ਸਾਕਾ ਨਨਕਾਣਾ ਸਾਹਿਬ

ਏਜੰਸੀ

ਵਿਚਾਰ, ਵਿਸ਼ੇਸ਼ ਲੇਖ

ਸਿੱਖ ਧਰਮ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਇਤਿਹਾਸ ਹੈ। ਕਦਮ ਕਦਮ 'ਤੇ ਸਿੱਖਾਂ ਨੂੰ ਅਪਣੇ ਹੱਕ ਲੈਣ ਲਈ ਕੁਰਬਾਨੀਆਂ ਦੇਣੀਆਂ ਪਈਆਂ।

File Photo

ਨਵੀਂ ਦਿੱਲੀ- ਸਿੱਖ ਧਰਮ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਇਤਿਹਾਸ ਹੈ। ਕਦਮ ਕਦਮ 'ਤੇ ਸਿੱਖਾਂ ਨੂੰ ਅਪਣੇ ਹੱਕ ਲੈਣ ਲਈ ਕੁਰਬਾਨੀਆਂ ਦੇਣੀਆਂ ਪਈਆਂ। ਗੁਰਦੁਆਰਿਆਂ ਨੂੰ ਮਹੰਤਾਂ ਕੋਲੋਂ ਆਜ਼ਾਦ ਕਰਵਾਉਣ ਲਈ ਸਿੱਖਾਂ ਨੂੰ ਸੈਂਕੜੇ ਕੁਰਬਾਨੀਆਂ ਦੇਣੀਆਂ ਪਈਆਂ। ਅੱਜ ਤੋਂ ਕਰੀਬ 91 ਸਾਲ ਪਹਿਲਾਂ 21 ਫਰਵਰੀ 1921 ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਵਾਪਰਿਆ ਦਿਲ ਕੰਬਾਊ ਸਾਕਾ ਇਸ ਦੀ ਵੱਡੀ ਮਿਸਾਲ ਹੈ ਜਦੋਂ ਜਿਉਂਦੇ ਸਿੱਖਾਂ ਨੂੰ ਜੰਡਾਂ ਨਾਲ ਬੰਨ੍ਹ ਕੇ ਸਾੜਿਆ ਗਿਆ।

ਬਲਦੀਆਂ ਭੱਠੀਆਂ ਵਿਚ ਸੁੱਟਿਆ ਗਿਆ। ਅੱਜ ਵੀ ਇਸ ਖ਼ੂਨੀ ਸਾਕੇ ਨੂੰ ਯਾਦ ਕਰਕੇ ਹਰ ਕਿਸੇ ਦੀ ਰੂਹ ਕੰਬ ਉਠਦੀ ਹੈ। ਆਓ ਜਾਣਦੇ ਹਾਂ ਕਿਵੇਂ ਵਾਪਰਿਆ ਸੀ ਸ੍ਰੀ ਨਨਕਾਣਾ ਸਾਹਿਬ ਦਾ ਸਾਕਾ। ਸੰਨ 1617 ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਮੁਗ਼ਲ ਹਕੂਮਤ ਨੇ ਸਿੱਖਾਂ 'ਤੇ ਫਿਰ ਤੋਂ ਸਖ਼ਤੀ ਸ਼ੁਰੂ ਕਰ ਦਿੱਤੀ, ਜਿਸ ਕਰਕੇ ਗੁਰੂ ਕੇ ਸਿੰਘ ਆਪਣੇ ਘਰ-ਘਾਟ ਤਿਆਗ ਕੇ ਪਹਾੜਾਂ, ਜੰਗਲਾਂ, ਰੇਗਿਸਤਾਨਾਂ ਅਤੇ ਹੋਰ ਸੁਰੱਖਿਅਤ ਥਾਵਾਂ 'ਤੇ ਜਾ ਕੇ ਦਿਨ-ਕਟੀ ਕਰਨ ਲੱਗੇ ਤੇ ਗੁਰਧਾਮਾਂ ਦੀ ਸੇਵਾ-ਸੰਭਾਲ ਦੀ ਜ਼ਿੰਮੇਵਾਰੀ ਨਿਰਮਲੇ ਅਤੇ ਉਦਾਸੀ ਸੰਪਰਦਾਇ ਦੇ ਮਹੰਤਾਂ ਕੋਲ ਚਲੀ ਗਈ।

ਸ਼ੁਰੂ-ਸ਼ੁਰੂ ਵਿਚ ਇਨ੍ਹਾਂ ਮਹੰਤਾਂ ਨੇ ਬੜੇ ਸੁਚੱਜੇ ਢੰਗ ਨਾਲ ਗੁਰਧਾਮਾਂ ਦੀ ਸੇਵਾ-ਸੰਭਾਲ ਕੀਤੀ ਪਰ ਹੌਲੀ-ਹੌਲੀ ਮਹੰਤਾਂ ਨੇ ਗੁਰਦੁਆਰਿਆਂ ਨੂੰ ਅੱਯਾਸ਼ੀ ਦੇ ਅੱਡੇ ਬਣਾ ਕੇ ਰੱਖ ਦਿੱਤਾ। ਮਹੰਤ ਗੁਰਦੁਆਰਿਆਂ ਨੂੰ ਆਪਣੀ ਨਿੱਜੀ ਜਾਇਦਾਦ ਸਮਝਣ ਲੱਗ ਪਏ। ਉਹ ਸ਼ਰਾਬੀ ਅਤੇ ਅਯਾਸ਼ ਹੋ ਗਏ, ਜਿਸਦੇ ਮੁੱਖ ਕਾਰਨ ਚੋਖੀ ਆਮਦਨ ਅਤੇ ਅੰਗਰੇਜ਼ ਸਰਕਾਰ ਦੀ ਪੂਰੀ ਹਮਾਇਤ ਸੀ। ਗੁਰਦੁਆਰੇ ਸਿੱਖੀ ਜੀਵਨ ਜਾਚ ਦੇ ਕੇਂਦਰ ਨਾ ਰਹਿ ਕੇ ਅਯਾਸ਼ੀ ਦੇ ਅੱਡੇ ਬਣਾ ਦਿੱਤੇ ਗਏ। ਇਥੇ ਦਰਸ਼ਨ ਕਰਨ ਆਈਆਂ ਸੰਗਤਾਂ ਦੀ ਬੇਪਤੀ ਹੁੰਦੀ, ਔਰਤਾਂ ਦਾ ਸੋਸ਼ਣ ਕੀਤਾ ਜਾਣ ਲੱਗ ਪਿਆ।

ਇਸ ਸਭ ਨੂੰ ਦੇਖ ਕੇ 19ਵੀਂਸਦੀ ਦੇ ਅਖੀਰ ਵਿਚ ਨਾਮਧਾਰੀ, ਨਿਰੰਕਾਰੀ ਅਤੇ ਸਿੰਘ ਸਭਾ ਆਦਿ ਕਈ ਸਿੱਖ ਲਹਿਰਾਂ ਚੱਲੀਆਂ। ਇਸ ਮਗਰੋਂ ਜਦੋਂ ਸਿੱਖਾਂ 5 ਅਕਤੂਬਰ ਸੰਨ 1920 ਨੂੰ ਗੁਰਦੁਆਰਾ ਬਾਬੇ ਦੀ ਬੇਰ, ਸਿਆਲਕੋਟ ਦਾ ਪ੍ਰਬੰਧ ਆਪਣੇ ਹੱਥਾਂ ਵਿਚ ਲੈ ਲਿਆ ਤਾਂ ਸਿੱਖ ਪੰਥ ਵਿੱਚ ਇਕ ਨਵਾਂ ਜੋਸ਼ ਪੈਦਾ ਹੋ ਗਿਆ ਜੋ ਗੁਰਦੁਆਰਾ ਸੁਧਾਰ ਲਹਿਰ ਦੇ ਨਾਂਅ ਹੇਠ 1925 ਤਕ ਬਰਕਰਾਰ ਰਿਹਾ। ਇਸ ਮਗਰੋਂ ਇੱਕ ਤੋਂ ਬਾਅਦ ਇੱਕ ਗੁਰਦੁਆਰਾ ਸਾਹਿਬਾਨ ਸਿੱਖ ਪੰਥ ਦੇ ਪ੍ਰਬੰਧ ਹੇਠ ਆਉਣੇ ਸ਼ੁਰੂ ਹੋ ਗਏ।

ਇਸ ਸਮੇਂ ਦੌਰਾਨ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਏ, ਜਿਸ ਨਾਲ ਸਿੱਖ ਪੰਥ ਨੂੰ ਮਜ਼ਬੂਤ ਜਥੇਬੰਦੀ ਪ੍ਰਾਪਤ ਹੋਈ ਅਤੇ ਮਹੰਤ ਸ਼੍ਰੇਣੀ ਅੰਦਰ ਇਹ ਡਰ ਪੈਦਾ ਹੋ ਗਿਆ ਕਿ ਛੇਤੀ ਹੀ ਗੁਰਦੁਆਰਿਆਂ ਦਾ ਪ੍ਰਬੰਧ ਉਨ੍ਹਾ ਤੋਂ ਖੁੱਸ ਜਾਵੇਗਾ। ਇਸ ਸਮੇਂ ਸਿੱਖਾਂ ਕੋਲ ਬਾਬੇ ਨਾਨਕ ਦੇ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਨੂੰ ਮਹੰਤਾਂ ਦੇ ਕਬਜ਼ੇ ਤੋਂ ਮੁਕਤ ਕਰਵਾਉਣ ਦੀ ਚੁਣੌਤੀ ਸੀ।

ਜਿਸ ਦਾ ਪ੍ਰਬੰਧ ਮਹੰਤ ਨਰਾਇਣ ਦਾਸ ਚਲਾਉਂਦਾ ਸੀ, ਜੋ ਅਤਿ ਦਰਜੇ ਦਾ ਸ਼ਰਾਬੀ, ਕਬਾਬੀ ਅਤੇ ਭੈੜੇ ਆਚਰਣ ਵਾਲਾ ਇਨਸਾਨ ਨਹੀਂ ਬਲਕਿ ਹੈਵਾਨ ਸੀ। ਉਸ ਨੇ ਇਸ ਪਵਿੱਤਰ ਗੁਰਧਾਮ ਨੂੰ ਅੱਯਾਸ਼ੀ ਦਾ ਅੱਡਾ ਤੇ ਸ਼ਰਾਬੀਆਂ, ਭੰਗੀਆਂ, ਪੋਸਤੀਆਂ ਦੀ ਰਿਹਾਇਸ਼ਗਾਹ ਬਣਾ ਕੇ ਰੱਖਿਆ ਹੋਇਆ ਸੀ। ਮਹੰਤ ਦੀ ਇਸ ਹਰਕਤ ਨੇ ਸਿੱਖ ਜਗਤ ਅੰਦਰ ਗੁੱਸੇ ਦੇ ਭਾਂਬੜ ਬਾਲ ਦਿੱਤੇ ਸਨ।

ਇਸ ਮਹੰਤ ਦੀ ਵਧ ਰਹੀ ਗੁੰਡਾਗਰਦੀ ਨੂੰ ਵੇਖਦੇ ਹੋਏ 26 ਜਨਵਰੀ 1921 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਦੀ ਅਗਵਾਈ ਹੇਠ ਗੁਰਮਤਾ ਪਾਸ ਕੀਤਾ ਗਿਆ ਕਿ 4, 5 ਅਤੇ 6 ਮਾਰਚ 1921 ਈ. ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਸਿੱਖ ਪੰਥ ਦਾ ਇੱਕ ਭਾਰੀ ਇਕੱਠ ਕੀਤਾ ਜਾਵੇ। ਪਰ ਜਦੋਂ ਮਹੰਤ ਨਰੈਣ ਦਾਸ ਨੂੰ ਇਸ ਫੈਸਲੇ ਦੀ ਸੂਹ ਮਿਲੀ ਤਾਂ ਉਸ ਨੇ ਵੀ ਇੱਕ ਸਨਾਤਨ ਸਿੱਖ ਕਾਨਫਰੰਸ ਲਾਹੌਰ ਵਿਖੇ 20 ਅਤੇ 21 ਫਰਵਰੀ 1921 ਨੂੰ ਬਾਬਾ ਕਰਤਾਰ ਸਿੰਘ ਬੇਦੀ ਦੀ ਪ੍ਰਧਾਨਗੀ ਹੇਠ ਸੱਦ ਲਈ,

ਜਿਸ ਵਿਚ ਮਹੰਤਾਂ ਨੇ ਸ਼੍ਰੋਮਣੀ ਕਮੇਟੀ ਨੂੰ ਮਾਨਤਾ ਦੇਣ ਤੋਂ ਇਨਕਾਰ ਕਰਦਿਆਂ ਸਾਧੂਆਂ ਤੇ ਮਹੰਤਾਂ ਦੀ ਵੱਖਰੀ ਕਮੇਟੀ ਕਾਇਮ ਕਰਨ ਦਾ ਮੁੱਦਾ ਰੱਖਿਆ। ਮਹੰਤ ਨਰੈਣਦਾਸ ਕੋਲ ਸੂਹੀਏ ਦੇ ਤੌਰ 'ਤੇ ਰਹਿ ਰਹੇ ਭਾਈ ਵਰਿਆਮ ਸਿੰਘ ਦੇ ਰਾਹੀਂ ਜਦੋਂ ਭਾਈ ਕਰਤਾਰ ਸਿੰਘ ਝੱਬਰ ਹੋਰਾਂ ਨੂੰ ਇਸ ਗੱਲ ਦੀ ਖ਼ਬਰ ਲੱਗੀ ਤਾਂ ਉਨ੍ਹਾਂ ਨੇ ਭਾਈ ਲਛਮਣ ਸਿੰਘ ਧਾਰੋਵਾਲੀ, ਭਾਈ ਬੂਟਾ ਸਿੰਘ ਲਾਇਲਪੁਰੀ ਆਦਿ ਨਾਲ ਸਲਾਹ ਕੀਤੀ ਕਿ ਮਾਰਚ ਦੀ ਸਿੱਖ ਕਾਨਫਰੰਸ ਤੋਂ ਪਹਿਲਾਂ ਹੀ ਮਹੰਤ ਨਾਲ ਨਿਪਟ ਲਿਆ ਜਾਵੇ ਤਾਂ ਜ਼ਿਆਦਾ ਚੰਗਾ ਹੋਵੇਗਾ।

19 ਫਰਵਰੀ ਨੂੰ ਭਾਈ ਲਛਮਣ ਸਿੰਘ ਡੇਢ ਕੁ ਸੌ ਸਿੰਘਾਂ ਦਾ ਜਥਾ ਅਤੇ ਭਾਈ ਕਰਤਾਰ ਸਿੰਘ ਝੱਬਰ ਨੇ ਵੀ ਗੁਰਦੁਆਰਾ ਖਰਾ ਸੌਦਾ ਵਿਖੇ 2200 ਸਿੰਘਾਂ ਦਾ ਜਥਾ ਇਕੱਠਾ ਕਰ ਲਿਆ। ਦੂਜੇ ਪਾਸੇ 19 ਫਰਵਰੀ ਨੂੰ ਹੀ ਲਾਹੌਰ ਵਿਖੇ ਅਕਾਲੀ ਅਖ਼ਬਾਰ ਦੇ ਦਫ਼ਤਰ ਵਿਚ ਪੰਥਕ ਮੁਖੀਆਂ ਦੀ ਇਕੱਤਰਤਾ ਹੋਣੀ ਸੀ, ਜਿਸ ਵਿਚ ਮਾਸਟਰ ਤਾਰਾ ਸਿੰਘ, ਤੇਜ਼ਾ ਸਿੰਘ ਸਮੁੰਦਰੀ, ਹਰਚਰਨ ਸਿੰਘ, ਗਿਆਨੀ ਸਰਦੂਲ ਸਿੰਘ ਕਵੀਸ਼ਰ, ਮਾਸਟਰ ਸੁੰਦਰ ਸਿੰਘ ਲਾਇਲਪੁਰੀ, ਜਸਵੰਤ ਸਿੰਘ ਝਬਾਲ ਅਤੇ ਭਾਈ ਦਲੀਪ ਸਿੰਘ ਇਕੱਠੇ ਹੋਏ ਸਨ।

ਉਥੇ ਪੰਥਕ ਆਗੂਆਂ ਨੂੰ ਜਦੋਂ ਇਸ ਫ਼ੈਸਲੇ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਦੋਵੇਂ ਜਥਿਆਂ ਨੂੰ ਸੁਨੇਹਾ ਭੇਜਿਆ ਕਿ ਮਿੱਥੇ ਹੋਏ ਪ੍ਰੋਗਰਾਮ ਤੋਂ ਪਹਿਲਾਂ ਕੋਈ ਵੀ ਜਥਾ ਸ੍ਰੀ ਨਨਕਾਣਾ ਸਾਹਿਬ ਨਾ ਭੇਜਿਆ ਜਾਵੇ ਪਰ ਭਾਈ ਲਛਮਣ ਸਿੰਘ ਹੋਰਾਂ ਨੇ ਇਹ ਕਹਿੰਦਿਆਂ ਵਾਪਸ ਮੁੜਨ ਤੋਂ ਨਾਂਹ ਕਰ ਦਿੱਤੀ ਕਿ ਅਸੀਂ ਸ੍ਰੀ ਨਨਕਾਣਾ ਸਾਹਿਬ ਨੂੰ ਮਹੰਤ ਕੋਲੋਂ ਅਜ਼ਾਦ ਕਰਾਉਣ ਲਈ ਅਰਦਾਸਾ ਸੋਧ ਕੇ ਤੁਰੇ ਹਾਂ, ਹੁਣ ਵਾਪਸ ਨਹੀਂ ਮੁੜ ਸਕਦੇ, ਚਾਹੇ ਕੁੱਝ ਵੀ ਹੋ ਜਾਵੇ।

20 ਫਰਵਰੀ 1921 ਨੂੰ ਸਵੇਰੇ ਛੇ ਵਜੇ ਭਾਈ ਲਛਮਣ ਸਿੰਘ ਦਾ ਜਥਾ ਸ਼ਬਦ ਪੜ੍ਹਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਦਾਖਲ ਹੋ ਗਿਆ। ਭਾਈ ਲਛਮਣ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਗਏ ਅਤੇ ਆਸਾ ਕੀ ਵਾਰ ਦਾ ਕੀਰਤਨ ਆਰੰਭ ਕਰ ਦਿੱਤਾ। ਕੁਝ ਸਮੇਂ ਬਾਅਦ ਮਹੰਤ ਆਪਣੇ ਗੁੰਡਿਆਂ ਸਮੇਤ ਸ਼ਰਾਬੀ ਹਾਲਤ ਵਿੱਚ ਆਇਆ। ਉਸ ਨੇ ਸਿੰਘਾਂ ਦਾ ਘਾਣ ਕਰਨ ਲਈ ਪਹਿਲਾਂ ਹੀ ਪੂਰੀ ਤਿਆਰੀ ਕੀਤੀ ਹੋਈ ਸੀ। ਉਸ ਨੇ ਦਰਸ਼ਨੀ ਡਿਉਢੀ ਦਾ ਮੇਨ ਗੇਟ ਬੰਦ ਕਰਵਾ ਦਿੱਤਾ ਅਤੇ ਸ਼ਾਂਤਮਈ ਬੈਠੇ ਸਿੰਘਾਂ 'ਤੇ ਗੋਲੀਆਂ ਚਲਵਾ ਦਿੱਤੀਆਂ। ਕਈ ਸਿੰਘਾਂ ਨੂੰ ਬਰਛਿਆਂ ਅਤੇ ਗੰਡਾਸਿਆਂ ਨਾਲ ਵੱਡ-ਟੁੱਕ ਕੇ ਸ਼ਹੀਦ ਕਰ ਦਿੱਤਾ। ਭਾਈ ਲਛਮਣ ਸਿੰਘ ਨੂੰ ਜੰਡ ਦੇ ਦਰੱਖ਼ਤ ਨਾਲ ਪੁੱਠਾ ਲਟਕਾ ਕੇ ਅੱਗ ਲਗਾ ਕੇ ਸ਼ਹੀਦ ਕਰ ਦਿੱਤਾ ਗਿਆ।

ਇਸ ਖ਼ੂਨੀ ਸਾਕੇ ਦੀ ਖ਼ਬਰ ਜੰਗਲ ਦੀ ਅਗ ਵਾਂਗ ਸਾਰੇ ਦੇਸ਼ ਵਿੱਚ ਫੈਲ ਗਈ। ਕੁੱਝ ਹੀ ਘੰਟਿਆਂ ਵਿੱਚ ਸਭ ਪਾਸਿਆਂ ਤੋਂ ਸਿੱਖਾਂ ਨੇ ਨਨਕਾਣਾ ਸਾਹਿਬ ਵਲ ਵਹੀਰਾਂ ਪਾ ਦਿੱਤੀਆਂ। ਰਾਤ ਨੌ ਵਜੇ ਦੇ ਕਰੀਬ ਲਾਹੌਰ ਤੋਂ ਸਪੈਸ਼ਲ ਟਰੇਨ ਰਾਹੀਂ ਮਿਸਟਰ ਕਿੰਗ ਕਮਿਸ਼ਨਰ ਲਾਹੌਰ ਆਪਣੇ ਨਾਲ ਸੌ ਦੇ ਕਰੀਬ ਅੰਗਰੇਜ਼ ਅਫਸਰਾਂ ਅਤੇ ਸਿਪਾਹੀਆਂ ਸਮੇਤ ਸ੍ਰੀ ਨਨਕਾਣਾ ਸਾਹਿਬ ਪਹੁੰਚਿਆ ਤਾਂ ਉਸ ਵੇਲੇ ਵੀ ਮਹੰਤ ਦੇ ਹੱਥ ਵਿੱਚ ਬੰਦੂਕ ਸੀ।

ਸਰਕਾਰ ਨੇ ਮਹੰਤ ਅਤੇ ਉਸ ਦੇ 26 ਸਾਥੀਆਂ ਨੂੰ ਗ੍ਰਿਫਤਾਰ ਕਰਕੇ ਉਸ ਦੇ ਘਰੋਂ ਕਾਫੀ ਅਸਲਾ ਹਥਿਆਰ ਆਦਿ ਬਰਾਮਦ ਕਰ ਲਏ ਅਤੇ ਗੁਰਦੁਆਰੇ ਉਪਰ ਸਰਕਾਰ ਨੇ ਕਬਜ਼ਾ ਕਰ ਲਿਆ। ਅਗਲੇ ਦਿਨ 21 ਫਰਵਰੀ 1921 ਨੂੰ ਸ਼ਾਮ ਵੇਲੇ ਤੱਕ ਜਥੇਦਾਰ ਕਰਤਾਰ ਸਿੰਘ ਝੱਬਰ 2200 ਸਿੰਘਾਂ ਦਾ ਸ਼ਹੀਦੀ ਜਥਾ ਲੈ ਕੇ ਨਨਕਾਣਾ ਸਾਹਿਬ ਪਹੁੰਚ ਗਏ। ਉਧਰ ਪੁਲਸ ਨੇ ਗੁਰਦੁਆਰੇ ਨੂੰ ਤਾਲਾ ਲਗਾ ਕੇ ਫ਼ੌਜੀ ਨਾਕਾਬੰਦੀ ਕੀਤੀ ਹੋਈ ਸੀ।

ਡਿਪਟੀ ਕਮਿਸ਼ਨਰ ਨੇ ਜਥੇ ਨੂੰ ਅੱਗੇ ਜਾਣ ਤੋਂ ਰੋਕਦਿਆਂ ਹੁਕਮ ਦਿੱਤਾ ਕਿ ਜੇਕਰ ਉਹ ਅੱਗੇ ਵਧੇ ਤਾਂ ਗੋਲੀ ਚਲਾ ਦਿੱਤੀ ਜਾਵੇਗੀ। ਅੱਗੋਂ ਕਰਤਾਰ ਸਿੰਘ ਝਬੱਰ ਨੇ ਜੁਆਬ ਦਿੱਤਾ ਅਸੀਂ ਅਰਦਾਸ ਕਰਕੇ ਚੱਲੇ ਹਾਂ ਕਿ ਗੁਰਧਾਮ ਵਾਪਸ ਲੈਣ ਦੀ, ਤੁਹਾਡੀਆਂ ਮਸ਼ੀਨਗੰਨਾਂ ਸਾਨੂੰ ਰੋਕ ਨਹੀਂ ਸਕਦੀਆਂ। ਆਖ਼ਰਕਾਰ ਸਿੱਖਾਂ ਦੇ ਦ੍ਰਿੜ੍ਹ ਇਰਾਦੇ ਅੱਗੇ ਪੁਲਿਸ ਨੂੰ ਝੁਕਣਾ ਪਿਆ ਅਤੇ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਖੋਲ੍ਹ ਦਿੱਤੇ ਗਏ।

ਇਸ ਮਗਰੋਂ ਗੁਰਦੁਆਰਾ ਸੁਧਾਰ ਲਹਿਰ ਹੋਰ ਤੇਜ਼ ਹੁੰਦੀ ਗਈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਹੇਠ ਗੁਰਦੁਆਰਾ ਪ੍ਰਬੰਧ ਮਹੰਤਾਂ ਦੇ ਕਬਜੇ 'ਚੋਂ ਕੱਢ ਕੇ ਸ਼੍ਰੋਮਣੀ ਕਮੇਟੀ ਦੇ ਹੱਥ ਆਇਆ। ਫਿਰ 1947 ਦੀ ਦੇਸ਼ ਵੰਡ ਹੋਣ ਕਰਕੇ ਇਹ ਗੁਰਧਾਮ ਪਾਕਿਸਤਾਨ ਵਿੱਚ ਚਲਾ ਗਿਆ, ਜਿਸ ਦੇ ਖੁੱਲ੍ਹੇ ਦਰਸ਼ਨ ਦੀਦਾਰ ਦੀ ਅੱਜ ਵੀ ਅਰਦਾਸ ਕੀਤੀ ਜਾਂਦੀ ਹੈ।