ਨਾਨੀ ਦਾ ਵਿਹੜਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਬਚਪਨ ਵੇਲੇ ਜਦੋਂ ਸਕੂਲ ਦੀਆਂ ਛੁੱਟੀਆਂ ਹੁੰਦੀਆਂ ਤਾਂ ਸੱਭ ਤੋਂ ਪਹਿਲੀ ਜ਼ਿੱਦ ਨਾਨਕੇ ਘਰ ਜਾਣ ਦੀ ਹੁੰਦੀ...............

Old Punjabi Game Kotla Shapaki

ਬਚਪਨ ਵੇਲੇ ਜਦੋਂ ਸਕੂਲ ਦੀਆਂ ਛੁੱਟੀਆਂ ਹੁੰਦੀਆਂ ਤਾਂ ਸੱਭ ਤੋਂ ਪਹਿਲੀ ਜ਼ਿੱਦ ਨਾਨਕੇ ਘਰ ਜਾਣ ਦੀ ਹੁੰਦੀ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਹੀ ਜ਼ਿੱਦ ਸੀ ਕਿ ਨਾਨੀ ਘਰ ਜਾਣਾ ਹੈ। ਮੇਰੇ ਮੰਮੀ ਜੀ ਮੇਰੀ ਜ਼ਿੱਦ ਨੂੰ ਪੂਰਾ ਕਰਦੇ ਹੋਏ ਮੈਨੂੰ ਤੇ ਮੇਰੇ ਛੋਟੇ ਵੀਰ ਨੂੰ ਨਾਨਕੇ ਲੈ ਕੇ ਜਾਣ ਲਈ ਰਾਜ਼ੀ ਹੋ ਗਏ। ਅਗਲੀ ਸਵੇਰ ਅਸੀ ਨਾਨਕੇ ਪਿੰਡ ਜਾਣਾ ਸੀ। ਨਾਨਕੇ ਜਾਣ ਦਾ ਚਾਅ ਏਨਾ ਜ਼ਿਆਦਾ ਸੀ ਕਿ ਸਾਨੂੰ ਸਾਰੀ ਰਾਤ ਨੀਂਦ ਹੀ ਨਾ ਆਈ। ਸਵੇਰ ਹੁੰਦਿਆਂ ਹੀ ਮੈਂ ਤੇ ਮੇਰਾ ਛੋਟਾ ਵੀਰ ਸੱਭ ਤੋਂ ਪਹਿਲਾਂ ਹੀ ਤਿਆਰ ਹੋ ਗਏ।

ਮਾਂ ਵੀ ਜਲਦੀ ਹੀ ਤਿਆਰ ਹੋ ਗਏ ਤੇ ਜਲਦੀ ਹੀ ਅਸੀ ਘਰੋਂ ਚੱਲ ਪਏ। ਦਿਲ ਵਿਚ ਨਾਨੀ ਦੇ ਘਰ ਦਾ ਚਾਅ ਏਨਾ ਸੀ ਕਿ ਦੋ ਘੰਟਿਆਂ ਦਾ ਸਫ਼ਰ ਕਦੋਂ ਲੰਘ ਗਿਆ ਪਤਾ ਹੀ ਨਾ ਲਗਿਆ। ਜਦੋਂ ਬੱਸ ਪਿੰਡ ਦੇ ਅੱਡੇ ਉਤੇ ਆ ਕੇ ਰੁਕੀ ਤਾਂ ਅਸੀ ਦੋਵੇਂ ਭੈਣ-ਭਰਾ ਨੱਚਦੇ ਟਪÎਦੇ ਛਾਲਾਂ ਮਾਰਦੇ ਹੇਠਾਂ ਉਤਰੇ। ਅੱਡੇ ਤੇ ਉਤਰ ਕੇ ਵੇਖਿਆ ਕਿ ਅੱਗੋਂ ਮੇਰੀ ਨਾਨੀ ਸਾਨੂੰ ਲੈਣ ਲਈ ਤੁਰੀ ਆ ਰਹੀ ਸੀ। ਜਦੋਂ ਨਾਨੀ ਨੇ ਸਾਨੂੰ ਆਉਂਦਿਆਂ ਵੇਖੀਆ ਤਾਂ ਉਸ ਦੇ ਦਿਲ ਅੰਦਰਲਾ ਮੋਹ ਉਨ੍ਹਾਂ ਨੂੰ ਭਾਵੁਕ ਜਿਹਾ ਕਰ ਗਿਆ। ਅੱਖਾਂ ਪੂੰਝਦੇ ਹੋਏ ਉਨ੍ਹਾਂ ਨੇ ਸਾਨੂੰ ਹਿੱਕ ਨਾਲ ਲਗਾ ਕੇ ਬਹੁਤ ਸਾਰਾ ਪਿਆਰ ਦਿਤਾ। 

ਸਾਡਾ ਨਾਨਕਾ ਘਰ ਅੱਡੇ ਤੋਂ ਥੋੜੀ ਹੀ ਦੂਰ ਸੀ। ਮੇਰੀ ਮੰਮੀ ਤੇ ਨਾਨੀ ਪਿੱਛੇ ਗੱਲਾਂ ਮਾਰਦੇ ਹੌਲੀ-ਹੌਲੀ ਆ ਰਹੇ ਸਨ। ਮੈਂ ਤੇ ਮੇਰਾ ਨਿੱਕਾ ਵੀਰ ਕਾਹਲੀ ਨਾਲ ਤੁਰ ਪਹਿਲਾਂ ਹੀ ਘਰ ਪੁੱਜ ਗਏ। ਘਰ ਪੁੱਜ ਕੇ ਵੇਖਿਆ ਕਿ ਮੇਰੇ ਨਾਨਾ  ਜੀ ਵਿਹੜੇ ਵਿਚ ਲੱਗੇ ਕਿੱਕਰ ਦੇ ਦਰੱਖ਼ਤ ਹੇਠ ਮੰਜੇ ਉੱਤੇ ਬੈਠੇ ਸਨ। ਸਾਨੂੰ ਵੇਖਦੇ ਹੀ ਉਹ ਖੜੇ ਹੋ ਗਏ ਤੇ ਦੋਵੇਂ ਬਾਹਾਂ ਨੂੰ ਖਿਲਾਰਦਿਆਂ ਹੋਏ ਕਿਹਾ ''ਬੱਲੇ ਓਏ, ਮੇਰੇ ਪੁੱਤਰ ਆ ਗਏ।” ਅਸੀ ਵੀ ਭੱਜ ਕੇ ਉਨ੍ਹਾਂ ਦੇ ਗਲ ਨਾਲ ਲੱਗ ਗਏ। ਐਨੇ ਨੂੰ ਮਾਮਾ-ਮਾਮੀ ਤੇ ਉਨ੍ਹਾਂ ਦੀ ਨਿੱਕੀ ਧੀ ਵੀ ਸਾਡੇ ਕੋਲ ਆ ਗਏ ਤੇ ਉਹ ਵੀ ਸਾਨੂੰ ਬੜੇ ਪਿਆਰ ਤੇ ਚਾਅ ਨਾਲ ਮਿਲੇ।

ਥੋੜੀ ਹੀ ਦੇਰ ਬਾਅਦ ਮੰਮੀ ਤੇ ਨਾਨੀ ਵੀ ਘਰ ਪੁੱਜ ਗਏ। ਜਲਦੀ ਹੀ ਮਾਮੀ ਚਾਹ ਬਣਾ ਲਿਆਏ। ਨਾਨੀ ਵੀ ਬੜੇ ਹੀ ਚਾਅ ਨਾਲ ਸਾਡੇ ਲਈ ਰੋਟੀ ਦੀ ਤਿਆਰੀ ਕਰਨ ਲੱਗ ਗਏ। ਚੁਲ੍ਹੇ ਉਤੇ ਬਣਾਈਆਂ ਨਾਨੀ ਦੇ ਹੱਥਾਂ ਦੀਆਂ ਰੋਟੀਆਂ ਦਾ ਸਵਾਦ ਹੀ ਵਖਰਾ ਸੀ। ਰੋਟੀ ਖਾਂਦੇ ਹੋਏ ਸਾਨੂੰ ਪਤਾ ਹੀ ਨੀ ਲਗਿਆ ਅਸੀ ਕਿੰਨੀਆਂ ਰੋਟੀਆਂ ਖਾ ਗਏ। ਰੋਟੀ ਖਾਣ ਤੋਂ ਬਾਅਦ ਮੇਰੇ ਨਾਨਾ ਜੀ ਸਾਨੂੰ ਦੋਹਾਂ ਭੈਣ ਭਰਾਵਾਂ ਨੂੰ ਖੇਤ ਵਲ ਲੈ ਗਏ। ਪਿੰਡ ਦੀਆਂ ਗਲੀਆਂ ਵਿਚ ਫਿਰਦੇ ਮੈਨੂੰ ਇੰਜ ਲਗਿਆ ਜਿਵੇਂ ਮੈਂ ਅਸਮਾਨੀਂ ਉਡਾਰੀ ਭਰੀ ਹੋਵੇ। ਖੇਤ ਪਹੁੰਚ ਕੇ ਅਸੀ ਮੋਟਰ ਉਤੇ ਨਹਾਏ ਅਤੇ ਬਹੁਤ ਮਸਤੀ ਕੀਤੀ।

ਮੌਜ-ਮਸਤੀ ਵਿਚ ਅਸੀ ਸੱਤ ਦਿਨ ਕਦੋਂ ਲੰਘਾ ਦਿਤੇ ਸਾਨੂੰ ਪਤਾ ਹੀ ਨਾ ਲਗਿਆ। ਅਗਲੀ ਸਵੇਰ ਅਸੀ ਮੁੜ ਘਰ ਪਰਤਣਾ ਸੀ। ਜਦੋਂ ਸਵੇਰ ਹੋਈ ਤਾਂ ਸੱਭ ਦਾ ਮੂੰਹ ਉਤਰਿਆ ਹੋਇਆ ਸੀ। ਮੰਮੀ ਦੇ ਕਹਿਣ ਮੁਤਾਬਕ ਅਸੀ ਜਲਦੀ ਹੀ ਉੱਠ ਕੇ ਤਿਆਰ ਹੋ ਗਏ। ਸਾਨੂੰ ਰੋਟੀ ਖਵਾਉਂਦੇ ਹੋਏ ਨਾਨੀ ਦੇ ਮੂੰਹ ਉਤੇ ਉਹ ਚਾਅ ਗਾਇਬ ਸੀ ਜੋ ਸਾਡੇ ਨਾਨਕੇ ਘਰ ਆਉਣ ਵੇਲੇ ਮੈਂ ਵੇਖਿਆ ਸੀ। ਨਾਨੀ ਤੇ ਨਾਨਾ ਜੀ ਦੋਵੇਂ ਹੀ ਬੇਵੱਸ ਜਿਹੇ ਹੋਏ ਬੈਠੇ ਸਨ। ਅਸੀ ਵੀ ਬੜੇ ਉਦਾਸ ਸੀ। ਸਾਡੀ ਉਦਾਸੀ ਨੂੰ ਵੇਖਦਿਆ ਮਾਂ ਨੇ ਸਾਨੂੰ ਹੌਂਸਲਾ ਦਿੰਦਿਆਂ ਕਿਹਾ ''ਕੋਈ ਨਾ ਉਦਾਸ ਨਾ ਹੋਵੋ ਆਪਾਂ ਅਗਲੀਆਂ ਛੁੱਟੀਆਂ ਵਿਚ ਫਿਰ ਆਵਾਗੇਂ।”

ਨਾਨਾ ਅਤੇ ਨਾਨੀ ਜੀ ਨੇ ਵੀ ਇਹੀ ਕਹਿ ਕੇ ਦਿਲਾਸਾ ਦਿੰਦੇ ਹੋਏ ਮੇਰੇ ਸਿਰ ਤੇ ਹੱਥ ਧਰ ਦਿਤਾ। ਦੁਬਾਰਾ ਆਉਣ ਦੀ ਉਮੀਦ ਦਿਲ ਵਿਚ ਲੈ ਕੇ ਅਸੀ ਉਥੋਂ ਚੱਲ ਪਏ।
ਸਮਾਂ ਬੀਤਦਾ ਗਿਆ ਅਸੀ ਹਰ ਸਾਲ ਨਾਨਕੇ ਜਾਂਦੇ ਤੇ ਛੁੱਟੀਆਂ ਮਾਣਦੇ। ਫਿਰ ਪਤਾ ਨਹੀਂ ਕਿਥੇ ਕਿਵੇਂ ਰੁੱਝੇ ਰਹਿਣ ਕਾਰਨ ਅਸੀ ਨਾਨਕੇ ਘਰ ਜਾਣ ਲਈ ਸਮਾਂ ਨਾ ਕੱਢ ਸਕੇ, ਕਦੇ ਮਾਂ ਨੂੰ ਕੰਮ ਹੁੰਦਾ ਅਤੇ ਕਦੇ ਸਾਡਾ ਸਕੂਲ ਦਾ ਕੰਮ ਜ਼ਿਆਦਾ ਹੁੰਦਾ। ਬਸ ਇਸੇ ਤਰ੍ਹਾਂ ਹੀ ਹਰ ਸਾਲ ਕੋਈ ਨਾ ਕੋਈ ਬਹਾਨਾ ਬਣ ਜਾਂਦਾ। ਪਿਛਲੇ ਸਾਲ ਜਦੋਂ ਮੈਂ ਕੁੱਝ ਸਾਲਾਂ ਬਾਅਦ ਨਾਨਕੇ ਗਈ ਤਾਂ ਵੇਖਿਆ ਨਾਨੀ ਦਾ ਵਿਹੜਾ ਸੁੰਨਾ ਹੋ ਚੁਕਿਆ ਸੀ।

ਨਾ ਨਾਨਾ ਜੀ ਰਹੇ ਸਨ ਤੇ ਨਾ ਸਾਡੇ ਆਇਆਂ ਦਾ ਚਾਅ ਕਰਨ ਵਾਲੀ ਨਾਨੀ। ਹੁਣ ਮਾਮਾ ਵੀ ਬਹੁਤਾ ਕਬੀਲਦਾਰ ਹੋ ਗਿਆ ਸੀ। ਨਾਨੇ ਦੇ ਜਾਣ ਤੋਂ ਬਾਅਦ ਉਸ ਦੇ ਸਿਰ ਭਾਰੀ ਜ਼ਿੰਮੇਵਾਰੀਆਂ ਪੈ ਗਈਆਂ ਸਨ। ਉਹ ਵਿਚਾਰਾ ਮੈਨੂੰ ਮਜਬੂਰ ਤੇ ਬੇਵੱਸ ਜਿਹਾ ਨਜ਼ਰ ਆਇਆ। ਮਾਮੀ ਨੇ ਪਤਾ ਨਹੀਂ ਕਿਉਂ ਮੇਰੇ ਨਾਲੋਂ ਅਪਣੇ ਬੱਚਿਆਂ ਨੂੰ ਜ਼ਿਆਦਾ ਸਮਾਂ ਦੇਣ ਨੂੰ ਤਰਜੀਹ ਦਿਤੀ। ਵਿਹੜੇ ਵਿਚ ਕਿੱਕਰ ਦਾ ਦਰੱਖ਼ਤ ਵੀ ਕਿਧਰੇ ਨਜ਼ਰ ਨਾ ਆਇਆ।

ਪਿੰਡ ਦੀਆਂ ਗਲੀਆਂ ਵੀ ਬਦਲ ਗਈਆਂ ਸਨ। ਨੇੜੇ ਦੇ ਖੇਤਾਂ ਦੀ ਥਾਂ ਉਤੇ ਵੀ ਕੋਠੀਆਂ ਪੈ ਗਈਆਂ ਸਨ। ਕੁੱਝ ਵੀ ਪਹਿਲਾਂ ਵਾਲਾ ਨਹੀਂ ਸੀ ਲੱਗ ਰਿਹਾ। ਨਾਨਕੇ ਜਾਣ ਦਾ ਚਾਅ ਕਰਨ ਵਾਲੇ ਕਿੱਧਰੇ ਗਵਾਚ ਗਏ ਜਾਪ ਰਹੇ ਸਨ। ਭਰੀਆਂ ਅੱਖਾਂ ਤੇ ਉਦਾਸ ਮਨ ਲੈ ਕੇ ਮੈਂ ਉਥੋਂ ਵਾਪਸ ਮੁੜ ਆਈ। ਮੈਨੂੰ ਲੱਗ ਰਿਹਾ ਸੀ ਜਿਵੇਂ ਨਾਨਾ-ਨਾਨੀ ਅਪਣੇ ਨਾਲ ਨਾਨਕਿਆਂ ਦਾ ਰੌਣਕ ਵਾਲਾ ਵਿਹੜਾ ਵੀ ਲੈ ਗਏ ਸਨ।    ਸੰਪਰਕ : 9814634446