ਸਿੱਖ ਪੰਥ ਦੀ ਅਰਦਾਸ ਵਿਚ ਭਗਵਤੀ ਭਗੌਤੀ ਦਾ ਕੀ ਕੰਮ?
ਅਜੋਕੀ ਅਰਦਾਸ ਨੂੰ ਲੈ ਕੇ ਸਿੱਖ ਧਰਮ ਦੇ ਵਿਦਵਾਨਾਂ ਵਿਚ ਬਹੁਤ ਮਤਭੇਦ ਹਨ ਤੇ ਇਹ ਮਤਭੇਦ ਕਾਫ਼ੀ ਚਿਰਾਂ ਤੋਂ ਚਲਦੇ ਆ ਰਹੇ ਹਨ।
ਅਜੋਕੀ ਅਰਦਾਸ ਨੂੰ ਲੈ ਕੇ ਸਿੱਖ ਧਰਮ ਦੇ ਵਿਦਵਾਨਾਂ ਵਿਚ ਬਹੁਤ ਮਤਭੇਦ ਹਨ ਤੇ ਇਹ ਮਤਭੇਦ ਕਾਫ਼ੀ ਚਿਰਾਂ ਤੋਂ ਚਲਦੇ ਆ ਰਹੇ ਹਨ। ਆਮ ਧਾਰਣਾ ਇਹ ਦਸੀ ਜਾਂਦੀ ਹੈ ਕਿ ਇਸ ਅਰਦਾਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ ਤੇ ਫਿਰ ਇਸ ਵਿਚ ਕੁੱਝ ਵਾਧਾ ਸਿੱਖ ਵਿਦਵਾਨਾਂ ਨੇ ਕੀਤਾ ਹੈ। ਪਰ ਸਿੱਖ ਪੰਥ ਦੇ ਖੋਜੀ ਤੇ ਵਿਦਵਾਨ ਇਸ ਦਲੀਲ ਨਾਲ ਸਹਿਮਤ ਨਹੀਂ ਲਗਦੇ।
ਉਨ੍ਹਾਂ ਦਾ ਕਹਿਣਾ ਹੈ ਕਿ ਅਜੋਕੀ ਅਰਦਾਸ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੋ ਹੀ ਨਹੀਂ ਸਕਦੀ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਅਪਣੇ ਤੋਂ ਪਹਿਲਾਂ ਹੋਏ ਨੌਂ ਗੁਰੂ ਸਾਹਿਬਾਨ ਦੇ ਪਾਏ ਪੂਰਨਿਆਂ ਤੋਂ ਹੱਟ ਕੇ ਕਿਸੇ ਦੇਵੀ ਦੇਵਤੇ ਦੇ ਉਪਾਸਕ ਹੋ ਹੀ ਨਹੀਂ ਸਕਦੇ। ਇਹ ਜ਼ਰੂਰ ਮਹੰਤਾਂ ਜਾਂ ਕਿਸੇ ਬ੍ਰਾਹਮਣਵਾਦੀ ਕਵੀ ਦੀ ਰਚਨਾ ਹੈ ਜਿਸ ਨੇ ਅਰਦਾਸ ਤੋਂ ਪਹਿਲਾਂ ੴ ਲਿਖ ਕੇ ਸਿੱਖ ਪੰਥ ਨੂੰ ਧੋਖਾ ਦੇਣ ਦੀ ਕੋਝੀ ਸਾਜ਼ਸ਼ ਕੀਤੀ ਹੈ ਤੇ ਜਿਸ ਨੂੰ ਸਿੱਖ ਕੌਮ ਤੇ ਮੜ੍ਹ ਦਿਤਾ ਗਿਆ ਹੈ। ਫਿਰ ਇਸ ਗੱਲ ਨੂੰ ਹੋਰ ਪੱਕਾ ਸਾਬਤ ਕਰਨ ਲਈ ਵਾਹਿਗੁਰੂ ਜੀ ਕੀ ਫ਼ਤਿਹ ਤੇ ਫਿਰ ਪਾਤਸ਼ਾਹੀ ਦਸ ਜਾਂ ਦਸਵੀਂ ਲਿੱਖ ਦਿਤਾ ਗਿਆ ਹੈ।
ਸਿੱਖ ਵਿਦਵਾਨ ਇਸ ਅਰਦਾਸ ਵਿਚ ਵਿਦਮਾਨ ਭਗੌਤੀ ਦੇਵੀ ਨੂੰ ਉਕਾ ਪ੍ਰਵਾਨ ਨਹੀਂ ਕਰਦੇ ਜਾਂ ਇਕ ਮਤ ਨਹੀਂ ਨੇ। ਇਨ੍ਹਾਂ ਮਤਭੇਦਾਂ ਨੂੰ ਲੈ ਕੇ ਪੱਖ ਤੇ ਵਿਪੱਖ ਦੇ ਵਿਦਵਾਨਾਂ ਦੇ ਵਿਚਾਰ ਕਈ ਵਾਰ ਅਖ਼ਬਾਰਾਂ ਤੇ ਰਸਾਲਿਆਂ ਵਿਚ ਪ੍ਰਕਾਸ਼ਤ ਹੋ ਚੁੱਕੇ ਹਨ ਕਦੇ-ਕਦੇ ਹੁਣ ਵੀ ਪੜ੍ਹਨ ਜਾਂ ਸੁਣਨ ਨੂੰ ਮਿਲ ਜਾਂਦੇ ਹਨ। ਅਰਦਾਸ ਬਾਰੇ ਅਤੀਤ ਵਿਚ ਵੀ 1931 ਤੋਂ ਲੈ ਕੇ 1945 ਤਕ ਕਈ ਵਾਰ ਚਰਚਾ ਹੋਈ ਹੈ। ਜਿਥੇ ਦਸਮ ਗ੍ਰੰਥ ਵਿਚਲੀਆਂ ਰਚਨਾਵਾਂ ਤੇ ਚਰਚਾ ਹੋਈ, ਉਥੇ ਇਸ ਨੂੰ ਅਰਦਾਸ ਵਿਚ ਵੀ ਵਿਚਾਰਿਆ ਗਿਆ।
ਇਸ ਚਰਚਾ ਦੀ ਸ਼ੁਰੂਆਤ 1931-32 ਵਿਚ ਹੋਈ ਸੀ ਜਦੋਂ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਲੋਂ ਇਕ ਰਹੁ ਰੀਤ ਕਮੇਟੀ ਬਣਾਈ ਗਈ ਸੀ। ਇਸ ਨੇ ਰਹੁ ਰੀਤ ਦਾ ਇਕ ਖਰੜਾ ਤਿਆਰ ਕੀਤਾ ਤੇ ਫਿਰ ਉਸ ਨੂੰ ਪ੍ਰਵਾਨਗੀ ਲਈ ਰੀਪੋਰਟ ਨੂੰ ਸਰਬ ਹਿੰਦ ਸਿੱਖ ਮਿਸ਼ਨ ਬੋਰਡ ਕੋਲ ਭੇਜਿਆ। ਇਸ ਨੇ ਅਪਣੀਆਂ ਕੁੱਝ ਟਿਪਣੀਆਂ ਨਾਲ ਇਸ ਰੀਪੋਰਟ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਧਾਰਮਕ ਸਲਾਹਕਾਰ ਕਮੇਟੀ ਕੋਲ ਭੇਜ ਦਿਤਾ ਜਿਸ ਨੇ ਅਪਣੀ 7-1-45 ਦੀ ਇਕ ਇਕੱਤਰਤਾ ਵਿਚ ਵਿਚਾਰ ਕਰ ਕੇ ਇਸ ਨੂੰ ਪ੍ਰਚਲਤ ਰਹੁ ਰੀਤ ਵਿਚ ਕੁੱਝ ਘਾਟੇ ਵਾਧੇ ਦੀ ਸਿਫ਼ਾਰਸ਼ ਕਰਦਿਆਂ ਰੀਪੋਰਟ ਪ੍ਰਵਾਨਗੀ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕੋਲ ਭੇਜ ਦਿਤੀ।
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਅਪਣੀ ਇਕ ਇਕੱਤਰਤਾ ਵਿਚ ਜੋ 3.2.45 ਨੂੰ ਹੋਈ, ਮਤਾ ਨੰ. 97 ਤਹਿਤ ਵਿਚਾਰ ਕੀਤਾ ਸੀ ਤੇ ਪ੍ਰਵਾਨਗੀ ਦੇ ਦਿਤੀ। (ਸਿੱਖ ਰਹੁ-ਰੀਤ ਮਰਿਆਦਾ ਧਰਮ ਪ੍ਰਚਾਰ ਕਮੇਟੀ ਅੰਮ੍ਰਿਤਸਰ ਵਜੋਂ ਪ੍ਰਕਾਸ਼ਤ ਕਿਤਾਬਚੇ ਵਿਚੋਂ)। ਇਸ ਕੋਰ ਕਮੇਟੀ ਵਿਚ ਕੁੱਲ ਅੱਠ ਸੱਜਣ ਸਨ। ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਫਿਰ ਇਕ ਰਹੁ ਰੀਤ ਸਬ-ਕਮੇਟੀ ਬਣਾਈ ਜਿਸ ਵਿਚ ਕੁੱਲ 25 ਸੱਜਣ ਸਨ, ਜਿਨ੍ਹਾਂ ਨੇ ਇਸ ਰਹੁ ਰੀਤ ਖਰੜੇ ਨੂੰ ਦੁਬਾਰਾ ਤਿਆਰ ਕੀਤਾ ਜਿਸ ਵਿਚ ਅਜੋਕੀ ਅਰਦਾਸ ਵੀ ਸੀ ਜਿਸ ਤੇ ਵਿਚਾਰ ਕੀਤਾ ਗਿਆ ਸੀ।
ਇਸ ਕੌਰ ਕਮੇਟੀ ਦੀ ਇਕ ਇਕੱਤਰਤਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਈ। ਇਸ ਇਕੱਤਰਤਾ ਵਿਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਇਲਾਵਾ ਦੂਜੇ ਤਖ਼ਤਾਂ ਦੇ ਜਥੇਦਾਰ, ਸੰਤ ਸਮਾਜ ਦੇ ਮੁਖੀ, ਪੱਖ ਤੇ ਵਿਪੱਖ ਦੇ ਵਿਦਵਾਨ ਇਕੱਠੇ ਹੋਏ ਸਨ। ਇਸ ਮਤੇ ਦੀ ਪ੍ਰਵਾਨਗੀ ਲਈ ਸੰਗਤਾਂ ਅਤੇ ਦੇਸ ਪ੍ਰਦੇਸ ਵਿਚ ਵਸਦੇ ਸਿੱਖ ਵਿਦਵਾਨਾਂ ਦੀ ਰਾਏ ਵੀ ਲਈ ਗਈ ਸੀ। ਰਾਏ ਭੇਜਣ ਵਾਲੇ ਕੁੱਲ 50 ਸੱਜਣ ਸਨ ਜਿਨ੍ਹਾਂ ਵਿਚ ਪੱਖ ਅਤੇ ਵਿਪੱਖ ਦੋਵੇਂ ਹੀ ਸਨ।
ਉਪਰੋਕਤ ਕਥਨ ਦਾ ਭਾਵ ਇਹ ਹੈ ਕਿ ਸਿੱਖ ਪੰਥ ਵਿਚ ਇਸ ਪ੍ਰਚਲਤ ਰਹੁ-ਰੀਤ ਅਰਦਾਸ ਅਤੇ ਦਸਮ ਗ੍ਰੰਥ ਬਾਰੇ ਚਰਚਾ ਤਾਂ ਚਿਰਾਂ ਤੋਂ ਚਲਦੀ ਆ ਰਹੀ ਹੈ ਪਰ ਸਾਡੀਆਂ ਕੁੱਝ ਤਥਾਕਥਤ ਧਾਰਮਕ ਸੁਸਾਇਟੀਆਂ ਦੇ ਆਗੂ ਹੀ ਨਹੀਂ ਚਾਹੁੰਦੇ ਕਿ ਇਸ ਨਾਸੂਰ ਬਣਦੇ ਜਾ ਰਹੇ ਫੋੜੇ ਦਾ ਕੋਈ ਇਲਾਜ ਕੀਤਾ ਜਾਵੇ। ਵਿਦਵਾਨਾਂ ਦਾ ਕਹਿਣਾ ਹੈ ਕਿ ਉਪਰੋਕਤ ਇਕੱਤਰਤਾਵਾਂ ਵਿਚ ਪੱਖ ਤੇ ਵਿਪੱਖ ਦੇ ਵਿਦਵਾਨਾਂ ਨੇ ਸਿਰਖਪਾਈ ਤਾਂ ਬਹੁਤ ਕੀਤੀ ਪਰ ਸੰਤ ਸਮਾਜ ਅਤੇ ਡੇਰੇਦਾਰਾਂ ਦੇ ਨਾਲ ਹੀ ਇਨ੍ਹਾਂ ਦਾ ਪੱਖ ਪੂਰਨ ਵਾਲੇ ਜਾਂ ਖ਼ਰੀਦੇ ਹੋਏ ਬ੍ਰਾਹਮਣਵਾਦੀ ਵਿਦਵਾਨਾਂ ਨੇ ਗੱਲ ਕਿਸੇ ਸਿਰੇ ਨਾ ਲੱਗਣ ਦਿਤੀ ਅਤੇ ਇਸ ਫੋੜੇ ਨੂੰ ਉਵੇਂ ਦਾ ਉਵੇਂ ਛੱਡ ਦਿਤਾ।
ਬਸ ਨਾਮ ਮਾਤਰ ਕੁੱਝ ਬਿੰਦੀਆਂ ਟਿੱਪੀਆਂ ਜਾਂ ਸਿਹਾਰੀਆਂ ਬਿਹਾਰੀਆਂ ਸੁਧਾਈ ਕਰ ਕੇ ਗੋਂਗਲੂਆਂ ਤੋਂ ਮਿੱਟੀ ਝਾੜ ਕੇ ਚੁੱਪ ਹੋ ਗਏ। ਸੰਤ ਸਮਾਜ ਇਸ ਗੱਲ ਤੇ ਅੜਿਆ ਹੋਇਆ ਸੀ ਕਿ ਅਰਦਾਸ ਵਿਚ ਆਈ ਭਗੌਤੀ ਦੀਆਂ ਸਤਰਾਂ ਨੂੰ ਛੱਡ ਕੇ ਭਾਵੇਂ ਸਾਰੀ ਅਰਦਾਸ ਬਦਲੀ ਕਰ ਦਿਤੀ ਜਾਵੇ, ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਅੰਤ ਵਿਚ ਤਖ਼ਤਾਂ ਦੇ ਜਥੇਦਾਰਾ ਨੇ ਵੀ ਅਪਣੇ ਹਥਿਆਰ ਸੁੱਟ ਦਿਤੇ ਅਤੇ ਅਰਦਾਸ ਨੂੰ ਪ੍ਰਵਾਨ ਕਰਦਿਆਂ ਹੁਕਮਨਾਮਾ ਜਾਰੀ ਕਰ ਦਿਤਾ ਕਿ ਪ੍ਰਚਲਤ ਅਰਦਾਸ ਵਿਚ ਕੋਈ ਛੇੜ ਛਾੜ ਨਾ ਕੀਤੀ ਜਾਵੇ, ਨਾ ਹੀ ਕੋਈ ਤਬਦੀਲੀ ਹੀ ਕੀਤੀ ਜਾਵੇ ਅਤੇ ਨਾ ਹੀ ਪ੍ਰਕਾਸ਼ਕ ਇਸ ਤੋਂ ਇਲਾਵਾ ਕਿਸੇ ਹੋਰ ਅਰਦਾਸ ਨੂੰ ਛਾਪਣ। ਇਸ ਦੇ ਨਾਲ ਹੀ ਇਕ ਹੁਕਮਨਾਮਾ ਹੋਰ ਜਾਰੀ ਕਰ ਦਿਤਾ ਕਿ ਹੁਣ ਅੱਗੇ ਇਸ ਵਿਸ਼ੇ ਤੇ ਕੋਈ ਵਿਚਾਰ ਵੀ ਨਹੀਂ ਕੀਤੀ ਜਾਣੀ ਚਾਹੀਦੀ।
ਪ੍ਰੇਮ ਸਿੰਘ ਪਾਰਸ
ਸੰਪਰਕ : 92102-35435