ਸੱਭਿਆਚਾਰ ਤੇ ਵਿਰਸਾ : ਘਰਾਂ ਵਿਚੋਂ ਅਲੋਪ ਹੋਇਆ ਨਲਕਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਬਹੁਤ ਸਾਰਿਆਂ ਦਾ ਬਚਪਨ ਨਲਕੇ ਸੰਗ ਬੀਤਿਆ ਹੋਵੇਗਾ। ਨਲਕਾ ਪੁਰਾਤਨ ਸਮੇਂ ਵਿਚ ਧਰਤੀ ਵਿਚੋਂ ਪਾਣੀ ਕੱਢਣ ਦਾ ਆਮ ਸਰੋਤ ਸੀ।

representational Image

ਬਹੁਤ ਸਾਰਿਆਂ ਦਾ ਬਚਪਨ ਨਲਕੇ ਸੰਗ ਬੀਤਿਆ ਹੋਵੇਗਾ। ਮੇਰਾ ਬਚਪਨ ਵੀ ਨਲਕੇ ਦੇ ਸੰਗ ਹੀ ਬੀਤਿਆ ਹੈ। ਨਲਕਾ ਪੁਰਾਤਨ ਸਮੇਂ ਵਿਚ ਧਰਤੀ ਵਿਚੋਂ ਪਾਣੀ ਕੱਢਣ ਦਾ ਆਮ ਸਰੋਤ ਸੀ। ਪੁਰਾਤਨ ਸਮੇਂ ਵਿਚ ਇਹ ਹਰ ਘਰ ਵਿਚ ਲਾਇਆ ਜਾਂਦਾ ਸੀ। ਇਹ ਧਰਤੀ ਤੋਂ ਤਿੰਨ ਕੁ ਫੁੱਟ ਉੱਚਾ ਹੁੰਦਾ ਹੈ। ਇਸ ਦੀ ਇਕ ਹੱਥੀ ਹੁੰਦੀ ਹੈ ਜੋ ਕਿ ਚਿਮਟੇ ਅਤੇ ਸਰੀਏ ਨਾਲ ਲੱਗੀ ਚਿੜੀ ਨਾਲ ਜੁੜੀ ਹੁੰਦੀ ਹੈ। ਇਸ ਨੂੰ ਦੱਬ ਕੇ ਸਰੀਆ ਉਪਰ ਉਠਦਾ ਹੈ ਅਤੇ ਪਾਣੀ ਨਿਕਲਦਾ ਹੈ। ਪਾਣੀ ਬਹੁਤ ਉਪਰ ਹੁੰਦਾ ਸੀ ਜਦੋਂ ਅਸੀਂ ਨਲਕੇ ਦੀ ਡੰਡੀ ਦਬਦੇ ਤਾਂ ਪਾਣੀ ਆ ਜਾਂਦਾ ਸੀ। ਇਹ ਨਜ਼ਾਰਾ ਬਹੁਤ ਵਧੀਆ ਹੁੰਦਾ ਸੀ ਜਦੋਂ ਬਚਪਨ ਵਿਚ ਖੇਡਦੇ-ਖੇਡਦੇ ਥੱਕ ਜਾਂਦੇ ਸੀ ਤਾਂ ਝੱਟ ਭੱਜ ਕੇ ਨਲਕੇ ਦੀ ਵਾਰੀ ਬੰਨ੍ਹ ਲੈਂਦੇ ਸੀ। ਇਕ ਜਣਾ ਨਲਕਾ ਗੇੜਦਾ ਤੇ ਦੂਜਾ ਬੁਕ ਨਾਲ ਪਾਣੀ ਪੀਂਦਾ ਸੀ।

ਨਲਕੇ ਹੇਠਾਂ ਨਹਾਉਣਾ ਤੇ ਵਾਰੀ-ਵਾਰੀ ਨਲਕੇ ਨੂੰ ਗੇੜਨਾ ਬਹੁਤ ਚੰਗਾ ਲਗਦਾ ਸੀ।ਸਾਡੇ ਘਰ ਕਪੜੇ ਧੋਣ ਵਾਲੇ ਫ਼ਰਸ਼ ਕੋਲ ਇਕ ਨਲਕਾ ਹੁੰਦਾ ਸੀ। ਜੋ ਸਾਡੇ ਘਰ ਦਾ ਮੁੱਖ ਮੈਂਬਰ ਹੁੰਦਾ ਸੀ ਜਿਸ ਦਿਨ ਉਹ ਖੜ ਜਾਂਦਾ ਸੀ ਤਾਂ ਕਿਸੇ ਦਾ ਵੀ ਜੀ ਨਹੀਂ ਲਗਦਾ ਸੀ। ਸ਼ਾਮ ਨੂੰ ਜਦੋਂ ਬਾਪੂ ਜੀ ਡਿਊਟੀ ਤੋਂ ਘਰ ਆਉਂਦੇ ਤਾਂ ਨਲਕੇ ਵਾਲੇ ਗਾਮੇ ਅੰਕਲ ਨੂੰ ਬੁਲਾ ਕੇ ਲੈ ਕੇ ਆਉਂਦੇ ਜੋ ਉਸ ਸਮੇਂ ਨਲਕੇ ਨੂੰ ਠੀਕ ਕਰਨ ਦਾ ਕੰਮ ਕਰਦੇ ਸਨ। ਉਸ ਸਮੇਂ ਫ਼ੋਨ ਕਿਸੇ-ਕਿਸੇ ਦੇ ਘਰ ਹੀ ਹੁੰਦਾ ਸੀ। ਖ਼ੁਦ ਜਾ ਕੇ ਅੰਕਲ ਨੂੰ ਬੁਲਾਉਣਾ ਪੈਂਦਾ ਸੀ।

ਜਦੋਂ ਘਰ ਵਿਚ ਨਵਾਂ ਨਲਕਾ ਲਗਦਾ ਸੀ ਜਾਂ ਖ਼ਰਾਬ ਨਲਕਾ ਠੀਕ ਹੋ ਜਾਂਦਾ ਸੀ ਤਾਂ ਮੇਰੇ ਦਾਦੀ ਗੁੜ ਵਾਲੇ ਚੌਲ ਬਣਾ ਕੇ ਵੰਡਦੇ ਸਨ। ਅਸੀਂ ਸਾਰੇ ਨਲਕੇ ਦੇ ਚਾਅ ਵਿਚ ਚਾਈਂ-ਚਾਈਂ ਚੌਲ ਖਾਂਦੇ। ਉਹ ਵੀ ਸਮਾਂ ਸੀ ਜਦੋਂ ਨਲਕੇ ’ਤੇ ਮੋਟਰ ਨੂੰ ਸਟੇਟਸ ਸਿੰਬਲ ਮੰਨਿਆ ਜਾਂਦਾ ਸੀ, ਕਈਆਂ ਦੇ ਰਿਸ਼ਤੇ ਇਸੇ ਕਰ ਕੇ ਹੋ ਜਾਂਦੇ ਸਨ ਕਿ ਉਨ੍ਹਾਂ ਦੇ ਘਰ ਨਲਕੇ ’ਤੇ ਮੋਟਰ ਲੱਗੀ ਹੈ। ਨਵੀਂ ਪੀੜ੍ਹੀ ਨੂੰ ਤਾਂ ਕੀ ਪਤਾ ਲਗਣਾ ਕਿਉਂਕਿ ਹੁਣ ਤਾਂ ਇਨ੍ਹਾਂ ਦੀ ਥਾਂ ਸਬਮਰਸੀਬਲ ਮੋਟਰਾਂ ਨੇ ਲੈ ਲਈ ਹੈ। ਪਹਿਲਾਂ ਸੁਆਣੀਆਂ ਸਾਰਾ-ਸਾਰਾ ਦਿਨ ਨਲਕੇ ਨਾਲ ਹੀ ਰੁਝੀਆਂ ਰਹਿੰਦੀਆਂ ਸਨ ਕਿਉਂਕਿ ਪਾਣੀ ਦਾ ਇਕੋ-ਇਕ ਸਾਧਨ ਨਲਕਾ ਹੁੰਦਾ ਸੀ। ਨਲਕੇ ਨੂੰ ਹੱਥੀਂ ਗੇੜਿਆ ਜਾਂਦਾ ਸੀ। ਪਸ਼ੂਆਂ ਨੂੰ ਪਾਣੀ ਵੀ ਨਲਕੇ ਰਾਹੀਂ ਪਿਆਇਆ ਜਾਂਦਾ ਸੀ।

ਕਈ ਵਾਰ ਘਰ ਤੋਂ ਦੂਰ ਸਾਂਝਾ ਨਲਕਾ ਹੁੰਦਾ ਸੀ। ਔਰਤਾਂ ਨੇ ਛੇਤੀ ਤੋਂ ਛੇਤੀ ਘੜੇ ਪਾਣੀ ਭਰ ਕੇ ਵਾਪਸ ਪਰਤਣਾ ਹੁੰਦਾ ਸੀ ਤਾਂ ਜੋ ਘਰ ਦਾ ਬਾਕੀ ਕੰਮ ਕਰ ਸਕਣ। ਇਕ ਦਿਨ ਵਿਚ ਤਿੰਨ ਵਾਰ ਕਰੀਬ ਦੋ ਕਿਲੋਮੀਟਰ ਦੂਰ ਸਥਿਤ ਨਲਕੇ ਤੋਂ ਪਾਣੀ ਭਰਨਾ ਉਨ੍ਹਾਂ ਦਾ ਹਰ ਰੋਜ਼ ਦਾ ਕੰਮ ਹੁੰਦਾ ਸੀ। ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਥੱਲੇ ਜਾਣ ਕਰ ਕੇ ਕਿਸੇ ਸਮੇਂ ਪੀਣ ਵਾਲੇ ਪਾਣੀ ਦਾ ਮੁੱਖ ਸਰੋਤ ਰਹੇ ਨਲਕੇ ਲਗਭਗ ਗ਼ਾਇਬ ਹੋ ਗਏ ਹਨ ਜਦਕਿ ਖੂਹਾਂ ਦੇ ਤਾਂ ਨਾਮੋ-ਨਿਸ਼ਾਨ ਹੀ ਮਿਟ ਚੁੱਕੇ ਹਨ। ਪਿੰਡਾਂ ਵਿਚ ਬਣੇ ਖੂਹ ਕਿਸੇ ਦੁਰਘਟਨਾ ਦੇ ਡਰੋਂ ਲੋਕਾਂ ਨੇ ਹੀ ਪੂਰ/ਭਰ ਕੇ ਬੰਦ ਕਰ ਦਿਤੇ ਹਨ।

ਘਰਾਂ ਵਿਚ ਧਰਤੀ ਹੇਠਲਾ ਪਾਣੀ ਪੀਣਯੋਗ ਨਾ ਹੋਣ ਕਰ ਕੇ ਜਲਘਰ ਦੀਆਂ ਟੂਟੀਆਂ ਜਾਂ ਸਬਮਰਸੀਬਲ ਮੋਟਰਾਂ ਨੇ ਹੱਥ ਨਲਕਿਆਂ ਦੀ ਥਾਂ ਲੈ ਲਈ ਸੀ। ਪਹਿਲਾਂ ਪੰਚਾਇਤਾਂ ਅਤੇ ਆਮ ਲੋਕ ਦਾਨ ਵਜੋਂ ਜਨਤਕ ਥਾਵਾਂ ’ਤੇ ਨਲਕੇ ਲਵਾਉਣ ਨੂੰ ਪੁੰਨ ਸਮਝਿਆ ਜਾਂਦਾ ਸੀ ਪਰ ਹੁਣ ਨਲਕੇ ਥੋੜ੍ਹੇ ਹੀ ਸਮੇਂ ਬਾਅਦ ਪਾਣੀ ਛੱਡ ਦਿੰਦੇ ਹਨ, ਜਿਸ ਕਾਰਨ ਬੇਕਾਰ ਹੋਣ ਕਰ ਕੇ ਜਨਤਕ ਥਾਂ ’ਤੇ ਵਿਰਲੇ ਹੀ ਦੇਖਣ ਨੂੰ ਮਿਲਦੇ ਹਨ। ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾਣ ਅਤੇ ਮਸ਼ੀਨੀਕਰਨ ਨੇ ਨਲਕੇ ਨੂੰ ਲਗਭਗ ਨਿਗਲ ਲਿਆ ਹੈ ਅਤੇ ਨਵੀਂ ਪੀੜ੍ਹੀ ਲਈ ਕਿਸੇ ਸਮੇਂ ਪੀਣ ਵਾਲੇ ਪਾਣੀ ਦਾ ਮੁੱਖ ਸਰੋਤ ਰਹੇ ਨਲਕੇ ਅਤੇ ਖੂਹ ਸਿਰਫ਼ ਇਤਿਹਾਸ ਵਿਚ ਪੜ੍ਹਨ ਨੂੰ ਮਿਲਣਗੇ। ਹੁਣ ਨਲਕਾ ਇਕ ਯਾਦ ਬਣ ਕੇ ਰਹਿ ਗਿਆ ਹੈ।

- ਜਸਵਿੰਦਰ ਸਿੰਘ