ਕੌਮਾਂਤਰੀ ਮਾਤ ਭਾਸ਼ਾ ਦਿਵਸ 'ਤੇ ਵਿਸ਼ੇਸ਼: ਪੰਜਾਬੀ ਭਾਸ਼ਾ ਪ੍ਰਤੀ ਵਿਹਾਰਕ ਸੁਹਿਰਦਤਾ ਅਪਣਾਉਣ ਦੀ ਲੋੜ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਅਪਣੀ ਮਾਤ ਭਾਸ਼ਾ ਦੀ ਹੋਂਦ ’ਤੇ ਮਾਣ ਲਈ ਇਹ ਦਿਨ ਅਪਣਾ ਇਕ ਲੰਮਾ ਇਤਿਹਾਸ ਲੈ ਕੇ ਜੁੜਿਆ ਹੋਇਆ ਹੈ।

Punjabi Language

ਹਰ ਵਰ੍ਹੇ 21 ਫ਼ਰਵਰੀ ਨੂੰ ਕੌਮਾਂਤਰੀ ਮਾਤ ਭਾਸ਼ਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਅਪਣੀ ਮਾਤ ਭਾਸ਼ਾ ਦੀ ਹੋਂਦ ’ਤੇ ਮਾਣ ਲਈ ਇਹ ਦਿਨ ਅਪਣਾ ਇਕ ਲੰਮਾ ਇਤਿਹਾਸ ਲੈ ਕੇ ਜੁੜਿਆ ਹੋਇਆ ਹੈ। ਸਾਡੀ ਮਾਂ ਬੋਲੀ ਪੰਜਾਬੀ ਲਈ ਪੰਜਾਬ ਵਿਚ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਵੀ, ਜਿਥੇ ਪੰਜਾਬੀ ਵਸਦੇ ਹਨ ਅਪਣੀ ਮਾਤ ਭਾਸ਼ਾ ਪੰਜਾਬੀ ਲਈ ਇਹ ਦਿਹਾੜਾ ਮਨਾਉਂਦੇ ਹਨ।

ਕਦੇ ਕਦੇ ਇੰਜ ਲਗਦਾ ਹੈ, ਜਿਵੇਂ ਪ੍ਰਦੇਸਾਂ ਵਿਚ ਜਾ ਕੇ ਵੀ ਪੰਜਾਬੀ ਅਪਣੀ ਮਾਂ ਬੋਲੀ ਤੋਂ ਵਿਰਵੇ ਨਹੀਂ ਹੋਏ ਬਲਕਿ ਉਨ੍ਹਾਂ ਨੇ ਉੱਥੇ ਵੀ ਅਪਣਾ ਇਕ ਵਖਰਾ ਪੰਜਾਬ ਵਸਾ ਲਿਆ ਹੈ ਜਿਨ੍ਹਾਂ ਨੇ ਨਾ ਕੇਵਲ ਅਪਣੀ ਮਾਤ ਭਾਸ਼ਾ ਨੂੰ ਹੀ ਸੰਭਾਲਿਆ ਹੋਇਆ ਹੈ ਸਗੋਂ ਅਪਣੇ ਸਾਹਿਤ ਤੇ ਸਭਿਆਚਾਰ ਆਦਿ ਨੂੰ ਵੀ ਦੇਸ਼ਾਂ ਵਿਦੇਸ਼ਾਂ ਵਿਚ ਇਕ ਨਵੀਂ ਨਿਵੇਕਲੀ ਪਹਿਚਾਣ ਦਿਤੀ ਹੈ। ਪੰਜਾਬੀ ਸਪਤਾਹ, ਪੰਜਾਬੀ ਪੰਦਰਵਾੜਾ ਸਾਡੇ ਪੰਜਾਬ ਦੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਸਾਹਿਤ ਸਭਾਵਾਂ ਆਦਿ ਵਲੋਂ ਹਰ ਵਰ੍ਹੇ ਵੱਡੇ ਵੱਡੇ ਭਾਸ਼ਣਾਂ, ਵਿਚਾਰ ਗੋਸ਼ਟੀਆਂ, ਸੰਮੇਲਨਾਂ ਆਦਿ ਰਾਹੀਂ ਜਾਂ ਫਿਰ ਪੱਤਰਾਂ, ਸੜਕਾਂ ’ਤੇ ਪ੍ਰਚਾਰਾਂ ਆਦਿ ਦੇ ਰੂਪ ਵਿਚ ਮਨਾਇਆ ਜਾਂਦਾ ਹੈ ਜੋ ਸਿਰਫ਼ ਇਨ੍ਹਾਂ ਦਿਨਾਂ ਤਕ ਹੀ ਸੀਮਤ ਹੋ ਕੇ ਰਹਿ ਜਾਂਦਾ ਹੈ ਅਤੇ ਫਿਰ ਪੰਜਾਬੀ ਨਾਲ ‘ਤੂੰ ਕੌਣ ਤੇ ਮੈਂ ਕੌਣ’ ਵਾਲੀ ਗੱਲ ’ਤੇ ਸਥਿਤੀ ਹੋ ਨਿਬੜਦੀ ਹੈ।

ਅੱਜ ਆਮ ਪੰਜਾਬੀ ਘਰਾਂ ਤੋਂ ਲੈ ਕੇ ਅਮੀਰ ਘਰਾਂ ਤਕ ਪੰਜਾਬੀ ਦੀ ਜੋ ਦੁਰਦਸ਼ਾ ਹੈ ਉਹ ਕਿਸੇ ਵੀ ਨਜ਼ਰ ਤੋਂ ਲੁਕਿਆ ਨਹੀਂ ਹੋਇਆ। ਕਈ ਵਾਰ ਇਸ  ਗੱਲ ਤੇ ਬੜਾ ਅਚੰਭਾ ਤੇ ਹੈਰਾਨੀ ਪ੍ਰਤੀਤ ਹੁੰਦੀ ਹੈ, ਜਦੋਂ ਪੰਜਾਬੀ ਦੇ ਵੱਡੇ ਵੱਡੇ ਹਮਾਇਤੀ ਜੋ ਮੁੱਖ ਬੁਲਾਰੇ ਦੇ ਰੂਪ ਵਿਚ ਪੰਜਾਬੀ ਭਾਸ਼ਾ ਲਈ ਵਿਸ਼ੇਸ਼ ਭਾਸ਼ਣ ਦੇਣ ਲਈ ਬੁਲਾਏ ਜਾਂਦੇ ਹਨ ਪਰ ਅਪਣੇ ਹੀ ਘਰ ਵਿਚ ਅਪਣੇ ਬੱਚੇ ਨੂੰ ਹਿੰਦੀ ਜਾਂ ਅੰਗਰੇਜ਼ੀ ਦੀ ਵਰਤੋਂ ਕਰਨ ਲਈ ਵਧੇਰੇ ਜ਼ੋਰ ਦਿੰਦੇ ਹਨ। ਕੋਈ ਵੀ ਭਾਸ਼ਾ ਮਾੜੀ ਨਹੀਂ ਹੁੰਦੀ ਪਰ ਜੋ ਗੱਲ ਅਪਣੀ ਮਾਤ ਭਾਸ਼ਾ ਵਿਚ ਵਜ਼ਨਦਾਰ ਤਰੀਕੇ ਨਾਲ ਆਖੀ ਜਾ ਸਕਦੀ ਹੈ ਉਹ ਕਿਸੇ ਹੋਰ ਭਾਸ਼ਾ ਵਿਚ ਨਹੀਂ ਆਖੀ ਜਾ ਸਕਦੀ।

ਹਰ ਭਾਸ਼ਾ ਦਾ ਅਪਣਾ ਇਕ ਵਖਰਾ ਵਜੂਦ, ਵਖਰੀ ਵਿਸ਼ੇਸ਼ਤਾ ਹੁੰਦੀ ਹੈ। ਜਿਸ ਵਿਚ ਉਹ ਵਧੇਰੇ ਚੰਗੀ ਤਰ੍ਹਾਂ ਬੋਲਣ, ਸਿੱਖਣ ਤੇ ਸਮਝਣ ਦੇ ਸਮਰੱਥ ਹੁੰਦਾ ਹੈ। ਪੰਜਾਬੀ ਭਾਸ਼ਾ ਦੀ ਗੱਲ ਕਰੀਏ ਤਾਂ ਇਹ ਕੋਈ ਅੱਜ ਦੀ ਨਹੀਂ ਬਲਕਿ ਇਸ ਦਾ ਅਪਣਾ ਇਕ ਲੰਮਾ ਇਤਿਹਾਸਕ ਪੜਾਅ ਹੈ। ਪੁਰਾਣੀ ਪੰਜਾਬੀ ਦੇ ਰੂਪ ਵਿਚ ਨਾਥਾਂ-ਯੋਗੀਆਂ ਦੇ ਧੂਣੇ ਤੋਂ ਹੁੰਦੀ ਹੋਈ, ਬਾਬਾ ਫ਼ਰੀਦ ਜੀ ਦੇ ਸਲੋਕਾਂ ਵਿਚ ਵਿਚਰਦੀ, ਗੁਰੂ ਸਾਹਿਬਾਨ ਦੀ ਮਿੱਠੀ ਤੇ ਪਵਿੱਤਰ ਬਾਣੀ ਦਾ ਸੰਚਾਰ ਕਰਦੀ ਹੋਈ ਪੰਜਾਬੀ ਬੋਲੀ ਆਧੁਨਿਕ ਲੇਖਕਾਂ/ਸਾਹਿਤਕਾਰਾਂ ਦੀਆਂ ਰਚਨਾਵਾਂ ਦਾ ਅਨਿੱਖੜਵਾਂ ਅੰਗ ਬਣ ਗਈ ਹੈ।

ਸ਼ਾਇਦ ਸਦੀਵੀ ਚਾਲ ਅਤੇ ਪੁਰਾਤਨ ਭਾਸ਼ਾ ਵਜੋਂ ਹੀ ਇਹ ਕਿਸੇ ਨਾ ਕਿਸੇ ਰੂਪ ਵਿਚ ਨਿਰੰਤਰ ਸੁਰਜੀਤ ਤੁਰੀ ਆ ਰਹੀ ਹੈ। ਪਰ ਅਫ਼ਸੋਸ ਪੰਜਾਬੀ ਸੂਬਾ ਬਣਨ ਦੇ ਬਾਵਜੂਦ ਵੀ ਹਰ ਵਾਰ ਦੀ ਤਰ੍ਹਾਂ ਇਹ ਅੱਜ ਵੀ ਸਹੀ ਰੂਪ ਵਿਚ ਸਰਕਾਰੀ ਦਫ਼ਤਰਾਂ ਦੀ ਜਾਂ ਪ੍ਰਬੰਧਕੀ ਭਾਸ਼ਾ ਦਾ ਰੁਤਬਾ ਹਾਸਲ ਨਹੀਂ ਕਰ ਸਕੀ। ਇਹ ਠੀਕ ਹੈ ਕਿ ਮਨੁੱਖ ਦੀ ਸੋਚ ਤੇ ਸਮਝ ਸ਼ਕਤੀ ਏਨੀ ਬਲਵਾਨ ਹੈ ਕਿ ਉਹ ਅਨੇਕਾਂ ਭਾਸ਼ਾਵਾਂ ਸਿੱਖ, ਸਮਝ ਤੇ ਬੋਲ ਸਕਦਾ ਹੈ ਅਤੇ ਦੂਸਰਿਆਂ ਰਾਜਾਂ/ਦੇਸ਼ਾਂ ਵਿਚ ਵਿਚਰਨ ਲਈ ਉਸ ਨੂੰ ਹੋਰਨਾਂ ਭਾਸ਼ਾਵਾਂ ਦਾ ਗਿਆਨ ਹੋਣਾ ਜ਼ਰੂਰੀ ਵੀ ਹੈ ਪਰ ਇਸ ਦੇ ਨਾਲ ਹੀ ਇਹ ਤੱਥ ਵੀ ਉੱਭਰ ਕੇ ਸਾਹਮਣੇ ਆਉਂਦਾ ਹੈ ਕਿ ਮਨੁੱਖ ਚਾਹੇ ਹੋਰਨਾਂ ਭਾਸ਼ਾਵਾਂ ਵਿਚ ਅਪਣੀ ਜਿੰਨੀ ਮਰਜ਼ੀ ਮਜ਼ਬੂਤ ਪਕੜ ਬਣਾ ਲਵੇ ਪਰ ਅਪਣੀ ਕਲਪਨਾ ’ਤੇ ਜਜ਼ਬਾਤ ਦਾ ਪ੍ਰਗਟਾਵਾ ਉਹ ਸਿਰਫ਼ ਅਪਣੀ ਮਾਂ ਬੋਲੀ ਵਿਚ ਹੀ ਕਰ ਸਕਦਾ ਹੈ।

ਮਾਤ ਭਾਸ਼ਾ ਦੀ ਸਿਰਫ਼ ਇਕ ਸਤਰ ਵੀ ਰਸ ਘੋਲਦੀ ਹੈ ਤੇ ਉਹੀ ਸਤਰ ਜਦੋਂ ਵਿਦੇਸ਼ੀ ਭਾਸ਼ਾ ਵਿਚ ਉਚਾਰੀ ਜਾਵੇ ਤਾਂ ਕਿੰਨਾ ਓਪਰਾਪਨ ਮਹਿਸੂਸ ਹੁੰਦਾ ਹੈ। ਮਾਂ ਬੋਲੀ ਸਾਡੇ ਸਭਿਆਚਾਰ ਦਾ ਮਹਤਵਪੂਰਨ ਅੰਗ ਹੋਣ ਦੇ ਨਾਲ ਨਾਲ ਸਾਡੀ ਸਮੁੱਚੀ ਸ਼ਖ਼ਸੀਅਤ ਦਾ ਪ੍ਰਗਟਾਵਾ ਵੀ ਹੈ। ਜਿਵੇਂ ਬਠਿੰਡੇ ਵਾਲਿਆਂ ਦੀ ਬੋਲੀ ਤੋਂ ਹੀ ਪਤਾ ਲਗ ਜਾਂਦਾ ਹੈ ਕਿ ਇਹ ਬਠਿੰਡੇ ਨਾਲ ਸਬੰਧਤ ਹਨ। 

ਭਾਸ਼ਾ ਮਾਹਰਾਂ ਦਾ ਵਿਚਾਰ ਹੈ ਕਿ ਬੱਚਾ ਜਿੰਨਾ ਵਧੇਰੇ ਅਪਣੀ ਮਾਤ ਭਾਸ਼ਾ ਵਿਚ ਸਿਖ ਸਕਦਾ ਹੈ ਉਨਾ ਉਹ ਕਿਸੇ ਹੋਰ ਭਾਸ਼ਾ ਵਿਚ ਚੰਗੀ ਤਰ੍ਹਾਂ ਨਹੀਂ ਸਿਖ ਸਕਦਾ। ਪਿਛਲੇ ਸਮਿਆਂ ਵਿਚ ਬੱਚਾ ਤੀਜੀ ਚੌਥੀ ਜਮਾਤ ਵਿਚ ਹੀ ਵੀਹ ਤਕ ਪਹਾੜੇ ਜ਼ੁਬਾਨੀ ਯਾਦ ਕਰ ਕੇ ਸੁਣਾ ਦਿੰਦਾ ਸੀ ਪਰ ਹੁਣ ਅੰਗਰੇਜ਼ੀ ਬਣੇ ਤੋਤੇ ਦਸ ਤਕ ਸੁਣਾਉਂਦੇ ਵੀ ਅੜ ਜਾਂਦੇ ਹਨ। ਮੇਰੇ ਗੁਆਂਢ ਦੀ ਇਕ ਬੱਚੀ ਜੋ ਪੰਜਵੀਂ ਜਮਾਤ ਵਿਚ ਪੜ੍ਹਦੀ ਹੈ, ਪਿਛਲੇ ਸਾਲ ਕਿਸੇ ਨਿਜੀ ਸਕੂਲ ਵਿਚ ਪੜ੍ਹਦੀ ਸੀ ਪਰ ਇਸ ਸਾਲ ਕੋਰੋਨਾ ਸੰਕਟ ਦੇ ਚਲਦਿਆਂ ਸਰਕਾਰੀ ਸਕੂਲ ਵਿਚ ਦਾਖ਼ਲ ਕਰਵਾ ਦਿਤੀ ਗਈ।

ਭਾਵੇਂ ਉਸ ਦਾ ਮਾਧਿਅਮ ਅੰਗਰੇਜ਼ੀ ਹੀ ਰਖਿਆ ਗਿਆ ਪਰ ਅੰਗਰੇਜ਼ੀ/ਪੰਜਾਬੀ ਦੇ ਚਲਦਿਆਂ ਉਸ ਦਾ ਪਹਾੜੇ ਸੁਣਾਉਣ ਦਾ ਅੰਦਾਜ਼ ਹੀ ਬਦਲ ਗਿਆ। ਛੇ ਦਾ ਪਹਾੜਾ ਸ਼ੁਰੂ ਕਰਦਿਆਂ ਹੋਇਆ ਉਹ ਪਹਿਲਾਂ ਅੰਗਰੇਜ਼ੀ ਵਿਚ ਸੁਣਾਉਂਦੀ ਹੈ ਪਰ ਅੱਗੇ ਹੀ ਉਹ ਅਟਕਦੀ ਹੋਈ ਆਖਦੀ ਹੈ, ‘‘ਸਿਕਸ ਫੋਰ ਯਾ ਚੌਵੀ”। ਸ਼ਾਇਦ ਉਹ ਛੇ ਦੀ ਗੁਣਾ ਚਾਰ ਨੂੰ ਚੌਵੀ ਸਿੱਖਣ ਦੇ ਜਲਦੀ ਸਮਰੱਥ ਸੀ ਕਿਉਂਕਿ ਇਹ ਉਸ ਦੀ ਮਾਤ ਭਾਸ਼ਾ ਦਾ ਪ੍ਰਭਾਵ ਸੀ ਪਰ ‘ਟਵੰਟੀ ਫੋਰ’ ਆਖਣਾ ਉਸ ਨੂੰ ਕੁੱਝ ਕਠਿਨ ਲਗ ਰਿਹਾ ਸੀ। 

ਅੱਜ ਪੰਜਾਬੀ ਮਾਂ ਬੋਲੀ ਨੂੰ ਬਣਦਾ ਸਤਿਕਾਰ ਨਹੀਂ ਮਿਲ ਰਿਹਾ, ਸਗੋਂ ਥਾਂ-ਥਾਂ ਇਸ ਦੀ ਬੇਕਦਰੀ ਜ਼ਰੂਰ ਹੋ ਰਹੀ ਹੈ। ਪੰਜਾਬ ਦੀਆਂ ਸਿਆਸੀ ਪਾਰਟੀਆਂ ਵੀ ਮਾਂ ਬੋਲੀ ਪ੍ਰਤੀ ਸੁਹਿਰਦ ਨਹੀਂ ਜਾਪ ਰਹੀਆਂ। ਪੰਜਾਬੀ ਦੀ ਕਦਰ ਦਾ ਅੰਦਾਜ਼ਾ ਤਾਂ ਇਸ ਗੱਲ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਅੱਜ ਅਸੀ ਕੋਈ ਵੀ ਕਾਗਜ਼ ਪੱਤਰ ਭਰੀਏ ਜਿਵੇਂ ਨਿਜੀ, ਦਫ਼ਤਰੀ ਜਾਂ ਜਨਤਕ ਉਹ ਵੀ ਜ਼ਿਆਦਾਤਰ ਅੰਗਰੇਜ਼ੀ ਵਿਚ ਹੀ ਹੁੰਦਾ ਹੈ।

ਬੇਸ਼ੱਕ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬੀ ਪ੍ਰੇਮੀ ਲਛਮਣ ਸਿੰਘ ਨੇ ਪੰਜਾਬੀ ਪ੍ਰਤੀ ਸੁਹਿਰਦਤਾ ਵਿਖਾਉਂਦੇ ਹੋਏ ‘ਰਾਜ ਭਾਸ਼ਾ ਕਾਨੂੰਨ’ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬੀ ਭਾਸ਼ਾ ਨੂੰ ਸਰਕਾਰੀ ਦਫ਼ਤਰਾਂ ਵਿਚ ਪ੍ਰਬੰਧਕੀ ਭਾਸ਼ਾ ਵਜੋਂ ਰੁਤਬਾ ਦਿਵਾਉਣ ਵਿਚ ਵਿਸ਼ੇਸ਼ ਭੂਮਿਕਾ ਨਿਭਾਈ ਸੀ ਪਰ ਅੱਜਕਲ੍ਹ ਇਸ ਕਾਨੂੰਨ ਨੂੰ ਤੋੜਦੇ ਹੋਏ ਅੰਗਰੇਜ਼ੀ ਨੂੰ ਹੀ ਵਧੇਰੇ ਅਹਿਮੀਅਤ ਦਿਤੀ ਜਾ ਰਹੀ ਹੈ। ਜਦੋਂ ਵਿਦੇਸ਼ੀ ਭਾਸ਼ਾ ਨੂੰ ਰੁਜ਼ਗਾਰ ਲਈ ਤੇ ਵਪਾਰ ਲਈ ਵਰਤਿਆ ਜਾਵੇ ਤਾਂ ਮਾਤ ਭਾਸ਼ਾ ਸਿਵਾਏ ਭਾਸ਼ਣਾਂ ਜਾਂ ਸਾਹਿਤਕ ਸਿਰਜਨਾਵਾਂ ਤੋਂ ਅੱਗੇ ਨਹੀਂ ਨਿਕਲ ਸਕਦੀ। 

ਪੰਜਾਬੀ ਭਾਸ਼ਾ ਦੇ ਹਾਲਾਤ ਬਾਰੇ ਇਕ ਹੋਰ ਪੱਖ ਤੋਂ ਵੇਖਿਆ ਜਾਵੇ ਤਾਂ ਪਤਾ ਲਗਦਾ ਹੈ ਕਿ ਮਾਪੇ ਵੀ ਅਕਸਰ ਅਪਣੇ ਬੱਚਿਆਂ ਨੂੰ ਨਿਜੀ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ/ਕਾਲਜਾਂ ਵਿਚ ਪੜ੍ਹਾਉਣਾ ਵਧੇਰੇ ਪਸੰਦ ਕਰਦੇ ਹਨ। ਅਜਿਹਾ ਕਰ ਕੇ ਬੱਚੇ ਦੀ ਪਹਿਲੀ ਸ਼੍ਰੇਣੀ ਤੋਂ ਹੀ ਅੰਗਰੇਜ਼ੀ ਨਾਲ ਲਗਨ ਬਣਾ ਕੇ ਪੰਜਾਬੀ ਨੂੰ ਮਨੋ ਵਿਸਾਰਨ ਦੇ ਸਾਧਨ ਘੜ ਦਿਤੇ ਜਾਂਦੇ ਹਨ। ਪੜ੍ਹੇ ਲਿਖੇ ਹੀ ਨਹੀਂ ਅਨਪੜ੍ਹ ਮਾਪੇ ਵੀ ਆਖਦੇ ਹਨ, ‘‘ਪੰਜਾਬੀ ਦਾ ਕੀ ਏ, ਆਪੇ ਆਜੂਗੀ”।

ਅਪਣੇ ਬੱਚੇ ਨੂੰ ਗਟਰਗਟਰ ਅੰਗਰੇਜ਼ੀ ਬੋਲਦਿਆਂ ਤੇ ਅੰਗਰੇਜ਼ੀ ਨੂੰ ਜ਼ਿਆਦਾ ਅਹਿਮੀਅਤ ਦਿੰਦਿਆ ਵੇਖ ਅਨਪੜ੍ਹ ਮਾਪੇ ਵੀ ਬਹੁਤ ਖ਼ੁਸ਼ ਹੁੰਦੇ ਹਨ। ਅਜੋਕੇ ਦੌਰ ਵਿਚ ਵੇਖਿਆ ਜਾਵੇ ਤਾਂ ਪੰਜਾਬੀ ਦਲਿਤ ਵਰਗ ਦੀ ਭਾਸ਼ਾ ਤਕ ਸੀਮਤ ਹੁੰਦੀ ਜਾ ਰਹੀ ਹੈ। ਗ਼ਰੀਬ ਜਾਂ ਦਲਿਤ ਵਰਗ ਦੀ ਏਨੀ ਆਰਥਕ ਪਹੁੰਚ ਨਹੀਂ ਹੁੰਦੀ ਕਿ ਉਹ ਅਪਣੇ ਬੱਚਿਆਂ ਨੂੰ ਨਿਜੀ ਸਕੂਲਾਂ ਤਕ ਪਹੁੰਚਾ ਸਕਣ ਅਤੇ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀਆਂ ਆਸਾਮੀਆਂ ਦਾ ਜੋ ਹਾਲ ਹੈ ਉਹ ਸੱਭ ਜਾਣਦੇ ਹੀ ਹਨ। ਜਦ ਸੱਭ ਕੁੱਝ ਨਿਜੀ ਹੱਥਾਂ ਵਿਚ ਜਾ ਰਿਹਾ ਹੈ ਅਤੇ ਕੁੱਝ ਜਾਣ ਦੀ ਤਿਆਰੀ ਵਿਚ ਹੈ ਤਾਂ ਸੁਭਾਵਕ ਹੈ ਕਿ ਭਾਸ਼ਾ ਵੀ ਨਿਜੀ ਵਰਗ ਦੁਆਰਾ ਖ਼ੁਦ ਹੀ ਨਿਰਧਾਰਤ ਕੀਤੀ ਜਾਵੇਗੀ।

ਰਾਖਵੇਂਕਰਨ ਤਹਿਤ ਦਲਿਤ ਵਰਗ ਵਿਕਾਸ ਕਰ ਕੇ ਅੱਜ ਖੁੱਲ੍ਹੀਆਂ ਸ਼੍ਰੇਣੀਆਂ ਵਿਚ ਆ ਰਹੇ ਹਨ ਪਰ ਮਾਰ ਪੈ ਰਹੀ ਹੈ ਤਾਂ ਇਸ ਭਾਸ਼ਾ ਵਿਚ ਰੁਜ਼ਗਾਰ ਨਾ ਮਿਲਣ ਦੀ ਤੇ ਉਹ ਹੋਰਨਾਂ ਵਿਸ਼ਿਆਂ ਦੀ ਪੜ੍ਹਾਈ ਲਈ ਏਨੀ ਦੇਣਦਾਰੀ ਨਹੀਂ ਜੁਟਾ ਪਾਉਂਦੇ ਕਿ ਉਹ ਇਹ ਮਹਿੰਗੀ ਸਿਖਿਆ ਹਾਸਲ ਕਰ ਸਕਣ। ਇਹੀ ਕਾਰਨ ਹੈ ਕਿ ਬਹੁਤ ਘੱਟ ਦਲਿਤ/ਗ਼ਰੀਬ ਵਰਗ ਡਾਕਟਰ, ਇੰਜੀਨਿਅਰਿੰਗ ਜਾਂ ਹੋਰ ਕਿੱਤਾਮੁਖੀ ਸਿਖਿਆ ਦੇ ਖੇਤਰ ਵਿਚ ਜਾ ਪਾਉਂਦੇ ਹਨ ਕਿਉਂਕਿ ਇਨ੍ਹਾਂ ਵਿਸ਼ਿਆ ਦੀ ਪੜ੍ਹਾਈ ਦਾ ਮਾਧਿਅਮ ਅੰਗਰੇਜ਼ੀ ਹੁੰਦਾ ਹੈ ਜੋ ਆਮ ਵਰਗ ਦੀ ਆਰਥਕ ਸਮਰੱਥਾ ਤੋਂ ਬਹੁਤ ਦੂਰ ਹੁੰਦਾ ਹੈ।

ਇਸ ਦਾ ਸਿਰਫ਼ ਇਹੀ ਹੱਲ ਕਿ ਇਨ੍ਹਾਂ ਵਿਸ਼ਿਆ ਦੀ ਪੜ੍ਹਾਈ ਦਾ ਮਾਧਿਅਮ ਵੀ ਪੰਜਾਬੀ ਬਣਾਉਣ ਲਈ ਸਰਕਾਰਾਂ ਦੀ ਸਰਪ੍ਰਸਤੀ ਵਿਚ ਪੰਜਾਬੀ ਸੰਸਥਾਵਾਂ ਵਲੋਂ ਯਤਨ ਆਰੰਭੇ ਜਾਣ। ਬਹੁਤ ਘੱਟ ਸਰਕਾਰੀ ਕਰਮਚਾਰੀ ਹਨ ਜਿਨ੍ਹਾਂ ਦੇ ਅਪਣੇ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਹਨ। ਇਥੋਂ ਤਕ ਕਿ ਪੰਜਾਬੀ ਦੇ ਅਧਿਆਪਕ/ਪ੍ਰਾਧਿਆਪਕ ਵੀ ਅਪਣੇ ਬੱਚੇ ਅੰਗਰੇਜ਼ੀ ਮਾਧਿਅਮ ਵਾਲੇ ਨਿਜੀ ਸਕੂਲਾਂ ਵਿਚ ਪੜ੍ਹਾ ਰਹੇ ਹਨ ਜਾਂ ਪੜ੍ਹਾਉਣਾ ਪਸੰਦ ਕਰਦੇ ਹਨ। ਹੁਣ ਇਥੇ ਖ਼ੁਦ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਵਿਚ ਪੰਜਾਬੀ ਦੀ ਤ੍ਰਾਸਦੀ ਇਸ ਤੋਂ ਵਧ ਕੀ ਹੋਵੇਗੀ?

ਹਾਲਾਂਕਿ ਪੰਜੇ ਉਂਗਲਾਂ ਇਕੋ ਜਿਹੀਆਂ ਨਹੀਂ ਹੁੰਦੀਆਂ ਪਰ ਘਰਾਂ ਤੋਂ ਬਾਹਰ ਵਿਖਾਵੇ ਵਜੋਂ ਕੁੱਝ ਪੰਜਾਬੀ ਦੇ ਰਖਵਾਲੇ ਅਖਵਾਉਂਦੇ, ਅਪਣੀ ਪਨੀਰੀ ਅੰਗਰੇਜ਼ੀ ਵਿਚ ਉਗਾਉਣਾ ਪਸੰਦ ਕਰਦੇ ਹਨ। ਇਹ ਮਾਰ ਸਿਰਫ਼ ਭਾਸ਼ਾ ਤੇ ਹੀ ਨਹੀਂ ਸਭਿਆਚਾਰ ਤੇ ਵੀ ਪੈ ਰਹੀ ਹੈ ’ਤੇ ਪ੍ਰਭਾਵਤ ਸਭਿਆਚਾਰ ਫਿਰ ਸਾਡੀ ਭਾਸ਼ਾਈ ਸ਼ਬਦਾਵਲੀ ’ਤੇ ਵੀ ਪ੍ਰਭਾਵ ਪਾਵੇਗਾ। ਅੱਜ ਹਰ ਕੋਈ ਚਾਹੁੰਦਾ ਹੈ ਕਿ ਅਸੀ ਬੂਟ ‘ਵੁੱਡਲੈਂਡ’ ਦੇ ਹੀ ਪਾਈਏ, ਕੋਟੀ ‘ਫਿਲਾ’ ਆਦਿ ਦੀ ਪਾਈ ਹੋਵੇ ਤਾਂ ਕਿਤੇ ਨਾ ਕਿਤੇ ਇਸ ਦਾ ਅਸਰ ਸਾਡੀ ਭਾਸ਼ਾ ਤੇ ਵੀ ਪਵੇਗਾ।

ਇਸੇ ਤਰ੍ਹਾਂ ਦੇਸੀ ਢਾਬੇ ਹੁਣ ਰੈਸਟੋਰੈਂਟਾਂ ਆਦਿ ਵਿਚ ਬਦਲ ਗਏ ਹਨ। ਏਨਾ ਹੀ ਨਹੀਂ ਅੱਜ-ਕੱਲ੍ਹ ਦੀ ਗਾੲਕੀ ਨੂੰ ਵੇਖ ਸੁਣ ਕੇ ਤੁਸੀ ਖ਼ੁਦ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਪੰਜਾਬੀ ਵਜੋਂ ਜਾਣੇ ਜਾਂਦੇ ਇਹ ਗੀਤ ਕਿੰਨੇ ਕੁ ਪੰਜਾਬੀ ਭਾਸ਼ਾ ਜਾਂ ਪੰਜਾਬੀ ਸਭਿਆਚਾਰ ਦੇ ਅਨੂਕੁਲ ਚਲ ਰਹੇ ਹਨ। ਅੱਜ ਪੰਜਾਬੀ ਅਖ਼ਬਾਰਾਂ ਰਸਾਲਿਆਂ ਤੋਂ ਵੀ ਲੋਕ ਮੁੱਖ ਮੋੜਦੇ ਜਾ ਰਹੇ ਹਨ ਜੋ ਕਿ ਬਹੁਤ ਦੁੱਖ ਦੀ ਗੱਲ ਹੈ।

ਅਜੋਕੀ ਪੰਜਾਬੀ, ਅੰਗਰੇਜ਼ੀ-ਹਿੰਦੀ ਮਿਲਗੋਭੇ ਦੇ ਰੂਪ ਵਿਚ ਪ੍ਰਗਟ ਹੋ ਰਹੀ ਹੈ। ਕਈ ਵਾਰ ਤਾਂ ਇਕ ਸਤਰ ਵਿਚ ਉਚਾਰੀ ਜਾ ਰਹੀ ਭਾਸ਼ਾ ਵਿਚ ਪਤਾ ਨਹੀਂ ਚਲਦਾ ਕਿ ਕਿਹੜਾ ਸ਼ਬਦ ਪੰਜਾਬੀ ਦਾ ਹੈ। ਇਹ ਤੱਥ ਵੀ ਠੀਕ ਹੈ ਕਿ ਸਾਡੀ ਪੰਜਾਬੀ ਭਾਸ਼ਾ ਦਾ ਹਾਜ਼ਮਾ ਏਨਾ ਬਲਵਾਨ ਹੈ ਕਿ ਇਸ ਨੇ ਹੋਰਨਾਂ ਭਾਸ਼ਾਵਾਂ ਦੀ ਸ਼ਬਦਾਵਲੀ ਨੂੰ ਅਪਣੇ ਵਿਚ ਤਤਸਮ ਜਾਂ ਤਦਭਵ ਰੂਪ ਵਿਚ ਇਸ ਤਰ੍ਹਾਂ ਸਮਾ ਲਿਆ ਹੈ ਪਤਾ ਹੀ ਨਹੀਂ ਲਗਦਾ ਸ਼ਬਦ ਕਿਸ ਭਾਸ਼ਾ ਦਾ ਹੈ ਬਲਕਿ ਪੰਜਾਬੀ ਦਾ ਹੀ ਪ੍ਰਤੀਤ ਹੁੰਦਾ ਹੈ। ਪਰ ਹਰ ਸ਼ਬਦ ਹੀ ਹੋਰ ਭਾਸ਼ਾ ਤੋਂ ਉਧਾਰਾ ਲੈਣ ਦੀ ਬਿਰਤੀ ਰੱਖਣ ਲਗ ਜਾਣਾ ਵੀ ਠੀਕ ਨਹੀਂ ਜਾਪਦਾ।

ਪੰਜਾਬ ਕਿਸੇ ਵੇਲੇ ‘ਸੋਨੇ ਦੀ ਚਿੜੀ’ ਅਖਵਾਉਂਦਾ ਸੀ ਪਰ ਅੱਜ ਇਸ ਦੇ ਕਿਰਤੀ/ਕਾਮੇ ਵੀ ਸੜਕਾਂ ਤੇ ਰੁਲ ਰਹੇ ਹਨ ਅਤੇ ਨੌਜਵਾਨੀ ਵੀ ਰੁਜ਼ਗਾਰ ਦੇ ਚੱਕਰਾਂ ਵਿਚ ਇੱਧਰ ਉਧਰ ਭਟਕ ਰਹੀ ਹੈ। ਜਿਸ ਤੋਂ ਸਿਆਸੀ ਪਾਰਟੀਆਂ ਜਾਣੂ ਹੁੰਦੀਆਂ ਹੋਈਆਂ ਵੀ ਬਿਲਕੁਲ ਅਣਜਾਣ ਬਣੀਆਂ ਹੋਈਆਂ ਹਨ। ਸਰਕਾਰਾਂ ਦੇ ਕੰਨੀ ਨਾ ਕਿਰਤੀਆਂ /ਮਜ਼ਦੂਰਾਂ ਦੀ ਹੂਕ ਪੈ ਰਹੀ ਹੈ ਅਤੇ ਨਾ ਹੀ ਨੌਜਵਾਨੀ ਦਾ ਦਰਦ। ਪੰਜਾਬੀ ਯੂਨੀਵਰਸਿਟੀ ਪਟਿਆਲਾ ਜੋ ਕਿ ਪੰਜਾਬੀ ਭਾਸ਼ਾ ਦੇ ਨਾਮ ’ਤੇ ਪੰਜਾਬੀ ਦੀ ਪ੍ਰਫ਼ੁਲਤਾ ਲਈ ਸਥਾਪਤ ਕੀਤੀ ਗਈ ਸੀ, ਅੱਜ ਇੰਨੇ ਜ਼ਿਆਦਾ ਵਿੱਤੀ ਸੰਕਟਾਂ ਵਿਚੋਂ ਲੰਘ ਰਹੀ ਹੈ, ਜਿਸ ਬਾਰੇ ਸਮੇਂ ਦੀਆਂ ਸਰਕਾਰਾਂ ਬਿਲਕੁਲ  ਧਿਆਨ ਨਹੀਂ ਦੇ ਰਹੀਆਂ।  

ਪਿਛੇ ਜਿਹੇ ਜਦ 2020 ਦਾ ਸਲਾਨਾ ਬਜਟ ਪੇਸ਼ ਕੀਤਾ ਜਾ ਰਿਹਾ ਸੀ ਤਾਂ ਇਕ ਕੈਬਨਿਟ ਮੰਤਰੀ ਵਲੋਂ ਅੰਗਰੇਜ਼ੀ ਭਾਸ਼ਾ ਵਿਚ ਪੜ੍ਹੇ ਜਾ ਰਹੇ ਇਸ ਬਜਟ ਨੂੰ ਜਦ ਇਕ ਪੱਤਰਕਾਰ ਨੇ ਪੰਜਾਬੀ ਵਿਚ ਪੜ੍ਹਨ ਬਾਰੇ ਜ਼ਿਕਰ ਕੀਤਾ ਤਾਂ ਉਸ ਦੀ ਗੱਲ ਨੂੰ ਅਣਸੁਣਿਆ ਕਰ ਕੇ ਉਸ ਨੂੰ ਪਾਸੇ ਹਟਾ ਦਿਤਾ ਗਿਆ। ਅੱਜ ਪੰਜਾਬੀ ਵਿਸ਼ੇ ਦੀਆਂ ਆਸਾਮੀਆਂ ਘਟਣ ਦਾ ਕਾਰਨ ਅਜਿਹੀਆਂ ਸਰਕਾਰੀ ਨੀਤੀਆਂ ਹੀ ਹਨ ਜੋ ਪੰਜਾਬੀ ਨੂੰ ਅੱਖੋਂ ਓਹਲੇ ਕਰ ਰਹੀਆਂ ਹਨ। ਜੇਕਰ ਪੰਜਾਬੀ ਵਿਸ਼ੇ ਦੀਆਂ ਅਸਾਮੀਆਂ ਘਟਾ ਕੇ ਇਸ ਦੀ ਜ਼ਰੂਰਤ ਅੰਗਰੇਜ਼ੀ ਜਾਂ ਹੋਰ ਵਿਸ਼ਿਆਂ ਦੇ ਅਧਿਆਪਕਾਂ ਤੋਂ ਪੂਰੀ ਕਰਵਾਈ ਗਈ ਤਾਂ ਪੰਜਾਬੀ ਕਿਵੇਂ ਵਿਕਾਸ ਕਰ ਸਕਦੀ ਹੈ? ਸਗੋਂ ਅਜਿਹੀ ਸਥਿਤੀ ਵਿਚ ਤਾਂ ਇਸ ਦਾ ਮਿਆਰ ਹੋਰ ਡਿਗੇਗਾ। ਕਿਤੇ ਨਾ ਕਿਤੇ ਇਹ ਆਰਥਕ ਪੱਧਰ ਤੇ ਵੀ ਗੱਲ ਜੁੜਦੀ ਹੈ।

ਜਿਵੇਂ ਲੋੜ ਕਾਂਢ ਦੀ ਮਾਂ ਹੈ , ਉਸੇ ਤਰ੍ਹਾਂ ਹੀ ਜੇਕਰ ਅਸੀ ਅਪਣੀ ਮਾਤ ਭਾਸ਼ਾ ਨੂੰ ਵਿਸਾਰ, ਕਿਸੇ ਹੋਰ ਭਾਸ਼ਾ ਦੇ ਵਧੇਰੇ ਮਗਰ ਲਗਦੇ ਹਾਂ ਤਾਂ ਕਿਤੇ ਨਾ ਕਿਤੇ ਇਸ ਦਾ ਕਾਰਨ ਸਾਡੇ ਆਰਥਕ ਪੱਧਰ ਦਾ ਕਮਜ਼ੋਰ ਹੋਣਾ ਵੀ ਹੁੰਦਾ ਹੈ। ਜੇਕਰ ਅੱਜ ਅਸੀ ਅੰਗਰੇਜ਼ੀ ਮਗਰ ਲੱਗ ਰਹੇ ਹਾਂ ਤਾਂ ਇਸ ਦਾ ਕਾਰਨ ਸਾਨੂੰ ਉਨ੍ਹਾਂ ਦੀ ਜ਼ਰੂਰਤ ਹੈ ਪਰ ਬਹੁਤ ਸਾਰੇ ਅਜਿਹੇ ਦੇਸ਼ ਵੀ ਹਨ ਜੋ ਅਪਣੀ ਹੀ ਮਾਤ ਭਾਸ਼ਾ ਵਿਚ ਏਨਾ ਵਿਕਾਸ ਕਰ ਚੁਕੇ ਹਨ ਕਿ ਇਨ੍ਹਾਂ ਨੂੰ ਕਿਸੇ ਹੋਰ ਭਾਸ਼ਾ ਵਿਚੋਂ ਰੁਜ਼ਗਾਰ ਦੀ ਭਾਲ ਨਹੀਂ ਬਲਕਿ ਇਨ੍ਹਾਂ ਤੋਂ ਸਹਾਇਤਾ ਲਈ ਸਾਨੂੰ ਇਨ੍ਹਾਂ ਦੀ ਭਾਸ਼ਾ ਸਿੱਖਣ ਦੀ ਜ਼ਰੂਰਤ ਪੈਂਦੀ ਹੈ।

ਜੇਕਰ ਅਸੀ ਅਪਣੇ ਆਪ ਵਿਚ ਹੀ ਏਨੇ ਸਮਰੱਥ ਹੋਈਏ ਤਾਂ ਸਾਨੂੰ ਹੋਰਨਾਂ ਭਾਸ਼ਾਵਾਂ ਮਗਰ ਹੱਥ ਧੋ ਕੇ ਪੈਣ ਦੀ ਏਨੀ ਲੋੜ ਨਹੀਂ ਰਹਿੰਦੀ ਜਿਵੇਂ ‘ਆਈਲੈਟਸ’ ਦਾ ਸਹਾਰਾ ਲੈ ਕੇ ਵਿਦੇਸ਼ਾਂ ਵਿਚ ਅਪਣੀ ਆਰਥਕ ਹਾਲਤ ਸੁਧਾਰਨ ਲਈ ਜਾਣਾ ਪੈਂਦਾ ਹੈ। ਜੇਕਰ ਸਾਡੀ ਮਾਤ ਭਾਸ਼ਾ ਵਿਚ ਹੀ ਪੰਜਾਬੀ ਸੰਸਥਾਵਾਂ ਆਦਿ ਵਲੋਂ ਡਾਕਟਰੀ, ਇੰਜੀਨੀਅਰਿੰਗ ਆਦਿ ਵਿਸ਼ਿਆਂ ਦੀ ਪੜ੍ਹਾਈ ਪੰਜਾਬੀ ਵਿਚ ਕਰਵਾਉਣ ਦੇ ਯਤਨ ਆਰੰਭੇ ਜਾਣ ਤਾਂ ਕਿਤੇ ਨਾ ਕਿਤੇ ਇਸ ਦੇ ਰੁਜ਼ਗਾਰ ਮੁਖੀ ਹੋਣ ਦੀ ਸਿਰਫ਼ ਇਕ ਸ਼ੁਰੂਆਤ ਹੋ ਸਕਦੀ ਹੈ।  ਜਿੰਨਾ ਸਮਾਂ ਦਫ਼ਤਰੀ ਜਾਂ ਸਰਕਾਰੀ ਕਾਗਜ਼ਾਂ/ਕੰਮਾਂਕਾਜਾਂ ਵਿਚ ਪੰਜਾਬੀ ਭਾਸ਼ਾ ਦੀ ਵਰਤੋਂ ਨਹੀਂ ਕੀਤੀ ਜਾਵੇਗੀ ਤਦ ਤਕ ਪੰਜਾਬੀ ਭਾਸ਼ਾ ਦਾ ਕਦੇ ਵਿਕਾਸ ਨਹੀਂ ਹੋ ਸਕਦਾ।  

ਸੋ ਅੱਜ ਲੋੜ ਹੈ ਪੰਜਾਬੀ ਦੇ ਵਿਕਾਸ ਲਈ ਸਿਰਫ਼ ਕੌਮਾਂਤਰੀ ਮਾਤ ਭਾਸ਼ਾ ਦਿਵਸ ’ਤੇ ਪੰਜਾਬੀ ਬਚਾਉ ਦੇ ਨਾਹਰੇ, ਤਖ਼ਤੀਆਂ ਆਦਿ ਹੀ ਨਹੀਂ ਬਲਕਿ ਵਿਹਾਰ ਵਿਚ ਵੀ ਇਸ ਦੀ ਪ੍ਰਫੁੱਲਤਾ ਲਈ ਸਾਰਥਕ ਕਦਮ ਚੁਕਣ ਦੀ। ਇਸ ਨੂੰ ਰੁਜ਼ਗਾਰ ਦੀ ਭਾਸ਼ਾ ਬਣਾਉਣ ਦੇ ਯਤਨ ਆਰੰਭੇ ਜਾਣ। ਉਚੇਰੀਆਂ ਪੜ੍ਹਾਈਆਂ ਦੀ ਸਿਖਿਆ ਮਾਤ ਭਾਸ਼ਾ ਵਿਚ ਦਿਤੀ ਜਾਵੇ। ਇਕ ਰਾਖ਼ਵਾਂਕਰਨ ਸਰਕਾਰੀ/ਪੰਜਾਬੀ ਮਾਧਿਅਮ ਵਿਚ ਪੜ੍ਹੇ ਵਿਦਿਆਰਥੀਆਂ ਦਾ ਵੀ ਬਣਾਇਆ ਜਾਵੇ। ਸ਼ਾਇਦ ਕਿਤੇ ਨਾ ਕਿਤੇ ਤਾਂ ਇਸ ਦਾ ਅਸਰ ਪੰਜਾਬੀ ਭਾਸ਼ਾ ਹਿਤ ਕੁੱਝ ਕਬੂਲਿਆ ਜਾਵੇਗਾ ਹੀ।  

ਸਿਰਫ਼ ਅਨਪੜ੍ਹਾਂ ਨੂੰ ਹੀ ਨਹੀਂ ਪੜ੍ਹੇ ਲਿਖਿਆ ਨੂੰ ਵੀ ਅਪਣੀ ਧਾਰਨਾ ਬਦਲਦੇ ਹੋਏ ਅਪਣੇ ਬੱਚੇ, ਭਤੀਜੇ ਭਤੀਜੀਆਂ ਆਦਿ ਨੂੰ ਪੰਜਾਬੀ ਮਾਧਿਅਮ ਵਾਲੇ ਸਕੂਲਾਂ ਵਿਚ ਪੜ੍ਹਾਉਣਾ ਚਾਹੀਦਾ ਹੈ। ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਵਧੇਗੀ ਤਾਂ ਪੰਜਾਬੀ ਆਸਾਮੀਆਂ ਵੀ ਵਧਣਗੀਆਂ। ਸਰਕਾਰੀ ਦਫ਼ਤਰਾਂ ਪ੍ਰਬੰਧਕੀ ਕੰਮਾਂ ਕਾਰਾਂ ਵਿਚ ਪੰਜਾਬੀ ਦੀ ਵਰਤੋਂ ਪ੍ਰਤੀ ਸਖ਼ਤੀ ਨਾਲ ਕਾਨੂੰਨ ਬਣਾਏ ਤੇ ਅਪਣਾਏ ਜਾਣ ।

ਮਾਤ ਭਾਸ਼ਾ ਦਿਵਸ ਨੂੰ ਸਿਰਫ਼ ਤਖ਼ਤੀਆਂ ਫੜ ਕੇ ਜਾਂ ਵੱਡੇ ਵੱਡੇ ਭਾਸ਼ਣਾਂ ਤਕ ਹੀ ਸੀਮਤ ਨਾ ਰੱਖ ਕੇ ਸੱਭ ਨੂੰ ਰਲ ਕੇ ਵਿਹਾਰਕ ਰੂਪ ਵਿਚ ਹੰਭਲਾ ਮਾਰਨ ਦੀ ਜ਼ਰੂਰਤ ਹੈ, ਜਿਸ ਦੀ ਸ਼ੁਰੂਆਤ ਸਾਨੂੰ ਖ਼ੁਦ ਤੋਂ ਕਰਨੀ ਪਵੇਗੀ।  ਪੰਜਾਬੀ ਭਾਸ਼ਾ ਲਈ ਸਿਰਫ਼ ਸਿਧਾਂਤ ਸਿਰਜਣ ਦੀ ਨਹੀਂ ਬਲਕਿ ਵਿਹਾਰ ਵਿਚ ਵੀ ਕੁੱਝ ਕਰਨ ਦੀ ਜ਼ਰੂਰਤ ਹੈ। ਸਿਆਸੀ ਪਾਰਟੀਆਂ ਆਦਿ ਪੰਜਾਬੀ ਪ੍ਰਤੀ ਸੁਹਿਰਦਤਾ ਦਿਖਾਉਣ ਤਦ ਹੀ ਕਿਤੇ ਪੰਜਾਬੀ ਭਾਸ਼ਾ ਹੋਰ ਵਧੇਰੇ ਪ੍ਰਫੁੱਲਤ ਹੋ ਸਕਦੀ ਹੈ ਨਹੀਂ ਤਾਂ ਸੱਚਮੁਚ ਹੀ ਇਸ ਦਾ ਰੁਤਬਾ ਇਸ ਦੇ ਸ਼ਾਇਰਾਂ ਤਕ ਹੀ ਸੀਮਤ ਹੋ ਕੇ ਰਹਿ ਜਾਵੇਗਾ। 

ਜਸਵੰਤ ਕੌਰ ਮਣੀ
- ਖੋਜਾਰਥੀ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਸੰਪਰਕ : 9888870822