ਸੱਭ ਤੋਂ ਖ਼ਤਰਨਾਕ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ...
ਹੁਨਰ ਕਿਸੇ ਰੱਬੀ ਦਾਤ ਤੋਂ ਘੱਟ ਨਹੀਂ ਹੁੰਦਾ, ਇਹ ਧੁਰ ਦਰਗਾਹੋਂ ਉਤਰਦੇ ਇਲਾਹੀ ਸੰਗੀਤ ਵਰਗਾ ਹੁੰਦਾ ਹੈ ਜਿਹੜਾ ਸਾਡੀ ਰੂਹ ਨੂੰ ਸਰਸ਼ਾਰ ਕਰੀ ਰਖਦਾ ਹੈ।
ਹੁਨਰ ਕਿਸੇ ਰੱਬੀ ਦਾਤ ਤੋਂ ਘੱਟ ਨਹੀਂ ਹੁੰਦਾ, ਇਹ ਧੁਰ ਦਰਗਾਹੋਂ ਉਤਰਦੇ ਇਲਾਹੀ ਸੰਗੀਤ ਵਰਗਾ ਹੁੰਦਾ ਹੈ ਜਿਹੜਾ ਸਾਡੀ ਰੂਹ ਨੂੰ ਸਰਸ਼ਾਰ ਕਰੀ ਰਖਦਾ ਹੈ। ਸਾਡੇ ਜ਼ਿਹਨ ਵਿਚ ਸੁਪਨਿਆਂ ਦੀ ਲੋਅ ਜਗਾਈ ਰਖਦਾ ਹੈ ਅਤੇ ਇਹ ਸੁਪਨੇ ਹੀ ਹਨ, ਜਿਹੜੇ ਸਾਡੇ ਜੀਵਨ ਵਿਚ ਉਮੰਗ ਬਣਾਈ ਰਖਦੇ ਹਨ ਅਤੇ ਸਾਡੀ ਹਯਾਤੀ ਨੂੰ ਕੋਈ ਮਕਸਦ ਦਿਵਾਈ ਰਖਦੇ ਹਨ। ਸੁਪਨਿਆਂ ਦੀ ਬੁਨਿਆਦ, ਕਲਾ ਨੂੰ ਕੋਈ ਧੱਕੇ ਨਾਲ ਅਪਣੇ ਅੰਦਰ ਨਹੀਂ ਵਾੜ ਸਕਦਾ ਅਤੇ ਨਾ ਹੀ ਕਿਸੇ ਜੁਗਾੜ ਜ਼ਰੀਏ ਹੁਨਰ ਨੂੰ ਹਥਿਆਇਆ ਜਾ ਸਕਦਾ ਹੈ। ਹਾਂ ਅਪਣੀ ਮਿਹਨਤ ਅਤੇ ਸੁੱਚੀ ਲਗਨ ਸਦਕਾ ਸਮੇਂ ਸਮੇਂ ਤੇ ਅਪਣੀ ਕਲਾ ਜਾਂ ਹੁਨਰ ਨੂੰ ਤਰਾਸ਼ਿਆ ਜ਼ਰੂਰ ਜਾ ਸਕਦਾ ਹੈ।
ਹੁਨਰ ਜਾਂ ਕਲਾ ਦੇ ਕਈ ਰੂਪ ਹੋ ਸਕਦੇ ਹਨ। ਮਸਲਨ ਕੋਈ ਚੰਗਾ ਗਾਇਕ ਹੋ ਸਕਦਾ ਹੈ, ਕੋਈ ਚੰਗਾ ਲਿਖਾਰੀ ਹੋ ਸਕਦਾ ਹੈ, ਕੋਈ ਵਧੀਆ ਖਿਡਾਰੀ, ਕੋਈ ਵਧੀਆ ਵਪਾਰੀ, ਕੋਈ ਵਧੀਆ ਬੁਲਾਰਾ, ਕੋਈ ਵਧੀਆ ਪਾੜ੍ਹਾ, ਕੋਈ ਚੰਗਾ ਖੋਜੀ, ਕੋਈ ਚੰਗਾ ਕਲਾਕਾਰ, ਕੋਈ ਚੰਗਾ ਨੇਤਾ ਜਾਂ ਸਮਾਜ ਸੇਵਕ ਆਦਿ ਹੋ ਸਕਦਾ ਹੈ। ਸਾਡੇ ਅੰਦਰ ਕਿਹੜਾ ਹੁਨਰ ਉਸਲਵੱਟੇ ਲੈ ਰਿਹਾ ਹੈ, ਇਹ ਵਕਤ ਸਾਨੂੰ ਆਪ ਹੀ ਦੱਸ ਦਿੰਦਾ ਹੈ। ਹੁਨਰ ਜਿਥੇ ਇਕ ਪਾਸੇ ਹੁਨਰਮੰਦ ਦੀ ਰੂਹ ਦਾ ਖੇੜਾ ਹੁੰਦਾ ਹੈ, ਉਥੇ ਸਮਾਜ ਵਿਚ ਰੋਜ਼ੀ-ਰੋਟੀ ਅਤੇ ਸ਼ੋਹਰਤ ਉਪਜਾਉਣ ਦਾ ਜ਼ਰੀਆ ਵੀ ਹੋ ਨਿਬੜਦਾ ਹੈ। ਮਿਹਨਤ ਸਦਕਾ ਅਪਣੇ ਅੰਦਰ ਦੀ ਕਲਾ ਨੂੰ ਤਰਾਸ਼ ਕੇ ਖੱਟੀ ਸ਼ੋਹਰਤ ਤਾਂ ਚਿਰ ਸਥਾਈ ਹੁੰਦੀ ਹੈ। ਪਰ ਜੁਗਾੜਾਂ ਜ਼ਰੀਏ ਹਾਸਲ ਕੀਤੀ ਸ਼ੋਹਰਤ ਦੀ ਉਮਰ ਪਾਣੀ ਦੇ ਬੁਲਬੁਲੇ ਦੇ ਹਾਣ ਦੀ ਹੁੰਦੀ ਹੈ, ਜਿਹੜੀ ਪਲ ਝੱਟ ਵਿਚ ਅਪਣਾ ਵਜੂਦ ਗਵਾ, ਪਾਣੀ ਦਾ ਰੂਪ ਹੋ ਜਾਂਦੀ ਹੈ। ਇਸ ਲਈ ਹਥਕੰਡਿਆਂ ਜ਼ਰੀਏ ਕਲਾ ਦੇ ਧਰਾਤਲ ਤੇ ਪੁਲਾਂਘਾਂ ਪੁੱਟਣ ਵਾਲੇ ਤਥਾਕਥਿਤ ਫ਼ਨਕਾਰ ਚਾਰ ਕੁ ਕਦਮ ਤੁਰਨ ਤੋਂ ਬਾਅਦ ਵਕਤ ਦੇ ਵਾਵਰੋਲਿਆਂ ਵਿਚ ਉਡ-ਪੁਡ ਜਾਂਦੇ ਹਨ। ਧਰਤੀ ਦੀ ਕਿਸੇ ਨੁਕਰੇ ਗੁਮ-ਗਵਾਚ ਜਾਂਦੇ ਹਨ।ਇੰਜ ਵੀ ਨਹੀਂ ਕਿ ਕੋਈ ਅਪਣੇ ਅੰਦਰ ਦੀ ਕਲਾ ਨੂੰ ਪਛਾਣ ਲਵੇ ਅਤੇ ਫਿਰ ਉਸ ਨੂੰ ਅਪਣੀ ਵਿਤ ਮੁਤਾਬਕ ਤਰਾਸ਼ ਕੇ ਰਾਤੋ-ਰਾਤ ਕਲਾ ਦੇ ਅੰਬਰ ਵਿਚ ਉਡਾਰੀਆਂ ਮਾਰਨ ਲੱਗ ਪਵੇ, ਸਗੋਂ ਕਲਾ ਨੂੰ ਲੱਭਣ, ਸਾਂਭਣ ਅਤੇ ਤਰਾਸ਼ਣ ਤੋਂ ਬਾਅਦ ਅਪਣੇ ਹੁਨਰ ਪ੍ਰਤੀ ਸੰਜਮ ਅਤੇ ਸਮਰਪਣ ਕਲਾ ਨੂੰ ਵਿਕਸਤ ਕਰਨ ਦਾ ਮੂਲ ਮੰਤਰ ਹੁੰਦੇ ਹਨ ਅਤੇ ਵਿਕਸਤ ਹੋਣ ਤੋਂ ਬਾਅਦ ਹੁਨਰ ਪ੍ਰਦਰਸ਼ਨ ਦੀ ਜ਼ੱਦ ਵਿਚ ਆ ਕੇ, ਅਪਣੀ ਹੋਂਦ ਦਰਜ ਕਰਵਾਉਣ ਅਤੇ ਸਥਾਪਤੀ ਵਲ ਵਧਣ ਦਾ ਉਪਰਾਲਾ ਕਰਨ ਦੇ ਰਾਹ ਤੁਰ ਪੈਂਦਾ ਹੈ।ਅਪਣੀ ਕਲਾ ਦੀ ਪਰਖ ਕਰ ਕੇ, ਹੁਨਰ ਨੂੰ ਸਾਂਭ-ਤਰਾਸ਼ ਕੇ ਸਥਾਪਤੀ ਵਲ ਪੁਟਿਆ ਕਦਮ ਹੁਨਰਮੰਦ ਦੇ ਸੁਪਨਿਆਂ ਦੀ ਤਾਮੀਰ ਦਾ ਮੁੱਢ ਬੰਨ੍ਹਦਾ ਹੈ ਤੇ ਉਸ ਦੇ ਸੁਪਨਿਆਂ ਨੂੰ ਪਰਵਾਜ਼ ਦੇਂਦਾ ਹੈ। ਪਰ ਅਫ਼ਸੋਸ ਇਹ ਪਰਵਾਜ਼ ਬਹੁਤੀ ਵਾਰ ਹੁਨਰਮੰਦ ਤੋਂ ਭਰੀ ਹੀ ਨਹੀਂ ਜਾਂਦੀ ਕਿਉਂਕਿ ਇਹ ਉਡਾਣ ਤਾਂ ਹੀ ਮੁਮਕਿਨ ਹੈ ਜੇ ਕਲਾ ਦੇ ਸੱਚੇ ਅਤੇ ਸਥਾਪਤ ਜੌਹਰੀ ਅਪਣੇ ਅਹੁਦਿਆਂ ਦੀ ਮਰਿਆਦਾ ਦਾ ਸਤਿਕਾਰ ਕਰਦੇ ਹੋਏ ਈਮਾਨਦਾਰੀ ਨਾਲ ਹੁਨਰਮੰਦ ਦੇ ਹੁਨਰ ਦਾ ਨਿਰੀਖਣ ਕਰ ਕੇ ਉਸ ਦੇ ਖੰਭਾਂ ਨੂੰ ਪਰਵਾਜ਼ ਭਰਨ ਜੋਗਾ ਅਸਮਾਨ ਬਖ਼ਸ਼ਣ। ਉਹ ਅਸਮਾਨ ਜੋ ਅੱਜ ਦਿਆਨਤਦਾਰੀ ਦੇ ਖੂੰਜੇ ਲੱਗਣ ਕਾਰਨ ਆਪਾ-ਧਾਪੀ ਅਤੇ ਮੰਡੀਕਰਨ ਦੇ ਦੌਰ ਵਿਚ ਸਥਾਪਤ ਹੁਨਰਮੰਦਾਂ ਵਲੋਂ ਪੁੰਗਰ ਰਹੇ ਕਲਾਕਾਰਾਂ ਨੂੰ ਈਮਾਨਦਾਰੀ ਨਾਲ ਮੁਹਈਆ ਨਹੀਂ ਕਰਵਾਇਆ ਜਾ ਰਿਹਾ ਅਤੇ ਨਤੀਜਾ ਵਿਗਸਣ ਦੇ ਰਾਹ ਤੁਰਿਆ ਅੱਜ ਹਰ ਨਵਾਂ ਬੂਟਾ ਅਪਣੇ ਹਿੱਸੇ ਦੀ ਧੁੱਪ-ਛਾਂ ਤਲਾਸ਼ਦਾ ਜ਼ਾਰੋ-ਜ਼ਾਰ ਵਰ੍ਹਦੇ ਮੀਂਹ ਅਤੇ ਤੇਜ਼ ਝੂਲਦੇ ਝੱਖੜਾਂ ਵਿਚ ਅਪਣਾ ਵਜੂਦ ਸੰਭਾਲਦਾ ਕਿਸੇ ਨਾ ਕਿਸੇ ਹੀਲੇ ਅਪਣੀ ਹਸਤੀ ਬਚਾਉਣ ਲਈ ਜੱਦੋਜਹਿਦ ਕਰੀ ਜਾ ਰਿਹਾ ਹੈ ਅਤੇ ਰੁਤਬਿਆਂ ਦੀ ਡੋਰ ਫੜੀ ਬੈਠੇ ਇਹ ਅਖੌਤੀ ਵੱਡ-ਵਡੇਰੇ ਤੇ ਕਈ ਵਾਰ ਖ਼ੁਦ ਦੇ ਹੀ ਸਕੇ ਸਬੰਧੀ ਇਨ੍ਹਾਂ ਮਹਾਤੜਾਂ ਦੇ ਸਿਰ ਦਾ ਨਿਰਮਲ, ਸਾਫ਼ ਆਕਾਸ਼ ਬਣਨ ਦੀ ਬਜਾਏ ਇਨ੍ਹਾਂ ਝੱਖੜਾਂ ਨੂੰ ਸਹਿਣ ਕਰਨ ਅਤੇ ਵਰ੍ਹਦੇ ਮੀਹਾਂ ਵਿਚ ਵਿਗਸਣ ਲਈ ਹੋਰ ਸੰਘਰਸ਼ ਕਰਨ ਲਈ ਆਖ ਅਪਣੇ ਰਸਤੇ ਤੁਰ ਜਾਂਦੇ ਹਨ।ਅਪਣੇ ਸੁਪਨਿਆਂ ਦੀ ਤਾਮੀਰ ਲਈ ਸੰਘਰਸ਼ ਕਰਦੀਆਂ ਇਹ ਕਰੂੰਬਲਾਂ ਹਰ ਤਰ੍ਹਾਂ ਦੀ ਜੱਦੋਜਹਿਦ ਲਈ ਤਿਆਰ ਵੀ ਰਹਿੰਦੀਆਂ ਹਨ। ਬਸ਼ਰਤੇ ਇਹ ਤਥਾਕਥਿਤ ਸਥਾਪਤ ਦਾਨਿਸ਼ਮੰਦ ਸਭਨਾਂ ਲਈ ਸਥਾਪਤੀ ਦਾ ਇਕੋ ਪੈਮਾਨਾ ਰੱਖਣ, ਪਰ ਇੰਜ ਹੁੰਦਾ ਨਹੀਂ। ਅਕਸਰ ਵੇਖਣ-ਪੜ੍ਹਨ ਵਿਚ ਆਉਂਦਾ ਹੈ ਕਿ ਸਥਾਪਤ ਲੋਕ ਅਪਣੇ ਚਹੇਤਿਆਂ ਦਾ ਕੱਦ ਉੱਚਾ ਕਰਨ ਲਈ ਸਾਰੇ ਅਸੂਲਾਂ ਨੂੰ ਛਿੱਕੇ ਟੰਗ ਕੇ ਉਨ੍ਹਾਂ ਲਈ ਵਖਰੇ ਮਾਲੀ ਦਾ ਇੰਤਜ਼ਾਮ ਕਰ ਦਿੰਦੇ ਹਨ ਜਾਂ ਕੱਲਮ ਕਾਰਿਆਂ ਦੇ ਹਿੱਸੇ ਆਇਆ ਮਾਲੀ ਹੀ ਖ਼ਰੀਦ ਲੈਂਦੇ ਹਾਂ ਅਤੇ ਨਤੀਜਾ ਨਵੀਂ ਪੀੜ੍ਹੀ ਫਿਰ ਸੰਘਰਸ਼ ਕਰਨ ਜੋਗੀ ਜਾਂ ਅਪਣੇ ਸੁਪਨਿਆਂ ਦਾ ਮਾਤਮ ਮਨਾਉਣ ਜੋਗੀ ਰਹਿ ਜਾਂਦੀ ਹੈ।ਇਥੇ ਇਹ ਸਵਾਲ ਪੁਛਣਾ ਵਾਜਬ ਹੈ ਕਿ ਜੇ ਸੱਚੀ ਕਲਾ ਕਿਸੇ ਦੀ ਮੋਹਤਾਜ ਨਹੀਂ, ਅਪਣਾ ਰਸਤਾ ਖ਼ੁਦ ਤਲਾਸ਼ਣ ਦੇ ਸਮਰੱਥ ਹੈ ਤਾਂ ਫਿਰ ਸੁੱਚੇ ਹੁਨਰ ਨੂੰ ਸਥਾਪਤਾਂ ਦੇ ਸਹਾਰੇ ਦੀ ਕੀ ਜ਼ਰੂਰਤ?