ਮਾਂ ਬੋਲੀ ਤੋਂ ਟੁਟਿਆਂ ਨੂੰ ਸਾਂਭੇਗਾ ਕੌਣ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਮਾਂ-ਬੋਲੀ ਹੀ ਹਰ ਵਿਅਕਤੀ ਦੀਆਂ ਭਾਵਨਾਵਾਂ ਨੂੰ ਪ੍ਰਗਟਾਉਣ ਦਾ ਸਭ ਤੋਂ ਉੱਤਮ ਵਸੀਲਾ ਹੁੰਦੀ ਹੈ।

Who will take care of the broken ones from the mother language?

ਮਾਂ-ਬੋਲੀ ਹੀ ਹਰ ਵਿਅਕਤੀ ਦੀਆਂ ਭਾਵਨਾਵਾਂ ਨੂੰ ਪ੍ਰਗਟਾਉਣ ਦਾ ਸਭ ਤੋਂ ਉੱਤਮ ਵਸੀਲਾ ਹੁੰਦੀ ਹੈ। ਮਨੁੱਖ ਜਨਮ ਤੋਂ ਬਾਅਦ ਅਪਣੀ ਮਾਂ ਤੋਂ ਜਿਹੜੀ ਭਾਸ਼ਾ ਵਿਚ ਲੋਰੀਆਂ ਸੁਣਦਾ ਹੈ, ਉਸ ਤੋਂ ਬਾਅਦ ਅਪਣੇ ਜੀਵਨ ਦੇ ਅਲੱਗ-ਅਲੱਗ ਪੜਾਵਾਂ ਤੇ ਅਪਣੇ ਸਮਾਜ ਵਿਚ ਵਿਚਰਦੇ ਹੋਏ ਅਪਣੀ ਮਾਤ-ਭਾਸ਼ਾ ਵਿਚ ਬਾਤਾਂ, ਕਹਾਣੀਆਂ, ਗੀਤ, ਘੋੜੀਆਂ, ਸੁਹਾਗ ਅਤੇ ਹਰ ਖੁਸ਼ੀ - ਗ਼ਮੀ ਵਿਚ ਜੋ ਬੋਲਦਾ ਸੁਣਦਾ ਹੈ ਉਹ ਮਾਂ ਬੋਲੀ ਅਖਵਾਉਂਦੀ ਹੈ। ਮਾਂ ਕੇਵਲ ਬੱਚੇ ਨੂੰ ਜਨਮ ਦੇਣ ਵਾਲੀ ਹੀ ਨਹੀਂ ਹੁੰਦੀ ਸਗੋਂ ਉਸ ਦੀ ਪਹਿਲੀ ਅਧਿਆਪਕ ਵੀ ਹੁੰਦੀ ਹੈ। 

ਭਾਸ਼ਾ ਨਾਲ ਸਭ ਤੋਂ ਪਹਿਲਾਂ ਮਾਂ ਹੀ ਬੱਚੇ ਦੀ ਸਾਂਝ ਪੁਆਉਂਦੀ ਹੈ। ਤਦ ਹੀ ਤਾਂ ਇਹ ਪੰਜਾਬੀ ਭਾਸ਼ਾ ‘ਮਾਂ ਬੋਲੀ’ ਅਖਵਾਉਂਦੀ ਹੈ।  ਸਾਨੂੰ  ਫ਼ਖ਼ਰ ਹੋਣਾ ਚਾਹੀਦਾ ਹੈ ਕਿ ਇਹ ਮਾਖਿਉਂ ਮਿੱਠੀ ਸਾਡੀ ਮਾਂ ਬੋਲੀ ਪੰਜਾਬੀ ਹੈ ਜੋ ਹੁਣ ਦੇਸ਼, ਵਿਦੇਸ਼ ਵਿਚ ਵੀ ਬੋਲੀ, ਸੁਣੀ ਤੇ ਲਿਖੀ ਜਾ ਰਹੀ ਹੈ ਪ੍ਰੰਤੂ ਉਦੋਂ ਬਹੁਤ ਦਿਲ ਦੁਖਦਾ ਹੈ ਜਦੋਂ ਅਪਣੇ ਹੀ ਰਾਜ, ਅਪਣੇ ਘਰ ਮਾਂ-ਬੋਲੀ ਰੋਜ਼-ਮਰ੍ਹਾ ਦੀ ਬੋਲ ਚਾਲ ਵਿਚੋਂ ਘਟਦੀ ਜਾ ਰਹੀ ਹੈ।

ਸਮਾਜ ਵਿਚ ਵਿਚਰਦੇ ਹੋਏ ਸਾਨੂੰ ਪੰਜਾਬੀ ਬੋਲਣ ਵਿਚ ਕਦੀ ਵੀ ਸ਼ਰਮਿੰਦਗੀ ਮਹਿਸੂਸ ਨਹੀਂ ਕਰਨੀ ਚਾਹੀਦੀ। ਅਸੀ ਦੁਨੀਆਂ ਦੀਆਂ ਹੋਰ ਭਾਸ਼ਾਵਾਂ ਸਿਖੀਏ ਤੇ ਬੋਲੀਏ, ਪੜ੍ਹੀਏ ਤੇ ਲਿਖੀਏ ਕਿਉਂਕਿ ਸਾਰੀਆਂ ਭਾਸ਼ਾਵਾਂ ਬਹੁਤ ਵਧੀਆ ਹਨ, ਪ੍ਰੰਤੂ ਸਾਨੂੰ ਅਪਣੀ ਮਾਂ ਬੋਲੀ ਪੰਜਾਬੀ ਨਾਲੋਂ ਨਾਤਾ ਕਦੀ ਵੀ ਨਹੀਂ ਤੋੜਨਾ ਚਾਹੀਦਾ। 
 ਮੈਂ  ਅਕਸਰ ਸੋਚਦਾਂ ਹਾ ਕਿ :
‘‘ਮਾਂ ਬੋਲੀ ਤੋਂ ਰੁਸਿਆਂ ਨੂੰ ਸਾਂਭੇਗਾ ਕੌਣ? 
ਮਾਂ ਬੋਲੀ ਤੋਂ ਟੁਟਿਆ ਨੂੰ ਸਾਂਭੇਗਾ ਕੌਣ?’’

ਸਾਨੂੰ ਇਕ ਗੱਲ ਹਮੇਸ਼ਾ ਯਾਦ ਰਖਣੀ ਚਾਹੀਦੀ ਹੈ ਕਿ ਅਪਣੀ ਮਾਂ-ਬੋਲੀ ਪੰਜਾਬੀ ਨੂੰ ਭੁਲਾਉਣਾ ਨਹੀਂ ਕਿਉਂਕਿ ਇਹੀ ਸਾਨੂੰ ਸਾਡੇ ਵਿਰਸੇ, ਸਭਿਆਚਾਰ ਤੇ ਇਤਿਹਾਸ ਨਾਲ ਜੋੜਨ ਦਾ ਕੰਮ  ਕਰਦੀ  ਹੈ। ਇਕ ਗੱਲ ਪ੍ਰਚਲਤ ਹੈ ਕਿ  ਜੇ ਕਿਸੇ ਨੂੰ ਉਸ ਦੇ ਅਪਣੇ ਵਿਰਸੇ ਅਤੇ ਉਸ ਦੀਆਂ ਜੜ੍ਹਾਂ ਨਾਲੋਂ ਤੋੜਨਾ ਹੋਵੇ ਤਾਂ ਉਸ ਕੋਲੋਂ ਉਸ ਦੀ ਮਾਂ-ਬੋਲੀ ਖੋਹ ਲਵੋ ਤੇ ਉਹ ਹੌਲੀ ਹੌਲੀ ਆਪੇ ਹੀ ਅਪਣੀ ਪਛਾਣ ਭੁੱਲ ਜਾਵੇਗਾ। ਮੌਜੂਦਾ ਸਮੇਂ ਕਈ ਪੜ੍ਹੇ-ਲਿਖੇ ਪੰਜਾਬੀ ਕਹਿੰਦੇ ਹਨ ਕਿ ਪੰਜਾਬੀ ਤਾਂ ਅਨਪੜ੍ਹਾਂ ਦੀ ਬੋਲੀ ਹੈ।  ਝੂਠੀ ਸ਼ਾਨ ਅਤੇ ਗ਼ਲਤ-ਫ਼ਹਿਮੀ ਦਾ ਸ਼ਿਕਾਰ ਉਹ ਅਪਣੇ ਘਰ ਪ੍ਰਵਾਰ ਵਿਚ ਵੀ ਪੰਜਾਬੀ ਬੋਲਣ ਤੋਂ ਗੁਰੇਜ਼ ਕਰਦੇ ਹਨ। ਉਹ ਪੰਜਾਬੀ ਵਿਚ ਗੱਲ-ਬਾਤ ਕਰਨ ਨੂੰ ਅਪਣੀ ਹੱਤਕ ਸਮਝਦੇ ਹਨ।

 ਇਸੇ ਤਰ੍ਹਾਂ ਸਕੂਲ, ਕਾਲਜ ਵਿਚ ਵੀ ਪੰਜਾਬੀ ਨਾਲ ਵਿਤਕਰਾ ਕੀਤਾ ਜਾਂਦਾ ਹੈ। ਸਾਨੂੰ ਇਹ ਕਦੀ ਨਹੀਂ ਭੁੱਲਣਾ ਚਾਹੀਦਾ ਕਿ ਇਹ ਸਾਡੇ ਗੁਰੂਆਂ - ਪੀਰਾਂ ਦੀ ਭਾਸ਼ਾ ਹੈ ਜਿਸ ਨੂੰ ਮਾਂ ਦਾ ਦਰਜਾ ਮਿਲਿਆ ਹੋਇਆ ਹੈ। ਇਸ ਬੋਲੀ ਰਾਹੀਂ ਹੀ ਤਾਂ ਸੂਫ਼ੀ ਸੰਤ ਫ਼ਰੀਦ ਜੀ, ਸ਼ਾਹ ਹੁਸੈਨ, ਬੁਲ੍ਹੇ ਸ਼ਾਹ ਆਦਿ ਅਨੇਕਾਂ ਹੀ ਸੂਫ਼ੀ ਸੰਤਾਂ - ਫ਼ਕੀਰਾਂ ਨੇ ਅਪਣੀਆਂ ਰਚਨਾਵਾਂ ਰਚੀਆਂ।

ਇਸ ਤੋਂ ਇਲਾਵਾ ਅਨੇਕਾਂ ਹੀ ਕਵੀਆਂ, ਕਵੀਸ਼ਰਾਂ, ਲੇਖਕਾਂ ਨੇ ਮਾਂ ਬੋਲੀ ਰਾਹੀਂ ਪੰਜਾਬੀ ਲੋਕ-ਗੀਤ, ਪੰਜਾਬੀ ਸਾਹਿਤ, ਪੰਜਾਬੀ ਸਭਿਆਚਾਰ ਨੂੰ ਪੇਸ਼ ਕਰਦੀਆਂ ਪੰਜਾਬੀ ਫ਼ਿਲਮਾਂ, ਪੰਜਾਬੀ ਗਾਣੇ, ਪੰਜਾਬੀ ਅਖੌਤਾਂ, ਮੁਹਾਵਰੇ, ਪੰਜਾਬੀ ਬੁਝਾਰਤਾਂ ਆਦਿ  ਪੰਜਾਬੀ ਬੋਲੀ ਵਿਚ ਸਿਰਜ ਕੇ ਸਾਡੀ ਝੋਲੀ ਪਾਈਆਂ। ਸਾਨੂੰ ਚਾਹੀਦਾ ਹੈ ਕਿ ਮਾਂ ਬੋਲੀ ਵਿਚ ਸਿਰਜਿਆ ਇਹ ਸ਼ਬਦ ਰੂਪੀ ਖ਼ਜ਼ਾਨਾ ਅਸੀ ਸਾਂਭੀਏ।

ਸੋ ਆਉ ਅੱਜ 21 ਫ਼ਰਵਰੀ ਨੂੰ ਮਾਂ ਬੋਲੀ ਦਿਵਸ (ਮਾਤ ਭਾਸ਼ਾ ਦਿਵਸ) ਮੌਕੇ ਅਪਣੇ ਆਪ ਨਾਲ ਵਾਅਦਾ ਕਰੀਏ ਕਿ ਅਸੀ ਅਪਣੀ ਮਾਂ ਬੋਲੀ ਦੇ ਸਨਮਾਨ ਪ੍ਰਤੀ, ਮਾਂ ਬੋਲੀ ਦੇ ਪਿਆਰ ਪ੍ਰਤੀ ਅਸੀ ਆਪ ਅਤੇ ਅਪਣੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਾਂਗੇ। ਜੇਕਰ ਸਾਡੇ ਬੱਚੇ ਪੰਜਾਬੀ ਨਾਲ ਜੁੜੇ ਰਹਿਣਗੇ ਤਦ ਉਹ ਗੁਰਬਾਣੀ ਨਾਲ ਜੁੜਨਗੇ।

ਇਸ ਲਈ ਸਾਨੂੰ ਆਉਣ ਵਾਲੀ ਪੀੜ੍ਹੀ ਨੂੰ ਪੰਜਾਬੀ ਨਾਲ ਜੋੜਨ ਦੇ ਵਿਸ਼ੇਸ਼ ਉਪਰਾਲੇ ਕਰਨ ਦੀ ਲੋੜ ਹੈ। ਜੇਕਰ ਸਾਡੀ ਮਾਂ ਬੋਲੀ ਪੰਜਾਬੀ ਜੀਵਤ ਰਹੇਗੀ ਤਦ ਹੀ ਅਸੀ ਜਿਊਂਦੇ ਰਹਿ ਸਕਦੇ ਹਾਂ।  

- ਹਰਮਨਪ੍ਰੀਤ ਸਿੰਘ
ਸਰਹਿੰਦ, ਜ਼ਿਲ੍ਹਾ: ਫ਼ਤਹਿਗੜ੍ਹ ਸਾਹਿਬ,
ਮੋਬਾਈਲ : 9855010005