ਕੀ ਕਸ਼ਮੀਰੀ ਬੇਟੀਆਂ 'ਪ੍ਰਾਪਰਟੀ' ਹਨ?

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਇਤਿਹਾਸ ਗਵਾਹ ਹੈ ਕਿ ਧਾਰਮਕ ਦੰਗਿਆਂ ਅਤੇ ਜੰਗਾਂ ਵਿਚ ਸੱਭ ਤੋਂ ਵੱਧ ਮਾਰ ਔਰਤਾਂ ਅਤੇ ਬੱਚੀਆਂ ਸਹਿੰਦੀਆਂ ਹਨ।

Are Kashmiri daughters 'property'?

ਇਤਿਹਾਸ ਗਵਾਹ ਹੈ ਕਿ ਧਾਰਮਕ ਦੰਗਿਆਂ ਅਤੇ ਜੰਗਾਂ ਵਿਚ ਸੱਭ ਤੋਂ ਵੱਧ ਮਾਰ ਔਰਤਾਂ ਅਤੇ ਬੱਚੀਆਂ ਸਹਿੰਦੀਆਂ ਹਨ। 'ਵੈਲੀ ਆਫ਼ ਵਿਡੋਜ਼' ਕੋਲੰਬੀਆ ਵਿਚਲੀਆਂ ਉਨ੍ਹਾਂ ਵਿਧਵਾਵਾਂ ਦੀ ਬਸਤੀ ਹੈ ਜਿੱਥੇ ਔਰਤਾਂ ਦੇ ਪਤੀ ਨਹੀਂ ਰਹੇ ਅਤੇ ਨਾ ਹੀ ਕੋਈ ਜ਼ਮੀਨ ਤੇ ਕਮਾਈ ਦਾ ਸਾਧਨ। ਇਹ ਸੱਭ ਖਾਨਾਜੰਗੀ ਅਤੇ ਨਸ਼ਿਆਂ ਦੀ ਭੇਂਟ ਚੜ੍ਹ ਗਿਆ।

ਬੋਸਨੀਆ ਵਿਚ ਵੀ ਚੱਲੇ ਕਤਲੇਆਮ ਦੌਰਾਨ ਅਣਗਿਣਤ ਔਰਤਾਂ ਦੇ ਬਲਾਤਕਾਰ ਹੋਏ, ਬਥੇਰੀਆਂ ਚੁਕੀਆਂ ਗਈਆਂ, ਕੈਂਪਾਂ ਵਿਚ ਜਬਰੀ ਸਰੀਰਕ ਸ਼ੋਸ਼ਣ ਰਾਹੀਂ ਉਨ੍ਹਾਂ ਦੇ ਸਰੀਰਾਂ ਅੰਦਰ ਦੂਜੇ ਪਾਸੇ ਵਾਲਿਆਂ ਨੇ ਅਪਣੇ ਅੰਸ਼ ਛਡਣੇ ਚਾਹੇ ਤਾਂ ਜੋ ਨਸਲ ਦਾ ਨਾਸ ਮਾਰਿਆ ਜਾ ਸਕੇ। ਰਵਾਂਡਾ ਵਿਚ ਔਰਤਾਂ ਦਾ ਸਮੂਹਕ ਬਲਾਤਕਾਰ ਕਰ ਕੇ ਉਨ੍ਹਾਂ ਨੂੰ ਏਡਜ਼ ਦੀ ਬੀਮਾਰੀ ਦੇ ਦਿਤੀ ਗਈ ਤਾਂ ਜੋ ਨਸਲਕੁਸ਼ੀ ਹੋ ਸਕੇ। ਟਿਮੋਰ, ਕੌਂਗੋ ਅਤੇ ਗੁਟਮਲਾ ਦੀ ਵੀ ਕਹਾਣੀ ਕੋਈ ਵੱਖ ਨਹੀਂ ਸੀ। ਔਰਤਾਂ ਦਾ ਜੋ ਹਾਲ ਹੋਇਆ, ਉੱਥੇ ਬਲਾਤਕਾਰਾਂ ਦੀ ਗਿਣਤੀ ਕਰਨੀ ਔਖੀ ਹੋ ਗਈ ਸੀ।

ਕਿਵੇਂ ਹੋਸਟਲਾਂ ਨੂੰ ਹਰਮਾਂ ਵਿਚ ਤਬਦੀਲ ਕਰ ਕੇ ਬੱਚੀਆਂ ਉਦੋਂ ਤਕ ਬੰਦ ਰਖੀਆਂ ਜਾਂਦੀਆਂ ਜਦ ਤਕ ਉਨ੍ਹਾਂ ਦਾ ਗਰਭ ਨਾ ਠਹਿਰ ਜਾਂਦਾ ਤਾਂ ਜੋ ਉੱਥੇ ਦੇ ਲੋਕਾਂ ਦਾ ਬੀਜ ਨਾਸ ਕੀਤਾ ਜਾ ਸਕੇ। ਦੁਨੀਆਂ ਵਿਚ ਕਿਤੇ ਵੀ ਜਦੋਂ ਖਾਨਾਜੰਗੀ ਹੋਵੇ, ਘਰੇਲੂ ਹਿੰਸਾ, ਰਿਸ਼ਤੇਦਾਰੀ ਵਿਚ ਪਾੜ, ਵਪਾਰ ਵਿਚ ਤ੍ਰੇੜ, ਗੱਲ ਕੀ ਹਰ ਥਾਂ ਸਿਰਫ਼ ਔਰਤਾਂ ਦੀ ਪੱਤ ਲੁੱਟਣ, ਜ਼ਲੀਲ ਕਰਨ ਅਤੇ ਕਤਲ ਕਰ ਕੇ ਉਸ ਦੇ ਸਰੀਰ ਦੀ ਨੁਮਾਇਸ਼ ਕਰਨ ਨੂੰ ਹੀ ਜੰਗ ਜਿੱਤਣ ਦਾ ਨਾਂ ਦੇ ਦਿਤਾ ਗਿਆ ਹੈ। ਲੁੱਟ-ਖਸੁੱਟ ਕਰਨ ਦਾ ਮਤਲਬ ਹੀ ਇਹੋ ਮੰਨ ਲਿਆ ਗਿਆ ਹੈ ਕਿ ਹਰ ਨਜ਼ਰੀਂ ਪਈ ਬੱਚੀ ਦਾ ਜਬਰਨ ਸ਼ਿਕਾਰ ਕੀਤਾ ਜਾਵੇ।

ਇਹੀ ਕਾਰਨ ਸੀ ਕਿ ਸੰਨ 1947 ਵਿਚ ਭਾਰਤ-ਪਾਕਿ ਵੰਡ ਵੇਲੇ ਪਿਤਾਵਾਂ ਨੇ ਅਪਣੀਆਂ ਵਹੁਟੀਆਂ, ਮਾਵਾਂ ਅਤੇ ਧੀਆਂ ਜ਼ਹਿਰ ਦੇ ਕੇ ਮਾਰ ਛਡੀਆਂ ਜਾਂ ਕਿਰਪਾਨਾਂ ਨਾਲ ਵੱਢ ਦਿਤੀਆਂ ਅਤੇ ਜਾਂ ਔਰਤਾਂ ਨੇ ਹੀ ਖੂਹ ਵਿਚ ਛਾਲ ਮਾਰ ਕੇ ਜਾਨ ਦੇ ਦਿਤੀ। ਅਜਿਹੇ ਹੱਲਿਆਂ ਵਿਚ ਨਾ 9 ਮਹੀਨਿਆਂ ਦੀ ਬਾਲੜੀ ਬਖ਼ਸ਼ੀ ਜਾਂਦੀ ਹੈ ਅਤੇ ਨਾ ਹੀ 90 ਵਰ੍ਹਿਆਂ ਦੀ ਮਾਂ। 1984 ਵਿਚ ਇਹ ਵੇਖਣ ਵਿਚ ਆਇਆ ਕਿ ਮੁਹੱਲੇ ਦੇ ਲੋਕ ਹੀ ਧਾੜਵੀਆਂ ਵਿਚ ਸ਼ਾਮਲ ਹੋ ਕੇ ਅਪਣੀਆਂ ਹੀ ਗੁਆਂਢਣਾਂ, ਜੋ ਉਨ੍ਹਾਂ ਨੂੰ ਭਰਾ ਜਾਂ ਪਿਉ ਆਖਦੀਆਂ ਸਨ, ਦੀ ਪੱਤ ਲੁੱਟਣ ਨੂੰ ਕਾਹਲੇ ਹੋਏ ਪਏ ਸਨ।

ਯਾਨੀ ਜਦੋਂ ਇਨਸਾਨੀਅਤ ਦੇ ਪਤਲੇ ਜਿਹੇ ਵਰਕ ਦਾ ਮੁਖੌਟਾ ਉਤਰਦਾ ਹੈ ਤਾਂ ਹੇਠੋਂ ਹੈਵਾਨ ਦਾ ਅਸਲ ਚਿਹਰਾ ਸਾਹਮਣੇ ਆ ਜਾਂਦਾ ਹੈ। ਇਹੋ ਅਸਲੀਅਤ ਹੈ। ਚੁਫ਼ੇਰੇ ਫਿਰਦੇ ਸਭਿਅਕ ਅਖਵਾਉਂਦੇ ਲੋਕ ਉਦੋਂ ਤਕ ਹੀ ਸਭਿਅਕ ਰਹਿੰਦੇ ਹਨ ਜਦੋਂ ਤਕ 'ਮੌਕਾ' ਨਹੀਂ ਮਿਲਦਾ। ਕਿੰਨੀ ਵੀ ਉੱਚੀ ਪਦਵੀ ਹੋਵੇ,ਮਜ਼ਲੂਮ ਸਾਹਮਣੇ ਵੇਖ ਕੇ ਸ਼ਿਕਾਰ ਕੀਤੇ ਬਗ਼ੈਰ ਰਿਹਾ ਨਹੀਂ ਜਾਂਦਾ! ਇਸ ਕੌੜੀ ਹਕੀਕਤ ਨੂੰ ਬੇਪਰਦਾ ਕਰਦਿਆਂ ਬਹੁਤ ਜਣੇ ਉੱਚੀ-ਉੱਚੀ ਚੀਕਦੇ, ਰੌਲਾ ਪਾਉਂਦੇ ਹਨ ਕਿਉਂਕਿ ਉਨ੍ਹਾਂ ਨੂੰ ਅਪਣਾ ਆਪ ਨੰਗਾ ਹੋਇਆ ਜਾਪਦਾ ਹੈ। ਕੋਈ ਵੀ ਜਣਾ ਕਿਆਸ ਲਾ ਸਕਦਾ ਹੈ ਕਿ ਅਜਿਹੀ ਹੈਵਾਨੀਅਤ ਦੀਆਂ ਸ਼ਿਕਾਰ ਔਰਤਾਂ ਕਿਸ ਬਦਲਾ ਲਊ ਸੋਚ ਨਾਲ ਵਿਚਰ ਰਹੀਆਂ ਹੋਣਗੀਆਂ ਅਤੇ ਅੱਗੋਂ ਕੀ ਕਹਿਰ ਢਾਅ ਸਕਦੀਆਂ ਹਨ।

ਬਦਲਾ ਲਊ ਨੀਤੀ ਨਾਲ ਉੱਠੀ ਔਰਤ ਜ਼ਹਿਰੀਲੇ ਸੱਪ ਤੋਂ ਵੱਧ ਤਿੱਖਾ ਡੰਗ ਮਾਰਦੀ ਹੈ ਅਤੇ ਉਹ ਵੀ ਪੂਰੀ ਨੀਤੀ ਘੜ ਕੇ। ਉਹ ਨਿਸ਼ਾਨਾ ਸੇਧਦੀ ਹੈ ਅਤੇ ਉਸ ਨੂੰ ਪੂਰਾ ਕਰਨ ਲਈ ਸਹਿਜ ਤੇ ਸਿਆਣਪ ਨਾਲ ਸਮਾਂ ਚੁਣਦੀ ਹੈ ਤਾਂ ਜੋ ਚੂਕ ਨਾ ਹੋ ਜਾਵੇ। ਉਹ ਵਾਰ ਵੀ ਸਿਰਫ਼ ਉਨ੍ਹਾਂ 'ਤੇ ਕਰਦੀ ਹੈ ਜੋ ਉਸ ਉੱਤੇ ਜ਼ੁਲਮ ਢਾਅ ਕੇ ਹਟੇ ਹੋਣ। ਇਹ ਵੇਖਣ ਵਿਚ ਆਇਆ ਹੈ ਕਿ ਵੱਡੀ ਗਿਣਤੀ ਔਰਤਾਂ ਦੀ ਸੋਚ ਕੁੱਝ ਵੱਖ ਹੁੰਦੀ ਹੈ। ਯੂਨੀਫੈਮ ਦੀ ਸ਼ਾਂਤੀ ਦੀ ਟਾਰਚ ਜਦੋਂ ਬਲਾਤਕਾਰ ਪੀੜਤ ਅਫ਼ਰੀਕਨ ਔਰਤਾਂ ਨਾਲ ਬਾਲੀ ਗਈ ਅਤੇ ਜਦੋਂ ਬੀਜਿੰਗ ਵਿਖੇ 1995 ਵਿਚ ਚੌਥੀ ਵਿਸ਼ਵ ਔਰਤਾਂ ਦੀ ਕਾਨਫ਼ਰੰਸ ਦੌਰਾਨ ਇਸ ਗੱਲ ਦਾ ਪ੍ਰਗਟਾਵਾ ਹੋਇਆ ਤਾਂ ਦੁਨੀਆਂ ਦੰਗ ਰਹਿ ਗਈ।

ਲਗਭਗ ਹਰ ਔਰਤ ਅਪਣੀ ਪੀੜ ਨੂੰ ਉਸਾਰੂ ਸੋਚ ਦੇ ਰਹੀ ਸੀ। ਹੋਰ ਜੰਗ ਜਾਂ ਬਦਲਾ ਲਊ ਨੀਤੀ ਦੀ ਥਾਂ ਚੰਗੇ ਸ਼ਹਿਰੀ ਪੈਦਾ ਕਰਨ ਅਤੇ ਨਵਾਂ ਸਮਾਜ ਸਿਰਜਣ ਦੀ ਗੱਲ ਕੀਤੀ ਗਈ, ਜਿੱਥੇ ਹਰ ਔਰਤ ਵਧੀਆ ਮਾਂ ਬਣ ਕੇ ਅਪਣੇ ਪੁੱਤਰ ਜਾਂ ਧੀ ਲਈ ਰਾਹ ਦਸੇਰਾ ਬਣਨ ਲਈ ਤਿਆਰ ਸੀ ਕਿ ਅੱਗੋਂ ਤੋਂ ਅਜਿਹਾ ਜ਼ੁਲਮ ਉਨ੍ਹਾਂ ਦੇ ਕੁੱਖੋਂ ਜੰਮਿਆ ਪੁੱਤਰ ਕਿਸੇ ਧੀ ਉੱਤੇ ਨਾ ਕਰੇ। ਸਪੱਸ਼ਟ ਸੀ ਕਿ ਅਪਣੀ ਪੀੜ ਨੂੰ ਔਰਤਾਂ ਨੇ ਵਿਸ਼ਵ ਸ਼ਾਂਤੀ ਦੇ ਪੁਲ ਦੀ ਉਸਾਰੀ ਲਈ ਵਰਤ ਲਿਆ ਸੀ। ਇਹ ਔਰਤਾਂ ਇਕ-ਦੂਜੇ ਦਾ ਸਹਾਰਾ ਆਪ ਹੀ ਬਣੀਆਂ ਸਨ ਕਿਉਂਕਿ ਮਰਦਾਂ ਵਲੋਂ ਉਨ੍ਹਾਂ ਨੂੰ ਸਿਰਫ਼ 'ਵਰਤਣ' ਵਾਲੀ ਸ਼ੈਅ ਮੰਨ ਲਿਆ ਗਿਆ ਸੀ। ਸੱਭ ਨੂੰ ਤ੍ਰਿਸਕਾਰ ਹੀ ਹਾਸਲ ਹੋਇਆ ਸੀ।

ਇਨ੍ਹਾਂ ਵਿਚੋਂ ਪੜ੍ਹੀਆਂ ਲਿਖੀਆਂ ਔਰਤਾਂ ਨੇ ਅਪਣੇ ਨਾਲ ਦੀਆਂ ਅਨਪੜ੍ਹ ਔਰਤਾਂ ਨੂੰ ਪੜ੍ਹਾਉਣ ਦਾ ਜ਼ਿੰਮਾ ਆਪ ਚੁਕਿਆ। ਨਤੀਜੇ ਵਜੋਂ 90 ਫ਼ੀਸਦੀ ਪੇਂਡੂ ਔਰਤਾਂ ਪੜ੍ਹ-ਲਿਖ ਗਈਆਂ ਅਤੇ ਅਪਣੇ ਹੱਕਾਂ ਬਾਰੇ ਜਾਗਰੂਕ ਹੋ ਗਈਆਂ। ਇਨ੍ਹਾਂ ਵਿਚੋਂ ਹੀ ਕਈ ਇਕ-ਦੂਜੇ ਨੂੰ ਨਵੇਂ ਕਿੱਤੇ ਸਿਖਾਉਣ ਵਿਚ ਲੱਗ ਗਈਆਂ ਅਤੇ ਕੁੱਝ ਚੋਣਾਂ ਵਿਚ ਵੀ ਖੜੀਆਂ ਹੋਈਆਂ। ਰਤਾ ਧਿਆਨ ਕਰੀਏ ਕਿ ਜੇ ਇਹ ਉਸਾਰੂ ਸੋਚ ਛੱਡ ਕੇ ਦੂਜੇ ਪਾਸੇ ਤੁਰ ਪਈਆਂ ਹੁੰਦੀਆਂ ਤਾਂ ਕੀ ਕਹਿਰ ਢਹਿ ਸਕਦਾ ਸੀ! ਚੁਫ਼ੇਰੇ ਸਿਰਫ਼ ਨਫਰਤ ਦੀ ਅੱਗ ਦਿਸਣੀ ਸੀ। ਹਰ ਮਾਂ ਅਪਣੇ ਪੁੱਤਰ ਨੂੰ ਨਸ਼ਤਰ ਚੁਭੋ ਕੇ ਇਕ ਆਦਮ ਕਦ ਬੰਬ ਤਿਆਰ ਕਰ ਦਿੰਦੀ ਤਾਂ ਦੁਨੀਆਂ ਵਿਚ ਤਬਾਹੀ ਆ ਜਾਣੀ ਸੀ।

ਇਸ ਤਬਦੀਲੀ ਨੂੰ ਸਮਝਦਿਆਂ ਵੱਡੀ ਗਿਣਤੀ ਪੁਰਸ਼ ਅੱਗੇ ਆਏ ਅਤੇ ਅਨੇਕ ਵਿਸ਼ਵ ਪੱਧਰੀ ਕਾਨਫ਼ਰੰਸਾਂ ਕਰ ਕੇ ਅੰਤਰਰਾਸ਼ਟਰੀ ਕਾਨੂੰਨ ਬਣਾਏ ਗਏ ਤਾਂ ਜੋ ਔਰਤਾਂ ਉੱਤੇ ਹੁੰਦੀ ਹਿੰਸਾ ਘੱਟ ਕੀਤੀ ਜਾ ਸਕੇ ਅਤੇ ਉਨ੍ਹਾਂ ਨੂੰ ਨਿਆਂ ਮਿਲ ਸਕੇ। ਭਾਰਤ ਵਰਗਾ ਮੁਲਕ, ਜਿੱਥੇ ਮੁਲਕ ਨੂੰ ਹੀ 'ਮਾਤਾ' ਕਹਿ ਕੇ ਸਤਿਕਾਰਿਆ ਜਾਂਦਾ ਹੋਵੇ, ਨਿਰੀ ਦੋਗਲੀ ਨੀਤੀ ਦਾ ਸ਼ਿਕਾਰ ਹੈ। ਇੱਥੇ 'ਰੇਪ ਕੈਪੀਟਲ' ਵੀ ਹਨ ਅਤੇ ਇਸ ਨੂੰ ਦੁਨੀਆਂ ਭਰ ਵਿਚ ਔਰਤਾਂ ਲਈ ਖ਼ਤਰਨਾਕ ਮੁਲਕ ਐਲਾਨਿਆ ਜਾ ਚੁਕਿਆ ਹੈ। ਯੂਨਾਈਟਿਡ ਨੇਸ਼ਨਜ਼ ਅਨੁਸਾਰ ਪਾਰਲੀਮੈਂਟ ਵਿਚ ਬੈਠੀਆਂ 82 ਫ਼ੀ ਸਦੀ ਔਰਤਾਂ ਅਪਣੇ ਹੀ ਸਾਥੀਆਂ ਜਾਂ ਪਾਰਟੀ ਵਰਕਰਾਂ ਵਲੋਂ ਭੱਦੀ ਛੇੜਛਾੜ ਜਾਂ ਤਾਅਨੇ ਮਿਹਣੇ ਸੁਣ ਚੁੱਕੀਆਂ ਹਨ। ਇਹ ਕਿਵੇਂ ਔਰਤ ਜ਼ਾਤ ਲਈ ਆਵਾਜ਼ ਚੁਕਣਗੀਆਂ?

ਮਸਲਾ ਇਹ ਹੈ ਕਿ ਜਿੱਥੇ ਪੁਰਸ਼ ਅਸੈਂਬਲੀ ਵਿਚ ਅਸ਼ਲੀਲ ਫ਼ਿਲਮਾਂ ਵੇਖ ਰਹੇ ਹੋਣ, ਅਪਣੀਆਂ ਸਾਥੀ ਔਰਤਾਂ ਦੇ ਜਿਸਮਾਂ ਨੂੰ ਨਿਹਾਰ ਰਹੇ ਹੋਣ ਅਤੇ ਹਰ ਲੋੜਵੰਦ ਔਰਤ ਨੂੰ ਚੂੰਡਣ ਨੂੰ ਤਿਆਰ ਹੋਣ, ਉੱਥੇ ਜਦੋਂ ਕਸ਼ਮੀਰ ਦੀਆਂ ਫੁੱਲਾਂ ਵਰਗੀਆਂ ਧੀਆਂ ਦਾ ਜ਼ਿਕਰ ਹੋਵੇ ਤਾਂ ਉਨ੍ਹਾਂ ਦੀ ਮਨਾਂ ਅੰਦਰਲੀ ਗੰਦਗੀ ਉਨ੍ਹਾਂ ਦੇ ਖੂੰਖਾਰ ਚਿਹਰੇ ਉੱਪਰਲੀ ਤਿਰਛੀ ਜ਼ਹਿਰੀਲੀ ਮੁਸਕਾਨ ਰਾਹੀਂ ਬਾਹਰ ਦਿਸਣੀ ਹੀ ਹੈ। ਕਸ਼ਮੀਰ ਦੀ ਤਰੱਕੀ ਬਾਰੇ ਜ਼ਿਕਰ ਕਰਨ ਦੀ ਥਾਂ ਵੱਡੀ ਗਿਣਤੀ ਲੋਕ ਟਵਿਟਰ, ਫ਼ੇਸਬੁਕ, ਵਟਸਐਪ ਉੱਤੇ ਕਸ਼ਮੀਰੀ ਬੱਚੀਆਂ ਅਤੇ ਔਰਤਾਂ ਨੂੰ ਪ੍ਰਾਪਰਟੀ ਮੰਨ ਕੇ ਹਥਿਆ ਲੈਣ ਦੀ ਗੱਲ ਕਰ ਰਹੇ ਹੋਣ ਤਾਂ ਅਜੀਬ ਨਹੀਂ ਲਗਦਾ ਕਿਉਂਕਿ ਭਾਰਤ ਵਿਚ ਇਹ ਆਮ ਗੱਲ ਬਣ ਚੁੱਕੀ ਹੈ।

ਸਿਰਫ਼ ਹੁਣ ਉਸ ਵੇਲੇ ਦੀ ਉਡੀਕ ਹੈ ਜਦੋਂ ਕਈ ਪਿਉ ਇਕੱਠੇ ਹੋ ਕੇ ਇਕ-ਦੂਜੇ ਦੀਆਂ ਧੀਆਂ ਨੂੰ ਅਪਣੀ ਮੰਨ ਕੇ ਜਾਗ੍ਰਿਤ ਹੋਣਗੇ। ਅਨੇਕ ਭਰਾ ਅਪਣੇ ਨਾਲ ਦੇ ਘਰ ਦੀ ਬੇਟੀ ਨੂੰ 'ਮਾਲ' ਨਾ ਮੰਨ ਕੇ ਉਸ ਦੀ ਰਾਖੀ ਲਈ ਅਗਾਂਹ ਆਉਣਗੇ। ਜਦੋਂ ਪੁੱਤਰ ਅਪਣੀ ਮਾਂ ਦੀ ਰਾਖੀ ਦੇ ਨਾਲ ਅਪਣੀ ਕਲੋਨੀ ਵਿਚਲੀ ਹਰ ਮਾਂ ਦੀ ਰਾਖੀ ਲਈ ਜਾਨ ਵਾਰਨ ਲਈ ਤਿਆਰ ਹੋਣਗੇ! ਉਹੀ ਸਮਾਂ ਹੋਵੇਗਾ ਅਸਲ ਤਬਦੀਲੀ ਦਾ। ਰਾਮ, ਬੁੱਧ, ਨਾਨਕ ਅਤੇ ਕ੍ਰਿਸ਼ਨ ਵਰਗੇ ਗੁਰੂਆਂ ਦੇ ਸੁਪਨਿਆਂ ਦੇ ਸਿਰਜੇ ਭਾਰਤ ਦਾ। ਹਰ ਮਾਂ ਨੂੰ ਅੱਜ ਤੋਂ ਹੀ ਅਪਣੇ ਪੁੱਤਰਾਂ ਅਤੇ ਧੀਆਂ ਨੂੰ ਇਸੇ ਰਾਹ ਉੱਤੇ ਤੁਰਨ ਲਈ ਤਿਆਰ ਕਰਨਾ ਪਵੇਗਾ ਤਾਂ ਜੋ ਅਗਲੀ ਪਨੀਰੀ ਔਰਤ ਵਿਚ ਸਿਰਫ਼ ਜਿਸਮ ਵੇਖਣਾ ਬੰਦ ਕਰ ਦੇਵੇ।

ਸ਼ਾਲਾ ਕਦੇ ਤਾਂ ਉਹ ਸਮਾਂ ਜ਼ਰੂਰ ਆਏਗਾ ਜਦੋਂ ਭਾਰਤ ਦੀ ਕੋਈ ਧੀ ਅੱਧ ਰਾਤ ਵੀ ਬਿਨਾਂ ਡਰ ਦੇ ਇਕੱਲਿਆਂ ਵਾਪਸ ਘਰ ਪਰਤ ਰਹੀ ਹੋਵੇਗੀ।
ਅੱਜ ਦੇ ਦਿਨ ਦੀ ਲੋੜ ਹੈ, ਸਾਰੇ ਅਣਖਾਂ ਵਾਲੇ ਇਕਜੁਟ ਹੋ ਕੇ ਜ਼ੋਰਦਾਰ ਬੁਲੰਦ ਆਵਾਜ਼ ਕਰਨ ਕਿ ਕਸ਼ਮੀਰ ਦੀ ਹਰ ਧੀ ਦੀ ਰਾਖੀ ਕਰਨਾ ਸਾਡਾ ਫ਼ਰਜ਼ ਹੈ। ਜੇ ਇਹ ਆਵਾਜ਼ ਬੁਲੰਦ ਹੋ ਗਈ ਤਾਂ ਸਾਰਾ ਕੂੜ ਕਬਾੜ ਜੋ ਹੁਣ ਖਿਲਰ ਰਿਹਾ ਹੈ, ਸੱਭ ਹੂੰਝਿਆ ਜਾਵੇਗਾ। ਚਲੋ ਸਾਰੇ ਜਣੇ ਆਵਾਜ਼ ਚੁੱਕ ਕੇ ਅਪਣੇ ਜਿਊਂਦੇ ਹੋਣ ਦਾ ਸਬੂਤ ਦੇਈਏ। ਜੇ ਹਾਲੇ ਵੀ ਵੀਰ ਹਿੰਮਤ ਨਹੀਂ ਜੁਟਾ ਸਕ ਰਹੇ ਤਾਂ ਚਲੋ ਭੈਣਾਂ ਹੀ ਇਕੱਠੀਆਂ ਹੋ ਕੇ ਅਪਣੀ ਤਾਕਤ ਵਿਖਾਈਏ ਕਿ ਜਦੋਂ ਭਾਰਤ ਵਿਚਲੀਆਂ ਬੇਟੀਆਂ ਜਾਗ ਜਾਣ ਤਾਂ ਇਸ ਸੈਲਾਬ ਅੱਗੇ ਕੋਈ ਨਹੀਂ ਟਿਕ ਸਕਣ ਲਗਿਆ।

ਸੰਪਰਕ : 0175-2216783, ਡਾ. ਹਰਸ਼ਿੰਦਰ ਕੌਰ