ਰਮਜ਼ਾਨ ਉਲ ਮੁਬਾਰਕ: ਸਮਾਜ ਦੀ ਸਿਰਜਨਾ ਤੇ ਭਲਾਈ ਲਈ ਰੱਬ ਵੱਲੋਂ ਦਿੱਤਾ ਤੋਹਫ਼ਾ ਹੈ ਰੋਜ਼ਿਆਂ ਦਾ ਮਹੀਨਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਇਹ ਰੋਜ਼ੇ ਗਰਮੀ ਤੇ ਕਦੇ ਸਰਦੀ ਵਿੱਚੋਂ ਦੀ ਗੁਜ਼ਰਦੇ ਹੋਏ ਸਾਰਾ ਸਾਲ ਗਰਦਿਸ਼ ਕਰਦੇ ਹਨ। 

EID

ਮੁਸਲਿਮ ਸਮਾਜ ਨਾਲ ਸਬੰਧਤ ਰਮਜ਼ਾਨ ਉਲ ਮੁਬਾਰਕ  ਮਹੀਨੇ ਨੂੰ ਲੈ ਕੇ ਅਜਕਲ ਇਸ ਭਾਈਚਾਰੇ ਵਿਚ ਬੇਹੱਦ ਉਤਸ਼ਾਹ ਵਾਲਾ ਮਾਹੌਲ ਹੈ ਕਿਉਂਕਿ ਇਸਲਾਮ ਵਿਚ ਇਸ ਮਹੀਨੇ ਦੀ ਬੇਹੱਦ ਮਹੱੱਤਤਾ ਹੈ। ਇਸਲਾਮ ਦੇ ਪੰਜ ਵੱਡੇ ਅਸੂਲ (ਫ਼ਰਜ਼) ਯਕੀਨ, ਪੰਜ ਵਕਤੀ ਨਮਾਜ਼, ਰਮਜ਼ਾਨ ਮਹੀਨੇ ਦੇ ਰੋਜ਼ੇ, ਗ਼ਰੀਬਾਂ ਦੀ ਮਦਦ ਲਈ ਜ਼ਕਾਤ ਅਤੇ ਹੱਜ ਇਨ੍ਹਾਂ ਵਿਚੋਂ ਇਕ ਰੋਜ਼ੇ ਰੱਖਣ ਦਾ ਇਸਲਾਮੀ ਕੈਲੰਡਰ ਦੇ ਰਮਜ਼ਾਨ ਮਹੀਨੇ ਵਿਚ ਮੁਸਲਮਾਨਾਂ ਵਲੋਂ ਰੋਜ਼ੇ ਰੱਖੇ ਜਾਣ ਦਾ ਹੈ। ਰਮਜ਼ਾਨ ਦੇ ਮਹੀਨੇ ਰਖੇ ਜਾਣ ਵਾਲੇ ਇਹ ਰੋਜ਼ੇ ਅੰਗਰੇਜ਼ੀ ਸਾਲ ਦੇ ਹਰ ਮਹੀਨੇ ਵਿਚ ਆਉਂਦੇ ਹਨ ਕਿਉਂਕਿ ਇਸਲਾਮੀ ਮਹੀਨੇ ਚੰਦ ਅਨੁਸਾਰ ਤੀਹ ਦਿਨ ਤੋਂ ਵੱਧ ਨਹੀਂ ਹੁੰਦੇ ਜਦੋਂ ਕਿ ਈਸਵੀ ਮਹੀਨੇ ਤੀਹ ਦਿਨ ਤੋਂ ਵੱਧ  ਵੀ ਹੁੰਦੇ ਹਨ ਜਿਸ ਕਾਰਨ ਹਰ ਸਾਲ ਲਗਭਗ ਦੱਸ ਦਿਨਾਂ ਦਾ ਫ਼ਰਕ ਪੈ ਜਾਂਦਾ ਹੈ ਜਿਸ ਕਾਰਨ ਇਹ ਪੂਰਾ ਸਾਲ ਬਦਲ ਬਦਲ ਵਖੋ-ਵੱਖ ਸਮੇਂ ਤੇ ਆਉਂਦੇ ਰਹਿੰਦੇ ਹਨ ਤੇ ਇਹ ਫ਼ਰਕ 35 ਸਾਲ ਬਾਦ ਪੂਰਾ ਹੋ ਕੇ ਫਿਰ ਪਹਿਲੇ ਹੀ ਦਿਨ ਤੇ ਆ ਜਾਂਦੇ ਹਨ ਭਾਵ ਕਿ ਇਹ ਰੋਜ਼ੇ ਗਰਮੀ ਤੇ ਕਦੇ ਸਰਦੀ ਵਿਚੋਂ ਦੀ ਗੁਜ਼ਰਦੇ ਹੋਏ ਸਾਰਾ ਸਾਲ ਗਰਦਿਸ਼ ਕਰਦੇ ਹਨ। 

ਇਸ ਪਵਿੱਤਰ ਮਹੀਨੇ ਦੀਆਂ ਵਿਸ਼ੇਸ਼ਤਾਵਾਂ ਬਾਰੇ  ਪੈਗ਼ੰਬਰ ਏ ਇਸਲਾਮ ਹਜ਼ਰਤ ਮੁਹੰਮਦ ਸਾਹਿਬ (ਸਲ.) ਫ਼ੁਰਮਾਉਂਦੇ ਹਨ ਕਿ ‘ਲੋਕੋ ਤੁਹਾਡੇ ਤੇ ਇਕ ਮਹੀਨਾ ਬਹੁਤ ਮੁਬਾਰਕ ਬਰਕਤਾਂ ਵਾਲਾ ਆ ਰਿਹਾ ਹੈ। ਇਸ ਦੀ ਇਕ ਰਾਤ ਸ਼ੱਬੇ ਕਦਰ ਹਜ਼ਾਰਾਂ ਮਹੀਨਿਆਂ ਤੋਂ ਵੱਧ ਕੇ ਹੈ। ਅੱਲ੍ਹਾ ਨੇ ਇਸ ਦੇ ਰੋਜ਼ਿਆਂ ਨੂੰ ਫ਼ਰਜ਼ ਕੀਤਾ ਹੈ ਤੇ  ਰਾਤ ਦੇ ਕਿਯਾਮ ਯਾਨੀ ਤਰਾਵੀਹ (ਰਮਜ਼ਾਨ ਮਹੀਨੇ ਦੀਆਂ ਰਾਤਾਂ ਦੀ ਵਿਸ਼ੇਸ਼ ਨਮਾਜ਼ ਨੂੰ) ਤੁਹਾਡੇ  ਲਈ ਸਵਾਬ ਦੀ ਚੀਜ਼ ਬਣਾਇਆ ਹੈ। ਜੋ ਬੰਦਾ ਇਸ ਮਹੀਨੇ ਵਿਚ ਨੇਕੀ ਨਾਲ ਅੱਲਾਹ ਦਾ ਕੁਰਬ ਹਾਸਲ ਕਰੇ, ਉਹ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਗ਼ੈਰ ਰਮਜ਼ਾਨ ਮਹੀਨੇ ਵਿਚ ਫ਼ਰਜ਼ ਅਦਾ ਕਰੇ। ਇਹ ਮਹੀਨਾ ਸਬਰ ਦਾ ਹੈ ਤੇ ਸਬਰ ਦਾ ਬਦਲਾ ਜਨਤ (ਸਵਰਗ) ਹੈ ਤੇ ਇਹ ਮਹੀਨਾ ਲੋਕਾਂ ਨਾਲ ਗ਼ਮਖੁਆਰੀ ਹਮਦਰਦੀ ਕਰਨ ਦਾ ਹੈ। ਇਸ ਮਹੀਨੇ ਮੋੋਮਿਨ ਦਾ ਰਿਜ਼ਕ ਵਧਾ ਦਿਤਾ ਜਾਂਦਾ ਹੈ। ਜੋ ਬੰਦਾ ਕਿਸੇ ਰੋਜ਼ੇਦਾਰ ਦਾ ਰੋਜ਼ਾ ਇਫ਼ਤਾਰ ਕਰਵਾਏ  (ਖੁਲਵਾਏ) ਉਸ ਦੇ ਸਾਰੇ ਗੁਨਾਹ ਮਾਫ਼ ਹੋ ਜਾਣਗੇ ਅਤੇ ਅੱਗ ਤੋਂ ਖ਼ਲਾਸੀ ਦਾ ਸਬੱਬ ਹੋਵੇਗਾ ਤੇ ਰੱਬ ਵਲੋਂ ਰੋਜ਼ੇਦਾਰ ਜਿੰਨੀਆਂ ਵੀ ਨੇਕੀਆਂ ਰੋਜ਼ਾ ਖੁਲ੍ਹਵਾਉਣ ਵਾਲੇ ਨੂੰ ਦਿਤੀਆਂ ਜਾਣਗੀਆਂ ਤੇ ਉਸ ਦੇ ਸਵਾਬ ਵਿਚ ਕੋਈ ਨੇਕੀ ਘੱਟ ਨਹੀਂ ਕੀਤੀ ਜਾਵੇਗੀ।’ ਤਾਂ ਹਜਰਤ ਮੁਹੰਮਦ (ਸਲ.) ਦੇ ਸਾਥੀਆਂ ਨੇ ਕਿਹਾ ਕਿ ਰਸੂਲੁਲੱਾਹ ਸਾਡੇ ਵਿਚੋਂ ਹਰ ਕੋਈ ਤਾਂ ਇਸ ਦੀ ਤਾਕਤ ਨਹੀਂ ਰਖਦਾ ਕਿ ਰੋਜ਼ੇਦਾਰ ਦਾ ਰੋਜ਼ਾ ਖੁਲ੍ਹਵਾਏ ਤਾਂ ਆਪ ਨੇ ਫ਼ੁਰਮਾਇਆ ਕਿ ਇਹ ਸਵਾਬ ਪੇਟ ਭਰ ਕੇ ਖੁਲ੍ਹਵਾਉਣ ਤੇ ਹੀ ਨਹੀਂ ਮਿਲਦਾ ਸਗੋਂ ਇਹ ਨੇਕੀਆਂ ਤਾਂ ਰੱਬ ਇਕ ਖਜੂਰ ਨਾਲ ਕਿਸੇ ਦਾ ਰੋਜ਼ਾ ਖੁਲ੍ਹਵਾਏ ਜਾਂ ਇਕ ਘੁੱਟ ਪਾਣੀ ਨਾਲ ਖੁਲ੍ਹਵਾਏ ਅੱਲਾ ਉਸ ਤੇ ਵੀ ਦੇ ਦਿੰਦੇ ਹਨ। ਇਹ ਅਜਿਹਾ ਮਹੀਨਾ ਹੈ।

ਇਸ ਦਾ ਪਹਿਲਾ ਹਿੱਸਾ ਅੱਲਾ ਦੀ ਰਹਿਮਤ ਹੈ ਤੇ ਆਖ਼ਰੀ ਹਿਸਾ ਅੱਗ ਤੋਂ ਆਜ਼ਾਦੀ ਹੈ ਤੇ ਦਰਮਿਆਨੀ ਹਿੱਸਾ ਮਗਫ਼ਿਰਤ, ਜੋ ਬੰਦਾ ਇਸ ਮਹੀਨੇ ਵਿਚ ਹਲਕਾ ਕਰ ਦੇਵੇ ਅਪਣੇ ਗ਼ੁਲਾਮ ਤੇ ਖ਼ਾਦਿਮ ਦੇ ਬੋਝ ਨੂੰ ਅੱਲਾਹ ਉਸ ਦੀ ਬਖ਼ਸ਼ਿਸ਼ ਕਰ ਦੇਣਗੇ  ਤੇ ਅੱਗ (ਨਰਕ) ਤੋਂ ਉਸ ਨੂੰ ਆਜ਼ਾਦੀ ਫ਼ੁਰਮਾ ਦੇਣਗੇ। ਹਜ਼ਰਤ ਮੁਹੰਮਦ ਸਾਹਿਬ ਨੇ ਕਿਹਾ ਕਿ ਚਾਰ ਚੀਜ਼ਾਂ ਦੀ  ਇਸ ਮਹੀਨੇ ਵਿਚ ਕਸਰਤ ਰੱਖੋ ਜਿਸ ਵਿਚੋਂ ਦੋ ਚੀਜ਼ਾਂ ਅੱਲਾਹ ਦੀ ਰਜ਼ਾ ਵਾਸਤੇ ਤੇ ਦੋ ਚੀਜ਼ਾਂ ਅਜਿਹੀਆਂ ਹਨ ਜਿਨ੍ਹਾਂ ਤੋਂ ਬਿਨਾਂ ਚਾਰਾ ਏ ਕਾਰ ਨਹੀਂ। ਪਹਿਲੀਆਂ ਦੋ ਚੀਜ਼ਾਂ ਜੋ ਅੱਲਾਹ ਨੂੰ ਰਾਜ਼ੀ ਕਰਨ  ਵਾਸਤੇ ਹਨ, ਉਨ੍ਹਾਂ ਵਿਚ ਪਹਿਲੀ ਕਲਮਾ-ਏ-ਤੋਇਬਾ ਲਾ-ਈ-ਲਾਹਾ ਇਲਲੱਾਹ ਮੁਹੰਮਦ ਰਸੂੱਲੁਲਾਹ ਤੇ ਦੂਜੇ ਇਸਤਗਫ਼ਾਰ (ਅੱਲਾਹ ਤੋਂ ਗੁਨਾਹਾਂ ਦੀ ਮਾਫ਼ੀ) ਦੀ ਕਸਰਤ ਹੈ ਔਰ ਦੋ ਚੀਜ਼ਾਂ ਜਨਤ ਦੀ ਤਲਬ ਤੇ ਅੱਗ ਤੋਂ ਖ਼ਲਾਸੀ ਦੀ ਪਨਾਹ ਹਨ। ਜਿਹੜਾ ਬੰਦਾ ਰੋਜ਼ੇਦਾਰ ਨੂੰ ਪਾਣੀ ਪਿਆਏ ਕਿਆਮਤ ਦੇ ਦਿਨ ਅੱਲਾਹ ਪਾਕ ਮੇਰੀ ਹੋਜ਼ ਤੋਂ ਐਸਾ ਪਾਣੀ ਪਿਲਾਉਣਗੇ ਕਿ ਜਨਤ ਦੇ ਦਾਖ਼ਲ ਹੋਣ ਤਕ ਉਸ ਨੂੰ ਪਿਆਸ ਨਹੀਂ ਲੱਗੇਗੀ। ਇਸ ਮਹੀਨੇ ਨੂੰ ਬੇਸ਼ਕ ਰੱਬ ਪਰਵਿਦਗਾਰ ਵਲੋਂ ਇਨਸਾਨ ਵਿਚ ਖ਼ੂਬੀਆਂ ਪੈਦਾ ਕਰਨ, ਸਬਰ ਤੇ ਦੂਜਿਆਂ ਦੀਆਂ ਤਕਲੀਫ਼ਾਂ ਨੂੰ ਸਮਝਣ ਲਈ ਇਕ ਮਾਰਗ ਦਰਸ਼ਨ ਦੇ ਰੂਪ ਵਿਚ ਇਨਸਾਨੀਅਤ ਨੂੰ ਦਿਤਾ ਗਿਆ ਇਕ ਇਨਾਮ ਵੀ ਕਿਹਾ ਜਾ ਸਕਦਾ ਹੈ। 

ਡਾਕਟਰਾਂ ਤੇ ਹਕੀਮਾਂ ਅਨੁਸਾਰ ਜਿਥੇ ਰੋਜ਼ੇ ਰੱਖਣ ਨਾਲ ਸ੍ਰੀਰ ਤੇ ਪੇਟ ਦੀਆਂ ਅਨੇਕਾਂ ਬਿਮਾਰੀਆਂ ਤੋਂ ਇਨਸਾਨ ਨੂੰ ਰਾਹਤ ਮਿਲਦੀ ਹੈ, ਉਥੇ ਹੀ ਧਾਰਮਕ ਗੁਰੂਆਂ ਅਨੁਸਾਰ ਆਤਮਕ ਸ਼ਾਂਤੀ ਲਈ ਭੁੱਖੇ ਪਿਆਸੇ ਰੱਖ ਕੇ ਕੋਈ ਫ਼ਾਇਦਾ ਰੱਬ ਦੀ ਜਾਤ ਨੂੰ ਨਹੀਂ ਹੈ, ਸਗੋਂ ਸਹੀ ਸ਼ਬਦਾਂ ਵਿਚ ਇਸ ਨੂੰ ਇਹ ਸਮਝਾਉਣਾ ਹੀ ਹੈ ਕਿ ਗ਼ਰੀਬ ਲੋਕ ਅਪਣੀ ਭੁੱਖ ਪਿਆਸ ਕਿਸ ਤਰ੍ਹਾਂ ਬਰਦਾਸ਼ਤ ਕਰਦੇ ਹਨ। ਉਨ੍ਹਾਂ ਅਨੁਸਾਰ ਇਨਸਾਨ ਅੰਦਰ ਗੁਨਾਹਾਂ ਦੀ ਰਗ਼ਬਤ ਪੇਟ ਭਰੇ ਹੋਣ ਕਾਰਨ ਵੱਧ ਪੈਦਾ ਹੁੰਦੀ ਹੈ ਤੇ ਗੰਦੇ ਖ਼ਿਆਲ ਵੀ ਇਸੇ ਕਰ ਕੇ ਦਿਲ ਵਿਚ ਪੈਦਾ ਹੁੰਦੇ ਹਨ ਤੇ ਰੋਜ਼ੇ ਰੱਖਣ ਨਾਲ ਗ਼ਲਤ ਖ਼ਿਆਲ ਤੇ ਦਿਲ ਦੀ ਖੋਟ ਦੂਰ ਹੋ ਜਾਂਦੀ ਹੈ। ਦੂਜੇ ਪਾਸੇ ਰੱਬ ਦੇ ਮੰਨਣ ਤੇ ਡਰ ਦੀ ਇੰਤਹਾ ਵੀ ਇਨ੍ਹਾਂ ਰੋਜ਼ਿਆਂ ਅੰਦਰ ਛੁਪੀ ਹੋਈ ਹੈ ਕਿ ਤੜਕੇ ਪਹੁ ਫੁਟਾਲੇ ਤੋਂ ਲੈ ਕੇ ਸੂਰਜ ਦੇ ਛਿਪਣ ਤਕ ਲਗਭਗ 15-16 ਘੰਟੇ ਬਿਨਾਂ ਖਾਧੇ ਪੀਤੇ ਭੁੱਖ ਬਰਦਾਸ਼ਤ ਕਰਨਾ ਰੱਬ ਦਾ ਡਰ ਨਹੀਂ ਤਾਂ ਹੋਰ ਕੀ ਹੈ? ਜਦੋਂ ਕਿ ਰੋਜ਼ੇਦਾਰ ਲੁੱਕ ਛਿੱਪ ਕੇ ਵੀ ਕੁੱਝ ਖਾ ਪੀ ਸਕਦਾ ਹੈ। ਇਸੇ ਲਈ ਹਦੀਸੇ ਕੁਦਸੀ ਵਿਚ ਅੱਲਾ ਪਾਕ ਫ਼ੁਰਮਾਉਂਦੇ ਹਨ ਕਿ ਹਰ ਕੰਮ ਦਾ ਬਦਲਾ ਉਸ ਵਲੋਂ ਤੈਅ ਫ਼ਰਿਸ਼ਤਿਆਂ ਵਲੋਂ ਦਿਤਾ ਜਾਵੇਗਾ ਪਰ ਰੋਜ਼ੇ ਦਾ ਬਦਲਾ ਕਿਆਮਤ ਵਾਲੇ ਦਿਨ ਉਹ ਖ਼ੁਦ ਦੇਣਗੇ ਕਿਉਂਕਿ ਇਹ ਸਿਰਫ਼ ਮੇਰੇ ਲਈ ਹੀ ਹੈ, ਇਸ ਵਿਚ ਕੋਈ ਵਿਖਾਵਾ ਨਹੀਂ ਹੋ ਸਕਦਾ।

ਇਸੇ ਲਈ ਇਕ ਜਗ੍ਹਾ ਮੁਹੰਮਦ ਸਾਹਿਬ (ਸਲ.) ਫ਼ੁਰਮਾਉਂਦੇ ਹਨ ਕਿ ਇਹ ਮਹੀਨਾ ਰੱਬ ਵੱਲੋਂ ਵੱਡੀਆਂ ਰਹਿਮਤਾਂ ਅਤੇ ਬਰਕਤਾਂ ਵਾਲਾ ਬਣਾਇਆ ਗਿਆ ਹੈ। ਕਿਹਾ ਕਿ  ਜੇਕਰ ਲੋਕਾਂ ਨੂੰ ਇਹ ਪਤਾ ਚੱਲ ਜਾਵੇ ਕਿ ਰਮਜ਼ਾਨ ਕੀ ਚੀਜ਼ ਹੈ ਤਾਂ ਮੇਰੀ ਉੱਮਤ ਇਹ ਤਮੰਨਾ ਕਰੇਗੀ ਕਿ ਸਾਰਾ ਸਾਲ ਹੀ ਰਮਜ਼ਾਨ ਰਹੇ। ਇਸ ਮਹੀਨੇ ਬਾਰੇ ਹਜ਼ਰਤ ਮੁਹੰਮਦ (ਸਲ.) ਇਕ ਜਗ੍ਹਾ ਹੋਰ ਫ਼ੁਰਮਾਉਂਦੇ ਹਨ ਕਿ ਮੇਰੀ ਉੱਮਤ ਨੂੰ ਰਮਜ਼ਾਨ ਸ਼ਰੀਫ਼ ਬਾਰੇ ਹੋਰ ਉੱਮਤਾਂ ਨਾਲੋਂ ਪੰਜ ਚੀਜ਼ਾਂ ਵਿਸ਼ੇਸ਼ ਤੌਰ ਉਤੇ ਦਿਤੀਆਂ ਗਈਆਂ ਹਨ, ਪਹਿਲੀ ਭੁੱਖੇ ਰਹਿਣ ਕਾਰਨ ਇਨ੍ਹਾਂ ਦੇ ਮੂੰਹ ਦੀ ਬੂ ਰੱਬ ਨੂੰ ਮੁਸ਼ਕ ਤੋਂ ਜਿਆਦਾ ਮਹਿਬੂਬ ਹੈ। ਦੂਜੇ ਰੋਜ਼ੇਦਾਰ ਲਈ ਮਛਲੀਆ ਰੋਜ਼ਾ ਖੋਲ੍ਹਣ ਤਕ ਬਖ਼ਸ਼ਿਸ਼ ਦੀ ਦੁਆ ਕਰਦੀਆਂ ਹਨ। ਤੀਜੇ ਰੱਬ ਵਲੋਂ ਜਨਤ (ਸਵਰਗ) ਰੋਜ਼ੇਦਾਰਾਂ ਲਈ ਹਰ ਰੋਜ਼ ਸਜਾਈ ਜਾਂਦੀ ਹੈ। ਚੌਥੇ ਸ਼ੈਤਾਨ ਨੂੰ ਇਸ ਮਹੀਨੇ ਕੈਦ ਕਰ ਲਿਆ ਜਾਦਾ ਹੈ। ਪੰਜਵੇਂ ਰਮਜ਼ਾਨ ਦੀ ਆਖ਼ਰੀ ਰਾਤ ਨੂੰ ਰੋਜ਼ੇਦਾਰਾਂ ਦੀ ਮਗਫ਼ਿਰਤ (ਬਖ਼ਸ਼ਿਸ਼) ਕਰ ਦਿਤੀ ਜਾਂਦੀ ਹੈ, ਇਸੇ ਦੀ ਖ਼ੁਸ਼ੀ ਵਜੋਂ ਮੁਸਲਿਮ ਲੋਕ ਈਦ ਮਨਾਉਂਦੇ ਹਨ ਤੇ ਇਸ ਦੀਆਂ ਖ਼ੁਸ਼ੀਆਂ ਵਿਚ ਸਾਰਾ ਸਮਾਜ ਸ਼ਰੀਕ ਹੋ ਸਕੇ, ਇਸ ਲਈ ਗ਼ਰੀਬ ਲੋਕਾਂ ਨੂੰ ਜ਼ੁਕਾਤ, ਸਦਕਾ ਏ ਫਿਤਰ ਦੇ ਰੂਪ ਵਿਚ ਦਾਨ ਪੁੰਨ ਕੀਤਾ ਜਾਂਦਾ ਹੈ ਜੋ ਜ਼ਕਾਤ ਦੇ ਰੂਪ ਵਿਚ ਹਰ ਮਾਲਦਾਰ ਮੁਸਲਮਾਨ ਤੇ ਉਸ ਦੀ ਆਮਦਨ ਤੇ  ਢਾਈ ਫ਼ੀ ਸਦੀ ਫ਼ਰਜ਼ ਕੀਤਾ ਗਿਆ ਹੈ ਕਿ ਉਹ ਹਰ ਸਾਲ ਇਸ ਦੀ ਅਦਾਇਗੀ ਕਰੇ।

ਇਸ ਮਹੀਨੇ  ਦੇ ਅਖ਼ੀਰਲੇ ਦਸ ਦਿਨਾਂ ਦੀਆਂ ਟਾਂਕ ਰਾਤਾਂ ਵਿਚ ਇਕ ਵਿਸ਼ੇਸ਼ ਰਾਤ ‘ਸ਼ੱਬੇ ਕਦਰ’ ਨੂੰ ਇਨਾਮ ਦੇ ਰੂਪ ਵਿਚ ਦਿਤਾ ਗਿਆ ਹੈ ਜਿਸ ਵਿਚ ਕੀਤੀ ਗਈ ਇਬਾਦਤ ਹਜ਼ਾਰਾਂ ਸਾਲਾਂ ਨਾਲੋਂ ਅਫ਼ਜ਼ਲ ਮੰਨੀ ਜਾਂਦੀ ਹੈ। ਏਨਾ ਕੁੱਝ ਹੋਣ ਦੇ ਬਾਵਜੂਦ ਵੀ ਇਸ ਪਵਿੱਤਰ ਮਹੀਨੇ ਵਿਚ ਵੀ  ਚਾਰ ਕਿਸਮ ਦੇ ਲੋਕਾਂ ਦੀ ਰੱਬ ਵਲੋਂ ਮਾਫ਼ੀ ਤੇ ਬਖ਼ਸ਼ਿਸ਼ ਕੀਤੀ ਜਾਂਦੀ ਹੈ, ਪਹਿਲਾ ਸ਼ਰਾਬ ਪੀਣ ਵਾਲਾ, ਦੂਜਾ ਮਾਂ-ਬਾਪ ਦੀ ਨਾ ਫ਼ੁਰਮਾਨੀ ਕਰਨ ਵਾਲਾ, ਤੀਜਾ ਰਿਸ਼ਤੇ ਨਾਤੇ ਤੋੜਣ ਵਾਲਾ, ਚੌਥੇ ਕਿਸੇ ਪ੍ਰਤੀ ਘ੍ਰਿਣਾ ਰੱਖਣ ਵਾਲਾ। ਜਿਹੜਾ ਰੋਜ਼ੇਦਾਰ ਰੋਜ਼ੇ ਨੂੰ ਰੱਖਣ ਤੇ ਖੋਲ੍ਹਣ ਵੇਲੇ ਹਰਾਮ ਦੀ ਕਮਾਈ ਦਾ ਇਸਤੇਮਾਲ ਕਰ ਰਿਹਾ ਹੈ ਜਾਂ ਚੁਗਲੀ ਨਿੰਦਾ ਤੇ ਗੁਨਾਹਾਂ ਵਾਲੇ ਕੰਮ ਕਰ ਰਿਹਾ ਹੈ, ਮੁਹੰਮਦ ਸਹਿਬ (ਸਲ.) ਅਨੁਸਾਰ ਇਸ ਨੂੰ ਭੁੱਖੇ ਪਿਆਸੇ ਰਹਿਣ ਤੋਂ ਇਲਾਵਾ ਕੁੱਝ ਵੀ ਨਹੀਂ ਮਿਲਦਾ।

ਸਹੀ ਸ਼ਬਦਾਂ ਵਿਚ ਅਸੀ ਇਹ ਕਹਿ ਸਕਦੇ ਹਾਂ ਕਿ ਪਵਿੱਤਰ ਰਮਜ਼ਾਨ ਦਾ ਮਕਸਦ ਇਸਲਾਮ  ਨੇ ਬਿਹਤਰ ਸਮਾਜ ਦੀ ਸਿਰਜਣਾ, ਸਮਾਜ ਲਈ ਇਕ ਚੰਗਾ ਇਨਸਾਨ ਬਣਾ ਕੇ ਇਨਸਾਨੀਅਤ ਨੂੰ ਭਲਾਈਆਂ ਅਤੇ ਰੱਬ ਦੀ ਬੰਦਗੀ ਦੀ ਤਰਫ਼ ਜਿਥੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਉਥੇ ਹੀ ਰੱਬ ਵਲੋਂ ਉਸ ਨੂੰ ਸਬਰ ਕਰਨ ਵਾਲਾ, ਦੂਜਿਆਂ ਦੇ ਕੰਮ ਆਉਣ ਵਾਲਾ, ਸਹਿਣਸ਼ਕਤੀ ਦਾ ਅਲੰਬਰਦਾਰ ਬਣਾ ਕੇ ਦੁਨੀਆਵੀਂ ਜ਼ਿੰਦਗੀ ਜਿਊਣ ਦੇ ਪਦ ਦਿਤੇ ਗਏ ਹਨ ਕਿ ਉਹ ਇਕ ਬੇਹਤਰ ਇਨਸਾਨ ਬਣ ਕੇ ਇਸ ਜ਼ਿੰਦਗੀ ਨੂੰ ਪੂਰਾ ਕਰ ਕੇ ਜਾਵੇ ਜਿਸ ਨਾਲ ਉਸ ਦੀ ਅਤੇ ਦੂਜਿਆਂ ਦੀ ਭਲਾਈ ਹੋ ਸਕੇ।   

(ਐਮ. ਇਸਮਾਈਲ ਏਸ਼ੀਆ 
ਪੱਤਰਕਾਰ ਰੋਜ਼ਾਨਾ ਸਪੋਕਸਮੈਨ, ਮਾਲੇਰਕੋਟਲਾ।
ਸੰਪਰਕ : 98559-78675)