400 ਸਾਲਾ ਪ੍ਰਕਾਸ਼ ਪੁਰਬ ’ਤੇ ਵਿਸ਼ੇਸ਼: ਮਨੁੱਖਤਾ ਦੇ ਰਖਿਅਕ ਸ੍ਰੀ ਗੁਰੂ ਤੇਗ਼ ਬਹਾਦਰ ਜੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸਿੱਖੀ ਤੇ ਧਰਮ ਪ੍ਰਚਾਰ ਲਈ ਵੱਖ-ਵੱਖ ਸਥਾਨਾਂ ਦੀ ਲੰਮੀ ਯਾਤਰਾ ਕਰਨ ਤੋਂ ਬਾਅਦ, ਗੁਰੂ ਜੀ ‘ਬਾਬਾ ਬਕਾਲਾ’ ਵਿਚ ਨੈਤਿਕਤਾ ਤੇ ਧਰਮ ਪ੍ਰਚਾਰ ਲਈ ਰੁਕੇ ਹੋਏ ਸਨ।

Guru Tegh Bahadur Ji

 

ਲਾਸਾਨੀ ਸ਼ਹਾਦਤ ਦੇਣ ਵਾਲੇ, ਮਹਾਨ ਸ਼ਹੀਦ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਜਨਮ 1621 ਈ. ਵਿਚ ਪਿਤਾ ਸ੍ਰੀ ਗੁਰੂ ਹਰਗੋਬਿੰਦ ਜੀ ਅਤੇ ਮਾਤਾ ਨਾਨਕੀ ਜੀ ਦੀ ਕੁਖੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪਵਿੱਤਰ ਅਸਥਾਨ ਤੇ ਹੋਇਆ ਸੀ। ਇਹ ਬਹਾਦਰ, ਦਲੇਰ, ਵੈਰਾਗੀ ਅਦਭੁਤ ਬਾਲਕ, ਅਪਣੇ ਭੈਣ-ਭਰਾਵਾਂ ਵਿਚੋਂ ਸੱਭ ਤੋਂ ਛੋਟੇ ਸਨ, ਜਿਨ੍ਹਾਂ ਦਾ ਵਿਆਹ, 1634 ਈ. ਵਿਚ ਮਾਤਾ ਗੁਜਰੀ ਜੀ ਨਾਲ ਹੋਇਆ ਸੀ। ਵਿਆਹ ਤੋਂ ਲਗਭਗ 32 ਸਾਲਾਂ ਬਾਅਦ, ਆਪ ਜੀ ਦੇ ਘਰ, ਦਸਮੇਸ਼ ਪਿਤਾ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਦੇ ਰੂਪ ਵਿਚ ਪ੍ਰਕਾਸ਼ ਹੋਇਆ। ਧਾਰਮਕ ਪ੍ਰਵਿਰਤੀ ਦੇ ਮਾਲਕ ਗੁਰੂ ਤੇਗ਼ ਬਹਾਦਰ ਜੀ, ਸਿੱਖੀ ਤੇ ਧਰਮ ਪ੍ਰਚਾਰ ਲਈ ਵੱਖ-ਵੱਖ ਸਥਾਨਾਂ ਦੀ ਲੰਮੀ ਯਾਤਰਾ ਕਰਨ ਤੋਂ ਬਾਅਦ, ਗੁਰੂ ਜੀ ‘ਬਾਬਾ ਬਕਾਲਾ’ ਵਿਚ ਨੈਤਿਕਤਾ ਤੇ ਧਰਮ ਪ੍ਰਚਾਰ ਲਈ ਰੁਕੇ ਹੋਏ ਸਨ।

 

 

ਉਧਰ ਗੁਰੂ ਹਰਕ੍ਰਿਸ਼ਨ ਜੀ ਵਲੋਂ ਅਪਣੇ ਉਤਰਾਧਿਕਾਰੀ ਦੀ ਘੋਸ਼ਣਾ ਲਈ, ਸਿਰਫ਼ ਦੋ ਸ਼ਬਦ ‘ਬਾਬਾ ਬਕਾਲਾ’ ਈ ਆਖੇ ਗਏ ਸਨ ਪਰ ਇਸ ਮੌਕੇ ਦਾ ਕਈ ਭੇਖਾਧਾਰੀ ਲੋਕਾਂ ਨੇ ਗੁਰੂਗੱਦੀ ਦੀ ਪ੍ਰਾਪਤੀ ਲਈ ਫ਼ਾਇਦਾ ਚੁੱਕਣ ਦੀ ਕੋਸ਼ਿਸ਼ ਵੀ ਕੀਤੀ ਪਰ ਭਾਈ ਮੱਖਣ ਸ਼ਾਹ, ਗੁਰੂ ਸਾਹਿਬ ਦੀ ਅਸਲ ਪਛਾਣ ਕਰਨ ਵਿਚ ਕਾਮਯਾਬ ਰਹੇ ਤੇ ਗੁਰੂ ਤੇਗ਼ ਬਹਾਦਰ ਜੀ, ਨੌਵੇਂ ਗੁਰੂ ਦੇ ਰੂਪ ਵਿਚ ਗੱਦੀਨਸ਼ੀਨ ਹੋਏ। ਉਹਨਾਂ ਨੇ ਪ੍ਰਮਾਤਮਾ ਦੇ ਸਿਮਰਨ ਨਾਲ ਲੋਕਾਂ ਨੂੰ ਨੈਤਿਕਤਾ ਤੇ ਦਲੇਰੀ ਨਾਲ ਸੱਚਾ-ਸੁੱਚਾ ਜੀਵਨ ਦੇਣ ਦੀਆਂ ਸਿਖਿਆਵਾਂ ਦਿਤੀਆਂ। ਇਕ ਪਾਸੇ, ਗੁਰੂ ਜੀ ਦੀ ਅਦੁਤੀ ਸ਼ਖ਼ਸੀਅਤ ਕਾਰਨ, ਉਨ੍ਹਾਂ ਦੀ ਪ੍ਰਸਿੱਧੀ ਤੇ ਮਕਬੂਲੀਅਤ ਵਧਦੀ ਜਾ ਰਹੀ ਸੀ ਤੇ ਦੂਜੇ ਪਾਸੇ ਔਰੰਗਜ਼ੇਬ ਦੇ ਜ਼ੁਲਮ ਦਾ ਕਹਿਰ ਸਾਰੀਆਂ ਹੱਦਾਂ ਬੰਨੇ ਟੱਪ ਰਿਹਾ ਸੀ। ਉਸ ਦਾ ਚਰਿੱਤਰ ਦੇਖੋ, ਰਾਜ ਲਈ ਅਪਣੇ ਹੀ ਪਿਤਾ, ਭਰਾਵਾਂ ਤੇ ਅਪਣੇ ਪੁੱਤਰ ਤਕ ਨੂੰ, ਧਾਰਮਕ ਕੱਟੜਵਾਦ ਦੇ ਸਤੰਭ ਔਰੰਗਜ਼ੇਬ ਨੇ ਕਤਲ ਕਰ ਦਿਤਾ ਸੀ।

 

ਉਸ ਨੇ ਮੰਦਰਾਂ, ਸਕੂਲਾਂ ਤੇ ਪਾਬੰਦੀ ਲਾ ਕੇ, ਹਿੰਦੂਆਂ ਉਤੇ ਜਜ਼ੀਆ ਵਰਗੇ ਕਰ ਲਾ ਕੇ, ਹਰੇਕ ਨੂੰ ਧੱਕੇ ਨਾਲ ਇਸਲਾਮ ਧਰਮ ਕਬੂਲ ਕਰਨ ਲਈ ਅੰਨ੍ਹੇਵਾਹ ਤਸ਼ੱਦਦ ਕਰਨੇ ਸ਼ੁਰੂ ਕਰ ਦਿਤੇ। ਉਸ ਸਮੇਂ ਦੇ ਕਸ਼ਮੀਰੀ ਹਿੰਦੂਆਂ, ਖ਼ਾਸਕਰ ਬ੍ਰਾਹਮਣਾਂ ਦੀ ਪੂਰੇ ਦੇਸ਼ ’ਚ ਅਪਣੀ ਵਿਦਵਤਾ ਕਾਰਨ, ਬਹੁਤ ਹੀ ਮਾਨਤਾ ਸੀ। ਔਰੰਗਜ਼ੇਬ ਦੀ ਸੋਚ ਸੀ ਕਿ ਜੇਕਰ ਇਹ ਮੁਸਲਮਾਨ ਬਣ ਜਾਣ ਤਾਂ ਬਾਕੀ ਜਨਤਾ ਤਾਂ ਆਪੇ ਇਸਲਾਮ ਕਬੂਲ ਕਰ ਲਵੇਗੀ, ਇਸ ਕੰਮ ਲਈ ਉਸ ਨੇ, ਇਫ਼ਤਾਰ ਖ਼ਾਨ ਨੂੰ ਕਸ਼ਮੀਰ ਦਾ ਗਵਰਨਰ ਲਾ ਕੇ, ਉਸ ਰਾਹੀਂ ਕਸ਼ਮੀਰੀ ਬ੍ਰਾਹਮਣਾਂ ਤੇ ਤਸ਼ੱਦਦ ਕਰਨ ਦੀ ਅੱਤ ਕਰ ਦਿਤੀ। ਇਸ ਔਖੀ ਘੜੀ ਵਿਚ ਬ੍ਰਾਹਮਣਾਂ ਦੇ 16 ਪ੍ਰਮੁੱਖ ਆਗੂਆਂ ਨੇ, ਧਰਮ ਦੀ ਰਾਖੀ ਹਿਤ, ਗੁਰੂ ਤੇਗ਼ ਬਹਾਦਰ ਜੀ ਕੋਲ ਅਨੰਦਪੁਰ ਸਾਹਿਬ ਵਿਖੇ ਗੁਹਾਰ ਲਗਾਈ।

ਉਸ ਸਮੇਂ ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਜੋ ਕਿ ਸਿਰਫ਼ 9 ਸਾਲ ਦੇ ਹੀ ਸਨ, ਦਰਬਾਰ ਵਿਚ ਈ ਸਨ। ਉਹਨਾਂ ਗੁਰੂ ਤੇਗ਼ ਬਹਾਦਰ ਜੀ ਨੂੰ ਪੁਛਿਆ ਕਿ, ‘‘ਹੁਣ ਧਰਮ ਦੀ ਰਾਖੀ ਲਈ ਕੀ ਕੀਤਾ ਜਾਵੇ” ਤਾਂ ਗੁਰੂ ਜੀ ਨੇ ਕਿਹਾ ਕਿ, ‘‘ਧਰਮ ਨੂੰ ਬਚਾਉਣ ਲਈ, ਕਿਸੇ ਮਹਾਂਪੁਰਸ਼ ਦੀ ਕੁਰਬਾਨੀ, ਸਮੇਂ ਦੀ ਮੰਗ ਹੈ”। ਗੁਰੂ ਗੋਬਿੰਦ ਸਿੰਘ ਨੇ ਦਲੇਰੀ ਨਾਲ ਕਿਹਾ, ‘‘ਫਿਰ, ਆਪ ਤੋਂ ਵੱਡਾ ਮਹਾਂਪੁਰਸ਼ ਹੋਰ ਕੌਣ ਹੈ?’’ ਗੁਰੂ ਸਾਹਿਬ ਤਾਂ ਪਹਿਲਾਂ ਹੀ ਫ਼ੈਸਲਾ ਲੈ ਚੁੱਕੇ ਸਨ, ਪਰ ਗੁਰੂ ਗੋਬਿੰਦ ਸਿੰਘ ਦੇ ਕਹੇ ਵਚਨਾਂ ਨਾਲ, ਉਹਨਾਂ ਨੂੰ ਅਪਣੇ ਗੱਦੀਨਸ਼ੀਨ ਦੀ ਯੋਗਤਾ ਤੇ ਸਮਰੱਥਾ ਦੇ ਦਰਸ਼ਨ ਹੋ ਗਏ। ਗੁਰੂ ਸਾਹਿਬ ਨੇ ਉਸੇ ਸਮੇਂ, ਕਸ਼ਮੀਰੀ ਪੰਡਤਾਂ ਨੂੰ ਕਹਿ ਦਿਤਾ ਕਿ ‘‘ਐਲਾਨ ਕਰਵਾ ਦਿਉ ਤੇ ਔਰੰਗਜ਼ੇਬ ਤੀਕ ਇਹ ਗੱਲ ਪਹੁੰਚਾ ਦਿਉ ਕਿ ਜੇਕਰ ਔਰੰਗਜ਼ੇਬ, ਗੁਰੂ ਤੇਗ਼ ਬਹਾਦਰ ਨੂੰ ਮੁਸਲਮਾਨ ਬਣਾ ਲਵੇ ਤਾਂ ਸਾਰੇ ਹੀ ਹਿੰਦੂ, ਮੁਸਲਮਾਨ ਬਣ ਜਾਣਗੇ।’’

ਕਸ਼ਮੀਰੀ ਬ੍ਰਾਹਮਣਾਂ ਦੀ ਵੀ ਜਾਨ ’ਚ ਜਾਨ ਆ ਗਈ ਤੇ ਉਹਨਾਂ ਇਹ ਗੱਲ ਔਰੰਗਜ਼ੇਬ ਤੀਕਰ ਪੁਜਦੀ ਕਰ ਦਿਤੀ।  1675 ਈ. ਵਿਚ, ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਗੱਦੀ ’ਤੇ ਬਿਠਾ, ਆਪ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੇ ਨਾਲ, ਦਲੇਰੀ ਨਾਲ ਧਰਮ ਦੀ ਰਾਖੀ ਲਈ ਦਿੱਲੀ ਵਲ ਨੂੰ ਧਰਮ ਪ੍ਰਚਾਰ ਕਰਦੇ ਹੋਏ, ਸਾਫ਼ ਨਜ਼ਰ ਆਉਂਦੀ, ਸ਼ਹਾਦਤ ਵਲ ਨੂੰ ਖ਼ੁਸ਼ੀ-ਖੁਸ਼ੀ ਚੱਲ ਪਏ। ਰਸਤੇ ਵਿਚ ਹੀ ਆਪ ਨੂੰ ਤਿੰਨਾਂ ਸਾਥੀਆਂ ਸਮੇਤ ਗ੍ਰਿਫ਼ਤਾਰ ਕਰ ਕੇ ਕਈ ਮਹੀਨਿਆਂ ਤਕ, ਅਣ-ਮਨੁੱਖੀ ਤਸੀਹੇ ਦੇ ਕੇ ਇਸਲਾਮ ਕਬੂਲ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਆਪ ਨਾ ਡੋਲੇ। ਫਿਰ ਔਰੰਗਜ਼ੇਬ ਨੇ ਗੁਰੂ ਸਾਹਿਬ ਤੇ ਸਾਥੀਆਂ ਨੂੰ, ਲੋਹੇ ਦੇ ਪਿੰਜਰੇ ਵਿਚ ਕੈਦ ਕਰ ਚਾਂਦਨੀ ਚੌਂਕ ਦਿੱਲੀ ਲਿਆ ਕੇ, ਕਈ ਲਾਲਚ ਦਿਤੇ ਪਰ ਜਦੋਂ ਗੁਰੂ ਜੀ ਤੇ ਤਿੰਨੋਂ ਸਾਥੀ ਨਾ ਮੰਨੇ ਤਾਂ ਫਿਰ ਤੋਂ ਤਸੀਹੇ ਦਿਤੇ ਗਏ।

1675 ਈ. ਦੇ ਨਵੰਬਰ ਮਹੀਨੇ, ਉਹ ਜ਼ਾਲਮ ਲਗਾਤਾਰ ਤਸ਼ੱਦਦ ਕਰਦੇ ਰਹੇ, ਪਰ ਫਿਰ ਵੀ ਅਪਣੇ ਇਰਾਦੇ ਵਿਚ ਸਫ਼ਲ ਨਾ ਹੋਏ ਤਾਂ ਇਕ ਦਿਨ ਉਨ੍ਹਾਂ ਗੁਰੂ ਜੀ ਨੂੰ, ਬਲਦੇ ਥੰਮ੍ਹ ਨਾਲ ਬੰਨ੍ਹ ਦਿਤਾ। ਧੰਨ ਸੀ ਬਲਿਦਾਨ ਦੀ ਮੂਰਤ ਗੁਰੂ ਤੇਗ਼ ਬਹਾਦਰ ਜੀ ਦੀ ਤਾਕਤ ਤੇ ਸਬਰ-ਸੰਤੋਖ ਦੀ ਭਾਵਨਾ। ਉਹ ਨਾ ਝੁਕੇ, ਨਾ ਡੋਲੇ, ਦ੍ਰਿੜਤਾ ਨਾਲ ਧਰਮ ਤੇ ਕਾਇਮ ਰਹੇ, ਪਰ ਮੁਗ਼ਲਾਂ ਨੇ ਜ਼ੁਲਮ ਦੀ ਹੱਦ ਕਰਦੇ ਹੋਏ, ਗੁਰੂ ਸਾਹਿਬ ਦੇ ਸਾਹਮਣੇ ਈ, ਜਿੱਥੇ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਕੇ, ਉੱਥੇ ਹੀ ਭਾਈ ਸਤੀ ਦਾਸ ਜੀ ਨੂੰ ਰੂੰ ਵਿਚ ਲਪੇਟ ਕੇ ਅੱਗ ਲਾ ਦਿਤੀ ਤੇ ਭਾਈ ਦਿਆਲਾ ਜੀ ਨੂੰ ਉਬਲਦੇ ਪਾਣੀ ’ਚ ਬਿਠਾ ਕੇ ਸ਼ਹੀਦ ਕਰ ਦਿਤਾ ਪਰ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਹਮੇਸ਼ਾ ਸਾਡੇ ਦਿਲਾਂ ਵਿਚ ਜ਼ਿੰਦਾ ਰਹਿਣਗੇ, ਜਿਨ੍ਹਾਂ ਸੱਚਾਈ ਲਈ ਮਹਾਨ ਕੁਰਬਾਨੀਆਂ ਦਿਤੀਆਂ। ਗੁਰੂ ਸਾਹਿਬ ਜੀ ਨੂੰ ਫਿਰ ਪੁਛਿਆ ਗਿਆ ਪਰ ਉਹ ਅਡੋਲ ਰਹੇ ਤੇ ਅਖ਼ੀਰ ਗੁਰੂ ਸਾਹਿਬ ਨੂੰ ਹਰਾਉਣ ’ਚ ਨਾਕਾਮ ਰਹਿਣ ਤੇ, ਉਹਨਾਂ ਜ਼ਾਲਮਾਂ ਨੇ, ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇਕੱਠੇ ਕੀਤੇ ਤੇ ਫਿਰ ਸਭ ਦੇ ਸਾਹਮਣੇ, ਗੁਰੂ ਜੀ ਵਲੋਂ ਨਾ ਝੁਕਣ ਤੇ ਇਨ੍ਹਾਂ ਜ਼ਾਲਮਾਂ ਨੇ ਉਨ੍ਹਾਂ ਦਾ ਸੀਸ ਧੜ ਤੋਂ ਅਲੱਗ ਕਰ ਗੁਰੂ ਜੀ ਨੂੰ ਸ਼ਹੀਦ ਕਰ ਦਿਤਾ।

ਗੁਰੂ ਜੀ ਦਾ ਪਵਿੱਤਰ ਸੀਸ ਮਹਾਨ ਭਾਈ ਜੈਤਾ ਜੀ ਦਲੇਰੀ ਨਾਲ, ਹਕੂਮਤ ਦਾ ਸਖ਼ਤ ਪਹਿਰਾ ਤੋੜ ਕੇ, ਭਾਈ ਤੁਲਸੀ, ਭਾਈ ਊਧਾ, ਭਾਈ ਨਾਨੂੰ ਜੀ ਤੇ ਹੋਰ ਸਾਥੀਆਂ ਦੀ ਸਹਾਇਤਾ ਨਾਲ ਲੈ ਆਏ, ਜਿਸ ਦਾ ਪੂਰਨ ਸਨਮਾਨ ਨਾਲ, ਗੁਰੂ ਗੋਬਿੰਦ ਸਿੰਘ ਜੀ ਵਲੋਂ ਆਨੰਦਪੁਰ ਸਾਹਿਬ ਵਿਖੇ ਸਸਕਾਰ ਕੀਤਾ ਗਿਆ। ਜਿੱਥੇ ਚਾਂਦਨੀ ਚੌਂਕ ’ਚ ਗੁਰੂ ਜੀ ਦਾ ਸੀਸ ਧੜ ਤੋਂ ਵੱਖ ਕੀਤਾ ਗਿਆ, ਉੱਥੇ ਅੱਜ ਮਹਾਨ ਗੁਰਦੁਆਰਾ ਸੀਸ ਗੰਜ ਸਾਹਿਬ ਸੁਸ਼ੋਭਤ ਹੈ। ਦੂਜੇ ਪਾਸੇ ਲੱਖੀ ਸ਼ਾਹ ਵਣਜਾਰੇ ਵਲੋਂ ਅਪਣੇ ਪੁੱਤਰਾਂ ਤੇ ਸਾਥੀਆਂ ਦੀ ਸਹਾਇਤਾ ਨਾਲ, ਗੁਰੂ ਜੀ ਦੇ ਬਾਕੀ ਪਵਿੱਤਰ ਸਰੀਰ ਨੂੰ, ਬਹਾਦਰੀ ਨਾਲ ਮੁਗ਼ਲਾਂ ਦੀ ਅੱਖ ਥੱਲੋਂ ਕੱਢ ਕੇ, ਅਪਣੇ ਘਰ ਰਕਾਬਗੰਜ ਲਿਜਾ ਕੇ, ਪੂਰੇ ਘਰ ਨੂੰ ਈ ਅੱਗ ਲਾ ਕੇ ਪਵਿੱਤਰ ਸਰੀਰ ਦਾ ਸਸਕਾਰ ਕਰ ਦਿਤਾ, ਜਿਸ ਪਵਿੱਤਰ ਅਸਥਾਨ ਤੇ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਸੁਸ਼ੋਭਿਤ ਹੈ। ਆਉ ਅੱਜ ਮਹਾਨ ਸ਼ਹੀਦ, ਹਿੰਦ ਦੀ ਚਾਦਰ, ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਅਸੀਂ ਸਾਰੇ ਸਿਰ ਝੁਕਾ ਕੇ ਉਨ੍ਹਾਂ ਦੀ ਮਹਾਨ ਸ਼ਹਾਦਤ ਨੂੰ ਨਮਨ ਕਰਦੇ ਹੋਏ, ਜਬਰ-ਜ਼ੁਲਮ ਖ਼ਿਲਾਫ਼ ਹਮੇਸ਼ਾ ਲੜਨ ਦਾ ਤੇ ਨੈਤਿਕਤਾ ਦਾ ਪਾਲਣ ਕਰਨ ਦਾ ਸੰਕਲਪ ਲਈਏ।
ਅਸ਼ੋਕ ਸੋਨੀ, ਕਾਲਮਨਵੀਸ
ਖੂਈ ਖੇੜਾ, ਫ਼ਾਜ਼ਿਲਕਾ, ਪੰਜਾਬ।
ਮੋਬਾਈਲ : 9872705078