ਇਤਿਹਾਸ ਦਾ ਦੁਸ਼ਮਣ ਸਮਾਂ ਜਾਂ ਮਨੁੱਖ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਕੋਈ ਵੀ ਸਿੱਖ ਜਾਂ ਸੰਸਥਾ ਇਹ ਦਾਅਵਾ ਨਹੀਂ ਕਰ ਸਕਦੀ ਕਿ ਅੱਜ ਦਾ ਸਿੱਖ ਧਰਮ ਬਾਬਾ ਨਾਨਕ ਜਾਂ ਸ੍ਰੀ ਗੁਰੂ ਗੋਬਿੰਦ ਸਿੰਘ ਕਾਲ ਦਾ ਹੀ ਸਿੱਖ ਧਰਮ ਹੈ

Sikh History

ਕੋਈ ਵੀ ਸਿੱਖ ਜਾਂ ਸੰਸਥਾ ਇਹ ਦਾਅਵਾ ਨਹੀਂ ਕਰ ਸਕਦੀ ਕਿ ਅੱਜ ਦਾ ਸਿੱਖ ਧਰਮ ਬਾਬਾ ਨਾਨਕ ਜਾਂ ਸ੍ਰੀ ਗੁਰੂ ਗੋਬਿੰਦ ਸਿੰਘ ਕਾਲ ਦਾ ਹੀ ਸਿੱਖ ਧਰਮ ਹੈ। ਇਹ ਸੱਚ, ਸੱਚ ਹੀ ਰਹੇਗਾ ਕਿ ਜਿਸ ਮੁਕਾਮ ਤੇ ਸਾਨੂੰ ਗੁਰੁ ਦਸਵੇਂ ਪਾਤਸ਼ਾਹ ਲੈ ਕੇ ਗਏ ਸੀ, ਉਸ ਕਾਲ ਤੋਂ ਅੱਜ ਤਕ ਸਾਡੀ ਰਹਿਤ ਮਰਿਯਾਦਾ ਵਿਚ, ਸਾਡੇ ਰਹਿਣ ਸਹਿਣ ਵਿਚ ਸਾਡੇ ਸਾਹਿਤਕ ਤੇ ਧਾਰਮਕ ਗ੍ਰੰਥਾਂ ਵਿਚ (ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ) ਕਈ ਪ੍ਰਕਾਰ ਦੇ ਵਾਧੇ-ਘਾਟੇ ਤੇ ਮਿਲਾਵਟ ਹੋ ਚੁੱਕੀ ਹੈ।

ਇਸ ਦਾ ਕਾਰਨ ਸਮਾਂ ਪ੍ਰਵਰਤਨ ਵੀ ਹੋ ਸਕਦਾ ਹੈ ਤੇ ਜਾਣ ਬੁੱਝ ਕੇ ਕੀਤਾ ਅਨਰਥ ਵੀ ਹੋ ਸਕਦਾ ਹੈ। ਇਸ ਦਾ ਕਾਰਨ ਰਾਜ ਸ਼ਕਤੀ ਵੀ ਹੋ ਸਕਦਾ ਹੈ ਤੇ ਲਿਖਾਰੀ ਦਾ ਸ਼ਰਧਾਵਾਨ ਹੋਣਾ ਵੀ। ਸਿੱਖਾਂ ਨੇ ਅਪਣੇ ਇਤਿਹਾਸ ਨੂੰ ਸਾਂਭਣ ਦੀ ਕੋਸ਼ਿਸ਼ ਨਹੀਂ ਕੀਤੀ, ਇਸ ਗੱਲ ਦਾ ਸਾਰੇ ਹੀ ਰੌਲਾ ਪਾਉਦੇ ਹਨ। ਪਰ ਕੀ ਅਸੀ ਅੱਜ ਵੀ ਕੋਈ ਕੋਸ਼ਿਸ਼ ਕਰ ਰਹੇ ਹਾਂ ਜਿਸ ਨਾਲ ਅਸੀ ਅਪਣੇ ਪਿਉ ਦਾਦੇ ਦੇ ਇਤਿਹਾਸ ਨੂੰ ਸਾਂਭ ਸਕੀਏ?

ਪਦਾਰਥਵਾਦੀ ਯੁੱਗ ਦਾ ਮਨੁੱਖ ਕੁੱਝ ਜ਼ਿਆਦਾ ਹੀ ਪਦਾਰਥਵਾਦੀ ਹੋ ਗਿਆ ਹੈ। ਅਸੀ ਖੋਜੀ ਬਿਰਤੀ ਨੂੰ ਤਿਆਗ ਚੁੱਕੇ ਹਾਂ। ਖੋਜ ਕਰਨ ਵਾਲਿਆਂ ਉਪਰ ਧਾਰਾ 295ਏ ਲਗਾਈ ਜਾ ਰਹੀ ਹੈ। ਇਕ ਕੌੜਾ ਸੱਚ ਇਹ ਵੀ ਹੈ ਕਿ ਖੋਜੀ ਬੰਦੇ ਦੇ ਹੱਕ ਵਿਚ ਕੋਈ ਨਿਤਰਦਾ ਵੀ ਨਹੀਂ। ਚੰਗੇ ਲਿਖਾਰੀ ਜਾਂ ਵਿਦਵਾਨ ਕੋਲ ਜੇਕਰ ਕੋਈ ਰਾਜਸ਼ੀ ਸ਼ਕਤੀ ਹੈ ਜਾਂ ਉਹ ਆਰਥਕ ਪੱਖੋਂ ਮਜ਼ਬੂਤ ਹੈ ਤਾਂ ਉਹ ਕੁੱਝ ਸੱਚ ਬੋਲ ਸਕਦਾ ਹੈ, ਨਹੀਂ ਤਾਂ ਆਮ ਜਹੇ ਲਿਖਾਰੀ ਜਾਂ ਵਿਦਵਾਨ ਦੀ ਸਿੱਖ ਸਮਾਜ ਵਿਚ ਕੋਈ ਵੀ ਕਦਰ ਨਹੀਂ ਕਰਦਾ। ਉਦਾਹਰਣ ਦੇ ਤੌਰ ਤੇ ਗਿਆਨੀ ਦਿੱਤ ਸਿੰਘ ਜੀ ਦਾ ਜੀਵਨ ਆਪ ਸੱਭ ਦੇ ਸਾਹਮਣੇ ਹੈ।

ਮਨੁੱਖ ਭਾਵੇਂ ਉਹ ਸਿੱਖ ਹੈ, ਹਿੰਦੂ ਹੈ, ਮੁਸਲਮਾਨ ਹੈ ਜਾਂ ਈਸਾਈ ਹੈ, ਉਸ ਦੇ ਧਰਮ ਦਾ ਬਾਹਰੀ ਤੇ ਅੰਦਰੂਨੀ ਰੂਪ ਬਦਲ ਚੁੱਕਾ ਹੈ। ਅੱਜ ਕਿਸੇ ਵੀ ਧਰਮ ਦਾ ਮੂਲ ਰੂਪ ਬਿਆਨ ਕਰਨਾ ਜੋਖਮ ਭਰਿਆ ਕੰਮ ਹੈ। ਅੱਜ ਟਕਸਾਲੀ ਆਖਦੇ ਹਨ ਕਿ ਜੋ ਅਸੀ ਪ੍ਰਚਾਰ ਕਰਦੇ ਹਾਂ ਇਹੀ ਅਸਲ ਧਰਮ ਹੈ, ਮਿਸ਼ਨਰੀ ਆਖਦੇ ਹਨ ਕਿ ਅਸੀ ਸਹੀ ਹਾਂ ਕਿਉਂਕਿ ਅਸੀ ਧਰਮ ਦਾ ਪ੍ਰਚਾਰ ਵਿਗਿਆਨਕ ਢੰਗ ਨਾਲ ਕਰਦੇ ਹਾਂ ਜਦੋਂ ਕਿ ਦੋਵੇਂ ਹੀ ਬਚਿੱਤਰ ਨਾਟਕ ਦੀਆਂ ਕਿਤਾਬਾਂ ਛਾਪਦੇ ਤੇ ਵੇਚਦੇ ਹਨ, ਦੋਵੇਂ ਹੀ ਅਖੰਡ ਪਾਠ ਕਰਨ ਦੀ ਭੇਟਾ ਵੀ ਲੈਂਦੇ ਹਨ।

ਅੰਗਰੇਜ਼ਾਂ ਦੀ ਇਹ ਨੀਤੀ ਰਹੀ ਹੈ ਕਿ ਉਨ੍ਹਾਂ ਨੇ ਜਿਸ ਵੀ ਮੁਲਕ ਤੇ ਰਾਜ ਕਰਨਾ ਹੁੰਦਾ ਹੈ, ਉਹ ਅਪਣਾ ਅਹਿਲਕਾਰ ਭੇਜ ਕੇ ਉਥੋਂ ਦੇ ਲੋਕਾਂ ਦੇ ਧਰਮ, ਸਭਿਆਚਾਰ, ਸੁਭਾਅ ਤੇ ਆਦਤਾਂ ਬਾਰੇ ਇਕ ਕਿਤਾਬ ਜ਼ਰੂਰ ਲਿਖਵਾਉਂਦੇ ਹਨ। ਪਰ ਅਸੀ ਅਪਣੇ ਹੀ ਧਰਮ ਬਾਰੇ ਜਾਣਨ ਲਈ ਕੋਈ ਅਜਿਹਾ ਉਪਰਾਲਾ ਨਹੀਂ ਕਰਦੇ। ਹੁਣ ਕਈ ਪਾਠਕ ਸੋਚਦੇ ਹੋਣਗੇ ਕਿ ਸਿੱਖ ਧਰਮ ਬਾਰੇ ਹਜ਼ਾਰਾਂ ਹੀ ਪੁਸਤਕਾਂ ਲਿਖ ਦਿਤੀਆ ਗਈਆਂ ਹਨ, ਜੋ ਆਮ ਹੀ ਬਜ਼ਾਰਾਂ ਤੇ ਗੁਰਦਵਾਰਿਆਂ ਤੋਂ ਮਿਲ ਜਾਂਦੀਆਂ ਹਨ। ਪਰ ਅਸਲ ਸਵਾਲ ਤਾਂ ਇਹੀ ਹੈ ਕਿ ਕੀ ਇਹ ਸਿੱਖ ਧਰਮ ਦਾ ਮੂਲ ਸਰੂਪ ਬਿਆਨ ਕਰਦੀਆਂ ਹਨ ਜਾਂ ਨਹੀਂ। ਸਿੱਖਾਂ ਨੂੰ (ਸਾਰਿਆਂ ਨਹੀਂ) ਇਹ ਆਦਤ ਜਹੀ ਹੈ ਕਿ ਉਹ ਨਵੀਂ ਗੱਲ ਕਰਨ ਵਾਲੇ ਨੂੰ ਹਮੇਸ਼ਾ ਹੀ ਗੋਡਿਆਂ ਹੇਠ ਲੈ ਲੈਂਦੇ ਹਨ। ਸਿੱਖ ਪ੍ਰੰਪਰਾਵਾਂ ਨੂੰ ਤੋੜਨਾ ਨਹੀਂ ਚਾਹੁੰਦੇ।

ਕਹਿੰਦੇ ਹਨ ਕਿ ਜੇ ਤੁਸੀ ਅਪਣੇ ਜੀਵਨ ਵਿਚ ਤਰੱਕੀ ਕਰਨੀ ਹੈ ਤਾਂ ਉਨ੍ਹਾਂ ਬੰਦਿਆਂ ਦੀ ਸੰਗਤ ਕਰੋ ਜਿਹੜੇ ਖ਼ੁਦ ਸਫ਼ਲ ਹੋਏ ਹਨ। ਜੇ ਉਨ੍ਹਾਂ ਦੀ ਸੰਗਤ ਨਹੀਂ ਕਰ ਸਕਦੇ ਤਾਂ ਸਫ਼ਲ ਬੰਦਿਆਂ ਦੀਆਂ ਜੀਵਨੀਆਂ ਤੇ ਇਤਿਹਾਸ ਜ਼ਰੂਰ ਪੜ੍ਹੋ ਤੇ ਉਨ੍ਹਾਂ ਦੇ ਜੀਵਨ ਸੰਘਰਸ਼ ਤੋਂ ਕੁੱਝ ਨਾ ਕੁੱਝ ਜ਼ਰੂਰ ਸਿਖੋ। ਪਰ ਅੱਜ ਸਾਡੇ ਸਾਹਮਣੇ ਸਾਡੇ ਸੂਰਬੀਰ ਯੋਧਿਆਂ ਦਾ, ਸਾਡੇ ਗੁਰੂ ਸਾਹਿਬਾਨ ਦਾ ਜਾਂ ਮਰਜੀਵੜੇ ਸਿੱਖਾਂ ਦਾ ਇਤਿਹਾਸ ਹੀ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ।

ਆਪੇ ਬਣੇ ਸਾਧੜੇ, ਬਾਬੇ ਅਪਣੇ ਤੋਂ ਪਹਿਲਾਂ ਹੋ ਚੁੱਕੇ ਬਾਬਿਆਂ ਦੇ ਹੀ ਗੁਣਗਾਨ ਕਰੀ ਜਾਂਦੇ ਹਨ ਤੇ ਸੰਗਤਾਂ ਨੂੰ ਗੁਮਰਾਹ ਕਰੀ ਜਾਂਦੇ ਹਨ। ਸਰਦਾਰ ਕਰਮ ਸਿੰਘ ਜੀ ਹਿਸਟੋਰੀਅਨ ਇਤਿਹਾਸ ਬਾਰੇ ਲਿਖਦੇ ਹਨ ਕਿ ਸਾਡੀ ਮੰਜ਼ਲ ਬੜੀ ਦੂਰ ਹੈ ਤੇ ਅਸੀ ਬੜੀ ਦੂਰ ਬੈਠੇ ਹਾਂ, ਅਵੇਸਲੇ ਬੈਠੇ ਹਾਂ। ਅਸਲ ਸੱਚ ਤਾਂ ਇਹ ਹੈ ਕਿ ਅਸੀ ਹਾਲੇ ਤਕ ਅਪਣੇ ਸਹੀ ਇਤਿਹਾਸ ਦੇ ਦਰਸ਼ਨ ਵੀ ਨਹੀਂ ਕੀਤੇ। ਅਸੀ ਜੋ ਕੁੱਝ ਵੇਖਦੇ ਹਾਂ, ਉਸ ਨੂੰ ਇਤਿਹਾਸ ਕਹਿ ਦੇਂਦੇ ਹਾਂ ਤੇ ਜਿਸ ਦੇ ਹੱਥ ਵਿਚ ਕੋਲਾ ਆਉਂਦਾ ਹੈ, ਉਹ ਕੰਧ ਉਤੇ ਲੀਕ ਖਿੱਚ ਕੇ ਕਹਿ ਦਿੰਦਾ ਹੈ ਕਿ ਮੈਂ ਕਿਹਾ ਸੋਹਣਾ ਮੋਰ ਬਣਾਇਆ ਹੈ।

ਉਪਰੋਕਤ ਸਤਰਾਂ ਨੂੰ ਪਾਠਕ ਖ਼ੁਦ ਅਪਣਾ ਦਿਮਾਗ਼ ਲਗਾ ਕੇ ਸਮਝ ਸਕਦੇ ਹਨ ਕਿ ਇਥੇ ਕਰਮ ਸਿੰਘ ਜੀ ਸਾਨੂੰ ਕੀ ਸਮਝਾਉਣਾ ਚਾਹੁੰਦੇ ਹਨ। ਇਤਿਹਾਸ ਬਾਰੇ ਲਿਖੀ ਹੋਈ, ਸੁਣਾਈ ਹੋਈ ਹਰ ਘਟਨਾ ਇਤਿਹਾਸ ਨਹੀਂ ਹੁੰਦੀ। ਸਾਡੀ ਮੰਜ਼ਲ ਅਜਿਹਾ ਇਤਿਹਾਸ ਹੈ, ਜਿਹਾ ਕਿ ਬਹਾਦਰ ਕੌਮਾਂ ਦਾ ਇਤਿਹਾਸ ਹੁੰਦਾ ਹੈ। ਜੋ ਸਾਡਾ ਪਿੱਛਾ ਸਾਡੀਆਂ ਅੱਖਾਂ ਦੇ ਸਾਹਮਣੇ ਲਿਆ ਵਿਖਾਵੇ, ਪਿਛਲੀਆਂ ਔਕੜਾਂ ਤੋਂ ਸਾਡੀਆਂ ਆਉਣ ਵਾਲੀਆਂ ਔਕੜਾਂ ਲਈ ਸੇਧ ਦੇਵੇ ਜਾਂ ਸਾਨੂੰ ਇਕ ਸਾਫ਼ ਸੜਕ ਵਿਖਾਵੇ। ਜੋ ਸਾਨੂੰ ਦੱਸੇ ਕਿ ਅਸੀ ਪਿੱਛੇ ਕੀ-ਕੀ ਭੁੱਲਾਂ ਕੀਤੀਆਂ ਹਨ?

ਉਨ੍ਹਾਂ ਭੁੱਲਾਂ ਲਈ ਅਸੀ ਕੀ-ਕੀ ਦੁੱਖ ਸਹੇ ਤੇ ਉਨ੍ਹਾਂ ਦੁੱਖਾਂ ਤੋਂ ਅਸੀ ਕਿਵੇਂ ਅੱਗੇ ਵਾਸਤੇ ਬਚਣਾ ਹੈ? ਮੁਕਦੀ ਗੱਲ ਸਾਡੀ ਮੰਜ਼ਲ ਅਜਿਹਾ ਇਤਿਹਾਸ ਹੈ ਜੋ ਸਾਨੂੰ ਹਰ ਗੱਲ ਦਾ ਕਾਰਨ ਤੇ ਸਿੱਟੇ ਦੱਸੇ। ਜਿਸ ਇਤਿਹਾਸ ਵਿਚ ਇਹ ਦੋ ਗੱਲਾਂ ਨਹੀਂ ਹਨ, ਉਹ ਇਤਿਹਾਸ ਕੰਧ ਉਤੇ ਕੋਲੇ ਨਾਲ ਬਣਾਏ ਮੋਰ ਵਰਗਾ ਹੈ। ਕਰਮ ਸਿੰਘ ਹਿਸਟੋਰੀਅਨ ਦੀ ਇਤਿਹਾਸਕ ਖੋਜ ਨਾਮੀ ਪੁਸਤਕ ਵਿਚ ਆਪ ਪੰਨਾ ਨੰਬਰ 34 ਤੇ ਲਿਖਦੇ ਹਨ ਕਿ “ਇਹ ਇਕ ਮੰਨੀ ਪਰਮੰਨੀ ਗੱਲ ਹੈ ਕਿ ਹਰ ਕੌਮ ਦੇ ਇਤਿਹਾਸ ਵਿਚ ਵਾਧੇ ਘਾਟੇ ਮੁੱਢ ਤੋਂ ਹੀ ਚਲੇ ਆ ਰਹੇ ਹਨ।

ਇਸ ਤਰ੍ਹਾਂ ਦੀ ਅਦਲਾ-ਬਦਲੀ ਕਰਨ ਵਾਲਿਆਂ ਦੀ ਨੀਤ ਜਾਂ ਤਾਂ ਇਹ ਰਹੀ ਹੈ ਕਿ ਸਾਰੇ ਇਤਿਹਾਸ ਨੂੰ ਸਮੇਂ ਦੀ ਦਸ਼ਾ ਅਨੁਸਾਰ ਕੀਤਾ ਜਾਵੇ ਜਾਂ ਕਿਸੇ ਪ੍ਰਸਿੱਧੀ ਲਈ ਉਸ ਵਿਚ ਬਹੁਤ ਸਾਰੀਆਂ ਮਨਘੜਤ ਗੱਲਾਂ ਵਾੜੀਆਂ ਜਾਣ (ਜਿਵੇਂ ਅਜਕਲ ਦੇ ਬਾਬੇ ਕਰਦੇ ਹਨ)। ਪਹਿਲਾ ਕੰਮ ਉਹ ਆਦਮੀ ਕਰਦੇ ਹਨ ਜੋ ਚਿੱਤੋਂ ਬੁਰਾ ਨਹੀਂ ਚਿਤਵਦੇ ਤੇ ਦੂਜਾ ਕੰਮ ਉਹ ਕਰਦੇ ਹਨ, ਜੋ ਉਸ ਇਤਿਹਾਸ ਵਾਲੇ ਕੌਮ ਦੇ ਆਚਰਨ ਨੂੰ ਕਿਸੇ ਖ਼ਾਸ ਪਹਿਲੂ ਵਲੋਂ ਨੀਵਾਂ ਕਰਨਾ ਚਾਹੁੰਦੇ ਹਨ। ਪਰ ਇਹ ਜ਼ਰੂਰੀ ਹੈ ਕਿ ਇਨ੍ਹਾਂ ਦੋਹਾਂ ਹਾਲਤਾਂ ਵਿਚ ਜਿਸ ਨੂੰ ਅਸਲ ਤੇ ਸ਼ੁੱਧ ਇਤਿਹਾਸ ਕਿਹਾ ਜਾਂਦਾ ਹੈ, ਉਹ ਨਹੀਂ ਰਹਿੰਦਾ, ਕੋਈ ਗੱਲ ਵੱਧ ਹੋ ਜਾਂਦੀ ਹੈ ਤੇ ਕੋਈ ਘੱਟ।''

ਅੱਗੇ ਚੱਲ ਕੇ ਕਰਮ ਸਿੰਘ ਜੀ ਪੰਨਾ ਨੰਬਰ-37 ਤੇ ਲਿਖਦੇ ਹਨ ਕਿ ਸਿੱਖਾਂ ਨੂੰ ਇਤਿਹਾਸ ਦੀ ਕਦਰ ਹੀ ਕੋਈ ਨਹੀਂ। ਇਹ ਤਾਂ ਜ਼ਰੂਰ ਹੈ ਕਿ ਜਿਸ ਤਰ੍ਹਾਂ ਹੋਰ ਕੌਮਾਂ ਦੇ ਇਤਿਹਾਸ ਦੀਆਂ ਪੁਸਤਕਾਂ ਵਿਚ ਵਾਧੇ ਘਾਟੇ ਹੁੰਦੇ ਆਏ ਹਨ, ਇਸ ਤਰ੍ਹਾਂ ਸਾਡੇ ਵਿਚ ਵੀ ਹੋਏ ਹੋਣਗੇ। ਪਰ ਹੋਰ ਕੌਮਾਂ ਨੇ ਯਤਨ ਕਰ ਕੇ ਵਾਧੇ ਘਾਟੇ ਲੱਭ ਕੇ ਆਪੋ ਅਪਣੇ ਇਤਿਹਾਸ ਸੋਧ ਲਏ ਜੋ ਇਸ ਵੇਲੇ ਸੱਚਾਈ ਦੇ ਨੇੜੇ-ਤੇੜੇ ਜਾਪਦੇ ਹਨ। ਸਿੱਖ ਕੌਮ ਵੀ ਜਾਣਦੀ ਹੈ ਕਿ ਵਾਧੇ ਘਾਟੇ ਸਾਡੀਆਂ ਪੁਸਤਕਾਂ ਵਿਚ ਵੀ ਕੀਤੇ ਗਏ ਹਨ। ਪਰ ਯਤਨ ਨਹੀਂ ਕਰਦੀ ਕਿ ਇਨ੍ਹਾਂ ਨੂੰ ਸੋਧ ਲਿਆ ਜਾਵੇ।

ਪਿਛਲੇ ਸਾਲ ਮੇਰਾ ਇਕ ਲੇਖ ਸਪੋਕਸਮੈਨ ਵਿਚ ਹੀ ਪ੍ਰਕਾਸ਼ਤ ਹੋਇਆ ਸੀ, ''ਸੱਚ ਦੇ ਦਰਬਾਰ ਵਿਚ ਝੂਠ ਕਿਉਂ?” ਜਿਸ ਵਿਚ ਮੈਂ ਪੂਰੇ ਤੱਥਾਂ ਤੇ ਸਬੂਤਾਂ ਦੇ ਹਵਾਲਿਆਂ ਨਾਲ ਇਹ ਦਸਿਆ ਸੀ ਕਿ ਦੁੱਖ ਭਜਨੀ ਬੇਰੀ ਉਹ ਨਹੀਂ, ਜੋ ਗੁਰੂ ਸਾਹਿਬ ਜੀ ਦੇ ਵੇਲੇ ਸੀ। ਇਹ ਬੇਰੀ ਤਾਂ ਬਹੁਤ ਦੇਰ ਬਾਅਦ ਸ਼੍ਰੋਮਣੀ ਕਮੇਟੀ ਵਲੋਂ ਹੀ ਲਗਾਈ ਗਈ ਸੀ ਤੇ ਕਾਲੇ ਕਾਂ ਇਥੇ ਇਸ਼ਨਾਨ ਕਰ ਕੇ ਹੰਸ ਨਹੀਂ ਬਣੇ ਸਨ। ਇਹ ਤਾਂ ਕੇਵਲ ਸੰਗਤਾਂ ਨੂੰ ਸਮਝਾਉਣ ਲਈ ਹੈ ਕਿ ਸਾਡੀ ਕਾਲੀ ਬਿਰਤੀ ਗੁਰਬਾਣੀ ਗੁਰੂ ਵਿਚ ਇਸ਼ਨਾਨ ਕਰ ਕੇ ਨਿਰਮਲ ਹੰਸ ਹੋ ਜਾਂਦੀ ਹੈ। ਇਸ ਲੇਖ ਨੂੰ ਲਿਖਣ ਤੋਂ ਬਾਅਦ ਮੈਂ ਕਈਆਂ ਨਾਲ ਦੁਸ਼ਮਣੀ ਮੁੱਲ ਲੈ ਲਈ।
(ਬਾਕੀ ਅਗਲੇ ਹਫ਼ਤੇ)
ਸੰਪਰਕ : 98147-02271
ਹਰਪ੍ਰੀਤ ਸਿੰਘ