ਬਾਦਲ ਸਾਹਿਬ ਸਿੱਖ ਕੌਮ ਨੂੰ ਹੁਣ ਤਾਂ ਬਖ਼ਸ਼ ਦਿਉ-1

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਪਿਛਲੇ ਕੁੱਝ ਦਿਨਾਂ ਤੋਂ ਅਖ਼ਬਾਰਾਂ ਤੇ ਟੀ.ਵੀ. ਉਤੇ ਇਹ ਖ਼ਬਰਾਂ ਆ ਰਹੀਆਂ ਹਨ ਕਿ ਭਾਜਪਾ ਤੇ ਅਕਾਲੀ ਦਲ ਬਾਦਲ ਵਿਚ ਅੰਦਰਖਾਤੇ ਸੱਭ ਕੁੱਝ ਠੀਕ ਨਹੀਂ ਚੱਲ ਰਿਹਾ।

Parkash Singh Badal

ਪਿਛਲੇ ਕੁੱਝ ਦਿਨਾਂ ਤੋਂ ਅਖ਼ਬਾਰਾਂ ਤੇ ਟੀ.ਵੀ. ਉਤੇ ਇਹ ਖ਼ਬਰਾਂ ਆ ਰਹੀਆਂ ਹਨ ਕਿ ਭਾਜਪਾ ਤੇ ਅਕਾਲੀ ਦਲ ਬਾਦਲ ਵਿਚ ਅੰਦਰਖਾਤੇ ਸੱਭ ਕੁੱਝ ਠੀਕ ਨਹੀਂ ਚੱਲ ਰਿਹਾ। ਭਾਵ ਅਕਾਲੀ ਦਲ ਤੇ ਭਾਜਪਾ ਜਿਨ੍ਹਾਂ ਦਾ ਰਿਸ਼ਤਾ ਪਤੀ-ਪਤਨੀ ਵਾਲਾ ਸੀ ਵਿਚ ਕੁੱਝ ਖਿੱਚੋਤਾਣ ਚੱਲ ਰਹੀ ਹੈ। ਫਿਰ ਕੁੱਝ ਦਿਨਾਂ ਬਾਦ ਇਕ ਹੋਰ ਖ਼ਬਰ ਆਈ ਜਿਸ ਵਿਚ ਬਾਦਲ ਨੇ ਕਿਹਾ ਕਿ ਆਪਸ ਵਿਚ ਮੁੜ ਸੁਲਾਹ ਹੋ ਗਈ ਹੈ ਭਾਵ ਹੁਣ ਪਤੀ ਪਤਨੀ ਮਿਲ ਕੇ ਕੰਮ ਕਰਨਗੇ। ਬਾਦਲ ਅਕਾਲੀ ਦਲ ਤਾਂ ਇਸ ਨੂੰ ਸ਼ੁੱਭ ਸ਼ਗਨ ਮੰਨ ਰਿਹਾ ਸੀ ਪਰ ਭਾਜਪਾ ਅੰਦਰੋਂ ਖ਼ੁਸ਼ ਨਹੀਂ।

ਅਕਾਲੀ ਦਲ ਦੇ ਵੀ ਕੁੱਝ ਨੇਤਾ ਉਪਰੋਂ ਖ਼ੁਸ਼ ਸਨ ਪਰ ਅੰਦਰੋਂ ਨਹੀਂ ਸਨ ਚਾਹੁੰਦੇ ਕਿ ਇਹ ਮੇਲ ਹੋਵੇ। ਉਹ ਇਸ ਨੂੰ ਮੰਦਭਾਗਾ ਹੀ ਮੰਨਦੇ ਹਨ। ਇਹ ਮਿਲਣ ਮਿਲਾਉਣ ਦੀ ਗੱਲ ਦਲ ਦੇ ਪ੍ਰਧਾਨ ਦੇ ਹੀ ਮੇਚ ਦੀ ਸੀ ਪਰ ਭਾਜਪਾ ਨੇ ਅਪਣੇ ਪੱਤੇ ਨਹੀਂ ਸਨ ਖੋਲ੍ਹੇ। ਵੇਖਿਆ ਜਾਵੇ ਤਾਂ ਅੱਜ ਸਿੱਖ, ਮੁਸਲਮਾਨ ਤੇ ਹੋਰ ਘੱਟ ਗਿਣਤੀ ਦੇ ਲੋਕ ਭਾਜਪਾ ਤੇ ਆਰ. ਐਸ. ਐਸ ਨੂੰ ਅਪਣਾ ਦੁਸ਼ਮਣ ਹੀ ਸਮਝਦੇ ਹਨ। ਜਿਵੇਂ ਔਰੰਗਜ਼ੇਬ ਚਾਹੁੰਦਾ ਸੀ ਕਿ ਭਾਰਤ ਵਿਚ ਸਿਰਫ਼ ਮੁਸਲਮਾਨ ਹੀ ਹੋਣ, ਉਵੇਂ ਹੀ ਭਾਜਪਾ ਆਰ.ਐਸ.ਐਸ ਚਾਹੁੰਦੀ ਹੈ ਕਿ ਭਾਰਤ ਵਿਚ ਸਿਰਫ਼ ਹਿੰਦੂ ਹੀ ਹੋਣ ਤੇ ਦੂਜੇ ਧਰਮਾਂ ਵਾਲੇ ਵੀ ਅਪਣੇ ਆਪ ਨੂੰ ਹਿੰਦੂ ਹੀ ਆਖਣ।

ਕੁੱਝ ਸਮਾਂ ਪਹਿਲਾਂ ਆਰ.ਐਸ.ਐਸ ਨੇ ਇਕ ਨਾਹਰਾ ਜਾਰੀ ਕੀਤਾ ਸੀ ਕਿ 'ਹਿੰਦੂ ਹਿੰਦੀ ਹਿੰਦੁਸਤਾਨ, ਨਾ ਰਹੇ ਸਿੱਖ, ਨਾ ਰਹੇ ਮੁਸਲਮਾਨ' ਚੋਣਾਂ ਵਿਚ ਭਾਜਪਾ ਨੂੰ ਜਦੋਂ ਬਹੁਮਤ ਮਿਲ ਗਿਆ ਤਾਂ ਇਸ ਨੇ ਅਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿਤਾ। ਕੁੱਝ ਸਮਾਂ ਪਹਿਲਾਂ ਰਖਿਆ ਮੰਤਰੀ ਅਮਿਤ ਸ਼ਾਹ ਨੇ ਇਸ ਨਾਹਰੇ ਦੀ ਇਕ ਧਾਰਾ ਲਈ ਖੁਲ੍ਹੇਆਮ ਕਹਿ ਦਿਤਾ ਕਿ ਪੂਰੇ ਭਾਰਤ ਦੇਸ਼ ਦੀ ਇਕੋ ਹੀ ਬੋਲੀ ਹੋਣੀ ਚਾਹੀਦੀ ਹੈ ਭਾਵ ਹਿੰਦੀ ਭਾਸ਼ਾ ਹੀ ਹੋਣੀ ਚਾਹੀਦੀ ਹੈ। ਖੇਤਰੀ ਭਾਸ਼ਾਵਾਂ ਖ਼ਤਮ ਹੋਣੀਆਂ ਚਾਹੀਦੀਆਂ ਹਨ। ਅਸੀ ਇਕ ਭਾਸ਼ਾ ਦੇ ਫ਼ਾਰਮੂਲੇ ਨੂੰ ਲਾਗੂ ਕਰ ਕੇ ਹੀ ਰਹਾਂਗੇ ਜਿਵੇਂ ਕਸ਼ਮੀਰ ਦੀ ਧਾਰਾ 370 ਖ਼ਤਮ ਕੀਤੀ ਹੈ। ਭਾਵ ਬਿੱਲੀ ਥੈਲੇ ਵਿਚੋਂ ਬਾਹਰ ਆ ਗਈ ਹੈ।

ਅਮਿਤ ਸ਼ਾਹ ਦੀ ਇਸ ਗੱਲ ਤੋਂ ਕੁੱਝ ਇੰਜ ਮਹਿਸੂਸ ਹੁੰਦਾ ਹੈ ਕਿ ਉਪਰੋਕਤ ਨਾਹਰੇ ਦਾ ਦੂਜਾ ਹਿੱਸਾ ਲਾਗੂ ਕਰਨ ਲਈ ਅਮਿਤ ਸ਼ਾਹ ਕਦੇ ਵੀ ਐਲਾਨ ਕਰ ਸਕਦਾ ਹੈ। ਜਿਥੇ ਇਸ ਗੱਲ ਦਾ ਵਿਰੋਧ ਦੇਸ਼ ਦੇ ਕਈ ਹਿੱਸਿਆਂ ਵਿਚ ਹੋਇਆ, ਪੰਜਾਬੀ ਪ੍ਰੇਮੀ ਵੀ ਹੈਰਾਨ ਰਹਿ ਗਏ ਤੇ ਇਸ ਦਾ ਵਿਰੋਧ ਵੀ ਕੀਤਾ ਪਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਨੇ ਇਸ ਵਿਰੁਧ ਇਕ ਵਾਰ ਵੀ ਮੂੰਹ ਨਾ ਖੋਲ੍ਹਿਆ ਤੇ ਕੌਮ ਵਲੋਂ ਬੇਪ੍ਰਵਾਹ ਹੋ ਕੇ ਦਿੱਲੀ ਦੇ ਹਾਕਮਾਂ ਨਾਲ ਪਈ ਦੋਸਤੀ ਨੂੰ ਨਿਜੀ ਲਾਭ ਲਈ ਹੀ ਵਰਤਿਆ।

ਕਮਾਲ ਦੀ ਗੱਲ ਤਾਂ ਇਹ ਹੈ ਕਿ ਅਕਾਲੀ ਦਲ ਜਦੋਂ ਰਾਜ ਸੱਤਾ ਉਤੇ ਹੁੰਦਾ ਹੈ, ਉਦੋਂ ਨਾ ਤਾਂ ਇਸ ਨੂੰ ਸਿੱਖਾਂ ਨਾਲ ਹੋਈਆਂ ਬੇਇਨਸਾਫ਼ੀਆਂ, ਨਾ ਸਿੱਖ ਬੱਚਿਆਂ ਵਿਚ ਵੱਧ ਰਹੇ ਪਤਿਤਪੁਣੇ ਤੇ ਨਾ ਹੀ ਨਸ਼ਿਆਂ ਵਿਚ ਗ਼ਰਕ ਹੋ ਰਹੇ ਪੰਜਾਬ ਦੀ ਖ਼ਾਸ ਕਰ ਕੇ ਸਿੱਖਾਂ ਦੇ ਬੱਚਿਆਂ ਦੇ ਭਵਿੱਖ ਦਾ ਖ਼ਿਆਲ ਆਉਂਦਾ ਹੈ। ਗੁਰੂ ਇਤਿਹਾਸ, ਸਿੱਖ ਇਤਿਹਾਸ ਨਾਲ ਹੋ ਰਹੀ ਕੋਝੀ ਛੇੜਛਾੜ ਦਾ, ਨਾ ਗੁਰਦਵਾਰਿਆਂ ਤੇ ਗੁਰਸਿੱਖ ਵਿਦਵਾਨਾਂ, ਗੁਰਸਿੱਖ ਸੰਗਤ ਉਤੇ ਹੋ ਰਹੇ ਤਸ਼ੱਦਦ ਦੀ ਯਾਦ ਆਉਂਦੀ ਹੈ, ਨਾ ਸਿੱਖ ਕੌਮ ਵਿਚ ਆ ਰਹੀ ਗਿਰਾਵਟ ਦਾ ਖ਼ਿਆਲ ਆਉਂਦਾ ਹੈ।

ਪਰ ਗੱਦੀ ਤੋਂ ਉਤਰਦਿਆਂ ਹੀ ਗੱਦੀ ਦਾ ਨਸ਼ਾ ਜਦੋਂ ਉਤਰਨਾ ਸ਼ੁਰੂ ਹੁੰਦਾ ਹੈ ਤਾਂ ਉਸ ਵੇਲੇ ਇਸ ਪਾਰਟੀ ਨੂੰ ਸੱਭ ਕੁੱਝ ਸ਼ਿੱਦਤ ਨਾਲ ਯਾਦ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਟਾਹਰਾਂ ਮਾਰਨੀਆਂ ਸ਼ੁਰੂ ਕਰ ਦਿੰਦੇ ਹਨ। 1984 ਤੋਂ ਲੈ ਕੇ ਹੁਣ ਤਕ ਸਿੱਖਾਂ ਉਤੇ ਜੋ ਜਬਰ ਹੋਏ ਉਨ੍ਹਾਂ ਲਈ ਇਨਸਾਫ਼ ਮੰਗਣ ਦੀ ਯਾਦ ਆ ਜਾਂਦੀ ਹੈ ਤੇ ਉਸ ਵੇਲੇ ਇਸ ਦਾ ਜੋਸ਼ ਵੇਖਣ ਵਾਲਾ ਹੁੰਦਾ ਹੈ। ਤਦ ਬਾਦਲ ਦਲ ਵਲੋਂ ਵਕਤ ਦੀ ਹਕੂਮਤ ਕੋਲੋਂ ਇਨਸਾਫ਼ ਮੰਗਣ ਤੇ ਉਸ ਦੀ ਪ੍ਰਾਪਤੀ ਲਈ ਮੋਰਚੇ ਲਗਾਉਣ ਦਾ ਜੋਸ਼ ਉਮੜ ਪੈਂਦਾ ਹੈ। ਸਰਕਾਰ ਤੇ ਦਬਾਅ ਬਣਾਉਣ ਲਈ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਇਆ ਜਾਂਦਾ ਹੈ ਤੇ ਪੁਲਿਸ ਕੋਲੋਂ ਡੰਡੇ ਤੇ ਗੋਲੀਆਂ ਖਾਣ ਤੇ ਸ਼ਹੀਦ ਹੋਣ ਲਈ ਅੱਗੇ ਧੱਕ ਦਿਤਾ ਜਾਂਦਾ ਹੈ।

ਇਸ ਤੋਂ ਬਾਅਦ ਸਰਕਾਰ ਤੇ ਇਸ ਅਕਾਲੀ ਦਲ ਵਿਚ ਕੁੱਝ ਲੈ ਦੇ ਕੇ ਫ਼ੈਸਲਾ ਹੋ ਜਾਂਦਾ ਹੈ ਤੇ ਮੋਰਚਾ ਟਾਏਂ-ਟਾਏਂ ਫ਼ਿੱਸ਼ ਕਰ ਕੇ ਫਿਰ ਸਿੱਖ ਕੌਮ ਨੂੰ ਇਕ ਨਵੀਂ ਮੁਹਿੰਮ ਲਈ ਤਿਆਰ ਹੋਣ ਲਈ ਕਹਿ ਦਿਤਾ ਜਾਂਦਾ ਹੈ ਤੇ ਮੁਸੀਬਤਾਂ ਝੱਲਣ ਲਈ ਛੱਡ ਦਿਤਾ ਜਾਂਦਾ ਹੈ। ਇਸ ਤਰ੍ਹਾਂ ਇਹ ਅਕਾਲੀ ਦਲ ਅਪਣੇ ਆਪ ਨੂੰ ਸ਼ਹੀਦਾਂ ਦੀ ਪਾਰਟੀ ਆਖੀ ਜਾਂਦੀ ਹੈ। ਇਸ ਪਾਰਟੀ ਦੇ ਅੰਦਰ ਇਕ ਅਜਿਹਾ ਤਾਕਤਵਰ ਨੇਤਾ ਵੀ ਹੈ, ਜੋ ਬਾਦਲ ਸਾਹਬ ਦਾ ਰਿਸ਼ਤੇਦਾਰ ਵੀ ਹੈ। ਕਹਿੰਦੇ ਹਨ ਇਸ ਦੇ ਦਾਦਾ ਜੀ ਨੇ ਇਕ ਮਹਾਨ ਕੰਮ ਕੀਤਾ ਸੀ ਜਿਸ ਨੇ ਜਲਿਆਂ ਵਾਲੇ ਸ਼ਹੀਦੀ ਸਾਕੇ ਮਗਰੋਂ ਜਨਰਲ ਡਾਇਰ ਨੂੰ ਸਿਰੋਪਾਉ ਦੇ ਕੇ ਨਿਵਾਜਿਆ ਸੀ। ਇਸ ਤੋਂ ਇਲਾਵਾ ਉਹ ਨਸ਼ਿਆਂ ਦੇ ਸੱਭ ਤੋਂ ਵੱਡੇ ਸੌਦਾਗਰ ਵਜੋਂ ਵੀ ਜਾਣਿਆ ਜਾਂਦਾ ਹੈ।

ਇਸ ਬਾਦਲ ਅਕਾਲੀ ਦਲ ਲਈ ਇੰਜ ਕਹਿਣਾ ਠੀਕ ਰਹੇਗਾ ਕਿ ਜਿਸ ਅਕਾਲੀ ਦਲ ਨੇ ਗੁਰਦਵਾਰਾ ਸੁਧਾਰ ਲਹਿਰ ਚਲਾਈ ਸੀ, ਸੰਘ ਸਭਾ ਲਹਿਰ ਚਲਾਈ ਸੀ, ਜੈਤੋ ਦਾ ਤੇ ਗੰਗਾਸਰ ਦਾ ਮੋਰਚਾ ਲਗਾਇਆ ਸੀ, ਉਸ ਅਕਾਲੀ ਦਲ ਨੇ ਜਿਸ ਨੇ ਹਰ ਮੋਰਚੇ ਵਿਚ ਫਤਿਹ ਹਾਸਲ ਕੀਤੀ ਸੀ, ਉਸ ਅਕਾਲੀ ਦਲ ਦੇ ਇਤਿਹਾਸ ਨੂੰ ਧੂੜ ਹੇਠ ਦਬਾ ਕੇ ਰੱਖ ਦਿਤਾ ਹੈ। ਸ਼ਹੀਦੀਆਂ ਤਾਂ ਉਨ੍ਹਾਂ ਮੋਰਚਿਆਂ ਵੇਲੇ ਵੀ ਹੋਈਆਂ ਸਨ ਪਰ ਅੰਤ ਫ਼ਤਿਹ ਹਾਸਲ ਹੋਈ ਸੀ। ਸ਼ਹੀਦੀਆਂ ਤਾਂ ਹੋਈਆਂ ਕਈ ਮੋਰਚਿਆਂ ਵਿਚ ਪਰ ਪ੍ਰਾਪਤੀ ਆਮ ਤੌਰ ਉਤੇ ਸਿਫ਼ਰ ਹੀ ਰਹੀ ਹੈ, ਇਨ੍ਹਾਂ ਗੱਦਾਰ ਮੌਕਾਪ੍ਰਸਤ ਆਗੂਆਂ ਸਦਕਾ।

ਇਸ ਅਕਾਲੀ ਦਲ ਨੇ ਅਪਣੀਆਂ ਪੁਸ਼ਤਾਂ ਲਈ ਬਹੁਤ ਕੁੱਝ ਕਮਾ ਲਿਆ ਹੈ ਪਰ ਕੌਮ ਦਾ ਕੁੱਝ ਨਹੀਂ ਸੰਵਾਰਿਆ ਤੇ ਬਦਨਾਮੀ ਜ਼ਰੂਰ ਹਾਸਲ ਹੋਈ ਹੈ। ਬਾਦਲ ਅਕਾਲੀ ਦੀਆਂ ਪ੍ਰਾਪਤੀਆਂ ਤੇ ਉਪਾਧੀਆਂ : ਮੈਂ ਬਹੁਤ ਦੂਰ ਨਾ ਜਾਵਾਂ, ਇਸ ਅਕਾਲੀ ਦਲ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਨਾ ਹੀ ਠੀਕ ਰਹੇਗਾ। ਇਸੇ ਅਕਾਲੀ ਦਲ ਦੇ ਸਮੇਂ ਹੀ ਨਿਰੰਕਾਰੀ ਕਾਂਡ ਹੋਇਆ ਤੇ ਕਈ ਸਿੰਘ ਨੌਜੁਆਨ ਸ਼ਹੀਦ ਹੋਏ ਜਿਨ੍ਹਾਂ ਦਾ ਅਜੇ ਤਕ ਕੁੱਝ ਨਹੀਂ ਬਣਿਆ। ਇਸੇ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਸੱਚਾ ਸੌਦਾ ਦੇ ਰਾਮ ਰਹੀਮ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਿਰਸਾ ਵਿਚ ਸਵਾਂਗ ਰਚਿਆ ਪਰ ਸਰਕਾਰ ਨੇ ਕੁੱਝ ਨਾ ਕੀਤਾ।

ਬਸ ਥੋੜਾ ਜਿਹਾ ਰੌਲਾ ਰੱਪਾ ਪਿਆ ਤੇ ਫਿਰ ਦਬਾ ਦਿਤਾ ਗਿਆ। ਕਈ ਨੌਜੁਆਨ ਸਿੰਘ ਸ਼ਹੀਦ ਹੋ ਗਏ। ਉਸੇ ਰਾਮ ਰਹੀਮ ਕੋਲੋਂ ਵੋਟਾਂ ਹਾਸਲ ਕਰਨ ਲਈ ਦੋਵੇਂ ਬਾਦਲ ਪਿਉ-ਪੁੱਤਰ ਉਸ ਦੇ ਦਰਬਾਰ ਵਿਚ ਨਤਮਸਤਕ ਹੋਏ ਤੇ ਹੱਥ ਜੋੜ ਕੇ ਖੜੇ ਰਹੇ। ਉਸ ਦੀਆਂ ਫ਼ਿਲਮਾਂ ਨੂੰ ਪੰਜਾਬ ਵਿਚ ਚਲਣ ਦੀ ਆਗਿਆ ਦਿਤੀ, ਵਿਰੋਧ ਦੀ ਕੋਈ ਪ੍ਰਵਾਹ ਨਾ ਕੀਤੀ ਗਈ। ਇਸੇ ਬਾਦਲ ਸਾਹਬ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਾਹੀਂ ਰਾਮ ਰਹੀਮ ਦੇ ਉਸ ਹੁਕਮਨਾਮੇ ਨੂੰ ਰੱਦ ਕਰਵਾਇਆ, ਜੋ ਖ਼ੁਦ ਅਕਾਲ ਤਖ਼ਤ ਸਾਹਿਬ ਤੋਂ ਸੱਤ-ਅੱਠ ਸਾਲ ਪਹਿਲਾਂ ਜਾਰੀ ਕੀਤਾ ਗਿਆ ਸੀ ਕਿ 'ਕੋਈ ਗੁਰਸਿੱਖ ਰਾਮ ਰਹੀਮ ਨੂੰ ਮੂੰਹ ਨਾ ਲਗਾਏ, ਨਾ ਇਸ ਦੇ ਦਰਬਾਰ ਵਿਚ ਜਾਏ।'

ਇਕ ਨਕਲੀ ਮਾਫ਼ੀਨਾਮਾ ਰਾਮ ਰਹੀਮ ਦੇ ਨਾਮ ਤੇ ਅਕਾਲ ਤਖ਼ਤ ਸਾਹਿਬ ਨੂੰ ਭੇਜਿਆ ਗਿਆ ਤੇ ਮਾਫ਼ੀ ਦਾ ਹੁਕਮਨਾਮਾ ਜਾਰੀ ਕਰਵਾ ਦਿਤਾ। ਪਰ ਜਦੋਂ ਇਸ ਮਾਫ਼ੀਨਾਮੇ ਦੀ ਅਸਲੀਅਤ ਸਾਹਮਣੇ ਆਈ ਤਾਂ ਹੁਕਮਨਾਮੇ ਖ਼ਾਰਜ ਕਰ ਕੇ ਪੁਰਾਣੇ ਹੁਕਮਨਾਮੇ ਨੂੰ ਜਾਰੀ ਰਖਣ ਦਾ ਇਕ ਹੋਰ ਹੁਕਮਨਾਮਾ ਜਾਰੀ ਕਰਵਾਇਆ ਗਿਆ। ਕਿਉਂਕਿ ਇਸ ਦੀ ਪਾਰਟੀ ਦੇ ਕੁੱਝ ਲੋਕ ਵੀ ਅੰਦਰੋ ਅੰਦਰੀ ਬੁੜਬੁੜ ਕਰਨ ਲੱਗ ਪਏ ਸਨ ਤੇ ਬਗ਼ਾਵਤ ਹੋਣ ਦਾ ਖ਼ਤਰਾ ਸੀ।

ਇਸੇ ਬਾਦਲ ਅਕਾਲੀ ਦਲ ਦੇ ਰਾਜ ਵਿਚ ਹੀ ਇਸ ਦੀ ਭਾਈਵਾਲ ਪਾਰਟੀ ਭਾਜਪਾ ਤੇ ਆਰ.ਐਸ.ਐਸ. ਨੇ ਉਤਰ ਪ੍ਰਦੇਸ਼ ਵਿਚਲੀ ਬਾਬੇ ਨਾਨਕ ਸਾਹਿਬ ਦੀ ਯਾਦ ਵਿਚ ਬਣਾਇਆ ਗੁਰਦਵਾਰਾ ਗਿਆਨ ਗੋਦੜੀ ਉਤੇ ਹਿੰਦੂਆਂ ਦਾ ਕਬਜ਼ਾ ਕਰਵਾ ਦਿਤਾ ਤੇ ਅਪਣਾ ਮੰਦਰ ਦਾ ਝੰਡਾ ਲਗਾ ਦਿਤਾ ਜਿਸ ਨੂੰ ਆਜ਼ਾਦ ਕਰਵਾਉਣ ਲਈ ਪਾਰਟੀ ਨੇ ਕੋਈ ਹਿੰਮਤ ਨਾ ਵਿਖਾਈ ਤੇ ਜੀਭ ਨੂੰ ਸੀਅ ਲਿਆ।

ਇਸੇ ਪਾਰਟੀ ਦੇ ਰਾਜ ਵੇਲੇ ਪੰਜਾਬ ਦੇ ਕਈ ਪਿੰਡਾਂ ਕਸਬਿਆਂ ਤੇ ਸ਼ਹਿਰਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ। ਸਾਰਾ ਸਿੱਖ ਜਗਤ ਤੜਪ ਉਠਿਆ ਪਰ ਇਸ ਪਾਰਟੀ ਨੂੰ ਸੂਈ ਜਿੰਨਾ ਵੀ ਦਰਦ ਨਾ ਹੋਇਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਗਨ ਭੇਟ ਹੁੰਦੇ ਰਹੇ। ਇਸੇ ਦੇ ਰਾਜ ਵਿਚ ਬਹਿਬਲ ਕਲਾਂ ਗੋਲੀ ਕਾਂਡ ਹੋਇਆ।
ਗੁਰਦਵਾਰਾ ਡਾਂਗ ਮਾਰ ਸਾਹਿਬ ਉਤੇ ਹਿੰਦੂਆਂ ਨੇ ਅਪਣਾ ਕਬਜ਼ਾ ਕਰ ਲਿਆ ਜਿਸ ਨੂੰ ਆਜ਼ਾਦ ਕਰਵਾਉਣ ਵਿਚ ਕੋਈ ਖ਼ਾਸ ਦਿਲਚਸਪੀ ਨਾ ਵਿਖਾਈ ਗਈ। ਦੋ ਚਾਰ ਵਾਰ ਅਖ਼ਬਾਰਾਂ ਵਿਚ ਬਿਆਨ ਦੇ ਕੇ ਗੱਲ ਦਾ ਭੋਗ ਪਾ ਦਿਤਾ ਗਿਆ।

ਬਾਬਾ ਨਾਨਕ ਸਾਹਿਬ ਦੀ ਯਾਦਗਾਰ ਜਿਥੇ ਬਾਬਾ ਸਾਹਿਬ ਨੇ ਆਰਤੀ ਦਾ ਉਚਾਰਨ ਕੀਤਾ ਸੀ, ਜੋ ਜਗਨ ਨਾਥ ਪੁਰੀ ਵਿਚ ਹੈ, ਉਤੇ ਪੰਡਤਾਂ ਤੇ ਠਾਕੁਰਾਂ ਨੇ ਕਬਜ਼ਾ ਕੀਤਾ ਹੋਇਆ ਹੈ। ਉਸ ਥਾਂ ਤੇ ਉਨ੍ਹਾਂ ਵਲੋਂ ਕਿਸੇ ਸਿੱਖ ਸ਼ਰਧਾਲੂ ਨੂੰ ਜਾਣ ਨਹੀਂ ਦਿਤਾ ਜਾਂਦਾ। ਲਗਭਗ ਅੱਧਾ ਫ਼ਰਲਾਂਗ ਦੂਰੋਂ ਹੀ ਦਰਸ਼ਨ ਕਰਨ ਲਈ ਕਿਹਾ ਜਾਂਦਾ ਹੈ, ਨੂੰ ਆਜ਼ਾਦ ਨਾ ਕਰਵਾ ਸਕੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਬਚਿੱਤਰ ਨਾਟਕ 'ਦਸਮ ਗ੍ਰੰਥ' ਜੋ ਇਕ ਅਸ਼ਲੀਲ ਗ੍ਰੰਥ ਹੈ ਤੇ ਹਿੰਦੂ ਧਰਮ ਦੀਆਂ ਕਹਾਣੀਆਂ ਉਤੇ ਆਧਾਰਤ ਹੈ, ਨੂੰ ਜਬਰੀ ਜੱਫਾ ਮਾਰੀ ਬੈਠਾ ਇਹ ਅਕਾਲੀ ਦਲ, ਉਤੇ ਵਿਦਵਾਨਾਂ ਨਾਲ ਚਰਚਾ ਕਰਨੀ ਤਾਂ ਦੂਰ ਉਸ ਬਾਰੇ ਕੁੱਝ ਵੀ ਲਿਖਣ ਜਾਂ ਬੋਲਣ ਉਤੇ ਹੀ ਪਾਬੰਦੀ ਲਗਾਈ ਹੋਈ ਹੈ।
'84 ਦੇ ਸਿੱਖ ਦੰਗਿਆਂ ਦੀ ਯਾਦ ਵੀ ਤਦੋਂ ਆਉਂਦੀ ਹੈ ਜਦੋਂ ਇਹ ਸੱਤਾ ਵਿਚ ਨਹੀਂ ਹੁੰਦੇ, ਸੱਤਾ ਵਿਚ ਹੁੰਦਿਆਂ ਰਾਜ ਗੱਦੀ ਦਾ ਸੁੱਖ ਲੈਣ ਵਿਚ ਮਸਤ ਰਹਿੰਦੇ ਹਨ।
ਗੁਰ ਇਤਿਹਾਸ ਤੇ ਸਿੱਖ ਇਤਿਹਾਸ ਨਾਲ ਛੇੜ ਛਾੜ ਕੀਤੀ ਗਈ, ਉਹ ਵੀ ਇਨ੍ਹਾਂ ਦੇ ਅਪਣੇ ਸਕੂਲਾਂ ਕਾਲਜਾਂ ਦੀਆਂ ਪੁਸਤਕਾਂ ਵਿਚ। ਜਦੋਂ ਚਾਰੇ ਪਾਸਿਉਂ ਸ਼ੋਰ ਮਚਿਆ ਤਾਂ ਪੁਸਤਕਾਂ ਨੂੰ ਜ਼ਬਤ ਕਰਨ ਦੀ ਯਾਦ ਆ ਗਈ।

ਗੁਰ ਬਿਲਾਸ ਪਾਤਸ਼ਾਹੀ ਛੇਵੀਂ ਜੋ ਇਕ ਅਸ਼ਲੀਲ ਕਹਾਣੀਆਂ ਦਾ ਗ੍ਰੰਥ ਹੈ ਤੇ ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਦੇ ਪਵਿੱਤਰ ਜੀਵਨ ਤੇ ਚਿੱਕੜ ਸੁਟਣ ਵਾਲਾ ਹੈ, ਇਸ ਦੇ ਪ੍ਰਚਾਰ ਲਈ ਇਸ ਕਮੇਟੀ ਨੇ ਇਸ ਨੂੰ ਹਿੰਦੀ ਤੇ ਹੋਰ ਭਾਸ਼ਾਵਾਂ ਵਿਚ ਛਪਵਾ ਕੇ ਮੁਫ਼ਤ ਵੰਡਿਆ ਹੈ। ਪਰ ਹੁਣ ਸੁਣਨ ਵਿਚ ਆਇਆ ਹੈ ਕਿ ਇਸ ਨੂੰ ਵਾਪਸ ਲੈ ਲਿਆ ਗਿਆ ਹੈ।

ਨਾਨਕਸ਼ਾਹੀ ਕੈਲੰਡਰ ਜਿਸ ਨੂੰ ਪਹਿਲਾਂ ਤਾਂ ਪ੍ਰਵਾਨ ਕਰ ਲਿਆ ਗਿਆ ਤੇ ਇਸ ਦਾ ਨੋਟੀਫ਼ੀਕੇਸ਼ਨ ਦੁਨੀਆਂ ਦੇ ਹਰ ਗੁਰਦਵਾਰੇ ਵਿਚ ਜਾਰੀ ਕਰ ਦਿਤਾ ਗਿਆ। ਪਰ 7 ਸਾਲ ਬਾਅਦ ਬ੍ਰਾਹਮਣਾਂ ਤੇ ਡੇਰੇਦਾਰਾਂ ਦੇ ਦਬਾਅ ਵਿਚ ਆ ਕੇ ਉਸ ਦਾ ਕਤਲ ਕਰ ਕੇ ਫਿਰ ਬਿਕਰਮੀ ਕੈਲੰਡਰ ਜਾਰੀ ਕਰਵਾ ਕੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਕੋਲੋਂ ਇਸ ਕੈਲੰਡਰ ਮੁਤਾਬਕ ਕੰਮ ਕਰਨ ਦਾ ਆਦੇਸ਼ ਜਾਰੀ ਕਰਵਾ ਦਿਤਾ ਤੇ ਸਿੱਖ ਜਗਤ ਵਿਚ ਦੁਬਿਧਾ ਪੈਦਾ ਕਰ ਦਿਤੀ ਗਈ। ਗੁਰਦਵਾਰਿਆਂ ਤੇ ਹੋਰ ਕਈ ਇਤਿਹਾਸਕ ਮਹੱਤਵ ਦੀਆਂ ਪੁਰਾਤਨ ਇਮਾਰਤਾਂ ਨੂੰ ਨਵੀਨਤਾ ਦੇਣ ਦੇ ਨਾਂ ਉਤੇ ਢਹਿ ਢੇਰੀ ਕਰ ਦਿਤਾ ਗਿਆ।

ਉਹ ਵੀ ਤਥਾ ਕਥਤ ਨਾਮ ਧਰੀਕ ਬਾਬਿਆਂ ਕੋਲੋਂ, ਜੋ ਗੁਰਇਤਿਹਾਸ ਦੀ ਅਤੇ ਸਹੀ ਪੁਰਾਤਨਤਾ ਦੇ ਮਹੱਤਵ ਤੋਂ ਉਕਾਂ ਕੋਰੇ ਹਨ। ਦੂਜੇ ਧਰਮਾਂ ਵਾਲੇ ਅਪਣੀਆਂ ਪੁਰਾਤਨ ਯਾਦਗਾਰਾਂ ਨੂੰ ਸੰਭਾਲ ਕੇ ਰਖਦੇ ਹਨ ਪਰ ਸਿੱਖਾਂ ਦੇ ਫ਼ਖ਼ਰੇ ਕੌਮ ਤੇ ਮਹਾਨ ਨੇਤਾ ਨੇ ਉਸ ਦਾ ਮੁਲ ਹੀ ਖ਼ਤਮ ਕਰ ਦਿਤਾ ਹੈ। ਹੁਣ ਬਾਬੇ ਨਾਨਕ ਸਾਹਿਬ ਦੇ 550ਵੇਂ ਮੌਕੇ ਉਨ੍ਹਾਂ ਦੀ ਯਾਦ ਵਿਚ ਉਸਾਰੀ 106 ਸਾਲ ਪੁਰਾਣੀ ਦਰਸ਼ਨੀ ਡਿਉੜੀ ਦੇ ਮਲੀਆਮੇਟ ਕਰਨ ਦਾ ਠੇਕਾ ਇਕ ਹੋਰ ਬਾਬੇ ਨੂੰ ਦੇ ਦਿਤਾ ਗਿਆ।
(ਬਾਕੀ ਕੱਲ੍ਹ)
ਸੰਪਰਕ : 092102-35435