ਘਰ ਵਾਲੇ ਹੀ ਅੱਜ ਘਰ 'ਚੋਂ ਬੇਗ਼ਾਨੇ ਹੋ ਗਏ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਮਨੁੱਖ ਅਪਣੀ ਸਾਰੀ ਉਮਰ ਅਪਣੇ ਲਏ ਸੁਪਨੇ ਇਕ ਘਰ ਅਤੇ ਘਰ-ਪ੍ਰਵਾਰ ਦੀ ਹੋਂਦ ਸਥਾਪਤੀ ਲਈ ਭਾਵ ਘਰ-ਪ੍ਰਵਾਰ ਬਣਾਉਣ ਵਾਸਤੇ ਸਮੁੱਚਾ ਜੀਵਨ ਗੁਜ਼ਾਰ ਦਿੰਦਾ ਹੈ।

photo

ਹਰ ਮਨੁੱਖ ਦੀ ਇਕ ਖਾਹਿਸ਼ ਹੁੰਦੀ ਹੈ ਕਿ ਮੇਰਾ ਇਕ ਘਰ ਹੋਵੇ। ਮੇਰੇ ਵੀ ਅਪਣੇ ਘਰ ਦੇ ਜੀਅ ਹੋਣ ਤੇ ਫਿਰ ਉਨ੍ਹਾਂ ਜੀਆਂ ਨਾਲ ਹੱਸਦਾ-ਵਸਦਾ ਹੋਇਆ ਇਕ ਘਰ-ਪ੍ਰਵਾਰ ਵੀ ਹੋਵੇ। ਜਿਸ ਵਿਚ ਤਮਾਮ ਜ਼ਿੰਦਗੀ ਦੇ ਖ਼ੁਸ਼ੀਆਂ-ਖੇੜੇ ਵਸਦੇ ਹੋਣ ਤੇ ਨਾਲ-ਨਾਲ ਤਮਾਮ ਸੁੱਖ ਵਸਦੇ ਹੋਣ। ਇਸ ਲਈ ਮਨੁੱਖ ਅਪਣੀ ਸਾਰੀ ਉਮਰ ਅਪਣੇ ਲਏ ਸੁਪਨੇ ਇਕ ਘਰ ਅਤੇ ਘਰ-ਪ੍ਰਵਾਰ ਦੀ ਹੋਂਦ ਸਥਾਪਤੀ ਲਈ ਭਾਵ ਘਰ-ਪ੍ਰਵਾਰ ਬਣਾਉਣ ਵਾਸਤੇ ਸਮੁੱਚਾ ਜੀਵਨ ਗੁਜ਼ਾਰ ਦਿੰਦਾ ਹੈ।

ਇਸ ਸੱਭ ਲਈ ਮਨੁੱਖ ਜੀਵਨ ਵਿਚ ਬੜੇ ਉਤਰਾਅ-ਚੜਾਅ ਵੀ ਵੇਖਦਾ ਹੈ। ਸੰਘਰਸ਼ਮਈ ਜੀਵਨ ਰੂਪੀ ਪੜਾਅ ਦੌਰਾਨ ਵਿਚਰਦਾ ਹੋਇਆ ਮਨੁੱਖ ਵੱਖ-ਵੱਖ ਪੜਾਅਵਾਰ ਕਈ ਪੜਾਵਾਂ ਨਾਲ ਲੰਮਾ ਸੰਘਰਸ਼ ਲੜਦਾ ਹੈ। ਅਨੇਕਾਂ ਘੋਲ ਘੁਲਦਾ ਹੈ। ਇਸ ਦੌਰਾਨ ਉਹ ਕਦੇ ਅੱਕਦਾ-ਥੱਕਦਾ ਵੀ ਨਹੀਂ ਹੈ। ਇਕ ਘਰ ਬਣਾਉਣ ਉਪਰੰਤ ਫਿਰ ਘਰ-ਪ੍ਰਵਾਰ ਦੀਆਂ ਰੋਜ਼ਮਰਾ ਦੀਆਂ ਜ਼ਰੂਰਤਾਂ/ਲੋੜਾਂ ਦੀ ਪ੍ਰਤੀ ਪੂਰਤੀ ਕਰਨ ਵਾਸਤੇ ਜ਼ਿੰਦਗੀ ਭਰ ਲਾਉਂਦਾ ਹੈ। ਪਰ ਜਦੋਂ ਉਸ ਨੂੰ ਬੁਢਾਪੇ ਦੌਰਾਨ ਉਨ੍ਹਾਂ ਜੀਆਂ ਦੀ ਲੋੜ ਪੈਂਦੀ ਹੈ ਜਿਨ੍ਹਾਂ ਜੀਆਂ ਦੀਆਂ ਖ਼ੁਸ਼ੀਆਂ ਲਈ ਉਸ ਨੇ ਤਾਅ ਉਮਰ ਲਾ ਦਿਤੀ ਸੀ। ਅਪਣੇ ਸੁੱਖ ਅਰਾਮ ਦਾ ਤਿਆਗ ਕਰ ਕੇ ਪ੍ਰਵਾਰ ਦੀਆਂ ਖ਼ੁਸ਼ੀਆਂ ਲਈ ਦਿਨ-ਰਾਤ ਇਕ ਕਰ ਦਿਤੇ ਸਨ।

ਹੁਣ ਤਾਂ ਜਿਵੇਂ ਉਸੇ ਹੀ ਘਰ-ਪ੍ਰਵਾਰ ਨੂੰ ਵੀ ਉਸ ਮਿਹਨਤਕਸ਼, ਤਿਆਗੀ ਤੇ ਨਿਰਸਵਾਰਥੀ ਮਨੁੱਖ ਦੀ ਲੋੜ ਨਹੀਂ ਰਹੀ ਜਾਪਦੀ। ਉਨ੍ਹਾਂ ਬੇਫ਼ਿਕਰੇ, ਬੇਗ਼ੈਰਤ ਅਤੇ ਅਸਭਿਅਕ ਮਨੁੱਖਾਂ ਨੂੰ ਕੇਵਲ ਹੁਣ ਇੱਟਾਂ, ਰੋੜਿਆਂ ਨਾਲ ਬਣੇ/ਬਣਾਏ ਮਕਾਨ ਹੀ ਘਰ ਜਾਪਦੇ ਹਨ ਪਰ ਜਦਕਿ ਪ੍ਰਵਾਰ ਦੇ ਜੀਆਂ-ਮੈਂਬਰਾਂ ਤੋਂ ਬਗ਼ੈਰ ਘਰ ਨਹੀਂ ਹੁੰਦੇ ਸਗੋਂ ਮਹਿਜ਼ ਮਕਾਨ ਹੀ ਹੁੰਦੇ ਹਨ। ਸਵਾਰਥ ਨਾਲ ਭਰੇ ਇਨ੍ਹਾਂ ਲੋਭੀ ਵਿਅਕਤੀਆਂ ਲਈ ਘਰ ਦੇ ਮੁਖੀ ਉਸ ਮਨੁੱਖ ਦੀ ਹੋਂਦ ਘਰ ’ਚ ਮੌਜੂਦ ਹੋਣ ਜਾਂ ਨਾ ਹੋਣ ਨਾਲ ਇਨ੍ਹਾਂ ਨੂੰ ਕੋਈ ਭੋਰਾ ਫ਼ਰਕ ਨਹੀਂ ਪੈਂਦਾ ਹੈ। ਫਿਰ ਇਹੋ ਜਿਹੇ ਬਣੇ-ਬਣਾਏ ਮਾਹੌਲ ਦੌਰਾਨ ਆਦਮੀ ਦੀ ਵੇਦਨਾ ਕੀ ਹੋਵੇਗੀ। ਉਸ ਦੀ ਡਾਹਢੀ ਤਕਲੀਫ਼ ਨੂੰ ਸਮਝਣਾ ਬਹੁਤ ਕਠਿਨ ਕੰਮ ਹੈ। ਇਸ ਦਾ ਅਨੁਮਾਨ ਸਿਰਫ਼ ਉਹੋ ਵਿਅਕਤੀ ਲਾ ਸਕਦਾ ਹੈ ਜਿਸ ਨਾਲ ਇਹੋ ਜਿਹੀ ਹਿਰਦੇਵੇਧਕ, ਹੌਲਨਾਕ ਘਟਨਾ ਵਾਪਰਦੀ ਹੈ ਜਾਂ ਫਿਰ ਵਾਪਰੀ ਹੋਵੇ।

ਜਦੋਂ ਪ੍ਰਵਾਰਕ ਮੈਂਬਰਾਂ ’ਚੋਂ ਅਸਲ ਘਰ ਦੇ ਮਾਲਕ ਨੂੰ ਕਿਸੇ ਨੇ ਅਪਣੇ ਹੀ ਘਰ ਵਿਚ ਬੇਗਾਨਗੀ ਦਾ ਅਹਿਸਾਸ ਕਰਵਾਇਆ ਹੋਵੇ। ਅਰਥਾਤ ਉਸ ਦੀਆਂ ਕਦਰਾਂ ਕੀਮਤਾਂ, ਭਾਵਨਾਵਾਂ, ਜਜ਼ਬਾਤਾਂ ਦੀ ਕਦਰ ਕਰਨ ਦੀ ਥਾਂ ਘੋਰ ਬੇਕਦਰੀ ਕੀਤੀ ਹੋਵੇ। ਮਾਨ-ਸਨਮਾਨ ਨੂੰ ਠੇਸ ਪਹੁੰਚਾਈ ਹੋਵੇ।  ਮੇਰੇ ਨਾਲ ਉਪ੍ਰੋਕਤ ਵਾਂਗ ਹੀ ਇਕ ਬਿਰਤਾਂਤ, ਘਟਨਾਕ੍ਰਮ ਤਾਜ਼ਾ ਵਾਪਰਿਆ ਹੈ ਜਿਸ ਨੇ ਮੈਨੂੰ ਧੁਰ ਅੰਦਰ ਤਕ ਹਿਲਾ ਕੇ/ਝੰਜੋੜ ਕੇ ਰੱਖ ਛਡਿਆ। ਜਿਸ ਨਾਲ ਮੈਂ ਅਪਣੇ ਵਰਤਮਾਨ ਤੋਂ ਸਿੱਧਾ ਹੀ ਅਪਣੇ ਨਿਕਟ ਭਵਿੱਖ ਬਾਰੇ ਫ਼ਿਕਰਮੰਦੀ ਦੇ ਆਲਮ ’ਚ ਡੁੱਬ ਕੇ ਸੋਚਣ ਵਾਸਤੇ ਮਜਬੂਰ ਹੋ ਗਿਆ।

ਮੈਂ ਗਹਿਰੀ ਸੋਚ ਸੋਚਣ ਲੱਗ ਗਿਆ ਕਿਉਂਕਿ ਜ਼ਿੰਦਗੀ ਦੇ ਥਪੇੜਿਆਂ ਤੇ ਹਾਲਾਤ ਦਾ ਝੰਬਿਆ, ਜ਼ਿੰਦਗੀ ਦੀ ਜੰਗ ਲੜਿਆ ਤਜਰਬੇਕਾਰ ਬੁੱਢਾ ਹੋਇਆ ਅਨੁਭਵੀ ਉਹ ਵਿਅਕਤੀ ਜਿਹੜਾ ਹੁਣ ਬੇਵੱਸ/ਲਾਚਾਰ ਬਣਿਆ ਮਨੁੱਖ ਕਸਟਦਾਇਕ/ਦੁਖਦਾਈ ਭਰੇ ਬੋਲਾਂ ਨਾਲ ਹਿਰਦਾ ਵਲੂੰਧਰ ਕੇ ਮੈਨੂੰ ਸੋਚਣ, ਵਿਚਾਰਨ ਲਈ ਮਜਬੂਰ ਕਰ ਗਿਆ। ਜਦੋਂ ਮੈਂ ਅਪਣੇ ਘਰ ’ਚੋਂ ਬਾਹਰ ਸੈਰ-ਸਪਾਟਾ ਕਰਦੇ ਤੁਰਿਆ ਜਾਂਦਾ ਸੀ। ਤੁਰੇ ਜਾਂਦੇ ਦੇ ਮੇਰੇ ਪਿੱਛਿਉਂ ਆਵਾਜ਼ ਕੰਨਾਂ ’ਚ ਆਈ ਕਿ ਧੁੱਪ ਵਿਚ ਸਾਈਕਲ ਖੜਾ ਕੀ ਕਰਨੈ, ਝੱਟ ਈ ਧੁੱਪੇ ਸਾਈਕਲ ਦਾ ਟਾਇਰ ਪਾਟ ਜਾਂਦੈ। ਘਰ-ਪ੍ਰਵਾਰ ਦੇ ਸਤੇ-ਸਤਾਏ ਹੋਏ ਸਾਈਕਲ ਸਵਾਰ ਬੁੱਢੇ ਬੰਦੇ ਨੇ ਆਖਿਆ ਕਿ ਛਾਵੇਂ ਘਰ ’ਚ ਸਾਈਕਲ ਖੜਾ ਕਰਨ ਜੋਗੀ ਜਗ੍ਹਾ ਹੈ ਵੀ ਨਹੀਂ। ਅੱਜ ਘਰ ਵਾਲੇ ਹੀ ਘਰ ’ਚੋਂ ਬੇਗਾਨੇ ਹੋ ਗਏ।

ਮੈਂ ਵੀ ਅੱਜ ਫਿਰ ਚੰਗੀਆਂ, ਖਰੀਆਂ-ਖਰੀਆਂ ਸੁਣਾਈਆਂ, ਸਾਰਿਆਂ ਨੂੰ। ਮੈਂ ਆਖਿਆ ਦੁੱਧ ਕਿੱਦਾਂ ਪੀਂਦੇ ਓ, ਸੁਰਕੜੇ ਲਾ-ਲਾ ਸਾਰੇ। ਇਹੋ ਸਾਈਕਲ ’ਤੇ ਸਾਰਾ ਦਿਨ ਮੈਂ ਡੰਗਰਾਂ ਲਈ ਪੱਠੇ ਢੋਂਹਦਾ ਹਾਂ। ਪੱਠੇ ਲਿਆ ਕੇ ਪਾਉਨੈ। ਇਹ ਗੱਲਾਂ ਕਹਿੰਦਾ-ਕਹਿੰਦਾ ਘਰ-ਪ੍ਰਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਾ-ਨਿਭਾਉਂਦਾ ਅੱਜ ਬੁੱਢਾ ਹੋਇਆ ਮੇਰੇ ਪਿੰਡ ਵਾਲਾ ਉਹ ਭੱਦਰਪੁਰਸ਼, ਮਿਹਨਤ ਕਰਨ ਨਾਲ ਥੱਕਿਆ-ਟੁੱਟਿਆ ਪਿਆ, ਅਪਣੇ ਸਾਈਕਲ ਪਿੱਛੇ ਪਾਟੇ ਟਾਇਰ ਵਾਲਾ ਜੰਗਾਲਿਆ ਲੋਹੇ ਦਾ ਮਿਗਰਾਟ ਲੱਦ ਕੇ ਮਿਸਤਰੀ ਪਾਸੋਂ ਨਵਾਂ ਟਾਇਰ ਪਵਾਉਣ ਲਈ ਜਾ ਰਿਹਾ ਸੀ। ਜਿਹੜਾ ਉਕਤ ਲਫ਼ਜ਼ਾਂ ਨਾਲ ਜਾਂਦਾ-ਜਾਂਦਾ ਮੇਰੇ ਲਈ ਅਨੇਕਾਂ ਹੀ ਸਵਾਲ ਉਤਪੰਨ ਕਰ ਗਿਆ। ਵਾਕਿਆ ਹੀ ਮੈਨੂੰ, ਮੇਰੇ ਨਿਕਟ ਭਵਿੱਖ ਬਾਰੇ ਸੋਚਣ ਵਾਸਤੇ, ਮੈਨੂੰ ਮਜਬੂਰ ਜਿਹਾ ਕਰ ਗਿਆ। ਤਾਅ ਉਮਰ ਉਹਦੇ ਵਲੋਂ ਕੀਤੀ ਹੋਈ ਸਖ਼ਤ ਮਿਹਨਤ ਅਤੇ ਸਿਰੜ ਸਾਹਮਣੇ ਮੇਰੇ ਝੁਕੇ, ਨਿਰ-ਉੱਤਰ, ਲਫ਼ਜ਼ ਰਹਿਤ ਸਿਰ ਨੂੰ ਕੱੁਝ ਨਾ ਅਹੁੜਿਆ ਤੇ ਸੁੱਝਿਆ। 

ਤਜਰਬੇ ਨਾਲ ਭਰਿਆ, ਸਭਿਅਕ ਤੇ ਸੂਝਵਾਨ ਬਜ਼ੁਰਗ ਅਜੋਕੇ ਸਮੇਂ ਵਿਚ ਮੇਰੇ ਆਂਢ-ਗੁਆਂਢ, ਮੁਹੱਲੇਦਾਰੀ, ਪਿੰਡ ਅਤੇ ਰਿਸ਼ਤੇਦਾਰੀ ’ਚ ਨਿੱਤ ਦਿਹਾੜੇ ਵਾਪਰ ਰਹੀਆਂ ਉਪ੍ਰੋਕਤ ਵਾਂਗੂੰ ਘਟਨਾਵਾਂ ਸਬੰਧੀ ਹਮਦਰਦੀ ਪੂਰਵਕ ਵਿਚਾਰ-ਰਵਈਆ ਅਪਣਾਉਣ ਅਤੇ ਜਾਣਕਾਰੀ/ਸੂਝ-ਬੂਝ ਰੱਖਣ ਦੇ ਨਾਲ-ਨਾਲ ਸ਼ਇਦ ਅਕਲਮੰਦ ਬਣਨ ਨੂੰ ਕਹਿ ਗਿਆ।

ਇਸ ਸਮੇਂ ਟੁਟਦੇ ਪ੍ਰਵਾਰਕ ਰਿਸ਼ਤੇ, ਅਪਣੇ ਵੱਡ-ਵੱਡੇਰਿਆਂ ਦਾ ਮਾਣ-ਸਨਮਾਨ ਕਰਨ ਦੀ ਥਾਂ ਸਗੋਂ ਅਪਮਾਨ ਕਰਨਾ, ਘੱਟ ਗਈ ਸਹਿਣਸ਼ੀਲਤਾ, ਰਿਸ਼ਤਿਆਂ ਦੀ ਕੋਈ ਅਹਿਮੀਅਤ ਨਾ ਰਹਿਣਾ, ਨਿੱਕੀ-ਨਿੱਕੀ ਗੱਲ ਲਈ ਇਕ-ਦੂਜੇ ਨੂੰ ਵੱਢ ਖਾਣ ਨੂੰ ਪੈਣਾ, ਭਾਈਚਾਰਕ ਸਾਂਝਾਂ ਖ਼ਤਮ ਹੋਣਾ, ਆਪ-ਹੁਦਰਾਪਣ, ਅਪਣੇ ਅਤੀਤ ਨੂੰ ਭੁਲ ਜਾਣਾ ਅਤੇ ਖ਼ੂਨੀ ਰਿਸ਼ਤਿਆਂ ਦਾ ਤਹਿਸ-ਨਹਿਸ ਹੋਣਾ ਕਈ ਆਉਣ ਵਾਲੇ ਭਿਆਨਕ ਅਸ਼ੰਕੇ ਉਤਪੰਨ ਕਰਦਾ ਹੈ, ਜਿਨ੍ਹਾਂ ਤੋਂ ਸਾਨੂੰ ਸੁਚੇਤ ਰਹਿਣ ਦੀ ਬਹੁਤ ਲੋੜ ਹੈ। ਨਹੀਂ ਤਾਂ ਹੁਣ ਬਚਿਆ ਖੁਚਿਆ ਵੀ ਸਿਰ ਪਰਨੇ ਹੋਣ ਲੱਗੇ ਬਹੁਤੀ ਦੇਰ ਨਹੀਂ ਲਗਣੀ। ਜਿੱਥੇ ਫਿਰ ਪਛਤਾਵੇ ਤੋਂ ਸਿਵਾਏ ਕੁੱਝ ਪੱਲੇ ਨਹੀਂ ਪੈਣਾ ਹੈ।