ਸਾਧ ਸੰਗਤ ਅਸਥਾਨ ਜਗ ਮਗ ਨੂਰ ਹੈ
ਕੀਰਤਨ ਸ਼ਬਦ ਕੀਰਤੀ ਸ਼ਬਦ ਤੋਂ ਬਣਿਆ ਹੈ। ਕੀਰਤੀ ਤੋਂ ਭਾਵ ਹੈ ਰੱਬ ਦੀ ਸਿਫ਼ਤ ਸਲਾਹ।
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਸ ਨੂੰ ਅਸੀ ਗੁਰਬਾਣੀ ਕਹਿੰਦੇ ਹਾਂ, ਸਰਬ ਵਿਆਪੀ ਜਾਂ ਆਲਮੀ ਮੰਨੀ ਜਾ ਚੁੱਕੀ ਹੈ ਜਿਸ ਦਾ ਭਾਵ ਹੈ ਕਿ ਗੁਰਬਾਣੀ ਸੰਸਾਰ ਦੇ ਹਰ ਹਿੱਸੇ ਵਿਚ ਤੇ ਸੰਸਾਰ ਦੇ ਹਰ ਵਿਅਕਤੀ ਉਪਰ ਇਕਸਾਰਤਾ ਨਾਲ ਲਾਗੂ ਹੈ। ਗੁਰਬਾਣੀ ਲਈ ਵਿਅਕਤੀ ਕਿਥੋਂ ਦਾ ਰਹਿਣ ਵਾਲਾ ਹੈ, ਉਹ ਕਿਸ ਧਰਮ ਨਾਲ ਸਬੰਧਤ ਹੈ? ਉਹ ਕਿਸ ਜਾਤ ਦਾ ਹੈ? ਜਾਂ ਉਹ ਔਰਤ ਹੈ ਜਾਂ ਮਰਦ ਹੈ? ਕੋਈ ਫ਼ਰਕ ਨਹੀਂ ਪੈਂਦਾ। ਕਾਰਨ ਇਹ ਹੈ ਕਿ ਗੁਰਬਾਣੀ ਸਾਡੇ ਅੰਤਰਆਤਮਾ ਨਾਲ ਸਬੰਧਿਤ ਹੈ। ਅੰਤਰ ਆਤਮਾ ਸੱਭ ਦੀ ਇਕ ਹੀ ਹੈ। ਇਸ ਵਿਚ ਉਪਰੋਕਤ ਕੋਈ ਅੰਤਰ ਨਹੀਂ, ਇਸ ਲਈ ਇਸ ਨੂੰ ਆਲਮੀ ਜਾਂ ਸਰਬ ਵਿਆਪੀ ਮੰਨ ਲਿਆ ਗਿਆ ਹੈ।
ਉਪਰੋਕਤ ਸ਼ਬਦ ਦਾ ਕੀਰਤਨ ਕਰਨ ਵਾਲਾ ਜਥਾ ਕੀਰਤਨ ਕਰਦਾ ਹੋਇਆ ਇਹ ਭਾਵ ਛੱਡ ਰਿਹਾ ਹੁੰਦਾ ਹੈ ਕਿ ਸੁਣ ਰਹੀ ਸੰਗਤ ਖ਼ਾਸ ਹੈ, ਉਹ ਅਸਥਾਨ ਖ਼ਾਸ ਹੈ ਜਿਥੇ ਕੀਰਤਨ ਕੀਤਾ ਜਾ ਰਿਹਾ ਹੈ ਕਿਉਂਕਿ ਉਥੇ ਜਗ ਮਗ ਨੂਰ ਹੈ। ਜੇਕਰ ਉਹ ਸੰਗਤ ਖਾਸ ਹੋ ਗਈ, ਉਹ ਜਗ੍ਹਾ ਖਾਸ ਹੋ ਗਈ ਤੇ ਉਥੇ ਜਗ ਮਗ ਨੂਰ ਹੋ ਗਿਆ ਹੈ ਤਾਂ ਫਿਰ ਗੁਰਬਾਣੀ ਆਲਮੀ ਜਾਂ ਸਰਬ ਵਿਆਪੀ ਕਿਵੇਂ ਹੋਈ? ਇਸ ਤੋਂ ਭਾਵ ਤਾਂ ਇਹ ਹੋਇਆ ਕਿ ਜੋ ਪ੍ਰਚਲਤ ਅਰਥ ਲਏ ਜਾ ਰਹੇ ਹਨ, ਉਹ ਗੁਰਬਾਣੀ ਨੂੰ ਸਰਬ ਵਿਆਪੀ ਮੰਨਣ ਵਿਚ ਰੁਕਾਵਟ ਹਨ ਤਾਂ ਕਿਹਾ ਜਾ ਸਕਦਾ ਹੈ ਕਿ ਠੀਕ ਨਹੀਂ ਹਨ।
ਅੱਗੇ ਵੱਧਣ ਤੋਂ ਪਹਿਲਾਂ ਸ਼ਬਦ 'ਕੀਰਤਨ' ਬਾਰੇ ਵੀ ਵਿਚਾਰ ਸਾਂਝੇ ਕਰਨਾ ਚਾਹੁੰਦਾ ਹਾਂ। ਕੀਰਤਨ ਸ਼ਬਦ ਕੀਰਤੀ ਸ਼ਬਦ ਤੋਂ ਬਣਿਆ ਹੈ। ਕੀਰਤੀ ਤੋਂ ਭਾਵ ਹੈ ਰੱਬ ਦੀ ਸਿਫ਼ਤ ਸਲਾਹ। ਰੱਬ ਦੇ ਗੁਣ ਗਾਣ ਕਰਦੇ ਹੋਏ ਭਾਵ ਰੱਬ ਨਾਲ ਸਿੱਧੀ ਗੱਲਬਾਤ ਕਰਦੇ ਹੋਏ ਰੱਬ ਦਾ ਧਨਵਾਦ ਵਿਅਕਤ ਕਰਨਾ। ਧਨਵਾਦ ਸਿੱਧਾ ਹੀ ਕੀਤਾ ਜਾਣਾ ਚਾਹੀਦਾ ਹੈ ਨਾ ਕਿ ਹੋਰ ਲੋਕਾਂ ਨੂੰ ਸੁਣਾ ਕੇ। ਇਸ ਤਰ੍ਹਾਂ ਦਾ ਧਨਵਾਦ ਤਾਂ ਸ਼ਾਇਦ ਰੱਬ ਨੂੰ ਵੀ ਚੰਗਾ ਨਾ ਲਗਦਾ ਹੋਵੇ।
ਇਸ ਨੂੰ ਹੀ ਗੁਰਬਾਣੀ ਵਿਚ ਕਰਮਕਾਂਡ ਕਿਹਾ ਗਿਆ ਹੈ। ਪ੍ਰੰਤੂ ਅਸੀ ਇਸ ਕਰਮਕਾਂਡ ਵਿਚ ਏਨਾ ਜ਼ਿਆਦਾ ਖੁਭ ਗਏ ਹਾਂ ਕਿ ਸਾਨੂੰ ਇਹ ਹੁਣ ਕਰਮਕਾਂਡ ਲਗਦਾ ਹੀ ਨਹੀਂ। ਜਦ ਵਿਅਕਤੀ ਮਿਠੇ ਸ਼ਰਬਤ ਨੂੰ ਪੀ ਕੇ ਖ਼ੁਸ਼ ਹੋਣ ਲੱਗ ਪਵੇ ਤਾਂ ਉਹ ਆਤਮਾ ਨੂੰ ਅਨੰਦਤ ਕਰਨ ਵਾਲਾ ਅੰਮ੍ਰਿਤ ਰੂਪੀ ਬੂੰਦ ਦਾ ਸੁਆਦ ਚੱਖਣ ਤੋਂ ਵਾਂਝਾ ਰਹਿ ਜਾਂਦਾ ਹੈ। ਉਹ ਅਪਣੀ ਯਾਤਰਾ ਉੱਥੇ ਹੀ ਰੋਕ ਲੈਂਦਾ ਹੈ।
ਬਾਬਾ ਨਾਨਕ ਜੀ ਦੀਆਂ ਸਾਖੀਆਂ ਵਿਚ ਆਮ ਜ਼ਿਕਰ ਆਉਂਦਾ ਹੈ ਕਿ ਗੁਰੂ ਜੀ ਨੇ ਜਦ ਬਾਣੀ ਉਚਾਰਨੀ ਹੁੰਦੀ ਸੀ ਤਾਂ ਮਰਦਾਨੇ ਨੂੰ ਰਬਾਬ ਵਜਾਉਣ ਲਈ ਕਹਿੰਦੇ ਸਨ। ਉਸ ਵਕਤ ਉਥੇ ਬਾਣੀ ਅਕਾਲਪੁਰਖ ਨੂੰ ਸੁਣਾਈ ਜਾਂਦੀ ਸੀ ਨਾ ਕਿ ਸੰਗਤ ਨੂੰ। ਇਹ ਬਾਬਾ ਨਾਨਕ ਜੀ ਤੇ ਅਕਾਲਪੁਰਖ ਦੋਹਾਂ ਧਿਰਾਂ ਵਿਚਾਲੇ ਗੱਲਬਾਤ ਸੀ। ਸਾਡੀ ਬਾਹਰ ਦੀ ਦੁਨੀਆਂ ਵਿਚ ਵੀ ਜੇਕਰ ਮੈਂ ਕਿਸੇ ਵਿਅਕਤੀ ਦੇ ਕੀਤੇ ਭਲੇ ਕੰਮਾਂ ਦਾ ਧਨਵਾਦ ਕਰਨਾ ਹੋਵੇ ਤਾਂ ਮੈਂ ਉਸ ਨੂੰ ਵਖਰੇ ਤੌਰ ਉਤੇ ਮਿਲਾਂਗਾ।
ਮੈਂ ਧਨਵਾਦ ਕਰਦਾ ਹੋਇਆ ਇਹ ਵੀ ਕਹਾਂਗਾ ਕਿ ਮੈਨੂੰ ਤਾਂ ਸੁਝ ਹੀ ਨਹੀਂ ਰਿਹਾ ਕਿ ਮੈਂ ਤੁਹਾਡਾ ਧਨਵਾਦ ਕਿਵੇਂ ਕਰਾਂ। ਮੈਨੂੰ ਤਾਂ ਸ਼ਬਦ ਹੀ ਨਹੀਂ ਸੁਝ ਰਹੇ ਧਨਵਾਦ ਕਰਨ ਲਈ। ਮੇਰੀ ਗੱਲਬਾਤ ਦੱਸੇ ਗੀ ਕਿ ਮੈਂ ਕਿਸ ਪੱਧਰ ਤੋਂ ਅਕਾਲ ਪੁਰਖ ਦਾ ਧਨਵਾਦ ਕਰ ਰਿਹਾ ਹਾਂ। ਜਿੰਨਾ ਧਨਵਾਦ ਦਿਲ ਦੀ ਗਹਿਰਾਈ ਤੋਂ ਆਵੇਗਾ, ਉਨੇ ਸ਼ਬਦ ਘਟਦੇ ਜਾਣਗੇ। ਸ਼ਬਦ ਘਟਦੇ-ਘਟਦੇ ਖ਼ਤਮ ਹੀ ਹੋ ਜਾਣਗੇ। ਇਸ ਸਟੇਜ ਨੂੰ ਕਿਹਾ ਹੈ 'ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ।।'
ਇਥੇ ਆ ਕੇ ਸਾਡੀਆਂ ਗਿਆਨ ਇੰਦਰੀਆਂ ਇਕ ਇਕ ਕਰ ਕੇ ਚੁੱਪ ਕਰ ਜਾਣਗੀਆਂ ਤੇ ਬੰਦ ਅੱਖਾਂ ਵਿਚੋਂ ਅਥਰੂਆਂ ਦੀ ਝੜੀ ਲੱਗ ਜਾਵੇਗੀ। ਸਾਰੀਆਂ ਗਿਆਨ ਇੰਦਰੀਆਂ ਇਕ ਮਿਕ ਹੋ ਜਾਣਗੀਆਂ। ਇਸ ਸਟੇਜ ਨੂੰ ਅਰਦਾਸ ਕਰਨ ਵੇਲੇ ਕਿਹਾ ਜਾਂਦਾ ਹੈ ਕਿ 'ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ।।'
ਅਸੀ ਜਿਸ ਅਰਦਾਸ ਵਿਚ ਹੋਏ ਇਕੱਠ ਨੂੰ ਬਣਾ ਲਿਆ ਹੈ, ਇਹ ਕਦੇ ਨਹੀਂ ਸੋਚਿਆ ਕਿ ਮੇਰੀ ਅਰਦਾਸ ਅਧੂਰੀ ਕਿਉਂ ਰਹਿ ਗਈ? ਜਦ ਕਿ ਗੁਰੂ ਜੀ ਕਹਿ ਰਹੇ ਹਨ ਕਿ ਬਿਰਥੀ ਕਦੇ ਨਾ ਜਾਵੇ ਜਨ ਕੀ ਅਰਦਾਸ। ਜੇਕਰ ਇਕੱਠ ਹੀ ਜਨ ਹੈ ਤਾਂ ਇਸ ਦਾ ਮਤਲਬ ਹੋਇਆ ਕਿ ਇਕੱਲਾ ਬੰਦਾ ਤਾਂ ਅਰਦਾਸ ਕਰ ਹੀ ਨਹੀਂ ਸਕਦਾ। ਤਾਂ ਫਿਰ ਗੁਰਬਾਣੀ ਆਲਮੀ ਨਹੀਂ ਕਹੀ ਜਾ ਸਕਦੀ। ਇਥੇ ਜਨ ਸਾਡੀਆਂ ਗਿਆਨ ਇੰਦਰੀਆਂ ਨੂੰ ਕਿਹਾ ਗਿਆ ਹੈ।
ਜਦ ਉਹ ਸਾਡੀ ਅਰਦਾਸ ਵਿਚ ਸ਼ਾਮਲ ਹੋ ਜਾਣਗੀਆਂ ਤਾਂ ਅਰਦਾਸ ਬਿਰਥੀ ਨਹੀਂ ਜਾਵੇਗੀ। ਅਸੀ ਲੋੜੀਂਦੀ ਮਿਹਨਤ ਤੋਂ ਕਤਰਾਉਂਦੇ ਹੋਏ ਅਸਾਨ ਤਰੀਕੇ ਮਨ ਨੂੰ ਖ਼ੁਸ਼ ਕਰਨ ਲਈ ਅਪਣਾਅ ਲਏ ਹਨ। ਲਾਭ ਹੋਵੇ ਜਾਂ ਨਾ ਇਸ ਗੱਲ ਨਾਲ ਕੋਈ ਸਬੰਧ ਨਹੀਂ। ਇਹ ਸੱਭ ਕੁੱਝ ਕਰਮਕਾਂਡ ਵਿਚ ਹੀ ਆਉਂਦਾ ਹੈ। ਗੁਰਬਾਣੀ ਨਾਲ ਅਸੀ ਆਤਮਾ ਰਾਹੀਂ ਜੁੜਨਾ ਸੀ। ਇਹ ਔਖਾ ਸੀ ਅਸੀ ਅਸਾਨ ਤਰੀਕਾ ਲੱਭ ਲਿਆ ਤੇ ਗੁਰਬਾਣੀ ਨੂੰ ਸ੍ਰੀਰ ਨਾਲ ਜੋੜ ਲਿਆ।
ਹੁਣ ਉਪਰੋਕਤ ਸ਼ਬਦ ਵਲ ਆਉਂਦੇ ਹਾਂ। ਇਥੇ ਜੋ ਗੁਰੂ ਜੀ ਆਖ ਰਹੇ ਹਨ, ਉਨ੍ਹਾਂ ਅਨੁਸਾਰ ਨਾ ਤਾਂ ਸਾਧ ਸੰਗਤ ਖ਼ਾਸ ਹੈ ਨਾ ਹੀ ਅਸਥਾਨ ਖ਼ਾਸ ਹੈ ਤੇ ਨਾ ਹੀ ਬਾਹਰ ਰੂਪੀ ਜੱਗ ਮਗ ਨੂਰ ਹੈ। ਇਹ ਅਸੀ ਸ਼ਬਦੀ ਅਰਥ ਲੈ ਲਏ ਹਨ। ਸਾਧ ਤੋਂ ਭਾਵ ਹੈ ਰੱਬੀ ਗੁਣ, ਸੰਗਤ ਤੋਂ ਭਾਵ ਹੈ ਰੱਬੀ ਗੁਣਾਂ ਦਾ ਸਮੂਹ। ਚੰਗੇ ਗੁਣ ਜਿਵੇਂ ਪਿਆਰ, ਸਾਦਗੀ, ਹਮਦਰਦੀ, ਦਿਆਲਤਾ, ਕ੍ਰਿਪਾਲਤਾ ਆਦਿ ਦੇ ਸਮੂਹ ਨੂੰ ਇਥੇ ਸਾਧ ਸੰਗਤ ਕਿਹਾ ਗਿਆ ਹੈ। ਇਹ ਜਿਸ (ਅਸਥਾਨ) ਦੇ ਅੰਦਰ ਆ ਜਾਂਦੇ ਹਨ, ਉਹ (ਅਸਥਾਨ) ਅੰਦਰੋਂ ਖਿੜ ਉਠਦਾ ਹੈ, ਉਹ ਨਿਹਾਲ ਹੋ ਜਾਂਦਾ ਹੈ।
ਉਸ ਦਾ ਜਗ ਮਗ ਨੂਰ ਹੋ ਜਾਂਦਾ ਹੈ ਤੇ ਲੋਕਾਂ ਪ੍ਰਤੀ ਉਸ ਦਾ ਵਰਤਾਅ ਪਿਆਰ ਹਮਦਰਦੀ ਕ੍ਰਿਪਾਲਤਾ ਭਰਿਆ ਹੋ ਜਾਂਦਾ ਹੈ। ਉਸ ਦੇ ਅੰਦਰ ਦਾ ਹਨੇਰਾ ਦੂਰ ਹੋ ਜਾਂਦਾਂ ਹੈ, ਉਸ ਦੇ ਅੰਦਰ ਜਗ ਮਗ ਨੂਰ ਹੋ ਜਾਂਦਾ ਹੈ। ਬਾਹਰ ਦੇ ਜੱਗ ਮਗ ਨੂਰ ਨੂੰ ਗੁਰੂ ਜੀ ਆਸਾ ਦੀ ਵਾਰ ਵਿਚ ਪਹਿਲਾਂ ਹੀ ਨਕਾਰ ਚੁੱਕੇ ਹਨ ਜਦ ਗੁਰੂ ਜੀ ਕਹਿ ਰਹੇ ਹਨ, 'ਜੇ ਸਉ ਚੰਦਾ ਉਗਵਿਹ ਸੂਰਜ ਚੜਹਿ ਹਜਾਰ।। ਏਤੇ ਚਾਨਣ ਹੋਦਿਆਂ ਗੁਰੂ ਬਿਨੁ ਘੋਰ ਅੰਧਾਰ।।' ਇਥੇ ਵੀ ਗੁਰੂ ਜੀ ਬਾਹਰ ਦੇ ਹਨੇਰੇ ਦੀ ਗੱਲ ਨਹੀਂ ਕਰ ਰਹੇ ਕਿਉਂਕਿ ਬਾਹਰ ਦਾ ਹਨੇਰਾ ਤਾਂ ਸੂਰਜ ਦੀ ਰੋਸ਼ਨੀ ਨਾਲ ਦੂਰ ਹੋ ਸਕਦਾ ਹੈ।
ਗੁਰੂ ਜੀ ਅੰਦਰ ਦੇ ਹਨੇਰੇ ਦੀ ਗੱਲ ਕਰ ਰਹੇ ਹਨ ਜਿਹੜਾ ਰੱਬੀ ਗਿਆਨ ਨਾਲ ਹੀ ਦੂਰ ਹੋ ਸਕਦਾ ਹੈ। ਗੁਰੂ ਜੀ ਗੁਰਬਾਣੀ ਵਿਚ ਅੰਤਰ ਆਤਮਾ ਦੀ ਹੀ ਗੱਲ ਕਰ ਰਹੇ ਹਨ। ਉਹ ਸਾਨੂੰ ਅੰਦਰ ਨਾਲ ਜੋੜ ਰਹੇ ਹਨ। ਥੋੜਾ ਔਖਾ ਹੈ। ਅਸੀ ਆਤਮਾ ਪੱਖੀ ਗੱਲ ਨਾ ਕਰਦੇ ਹੋਏ ਮਨ-ਪੱਖੀ ਕਰਦੇ ਹਾਂ ਜਿਸ ਦਾ ਨਤੀਜਾ ਨਿਕਲਦਾ ਹੈ ਕਿ ਅਸੀ ਖ਼ਾਲੀ ਦੇ ਖ਼ਾਲੀ ਹੱਥ ਹੀ ਰਹਿ ਗਏ ਹਾਂ। ਅਸੀ ਆਸਾਨ ਹੱਲ ਲੱਭ ਲਏ ਹਨ। ਉਹ ਸਾਨੂੰ ਮਨਜ਼ੂਰ ਹਨ। ਲਾਭ ਹੈ ਜਾਂ ਨਹੀਂ, ਇਸ ਗੱਲ ਵਲ ਧਿਆਨ ਨਹੀਂ ਹੈ। ਗੁਰਬਾਣੀ ਪੜ੍ਹਨ ਵਾਲੀ ਹੀ ਚੀਜ਼ ਨਹੀਂ ਹੈ, ਇਹ ਤਾਂ ਨਾਲ ਦੀ ਨਾਲ ਕਮਾਉਣ ਵਾਲੀ ਵੀ ਹੈ। ਬਿਨਾਂ ਕਮਾਉਣ ਦੇ ਇਹ ਸੱਭ ਕੁੱਝ ਕਰਮਕਾਂਡ ਹੀ ਹੈ।
ਸੰਪਰਕ : 94171-91916
ਸੁਖਦੇਵ ਸਿੰਘ