ਹੁਣ ਪੰਜਾਬੀਆਂ ਤੋਂ ਡਰ ਨਹੀਂ ਲਗਦਾ... ਜੀਅ ਕਰਦੈ ਨਾਲ ਹੀ ਪੰਜਾਬ ਤੁਰ ਜਾਵਾਂ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਪੰਜਾਬੀਆਂ ਦੀ ਅਣਖ, ਦਲੇਰੀ, ਮਿੱਠੀ ਜ਼ੁਬਾਨ ਨੇ ਸਾਡਾ ਮਨ ਮੋਹ ਲਿਆ

Farmers in delhi

ਨਵੀਂ ਦਿੱਲੀ: ਕਿਸਾਨਾਂ ਦੇ ਸੰਘਰਸ਼ ਦਾ ਇਕ ਛੋਟਾ ਜਿਹਾ ਹਿੱਸਾ ਬਣਨ ਲਈ ਮੈਂ ਵੀ ਅਪਣੇ ਪ੍ਰਵਾਰ ਨਾਲ ਦਿੱਲੀ ਗਈ। ਇਥੇ ਅਣਖੀ ਮਿੱਟੀ ਦੀ ਜਾਗਦੀ ਜ਼ਮੀਰ ਵਾਲੀ ਬੀਬੀ ਬਲਵੀਰ ਕੌਰ ਨਾਲ ਮੇਰੀ ਮੁਲਾਕਾਤ ਹੋਈ, ਜਿਹੜੀ ਕਿ ਪਿੰਡ ‘ਦੁੱਗਾ’ ਫ਼ਗਾਵਾੜੇ ਦੀ ਵਸਨੀਕ ਹੈ। ਜਦੋਂ  ਗੱਲਾਂ- ਬਾਤਾਂ  ਦੌਰਾਨ ਮੈਂ  ਪੁਛਿਆ ਕਿ ਬੇਬੇ ਕਿੰਨੇ ਦਿਨਾਂ ਤੋਂ ਤੁਸੀ ਇਥੇ ਹੋ? ਤਾਂ ਬੇਬੇ ਨੇ ਕਿਹਾ,‘‘ਪੁੱਤਰ! ਅੱਠ ਕੁ ਦਿਨ ਹੀ ਹੋਏ ਮੈਨੂੰ ਤਾਂ ਇਥੇ ਆਈ ਨੂੰ।”  ਮੈਂ ਹੈਰਾਨ ਹੁੰਦੇ ਆਖਿਆ,” ਬੇਬੇ ਐਨੇ ਦਿਨ ਹੋ ਗਏ, ਤੈਨੂੰ ਘਰ ਦੀ ਯਾਦ ਨਹੀਂ ਆਉਂਦੀ? ਸਾਡੇ ਲਈ ਤਾਂ ਇਕ ਦਿਨ ਵੀ ਘਰ ਤੋਂ ਦੂਰ ਰਹਿਣਾ ਔਖਾ ਹੋ ਜਾਂਦੈ। ਇਕ ਦਿਨ ਵਿਚ ਹੀ ਇੰਜ ਲੱਗਣ ਲਗਦੈ ਕਿ ਪਤਾ ਨਹੀਂ ਕਿੰਨੇ ਕੁ ਦਿਨ ਹੋ ਗਏ ਘਰੋਂ ਆਇਆਂ ਨੂੰ।” ਤਾਂ ਬੇਬੇ ਕਹਿਣ ਲਗੀ, ‘‘ਪੁੱਤਰ ਡੇਢ ਮਹੀਨਾ ਹੋ ਗਿਐ ਮੇਰੇ ਸਰਦਾਰ ਸਾਹਬ ਨੂੰ ਪੂਰੇ ਹੋਇਆਂ ਨੂੰ, ਉਨ੍ਹਾਂ ਦੀ ਬੜੀ ਰੂਹ ਸੀ ਕਿ ਉਹ ਦਿੱਲੀ ਸੰਘਰਸ਼ ਵਿਚ ਅਪਣੇ ਭਰਾਵਾਂ ਦਾ ਸਾਥ ਦੇਣ।” ਬੇਬੇ ਦੀ ਗੱਲ ਸੁਣ ਕੇ ਮੈਂ ਸੋਚਾਂ ਵਿਚ ਪੈ ਗਈ ਕਿ ਕਿਤੇ ਮੈਨੂੰ ਭੁਲੇਖਾ ਤਾਂ ਨਹੀਂ ਪਿਆ,  ਬੇਬੇ ਨੇ ਕੁੱਝ ਹੋਰ ਤਾਂ ਨਹੀਂ ਕਿਹਾ? ਕੰਨਾਂ ਤੋਂ ਸੁਣੀ ਗੱਲ ਮੰਨਣ ਨੂੰ ਮੇਰੀ ਰੂਹ ਨਾ ਕਰੇ, ਫਿਰ ਮੈਂ ਅਣਚਾਹੇ ਜਹੇ ਮਨ ਨਾਲ ਪੁਛਿਆ,‘‘ਬੇਬੇ ਕੀ ਹੋ ਗਿਆ ਸੀ ਬਾਪੂ ਜੀ ਨੂੰ?” ਤਾਂ ਬੇਬੇ  ਦੱਸਣ ਲੱਗੀ ਕਿ ‘‘ਪੁੱਤਰ ਤੇਰੇ ਬਾਪੂ ਜੀ ਨੂੰ ਦਿਲ ਦਾ ਦੌਰਾ ਪੈ ਗਿਆ ਸੀ, ਦਿੱਲੀ ਧਰਨੇ ਤੇ ਆਉਣ ਤੋਂ ਪਹਿਲਾਂ ਹੀ। ਉਹ ਚਾਹੁੰਦੇ ਹੋਏ ਵੀ ਧਰਨੇ ਵਿਚ ਸ਼ਾਮਲ ਨਾ ਹੋ ਸਕੇ।

ਇਸੇ ਕਾਰਨ ਹੁਣ ਮੈਂ ਅਪਣੇ ਸਰਦਾਰ ਜੀ ਦੀ ਥਾਂ ਧਰਨੇ ਤੇ ਆਈ ਹਾਂ ਤੇ ਜਦੋਂ ਤਕ ਇਹ ਤਿੰਨੋਂ ਕਾਨੂੰਨ ਰੱਦ ਨਹੀਂ ਹੁੰਦੇ, ਉਦੋਂ ਤਕ ਮੈਂ ਧਰਨੇ ਤੇ ਹੀ ਬੈਠਾਂਗੀ।’’ ਗੱਲਾਂ ਕਰਦੇ-ਕਰਦੇ ਬੇਬੇ ਦੀਆਂ ਅੱਖਾਂ ਭਰ ਆਈਆਂ ਸਨ ਤੇ ਮੈਂ ਬੇਬੇ ਦੇ ਚਿਹਰੇ ਤੇ ਉੱਭਰੇ ਹਾਵ-ਭਾਵ ਪੜ੍ਹਨ ਦਾ ਯਤਨ ਕਰ ਰਹੀ ਸਾਂ ਤੇ ਸੋਚ ਰਹੀ ਸਾਂ ਬੇਬੇ ਦੇ ਚਿਹਰੇ ਤੇ ਝਲਕ ਰਹੇ ਆਤਮ ਵਿਸ਼ਵਾਸ ਬਾਰੇ ਕਿ ਉਹ ਕਾਨੂੰਨ ਰੱਦ ਕਰਵਾਏ ਬਿਨਾਂ ਵਾਪਸ ਨਹੀਂ ਜਾਵੇਗੀ। ਅਗਲੇ ਦਿਨ ਸਵੇਰੇ ਤੜਕੇ ਪੰਜ ਵਜੇ ਹੀ ਮੇਰੀ ਅੱਖ ਖੁੱਲ੍ਹ ਗਈ ਤੇ ਮੈਂ ਕੇ.ਐੱਫ਼.ਸੀ. ਦੇ ਨੇੜੇ ਬਣਦੇ ਲੰਗਰ ਵਲ ਨੂੰ ਹੋ ਤੁਰੀ। ਉਥੇ ਬਜ਼ੁਰਗ ਚਾਹ ਦੀ ਸੇਵਾ ਦੀ ਤਿਆਰੀ ਵਿਚ ਜੁਟੇ ਹੋਏ ਸਨ। ਮੈਂ ਉੱਥੇ ਬੈਠੇ ਇਕ ਬਾਬਾ ਜੀ ਨਾਲ ਗੱਲਾਂ ਕਰਨ ਲੱਗੀ ਕਿ ‘‘ਬਾਬਾ ਜੀ ਤੁਸੀਂ ਕਿਥੋਂ ਆਏ ਹੋ?’’ ਤਾਂ ਉਨ੍ਹਾਂ ਦਸਿਆ ਕਿ  ਜਲੰਧਰ ਲਾਗੇ ਮੇਰਾ ਪਿੰਡ ਹੈ ਤੇ ਮੈਂ ਦੋ- ਤਿੰਨ ਮਹੀਨਿਆਂ ਤੋਂ ਇਥੇ ਹੀ ਹਾਂ। ਕਦੇ ਪਿੰਡ ਚਲੇ ਜਾਂਦਾ ਹਾਂ ਇਕ-ਦੋ ਦਿਨ ਲਈ ਤੇ ਫਿਰ ਵਾਪਸ ਇਥੇ ਹੀ ਆ ਜਾਂਦਾ ਹਾਂ ਲੰਗਰ ਦੀ ਸੇਵਾ ਵਿਚ। ਮੈਂ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਮੈਨੂੰ ਵੀ ਕੋਈ ਸੇਵਾ ਦਿਉ ਤਾਕਿ ਮੈਂ ਵੀ ਲੰਗਰ ਵਿਚ ਅਪਣਾ ਕੋਈ ਯੋਗਦਾਨ ਪਾ ਸਕਾਂ, ਤਾਂ ਬਾਬਾ ਜੀ ਨੇ ਉੱਥੇ ਪਏ ਗੰਢਿਆਂ ਵਲ ਇਸ਼ਾਰਾ ਕਰ ਕੇ ਕਿਹਾ ‘‘ਪੁੱਤਰ ਇਨ੍ਹਾਂ ਨੂੰ ਕੱਟ ਦਿਉ।’’ ਮੈਂ ਗੰਢੇ ਕੱਟਣ ਲੱਗੀ।

ਏਨੇ ਨੂੰ ਮੇਰੀ ਵੱਡੀ ਭੈਣ ਤੇ ਮੇਰੀ ਧੀ ਵੀ ਮੇਰੇ ਕੋਲ ਆ ਬੈਠੀਆਂ। ਫਿਰ ਸ਼ੁਰੂ ਹੋ ਗਿਆ ਗੱਲਾਂ ਦਾ ਸਿਲਸਿਲਾ। ਇਕ ਅਨਿੱਲ ਨਾਂ ਦਾ ਸ਼ਖ਼ਸ ਜੋ ਨਜ਼ਦੀਕ ਪਿੰਡ ਜਾਟੀ ਦਾ ਰਹਿਣ ਵਾਲਾ ਸੀ, ਉੱਥੇ ਆ ਚੁੱਲ੍ਹੇ ਚੌਂਕੇ  ਲਾਗੇ ਸਾਫ਼ ਸਫ਼ਾਈ ਕਰਨ ਲੱਗਾ। ਗੱਲਾਂ-ਗੱਲਾਂ ਵਿਚ ਉਸ ਨੇ ਦਸਿਆ ਕਿ ‘‘ਕਦੇ ਪੰਜਾਬੀਆਂ ਦੇ ਨਾਂ ਤੋਂ ਹੀ ਮੇਰੇ ਮਨ ਵਿਚ ਅਜੀਬ ਜਿਹਾ ਭੈਅ ਉੱਘੜ ਆਉਂਦਾ ਸੀ, ਪਹਿਲਾਂ ਕਦੇ ਵੀ ਮੇਰਾ ਵਾਹ ਵਾਸਤਾ ਕਿਸੇ ਪੰਜਾਬੀ ਨਾਲ ਨਹੀਂ ਸੀ ਪਿਆ। ਜਦੋਂ ਮੈਂ ਪਹਿਲੇ ਦਿਨ ਪੰਜਾਬੀਆਂ ਦੀ ਆਮਦ ਬਾਰੇ ਸੁਣਿਆ, ਮੇਰੀ ਜਾਨ ਕੰਬ ਗਈ ਕਿ ਪਤਾ ਨਹੀਂ ਕਿਹੜਾ ਭਾਣਾ ਵਾਪਰਨ ਲੱਗਾ ਹੈ? ਮੇਰੇ ਵਾਂਗ ਹੋਰ ਪਤਾ ਨਹੀਂ ਕਿੰਨੇ ਹੀ ਵੀਰਾਂ ਦੀ ਰੂਹ ਕੰਬੀ ਹੋਵੇਗੀ। ਪਰ ਪੰਜਾਬੀਆਂ ਦੀ ਅਣਖ, ਦਲੇਰੀ, ਮਿੱਠੀ ਜ਼ੁਬਾਨ ਨੇ ਸਾਡਾ ਮਨ ਮੋਹ ਲਿਆ। ਹੁਣ ਤਾਂ ਇੰਜ ਲਗਦੈ ਜਿਵੇਂ ਪੰਜਾਬ, ਹਰਿਆਣਾ ਦਾ ਵੱਡਾ ਵੀਰ ਅਪਣੇ ਨਿੱਕੇ ਵੀਰੇ ਨੂੰ ਮਿਲਣ ਆਇਆ ਹੋਵੇ। ਹੁਣ ਮੇਰਾ ਇੰਜ ਦਿਲ ਕਰਦੈ ਕਿ ਜਦੋਂ ਧਰਨਾ ਖ਼ਤਮ ਹੋਵੇਗਾ ਤਾਂ ਪੰਜਾਬੀਆਂ ਦੇ ਨਾਲ ਹੀ ਪੰਜਾਬ ਚਲਾ ਜਾਵਾਂ। ਮੈਂ ਰੋਜ਼ ਸਵੇਰੇ ਤੜਕੇ ਅਪਣੇ ਘਰੋਂ ਇਥੇ ਆਉਂਦਾ ਹਾਂ  ਤੇ ਪੂਰੀ ਸੜਕ ਦੀ ਸਫ਼ਾਈ ਕਰਦਾ ਹਾਂ।

ਫਿਰ ਮੈਂ ਫ਼ੈਕਟਰੀ ਵਿਚ ਅਪਣੀ ਤੇ ਡਿਊਟੀ ਤੇ ਜਾਂਦਾ ਹਾਂ।’’ ਫਿਰ ਬਾਬਾ ਜੀ ਦੱਸਣ ਲੱਗੇ, ‘‘ਮੀਂਹ ਪਵੇ ਜਾਂ ਹਵਾ ਚਲੇ ਪਰ ਇਹ ਸਿਰੜੀ ਵੀਰ ਅਪਣੀ ਸੇਵਾ ਤੋਂ ਨਹੀਂ ਖੂੰਝਦਾ।’’ ਅਨਿੱਲ ਫਿਰ ਆਖਣ ਲੱਗਾ ਕਿ ‘‘ਕਈ ਲੋਕ ਮੈਨੂੰ ਪੁਛਦੇ ਨੇ ਕਿ ਤੈਨੂੰ ਕੀ ਮਿਲਦਾ ਹੈ ਇਥੇ ਸਫ਼ਾਈ ਕਰਨ ਦਾ? ਤੇ ਮੈਂ ਕਹਿੰਦਾ ਹਾਂ ਮੇਰੀ ਰੂਹ ਰੱਜ ਜਾਂਦੀ ਹੈ, ਪੰਜਾਬੀਆਂ ਦੀਆਂ ਰੱਜੀਆਂ ਰੂਹਾਂ ਨੂੰ ਵੇਖ ਕੇ, ਜਿਹੜੇ ਬਿਨਾਂ ਕਿਸੇ ਭੇਦਭਾਵ ਦੇ ਸੱਭ ਨੂੰ ਭਰ ਪੇਟ ਰੋਟੀ ਦਿੰਦੇ ਨੇ, ਮੈਨੂੰ ਭਲਾ ਹੋਰ ਕੀ ਚਾਹੀਦਾ ਹੈ? ਮੈਂ ਤਾਂ ਅਪਣੀ ਘਰਵਾਲੀ ਤੇ ਬੱਚਿਆਂ ਨੂੰ ਵੀ ਕਦੇ-ਕਦੇ ਇਥੇ ਲੈ ਆਉਂਦਾ ਹਾਂ। ਮੇਰੀ ਵੱਡੀ ਧੀ ਜੋ ਪੰਦਰਾਂ ਕੁ ਸਾਲ ਦੀ ਹੈ ਮੈਨੂੰ ਆਖਦੀ ਹੈ ਕਿ ਪਾਪਾ ਕਿੰਨੇ ਪਿਆਰ ਨਾਲ ਵਿਚਰਦੇ ਨੇ ਇਥੇ ਸੱਭ। ਹੁਣ ਮੈਨੂੰ ਕਿਸੇ ਵੀ ਪੰਜਾਬੀ ਨੂੰ ਵੇਖ ਮੈਨੂੰ ਭੈਅ ਨਹੀਂ ਆਉਂਦਾ, ਸਗੋਂ ਸੱਭ ਦੀਆਂ ਅੱਖਾਂ ਅਤੇ ਵਤੀਰੇ ਵਿਚ ਆਦਰ ਹੀ ਨਜ਼ਰ ਆਉਂਦਾ ਹੈ।’’ ਗੱਲਾਂ ਗੱਲਾਂ ਵਿਚ ਉਸ ਨੇ ਦੱਸਿਆ ਕਿ ‘‘ਮੈਂ ਕਈ ਪੰਜਾਬੀਆਂ ਨੂੰ ਅਪਣੇ ਪਿੰਡ ਘੁੰਮਾ ਕੇ ਲਿਆਇਆ ਹਾਂ, ਮੈਨੂੰ ਬਹੁਤ ਚੰਗਾ ਲੱਗਾ ਬਿਨਾਂ ਕਿਸੇ ਸੁਆਰਥ ਉਨ੍ਹਾਂ ਦਾ ਮੇਰੇ ਘਰ ਫੇਰੀ ਪਾਉਣਾ। ਤੁਸੀ ਵੀ ਜ਼ਰੂਰ ਚੱਲੋ ਮੇਰੇ ਨਾਲ ਮੈਂ ਤੁਹਾਨੂੰ ਅਪਣਾ ਪਿੰਡ ਵਿਖਾਵਾਂ। ਮੇਰੇ ਘਰ ਦੇ ਜੀਆਂ ਨੇ ਖ਼ੁਸ਼ ਹੋ ਜਾਣੈ ਤੁਹਾਨੂੰ ਵੇਖ ਕੇ। ਪੰਜਾਬੀਆਂ ਨੂੰ ਘਰ ਆਇਆਂ ਵੇਖ ਹੁਣ ਉਨ੍ਹਾਂ ਨੂੰ ਵਿਆਹ ਜਿੰਨਾ ਚਾਅ ਚੜ੍ਹ ਜਾਂਦਾ ਹੈ ਤੇ ਮੇਰੀ ਵੀ ਟੌਹਰ ਬਣ ਜਾਂਦੀ ਹੈ। ਫਿਰ ਉਹ ਮੇਰੀ ਧੀ ਨਾਲ ਗੱਲਾਂ ਵਿਚ ਰੁੱਝ ਗਿਆ ਤੇ ਆਖਣ ਲੱਗਾ ‘‘ਗੁਡੀਆ ਮੇਰੀ ਛੋਟੀ ਧੀ ਵੀ ਇੰਨ-ਬਿੰਨ ਤੇਰੇ ਵਰਗੀ ਹੀ ਹੈ। ਬੜੇ ਪਿਆਰ ਨਾਲ ਉਹ ਸਾਰਿਆਂ ਨਾਲ ਗੱਲਾਂ ਬਾਤਾਂ ਕਰਦਾ ਉੱਥੇ ਹੀ ਘੁੰਮਦਾ ਰਿਹਾ ਤੇ ਆਖਣ ਲੱਗਾ ਸਾਡੀ ਤਾਂ ਧਰਤੀ ਨੂੰ ਭਾਗ ਲਗਾ ਦਿਤੇ ਪੰਜਾਬੀਆਂ ਨੇ।’’
                                                                                   ਮਨਦੀਪ  ਰਿੰਪੀ,ਸੰਪਰਕ : 98143 85918