ਬਜ਼ੁਰਗਾਂ ਦੀ ਅਣਦੇਖੀ ਭਾਰਤੀ ਸਭਿਆਚਾਰ ਦੀ ਦੇਣ
ਕੁੱਝ ਦਿਨ ਪਹਿਲਾਂ ਇਕ ਅਖ਼ਬਾਰ ਵਿਚ ਖ਼ਬਰ ਪੜ੍ਹਨ ਨੂੰ ਮਿਲੀ ਸੀ ਜਿਸ ਵਿਚ ਇਕ ਬਜ਼ੁਰਗ ਜੋੜੇ, ਕਿਸ਼ਨ ਚੰਦ ਖੰਨਾ ਅਤੇ ਪ੍ਰੇਮ ਲਤਾ ਨੇ ਅਪਣੇ ਪੁੱਤਰ ਵਿਮਲ ਖੰਨਾ ਅਤੇ..
ਕੁੱਝ ਦਿਨ ਪਹਿਲਾਂ ਇਕ ਅਖ਼ਬਾਰ ਵਿਚ ਖ਼ਬਰ ਪੜ੍ਹਨ ਨੂੰ ਮਿਲੀ ਸੀ ਜਿਸ ਵਿਚ ਇਕ ਬਜ਼ੁਰਗ ਜੋੜੇ, ਕਿਸ਼ਨ ਚੰਦ ਖੰਨਾ ਅਤੇ ਪ੍ਰੇਮ ਲਤਾ ਨੇ ਅਪਣੇ ਪੁੱਤਰ ਵਿਮਲ ਖੰਨਾ ਅਤੇ ਨੂੰਹ ਸਿੰਮੀ ਉਤੇ ਇਹ ਦੋਸ਼ ਲਾਇਆ ਹੈ ਕਿ ਉਨ੍ਹਾਂ ਦੋਹਾਂ ਨੇ ਜਾਇਦਾਦ ਹੜੱਪਣ ਲਈ ਉਨ੍ਹਾਂ ਉਤੇ ਅਤਿਆਚਾਰਾਂ ਦੀ ਝੜੀ ਲਾਈ ਹੋਈ ਹੈ। ਉਨ੍ਹਾਂ ਦੇ ਪੁੱਤਰ ਵਿਮਲ ਦਾ ਕਹਿਣਾ ਹੈ ਕਿ ਉਸ ਦੇ ਮਾਤਾ ਪਿਤਾ ਹੁਣ ਬੁੱਢੇ ਹੋ ਗਏ ਹਨ ਇਸ ਲਈ ਉਨ੍ਹਾਂ ਨੂੰ ਜਾਇਦਾਦ ਦਾ ਮੋਹ ਛੱਡ ਕੇ ਪੂਜਾ-ਪਾਠ ਵਿਚ ਲੱਗ ਜਾਣਾ ਚਾਹੀਦਾ ਹੈ।
ਇਕ ਬਜ਼ੁਰਗ ਔਰਤ ਨਾਲ ਗੱਲਬਾਤ ਕਰਨ ਤੇ ਉਸ ਨੇ ਦਸਿਆ ਕਿ ਉਨ੍ਹਾਂ ਦਾ ਪੁੱਤਰ ਕਹਿੰਦਾ ਹੈ ਕਿ ਬਜ਼ੁਰਗਾਂ ਨੂੰ ਤਾਂ ਪੂਜਾ-ਪਾਠ ਵਿਚ ਲੱਗੇ ਰਹਿਣਾ ਚਾਹੀਦਾ ਹੈ ਕਿਉਂਕਿ ਬੇਕਾਰ ਵਿਹਲੜ ਬੈਠੇ ਬਜ਼ੁਰਗ ਹੋਰ ਕਰ ਵੀ ਕੀ ਸਕਦੇ ਹਨ? ਅਜਿਹਾ ਕਰ ਕੇ ਉਹ ਅਪਣਾ ਪ੍ਰਲੋਕ ਵੀ ਸੁਧਾਰ ਸਕਦੇ ਹਨ। ਮੈਂ ਅਜਿਹਾ ਕਰਦੀ ਵੀ ਹਾਂ ਪਰ ਸਮਝ ਨਹੀਂ ਆਉਂਦਾ ਕਿ ਆਖ਼ਰ ਕਿੰਨੀ ਦੇਰ ਤਕ ਕੋਈ ਪੂਜਾ-ਪਾਠ ਵੀ ਕਰ ਸਕਦਾ ਹੈ? ਮੈਨੂੰ ਸਭਨਾਂ ਵਿਚ ਬੈਠ ਕੇ ਗੱਲਾਂ ਕਰਨਾ ਚੰਗਾ ਲਗਦਾ ਹੈ ਪਰ ਕਿਸੇ ਕੋਲ ਮੇਰੇ ਲਈ ਸਮਾਂ ਹੀ ਨਹੀਂ। ਕੀ ਬੱਚਿਆਂ ਲਈ ਉਨ੍ਹਾਂ ਦੇ ਬੁੱਢੇ ਮਾਂ-ਬਾਪ ਏਨੇ ਬੇਕਾਰ ਹੋ ਜਾਂਦੇ ਹਨ?
ਬਜ਼ੁਰਗਾਂ ਦੀ ਇਹ ਅਪਣੇ ਆਪ ਵਿਚ ਹੀਣਤਾ, ਅਪਣੇ ਆਪ ਦਾ ਦੁੱਖ ਦਾ ਭਾਵ ਕਿਸੇ ਇਕ ਬਜ਼ੁਰਗ ਦੀ ਕਹਾਣੀ ਨਹੀਂ ਸਗੋਂ ਥੋੜ੍ਹੇ ਬਹੁਤ ਹੇਰਫੇਰ ਨਾਲ ਹਰ ਘਰ ਦੀ ਕਹਾਣੀ ਹੈ ਜਿਸ ਨੂੰ ਵੇਖ-ਸੁਣ ਕੇ ਲੋਕ ਇਹੀ ਕਹਿੰਦੇ ਹਨ ਕਿ ਵੇਖੋ, ਸਮਾਂ ਕਿੰਨਾ ਬਦਲ ਗਿਆ ਹੈ। ਬੱਚੇ ਲਾਲਚੀ ਹੋ ਗਏ ਹਨ ਜਾਂ ਉਨ੍ਹਾਂ ਉਤੇ ਅਜੋਕੇਪਨ ਦਾ ਅਸਰ ਹੋ ਗਿਆ ਹੈ? ਇਨ੍ਹਾਂ ਵਿਚੋਂ ਕੁੱਝ ਠੀਕ ਹੋ ਸਕਦਾ ਹੈ ਪਰ ਅਜਿਹਾ ਬਿਲਕੁਲ ਨਹੀਂ ਕਿਹਾ ਜਾ ਸਕਦਾ ਕਿ ਪਹਿਲਾਂ ਦੇ ਪ੍ਰਵਾਰਾਂ ਵਿਚ ਅਜਿਹੀ ਅਣਦੇਖੀ ਜਾਂ ਘਿਰਣਾ ਨਹੀਂ ਹੁੰਦੀ ਸੀ ਸਗੋਂ ਕਿਸੇ ਕੋਲ ਕੋਈ ਹੋਰ ਬਦਲ ਨਹੀਂ ਸੀ ਇਸ ਲਈ ਅਣਦੇਖੀ ਸਹਿਣ ਲਈ ਬਜ਼ੁਰਗ ਮਜਬੂਰ ਸਨ। ਤਾਂ ਉਹ ਬਜ਼ੁਰਗ ਧਰਮ ਦੀ ਸ਼ਰਨ ਵਿਚ ਜਾਂਦੇ ਸਨ ਜਿਥੇ ਉਨ੍ਹਾਂ ਨੂੰ ਮੋਹ-ਮਾਇਆ ਛੱਡਣ ਦਾ ਰਸਤਾ ਸੁਝਾ ਕੇ ਮੁਕਤੀ ਦਾ ਲਾਲਚ ਦੇ ਕੇ ਜੀਵਨ ਤੋਂ ਨੱਸਣ ਦੀ ਪ੍ਰੇਰਨਾ ਦਿਤੀ ਜਾਂਦੀ ਸੀ।
ਪੁਰਾਣੇ ਸਮੇਂ ਵਿਚ ਅਪਣਾ ਰਾਜ ਪ੍ਰਬੰਧ ਛੱਡ ਕੇ ਜੰਗਲ ਵਿਚ ਜਾਣ ਵਾਲੇ ਰਾਜੇ-ਮਹਾਰਾਜੇ ਨੂੰ ਇਕ ਉਦਾਹਰਣ ਦੇ ਰੂਪ ਵਿਚ ਸਾਹਮਣੇ ਰਖਿਆ ਜਾਂਦਾ ਰਿਹਾ ਹੈ। ਇਸ ਪ੍ਰਬੰਧ ਤਹਿਤ ਉਨ੍ਹਾਂ ਨੂੰ ਰਾਜ ਪ੍ਰਬੰਧ ਛੱਡਣ ਲਈ ਪੁਰੋਹਿਤਾਂ ਵਲੋਂ ਪ੍ਰੇਰਿਤ ਕੀਤਾ ਜਾਂਦਾ ਸੀ। ਹੋ ਸਕਦਾ ਹੈ ਕਿ ਇਹ ਪ੍ਰਥਾ ਬੁੱਢੇ ਹੁੰਦੇ ਸ਼ਾਸਕ ਦੇ ਹੱਥੋਂ ਰਾਜ ਨੂੰ ਦੁਰਦਸ਼ਾ ਤੋਂ ਬਚਾਉਣ ਲਈ ਸ਼ੁਰੂ ਕੀਤੀ ਗਈ ਹੋਵੇ ਪਰ ਇਕ ਆਮ ਆਦਮੀ ਲਈ ਉਸ ਸਮੇਂ ਵੀ ਅਤੇ ਅੱਜ ਵੀ ਅਪਣਾ ਘਰ ਛਡਣਾ ਨਿਸ਼ਚਿਤ ਤੌਰ ਤੇ ਮੁਸ਼ਕਲ ਹੈ। ਇਹ ਕਿਹੋ ਜਿਹੀ ਜ਼ਾਲਮ ਪਰੰਪਰਾ ਹੈ ਜਿਸ ਵਿਚ ਦੇਖਭਾਲ ਦੀ ਲੋੜ ਵਾਲੇ ਬਜ਼ੁਰਗ ਬੰਦੇ ਨੂੰ ਬੇਸਹਾਰਾ, ਬੇਆਸਰਾ ਹਾਲਤ ਵਿਚ ਪ੍ਰਵਾਰ ਤੋਂ ਦੂਰ ਕਰ ਦਿਤਾ ਜਾਂਦਾ ਹੈ। ਕੀ ਸੱਚਮੁਚ ਅਜਿਹੀ ਸਥਿਤੀ ਵਿਚ ਕੋਈ ਆਮ ਆਦਮੀ ਪੂਜਾ ਪਾਠ ਵਿਚ ਮਨ ਲਗਾ ਸਕਦਾ ਹੈ?
ਵੇਖਿਆ ਜਾਵੇ ਤਾਂ ਬੱਚਿਆਂ ਨੂੰ ਬਚਪਨ ਤੋਂ ਹੀ ਬਜ਼ੁਰਗਾਂ ਨੂੰ ਪੂਜਾ-ਪਾਠ ਵਲ ਧੱਕਣ ਦੀ ਸਿਖਿਆ ਮਿਲ ਜਾਂਦੀ ਹੈ ਕਿਉਂਕਿ ਬਚਪਨ ਤੋਂ ਹੀ ਵੇਖਦੇ-ਸੁਣਦੇ ਆਉਂਦੇ ਹਾਂ ਕਿ ਬਜ਼ੁਰਗਾਂ ਨੂੰ ਬੁਢਾਪੇ ਵਿਚ ਮੋਹ-ਮਾਇਆ ਛੱਡ ਕੇ ਨਿਰਲੇਪ ਰਹਿਣਾ ਚਾਹੀਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਮਨੁੱਖ ਨੂੰ ਮੁਕਤੀ ਮਿਲਦੀ ਹੈ ਜਦਕਿ ਮੁਕਤੀ ਦੀ ਇੱਛਾ ਦੇ ਪਿਛੇ ਜੀਵਨ ਤੋਂ ਭਗੌੜਾ ਹੋਣ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ।
ਪਹਿਲਾਂ ਮਨੁੱਖ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਧਨ, ਜਾਇਦਾਦ ਇਕੱਠਾ ਕਰੇ, ਫਿਰ ਬਜ਼ੁਰਗ ਹੋਣ ਤੇ ਉਸ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਅਪਣੀ ਮਿਹਨਤ ਨਾਲ ਕਮਾਈ ਹੋਈ ਜਾਇਦਾਦ ਦਾ ਮੋਹ ਛੱਡ ਕੇ ਉਸ ਨੂੰ ਅਪਣੇ ਉਨ੍ਹਾਂ ਬੱਚਿਆਂ ਦੇ ਨਾਂ ਖ਼ੁਸ਼ੀ ਖ਼ੁਸ਼ੀ ਕਰ ਦੇਵੇ ਜੋ ਬੁਢਾਪੇ ਵਿਚ ਉਸ ਦੀ ਦੇਖਭਾਲ ਨੂੰ ਬੋਝ ਸਮਝਦੇ ਹਨ ਕਿਉਂਕਿ ਉਹ ਜਾਇਦਾਦ ਮੁਕਤੀ ਦੇ ਰਸਤੇ ਵਿਚ ਰੁਕਾਵਟ ਹੈ। ਸਾਡਾ ਧਰਮ ਅਜਿਹੀਆਂ ਹੀ ਕੋਰੀਆਂ ਭਾਵੁਕਤਾਵਾਂ ਨਾਲ ਭਰਿਆ ਹੈ ਅਤੇ ਇਸੇ ਧਰਮ ਤੋਂ ਸਮਾਜ ਦਾ ਢਾਂਚਾ ਬਣਦਾ ਹੈ।
ਹਿੰਸਾ ਅਤੇ ਸ਼ੋਸ਼ਣਮੁਕਤ ਸਮਾਜ ਵਿਚ ਰਹਿਣਾ ਬਜ਼ੁਰਗਾਂ ਦਾ ਹੱਕ ਹੈ। ਉਹ ਭਾਵੇਂ ਅਪਣੇ ਪ੍ਰਵਾਰ ਨਾਲ ਰਹਿਣ ਜਾਂ ਅੱਡ ਰਹਿਣਾ ਚਾਹੁਣ। ਉਨ੍ਹਾਂ ਦੇ ਇਸ ਹੱਕ ਨੂੰ ਯਕੀਨੀ ਕਰਨ ਲਈ ਜਨਤਕ ਮਾਹੌਲ ਨੂੰ ਬਦਲਣਾ ਪਵੇਗਾ ਤਾਕਿ ਪ੍ਰਵਾਰ ਦੇ ਅੰਦਰ ਦਾ ਮਾਹੌਲ ਹੋਰ ਵੱਧ ਲੋਕਤੰਤਰਿਕ ਹੋਵੇ ਅਤੇ ਕਿਸੇ ਬਜ਼ੁਰਗ ਉਤੇ ਨੀਯਤ ਮਾਤਰਾ ਤੋਂ ਜ਼ਿਆਦਾ ਦਬਾਅ ਦਾ ਅਪਰਾਧ ਕੋਈ ਵੀ ਨਾ ਕਰ ਸਕੇ। ਇਸ ਲਈ ਜਨਤਕ ਅਤੇ ਨਿਜੀ ਪਹਿਲ ਕਰ ਕੇ ਹੱਲ ਕਢਣਾ ਚਾਹੀਦਾ ਹੈ, ਜਿਸ ਤੋਂ 21ਵੀਂ ਸਦੀ ਵਲ ਕਦਮ ਵਧਾ ਰਹੇ ਸਮਾਜ ਨੂੰ ਇਨ੍ਹਾਂ ਬਜ਼ੁਰਗਾਂ ਦੇ ਮਾਣ ਦੀ ਰਾਖੀ ਕਰਨ ਲਈ ਇਕਜੁਟ ਹੋਣ ਦਾ ਮੌਕਾ ਮਿਲ ਸਕੇ।
ਮਨੋਵਿਗਿਆਨ ਦੀ ਵਿਦਿਆਰਥਣ ਸੰਗੀਤਾ ਕਹਿੰਦੀ ਹੈ ਕਿ ਐਨ.ਆਰ.ਆਈ. ਪਾਲਣਕਰਤਾ ਇਕੱਲੇ ਹਨ ਤਾਂ ਕੀ ਹੋਇਆ? ਅਜਕਲ ਭਾਰਤ ਵਿਚ ਵਿਆਹ ਮਗਰੋਂ ਕਿੰਨੇ ਘਰਾਂ ਵਿਚ ਪੁੱਤਰ-ਨੂੰਹ ਮਾਤਾ-ਪਿਤਾ ਨਾਲ ਰਹਿੰਦੇ ਹਨ? ਜੇਕਰ ਰਹਿੰਦੇ ਵੀ ਹਨ ਤਾਂ ਵੀ ਉਹ ਇਕੱਲੇਪਨ ਦਾ ਦੁਖ ਝਲਦੇ ਹਨ। ਇਸ ਤਰ੍ਹਾਂ ਐਨ.ਆਰ.ਆਈ. ਪਾਲਕਾਂ ਦੀ ਹਾਲਤ ਭਾਰਤ ਵਿਚ ਨੂੰਹ-ਪੁੱਤਰ ਨਾਲ ਰਹਿ ਰਹੇ ਬਜ਼ੁਰਗਾਂ ਤੋਂ ਵਧੀਆ ਹੈ। ਕਈ ਪ੍ਰਵਾਰਾਂ ਵਿਚ ਜਿਹੜੇ ਵੱਡੇ ਅਤੇ ਬਜ਼ੁਰਗ ਨਾਗਰਿਕ ਹਨ, ਉਹ ਅਪਣੇ ਘਰਾਂ ਵਿਚ ਬੇਗ਼ਾਨੇ ਹੋ ਗਏ ਹਨ। ਹਾਲਾਤ ਕੋਈ ਵੀ ਹੋਣ ਬਜ਼ੁਰਗਾਂ ਨੂੰ ਨਾਲ ਰਹਿੰਦੇ ਹੋਏ ਵੀ ਉਦਾਸ ਘੜੀਆਂ ਦਾ ਮੁਕਾਬਲਾ ਕਰਨਾ ਪੈਂਦਾ ਹੈ। ਇਸ ਹਾਲਤ ਵਿਚ ਬਜ਼ੁਰਗ ਅਪਣੇ ਆਪ ਉਤੇ ਤਰਸ ਖਾਣ ਲਗਦੇ ਹਨ। ਕੀ ਉਨ੍ਹਾਂ ਨੂੰ ਇਨ੍ਹਾਂ ਹਾਲਾਤ 'ਚੋਂ ਕੱਢਣ ਦਾ ਕੋਈ ਹੱਲ ਹੈ?
ਇਸ ਬਾਰੇ ਸਮਾਜ ਸ਼ਾਸਤਰ ਦੀ ਅਧਿਆਪਕਾ ਸਰਲਾ ਦੇਸਾਈ ਦਾ ਕਹਿਣਾ ਹੈ ਕਿ ਇਕੱਲੇਪਨ ਵਿਚ ਬੰਦੇ ਦੀ ਯਾਦ ਸ਼ਕਤੀ ਤੇਜ਼ ਹੋ ਜਾਂਦੀ ਹੈ ਅਤੇ ਜਦ ਅਸੀ ਦੁਖੀ ਹੁੰਦੇ ਹਾਂ ਤਾਂ ਇਹੀ ਯਾਦਾਂ ਸਾਡੇ ਮਨੋਬਲ ਨੂੰ ਬਣਾਈ ਰਖਦੀਆਂ ਹਨ। ਸਾਡੇ ਵਿਚ ਇਕ ਨਵੇਂ ਤਰ੍ਹਾਂ ਦਾ ਗਿਆਨ ਜਨਮ ਲੈਂਦਾ ਹੈ ਜੋ ਇਕੱਲੇਪਨ ਨਾਲ ਲੜਨ ਵਿਚ ਸਾਡੀ ਮਦਦ ਕਰਦਾ ਹੈ। ਇਹ ਇਕ ਸੱਚਾਈ ਹੈ ਕਿ ਇਕੱਲੇਪਨ ਦੀਆਂ ਚੰਗਿਆਈਆਂ ਵਿਚ ਬਹੁਤ ਸਾਰੇ ਲੋਕਾਂ ਨੂੰ ਵਿਸ਼ਵਾਸ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਇਕੱਲੇਪਨ ਦੀ ਭਾਵਨਾ ਉਤੇ ਕਾਬੂ ਪਾਉਣਾ ਨਹੀਂ ਸਿਖਿਆ। ਕੁੱਝ ਲੋਕ ਇਨ੍ਹਾਂ ਯਾਦਾਂ ਨਾਲ ਨਿਰਾਸ਼ ਵੇਖੇ ਗਏ ਹਨ ਤਾਂ ਕੁੱਝ ਨੂੰ ਇਹੀ ਯਾਦਾਂ ਆਨੰਦ ਪ੍ਰਾਪਤ ਕਰਨ ਲਈ ਰਾਹ ਸੁਝਾਉਂਦੀਆਂ ਹਨ। ਇਸ ਤਰ੍ਹਾਂ ਬਜ਼ੁਰਗ ਅਪਣੀ ਮਦਦ ਆਪ ਕਰ ਸਕਦੇ ਹਨ।
ਦਰਅਸਲ ਜਿਹੜੇ ਮੋੜ ਉਤੇ ਲੋਕ ਸਮਝਦੇ ਹਨ ਕਿ ਜੀਵਨ ਹੁਣ ਖ਼ਤਮ ਹੋ ਗਿਆ ਹੈ, ਉਸ ਮੋੜ ਉਤੇ ਜੀਵਨ ਦਾ ਇਕ ਨਵਾਂ ਆਨੰਦਦਾਇਕ ਅਧਿਆਏ ਖੋਲ੍ਹਣਾ ਹੀ ਅਕਲਮੰਦੀ ਹੈ। ਕੁੱਝ ਸਾਲ ਪਹਿਲਾਂ ਸਾਕਾਰਾਤਮਕ ਸੋਚ ਵਾਲੇ ਕਾਰਜਸ਼ੀਲ ਬੰਦੇ ਕਿਹਾ ਕਰਦੇ ਸਨ, ਜੀਵਨ 40 ਉਤੇ ਸ਼ੁਰੂ ਹੁੰਦਾ ਹੈ ਪਰ ਨਵੀਂ ਸਥਾਪਨਾ ਤਾਂ ਇਸ ਤੋਂ ਵੀ ਅੱਗੇ ਹੈ। ਉਹ 60 ਦੇ ਅੰਕੜੇ ਉਤੇ ਪਹੁੰਚ ਗਈ ਹੈ। ਜੀ ਹਾਂ, ਹੁਣ ਜੀਵਨ 60 ਦੀ ਉਮਰ ਵਿਚ ਸ਼ੁਰੂ ਹੁੰਦਾ ਹੈ।
ਹਾਲਾਂਕਿ ਇਹ ਸੱਚ ਹੈ ਕਿ ਉਮਰ ਦੇ ਨਾਲ ਸਰੀਰ ਵਿਚ ਕਈ ਤਬਦੀਲੀਆਂ ਹੁੰਦੀਆਂ ਹਨ। ਕਦੀ ਕਦੀ ਤਾਂ ਉਹ ਤਬਦੀਲੀ ਬੰਦੇ ਨੂੰ ਏਨਾ ਪ੍ਰੇਸ਼ਾਨ ਕਰ ਦੇਂਦੀ ਹੈ ਕਿ ਉਹ ਸੋਚਦਾ ਹੈ ਕਿ ਕੀ ਕਰੀਏ? ਕਿਉਂ ਕਰੀਏ? ਕਿਸ ਦੇ ਲਈ ਕਰੀਏ? ਪਰ ਹੁਣ ਦਾਦਾ ਜੀ ਦੀ ਸੋਭਾ ਦੰਦਾਂ ਤੋਂ ਬਗ਼ੈਰ, ਗੰਜੇ, ਝੁਰੜੀਆਂ ਵਾਲਾ ਚਿਹਰਾ ਲੈ ਕੇ ਬਜ਼ੁਰਗ ਦੀ ਨਹੀਂ ਰਹਿ ਗਈ। ਇਸ ਲਈ ਇਸ ਤਬਦੀਲੀ ਤੋਂ ਮਨੁੱਖ ਨਿਕਲ ਸਕਦਾ ਹੈ। ਇਕੱਲੇ ਰਹਿਣ ਵਾਲੇ ਬਜ਼ੁਰਗਾਂ ਨੂੰ ਤੁਸੀ ਇਹ ਕਹਿੰਦੇ ਹੋਏ ਸੁਣਿਆ ਹੋਵੇਗਾ ਕਿ ਸਾਡੇ ਨਾਲ ਕੋਈ ਚੰਗੀ ਗੱਲ ਨਹੀਂ ਹੁੰਦੀ। ਜੇਕਰ ਉਹ ਡਾਇਰੀ ਲਿਖਣ ਲੱਗਣ ਤਾਂ ਅਜਿਹਾ ਨਹੀਂ ਸੋਚਣਗੇ। ਡਾਇਰੀ ਵਿਚ ਹਰ ਰੋਜ਼ ਦੀ ਖ਼ਾਸ ਘਟਨਾ ਬਾਰੇ ਲਿਖਣ। ਡਾਇਰੀ ਦੇ ਪਿਛਲੇ ਪੰਨੇ ਪਲਟਦੇ ਹੋਏ ਉਹ ਖ਼ੁਦ ਨੂੰ ਪਰਪੱਕ ਹੁੰਦੇ ਵੇਖਣਗੇ। ਨਾਲ ਹੀ ਸਮਝ ਜਾਣਗੇ ਕਿ ਜੀਵਨ ਕਿੰਨਾ ਅਚਾਨਕ ਵਾਪਰਨ ਵਾਲਾ ਅਤੇ ਅਜੀਬ ਹੈ।
ਇਕੱਲੇ ਰਹਿਣ ਵਾਲੇ ਬਜ਼ੁਰਗ ਬੀਤੇ ਦਿਨਾਂ ਦਾ ਜੱਸ ਗਾਉਂਦੇ ਹੋਏ ਅੱਜ ਵੱਲ ਘੱਟ ਧਿਆਨ ਦਿੰਦੇ ਹਨ, ਜਦਕਿ ਅਜਿਹੇ ਬਜ਼ੁਰਗਾਂ ਨੂੰ ਅਪਣੇ ਜੀਵਨ ਤੋਂ ਇਲਾਵਾ ਹੋਰ ਲੋਕਾਂ ਨਾਲ ਪਿਆਰ ਕਰਨਾ ਚਾਹੀਦਾ ਹੈ। ਅਪਣਾ ਨਿਜੀ ਦੁੱਖ ਇਕ ਘਾਤਕ ਮਾਨਸਕ ਰੋਗ ਹੈ। ਇਹ ਮੰਨ ਕੇ ਬਜ਼ੁਰਗ ਅਪਣੇ ਉਤੇ ਰਹਿਮ ਕਰਨ ਤੋਂ ਬਚਣ। ਇਸ ਨਾਲ ਨਾ ਸਿਰਫ਼ ਮਨੋਬਲ ਡਿਗਦਾ ਹੈ ਬਲਕਿ ਉਹ ਅਪਣੇ ਆਪ ਨੂੰ ਬੇਇੱਜ਼ਤ ਵੀ ਕਰਦੇ ਹਨ। ਇਸ ਲਈ ਹਰ ਹਾਲ ਵਿਚ ਵਡਿਆਈ ਜਾਂ ਸ਼ਾਨ ਬਣਾਈ ਰਖਣਾ ਬਜ਼ੁਰਗਾਂ ਲਈ ਮਹੱਤਵਪੂਰਨ ਹੈ। ਇਹ ਸੋਚ ਕੇ ਕਿ ਲੋਕ ਮੈਨੂੰ ਅਣਦੇਖਿਆ ਜਾਂ ਘਿਰਣਾ ਕਰ ਰਹੇ ਹਨ ਅਪਣੇ ਆਪ ਨੂੰ ਦੁਖੀ ਨਾ ਕਰੋ।
ਅਪਣੇ ਲਈ ਜੀਣਾ ਸਿਖ ਕੇ ਲੋਕਾਂ ਦੀਆਂ ਗੱਲਾਂ ਦੀ ਪ੍ਰਵਾਹ ਕਰਨਾ ਛੱਡ ਦਿਉ। ਸੱਚ ਪੁਛਿਆ ਜਾਵੇ ਤਾਂ ਇਕ ਬਜ਼ੁਰਗ ਦੇ ਜੀਵਨ ਦੀ ਦੂਜੀ ਪਾਰੀ ਓਨੀ ਹੀ ਦਿਲਚਸਪ ਅਤੇ ਮਜ਼ੇਦਾਰ ਹੋ ਸਕਦੀ ਹੈ ਜਿੰਨੀ ਕਿ ਪਹਿਲੀ ਸੀ। ਬੱਚੇ ਜੇਕਰ ਨੇਮ ਅਨੁਸਾਰ ਹੋ ਕੇ ਅਪਣੇ ਵਿਚ ਮਸਤ ਹਨ ਤਾਂ ਕਿਉਂ ਨਾ ਤੁਸੀ ਵੀ ਅਪਣੇ ਵਿਚ ਮਸਤ ਰਹਿਣਾ ਸਿਖ ਲਉ? ਜੋ ਇੱਛਾਵਾਂ, ਵਲਵਲੇ ਤੁਹਾਡੇ ਅਧੂਰੇ ਰਹਿ ਗਏ ਹਨ ਉਨ੍ਹਾਂ ਨੂੰ ਪੂਰਾ ਕਰੋ। ਜੀਵਨ ਨੂੰ ਕਿਵੇਂ ਮੌਤ ਮਿਲੇਗੀ? ਇਹ ਸੋਚ ਕੇ ਫ਼ਜੂਲ ਸਮਾਂ ਨਾ ਗਵਾਉ। ਨਾ ਹੀ ਕਿਸੇ ਦੀਨ-ਹੀਣ ਭਾਵਨਾ ਨੂੰ ਅਪਣੇ ਅੰਦਰ ਵਧਣ ਫੁੱਲਣ ਦਿਉ। ਉਨ੍ਹਾਂ ਗੱਲਾਂ ਲਈ ਅਪਣੇ ਆਪ ਨੂੰ ਸਜ਼ਾ ਨਾ ਦਿਉ ਜਿਨ੍ਹਾਂ ਲਈ ਤੁਸੀ ਇਕਲਾਪਾ ਭੋਗ ਰਹੇ ਹੋ। ਅਪਣੇ ਆਪ ਨਾਲ ਪਿਆਰ ਕਰੋ। ਅਪਣਾ ਆਦਰ ਕਰੋ ਅਤੇ ਜੀਵਨ ਦਾ ਆਨੰਦ ਲੁੱਟੋ।
ਇਹ ਵੇਖਿਆ ਜਾਂਦਾ ਹੈ ਕਿ ਨੌਕਰੀਪੇਸ਼ਾ ਲੋਕ ਸੇਵਾਮੁਕਤ ਹੋਣ ਮਗਰੋਂ ਕੁੱਝ ਕਰਨ ਦੀ ਬਜਾਏ ਇਹ ਕਹਿ ਕੇ ਕਿ ਹੁਣ ਤਾਂ ਬੁੱਢੇ ਹੋ ਗਏ ਹਾਂ, ਸਾਰਾ ਦਿਨ ਘਰ ਵਿਚ ਹੀ ਪਏ ਰਹਿਣਾ ਪਸੰਦ ਕਰਦੇ ਹਨ। ਇਥੇ ਤਕ ਤਾਂ ਠੀਕ ਹੈ ਪਰ ਜਦ ਘਰ ਵਿਚ ਪਏ ਪਏ ਬੁੱਢੇ ਅਪਣੇ ਬੱਚਿਆਂ ਅਤੇ ਨੂੰਹਾਂ ਦੇ ਕੰਮਾਂ ਵਿਚ ਟੋਕਾਟਾਕੀ ਸ਼ੁਰੂ ਕਰਦੇ ਹਨ ਤਾਂ ਉਨ੍ਹਾਂ ਨੂੰ ਜਾਪਦਾ ਹੈ ਕਿ ਬਾਬੂ ਜੀ ਸੇਵਾਮੁਕਤ ਕੀ ਹੋਏ, ਘਰ ਵਿਚ 24 ਘੰਟੇ ਦਾ ਸਖ਼ਤ ਕਾਨੂੰਨ ਲਾਗੂ ਹੋ ਗਿਆ ਹੈ। ਅਜਿਹੇ ਵਿਚ ਅਪਣੇ ਹੀ ਬਜ਼ੁਰਗ ਅਪਣਿਆਂ ਉਤੇ ਬੋਝ ਲੱਗਣ ਲਗਦੇ ਹਨ।
ਤੁਹਾਨੂੰ ਸਮੇਂ ਤੋਂ ਪਹਿਲਾਂ ਹੀ ਬੁੱਢਾ ਮੰਨ ਕੇ ਘਰ ਬੈਠਣ ਦੀ ਆਦਤ ਤੋਂ ਬਚਣਾ ਚਾਹੀਦਾ ਹੈ ਅਤੇ ਇਸ ਲਈ ਲੋਕਾਂ ਨਾਲ ਜਾਣ-ਪਛਾਣ ਬਣਾਉਣੀ ਚਾਹੀਦੀ ਹੈ। ਇਹੀ ਨਹੀਂ ਅਪਣੇ ਆਪ ਨੂੰ ਚੁਸਤ-ਦਰੁਸਤ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਕਿ ਤੁਹਾਡੇ ਘਰ ਵਾਲੇ ਕਿਸੇ ਨਾਲ ਵੀ ਜਦ ਤੁਹਾਡੀ ਪਛਾਣ ਕਰਾਉਣ ਤਾਂ ਮਾਣ ਨਾਲ ਕਹਿ ਸਕਣ ਕਿ ਇਹ ਸਾਡੇ ਸਮਾਰਟ ਦਾਦਾ ਜੀ, ਪਾਪਾ ਜੀ ਜਾਂ ਸਹੁਰਾ ਜੀ ਹਨ।
ਅਨੁਵਾਦਕ : ਪਵਨ ਕੁਮਾਰ ਰੱਤੋਂ
ਸੰਪਰਕ : 94173-71455