੁਫ਼ਤ ਪੇਸਟ-ਬਰੱਸ਼, ਸਾਬਣ ਅਤੇ ਹੋਰ ਪਤਾ ਨਹੀਂ ਕੀ ਕੀ ਮੁਫ਼ਤ ਵੰਡੀ ਜਾ ਰਿਹਾ ਹੈ। 

ਹੁਣ ਗਲ ਕਰਦੇ ਹਾਂ ਕੇਂਦਰ ਸਰਕਾਰ ਦੀ ਜਿੰਨੀਆਂ ਮੀਟਿੰਗਾਂ ਵੀ ਹੋਈਆਂ, ਬੇਸਿੱਟਾ ਹੀ ਰਹੀਆਂ। ਸਰਕਾਰ ਦੀ ਇਕੋ ਹੀ ਰੱਟ, ‘‘ਅਸੀ ਮਹਾਂ ਹੰਕਾਰੀ ਅਤੇ ਜ਼ਿੱਦੀ ਹਾਂ। ਸਾਡੇ ਬਣਾਏ ਕਾਨੂੰਨ ਅਜ ਤਕ ਕੋਈ ਰੱਦ ਨਹੀਂ ਕਰਵਾ ਸਕਿਆ ਅਤੇ ਨਾ ਹੀ ਅਸੀ ਹੁਣ ਕਰਨੇ ਹਨ। ਹਾਂ ਸੋਧਾਂ ਕਰਵਾ ਲਵੋ।’’ ਕਿਸਾਨ ਆਗੂਆਂ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਸਰਕਾਰ ਦਾ ਮੂਰਖਤਾ ਭਰਪੂਰ, ਅੜੀਅਲ ਰਵਈਆ ਵੇਖ ਕੇ ਆਖ਼ਰ ‘ਹਾਂ ਜਾਂ ਨਾਂਹ’ ਵਿਚ ਜਵਾਬ ਮੰਗਦਿਆਂ ਮੌਨ ਧਾਰਨ ਕਰ ਕੇ ਸਤਿਆਗ੍ਰਹਿ ਦਾ ਰਾਹ ਫੜ ਲਿਆ। ਕੀ ਸਮਝਦੇ ਹੋ ਤੁਸੀ ਕਿ ਕਿਸਾਨ ਅਨਪੜ੍ਹ, ਗਵਾਰ, ਹੋਸ਼ ਤੋਂ ਖ਼ਾਲੀ, ਜੋਸ਼ ਵਾਲਾ ਜਾਂ ਅਕਲ ਤੋਂ ਖ਼ਾਲੀ ਹੈ? ਉਹ ਰਾਤ-ਰਾਤ ਭਰ ਅਤੇ ਸਰਕਾਰ ਨਾਲ ਮੀਟਿੰਗ ਵਿਚ ਜਾਂਦਿਆਂ ਬੱਸਾਂ ਵਿਚ ਬੈਠੇ ਵੀ ਖੇਤੀ ਕਾਨੂੰਨ ਪੜ੍ਹਦੇ, ਉਸ ’ਤੇ ਚਰਚਾ ਕਰਦੇ, ਅੱਜ ਦੇ ਸੰਦਰਭ ਵਿਚ ਡੂੰਘਾਈ ਨਾਲ ਛਾਣ-ਬੀਣ ਕਰ ਕੇ, ਰੌਸ਼ਨ ਦਿਮਾਗ਼ਾਂ ਨਾਲ ਸੁਚੇਤ ਹੋ ਕੇ ਤੁਹਾਡੇ ਸਾਹਮਣੇ ਬਹਿੰਦੇ ਹਨ। ਸੋ ਹੁਣ ਇਹ ਚੁਸਤ ਚਲਾਕੀਆਂ ਨਹੀਂ ਚਲਣੀਆਂ ਸਾਹਬ! ਜ਼ਰਾ ਸਾਵਧਾਨ!!
ਸਰਕਾਰ ਵਲੋਂ ਫਿਰ ਗੱਲਬਾਤ ਲਈ 9 ਦਸੰਬਰ ਦੀ ਪੇਸ਼ਕਸ਼ ਹੋਈ। ਕਿਸਾਨਾਂ ਨੇ 8 ਦਸੰਬਰ ਨੂੰ ਭਾਰਤ ਬੰਦ ਦਾ ਸੱਦਾ ਦੇ ਦਿਤਾ, ਜਿਸ ਨੂੰ ਆਸ ਤੋਂ ਕਈ ਗੁਣਾਂ ਜ਼ਿਆਦਾ ਸਮਰਥਨ ਮਿਲਿਆ। ਸਭ ਕੁੱਝ ਠਾਕ ਹੋ ਕੇ ਰਹਿ ਗਿਆ। ਦੁਕਾਨਦਾਰਾਂ, ਮੁਲਾਜ਼ਮਾਂ, ਮਜ਼ਦੂਰਾਂ, ਯੂਨੀਅਨਾਂ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਤਕ ਨੇ ਅਪਣੇ ਕਾਰੋਬਾਰ, ਅਦਾਰੇ ਬੰਦ ਰਖ ਕੇ ਸੰਘਰਸ਼ ਦੀ ਜਿੱਤ ਦੀ ਕਾਮਨਾ ਕਰਦਿਆਂ ‘‘ਜੈ ਕਿਸਾਨ’’ ਦੀ ਆਵਾਜ਼ ਬੁਲੰਦ ਕੀਤੀ। ਇਸ ਸਫ਼ਲਤਾ ਦੇ ਮੱਦੇਨਜ਼ਰ ਮੋਦੀ ਸਾਹਬ ਦੇ ਸੰਕਟ ਮੋਚਕ ਅਮਿਤ ਸ਼ਾਹ ਨੇ ਉਸੇ ਰਾਤ ਕਿਸਾਨਾਂ ਦੀਆਂ 13 ਜਥੇਬੰਦੀਆਂ ਦੀ ਮੀਟਿੰਗ ਸੱਦ ਲਈ ਪਰ ਅੜੀ ਫਿਰ ਸੋਧਾਂ ਕਰਨ ਦੀ ਹੀ ਸੀ। ਸਰਕਾਰ ਵਲੋਂ ਅਗਲੇ ਦਿਨ ਸੋਧਾਂ ਦਾ ਪ੍ਰਪੋਜ਼ਲ ਬਣਾ ਕੇ ਕਿਸਾਨਾਂ ਕੋਲ ਭੇਜਿਆ ਗਿਆ ਜੋ ਕਿਸਾਨਾਂ ਨੇ ਮੂਲੋਂ ਹੀ ਰੱਦ ਕਰ ਕੇ ਸੰਘਰਸ਼ ਹੋਰ ਪ੍ਰਚੰਡ ਕਰਦਿਆਂ 12 ਦਸੰਬਰ ਨੂੰ ਦਿੱਲੀ-ਜੈਪੁਰ ਹਾਈਵੇ ਜਾਮ ਕਰਨ ਅਤੇ 14 ਨੂੰ ਦੇਸ਼ ਵਿਆਪੀ ਪ੍ਰਦਰਸ਼ਨ ਅਡਾਨੀਆਂ ਅੰਬਾਨੀਆਂ ਵਿਰੁਧ ਕਰਨ ਦਾ ਐਲਾਨ ਕਰ ਦਿਤਾ। ਇਸ ਸਮੇਂ ਕਿਸਾਨਾਂ ਦਾ ਇਕੱਠ ਵੀ ਨਾਲੋ ਨਾਲ ਵਧਦਾ ਜਾ ਰਿਹਾ ਹੈ। ਹੁਣ ਤਾਂ ਕੰਧ ’ਤੇ ਲਿਖਿਆ ਪੜ੍ਹ ਹੀ ਲਵੋ ਹਾਕਮੋ! ਇਸੇ ਵਿਚ ਹੀ ਸਭ ਦਾ ਭਲਾ ਹੈ।
                                                                          -  ਗੁਰਚਰਨ ਸਿੰਘ ਚੰਨ, ਮੋਬਾਈਲ : 98721-77754