ਮਹਿਲਾਂ ਨਾਲ ਕੁੱਲੀਆਂ ਵਾਲਿਆਂ ਦੀ ਜੰਗ
ਗੀਤਾਂ ਦੇ ਨਾਲ-ਨਾਲ ਇਹ ਗਾਇਕ ਤਨ, ਮਨ, ਧਨ ਨਾਲ ਲੰਗਰਾਂ ਵਿਚ ਸੇਵਾ ਕਰ ਰਹੇ ਹਨ, ਵੱਡੇ-ਵੱਡੇ ਗਾਇਕ ਕਿਸਾਨਾਂ ਨਾਲ ਟਰਾਲੀਆਂ ਅਤੇ ਸੜਕਾਂ ਤੇ ਸੌਂਦੇ ਹਨ
ਨਵੀਂ ਦਿੱਲੀ: ਇਹ ਜੰਗ ਜੋ ਅੱਜ ਚੱਲੀ ਰਹੀ ਹੈ, ਇਹ ਜੰਗ ਮਹਿਲਾਂ ਵਾਲਿਆਂ ਨਾਲ ਕੁੱਲੀ ਵਾਲਿਆਂ ਦੀ ਜੰਗ ਹੈ। ਇਹ ਜੰਗ ਅੱਜ ਨਹੀਂ ਸਦੀਆਂ ਤੋਂ ਚਲਦੀ ਆ ਰਹੀ ਹੈ। ਪਰ ਜਿੱਤ ਹਮੇਸ਼ਾ ਕੁੱਲੀਆਂ ਵਾਲਿਆਂ ਦੀ ਹੀ ਹੁੰਦੀ ਹੈ। ਕਦੇ ਇਸ ਜੰਗ ਨੂੰ ਚਮਕੌਰ ਦੀ ਗੜ੍ਹੀ ਦੀ ਜੰਗ ਕਿਹਾ ਗਿਆ, ਕਦੇ ਭੰਗਾਣੀ ਦੀ ਜੰਗ, ਕਦੇ ਸਰਹਿੰਦ ਦੀ ਜੰਗ, ਕਦੇ ਖਿਦਰਾਣੇ ਦੀ ਢਾਬ ਦੀ ਜੰਗ। ਇਹ ਸਾਰੀਆਂ ਜੰਗਾਂ ਜਬਰ ਜ਼ੁਲਮ ਵਿਰੁਧ ਲੜੀਆਂ ਗਈਆਂ ਸਨ। ਅੱਜ ਵੀ ਜਬਰ ਜ਼ੁਲਮ ਵਿਰੁਧ ਜੰਗ ਦਿੱਲੀ ਵਿਚ ਚੱਲ ਰਹੀ ਹੈ।
ਦਿੱਲੀ ਮੋਰਚੇ ਵਿਚ ਕਿਸਾਨਾਂ ਨੇ ਧੱਕੇ ਨਾਲ ਤੰਬੂ ਲਾ ਕੇ ਅਪਣੇ ਪੱਕੇ ਨਗਰ ਵਸਾ ਲਏ ਹਨ। ਹੁਣ ਤਕ ਦਿੱਲੀ ਦੇ ਟਿੱਕਰੀ ਬਾਰਡਰ ਤੇ ਪੰਜ ਨਗਰ ਵਸ ਚੁੱਕੇ ਹਨ, ਨੰਬਰ ਇਕ ਨਗਰ ਬਾਬਾ ਬੰਦਾ ਸਿੰਘ ਬਹਾਦਰ ਨਗਰ, ਨੰਬਰ ਦੋ ਗ਼ਦਰੀ ਗ਼ੁਲਾਬ ਕੌਰ ਨਗਰ, ਨੰਬਰ ਤਿੰਨ ਭਗਤ ਸਿੰਘ ਨਗਰ, ਨੰਬਰ ਚਾਰ ਚਾਚਾ ਅਜੀਤ ਸਿੰਘ ਨਗਰ, ਨੰਬਰ ਪੰਜ ਸਾਧੂ ਸਿੰਘ ਤਖ਼ਤੂਪੁਰਾ ਨਗਰ ਅਤੇ ਅੱਗੇ ਊਧਮ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਦੇ ਨਾਂ ਤੇ ਨਗਰ ਵਸਾਏ ਜਾਣਗੇ। ਦਿੱਲੀ ਮੋਰਚੇ ਵਿਚ ਕਿਸਾਨਾਂ ਦਾ ਜੋਸ਼ ਵੇਖਣ ਵਾਲਾ ਹੈ। ਕਿਸਾਨ ਆਰ.ਪਾਰ ਦੀ ਲੜਾਈ ਲੜਨ ਲਈ ਕਮਰ ਕਸੇ ਕੱਸ ਚੁੱਕੇ ਹਨ। ਪੋਹ ਮਾਘ ਦੀਆਂ ਰਾਤਾਂ ਵਿਚ ਕਿਸਾਨ ਚੜ੍ਹਦੀ ਕਲਾ ਵਿਚ ਹਨ। ਕਿਸਾਨਾਂ ਨੂੰ ਪਤਾ ਹੀ ਨਹੀਂ ਲਗਦਾ ਕਿ ਦਿਨ ਰਾਤ ਕਦੋਂ ਬੀਤ ਗਏ ਹਨ।
ਜਿਹੜਾ ਆਦਮੀ ਇਕ ਵਾਰੀ ਧਰਨੇ ਵਿਚ ਚਲਾ ਗਿਆ ਤਾਂ ਉਸ ਦਾ ਘਰ ਆਉਣ ਨੂੰ ਜੀਅ ਨਹੀਂ ਕਰਦਾ। ਇਕ ਕਿਸਾਨ ਸੇਵਾ ਸਿੰਘ ਨੇ ਦਸਿਆ ਕਿ ਮੈਂ ਦੋ ਦਿਨ ਵਾਸਤੇ ਘਰ ਚਲਾ ਗਿਆ ਅਤੇ ਮੈਨੂੰ ਘਰ ਵੱਢ-ਵੱਢ ਖਾਵੇ, ਮੇਰੀ ਸੁਰਤੀ ਹਰ ਵੇਲੇ ਮੋਰਚੇ ਵਿਚ ਰਹੀ ਅਤੇ ਮੈਂ ਦੋ ਦਿਨ ਬਾਅਦ ਹੀ ਧਰਨੇ ਵਿਚ ਚਲਾ ਗਿਆ। ਧਰਨੇ ਵਿਚ ਕਿਸਾਨ ਕਣਕ, ਮੱਕੀ, ਬਾਜਰੇ ਦੀ ਰੋਟੀ ਖ਼ੁਦ ਬਣਾਉਂਦੇ ਹਨ, ਸਵੇਰੇ 4 ਵਜੇ ਲੰਗਰ ਬਣਾਉਣ ਵਿਚ ਰੁੱਝ ਜਾਂਦੇ ਹਨ ਅਤੇ ਇਹ ਲੰਗਰ ਬਣਾਉਣ ਦਾ ਸਿਲਸਿਲਾ ਰਾਤ 10 ਵਜੇ ਤਕ ਚਲਦਾ ਹੈ। ਕਿਸਾਨ ਅਪਣੇ ਕਪੜੇ ਖ਼ੁਦ ਧੋਂਦੇ ਹਨ। ਕਿਸਾਨ ਹਰ ਬੰਦੇ ਨੂੰ ਹੱਥ ਜੋੜ ਕੇ ਲੰਗਰ ਛਕਣ ਦੀ ਬੇਨਤੀ ਕਰਦੇ ਹਨ। ਆ ਹਾ ਪੰਜਾਬੀਆਂ ਦਾ ਪਿਆਰ, ਕਿਸਾਨ ਇਕ ਦੂਜੇ ਨੂੰ ਸਾਬਣ ਮਲ ਕੇ ਖ਼ੁਦ ਇਕ ਦੂਜੇ ਨੂੰ ਇਸ਼ਨਾਨ ਕਰਵਾਉਂਦੇ ਹਨ।
ਇਹ ਧਰਨੇ ਸ਼ਾਂਤੀ ਪੂਰਵਕ ਚੱਲ ਰਹੇ ਹਨ, ਪਰ ਕੇਂਦਰ ਦੀ ਬੇਈਮਾਨ ਸਰਕਾਰ ਇਨ੍ਹਾਂ ਸੰਘਰਸ਼ਾਂ ਨੂੰ ਤਾਰੋਪੀਡ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਪਖੰਡ ਰਚਦੀ ਹੈ। ਕਦੇ ਫ਼ਰੀ ਸ਼ਰਾਬ ਵੰਡੀ ਜਾਂਦੀ ਹੈ। ਕਦੇ ਨੌਜੁਆਨਾਂ ਨੂੰ ਭੜਕਾਉਣ ਲਈ ਅਪਣੇ ਬੰਦੇ ਘੱਲ ਛਡਦੀ ਹੈ। ਪਰ ਕਿਸਾਨ ਪੂਰੀ ਮੁਸਤੈਦੀ ਨਾਲ ਰਾਤ ਨੂੰ ਵਲੰਟੀਅਰ ਲਾ ਕੇ ਧਰਨੇ ਦੀ ਸੁਰੱਖਿਆ ਖ਼ੁਦ ਕਰਦੇ ਹਨ। ਜਿਸ ਸੜਕ ਤੇ ਧਰਨਾ ਚਲਦਾ ਹੈ ਇਸ ਸੜਕ ਤੇ ਬਿਜਲੀ ਵਾਲੇ ਪੋਲ ਹਨ। ਇਨ੍ਹਾਂ ਪੋਲਾਂ ਤੇ ਨੰਬਰ ਲਿਖੇ ਹੋਏ ਹਨ, ਜੇਕਰ ਬੰਦਾ ਗੁੰਮ ਹੋ ਜਾਵੇ ਤਾਂ ਉਸ ਨੂੰ ਪੋਲ ਨੰਬਰ ਦਸ ਕੇ ਭਾਲਿਆ ਜਾਂਦਾ ਹੈ। ਇਹ ਧਰਨਾ ਇਕ ਨੰਬਰ ਪੋਲ ਤੋਂ ਚਲ ਕੇ 500 ਨੰਬਰ ਪੋਲ ਤੇ ਪਹੁੰਚ ਚੁਕਿਆ ਹੈ। ਹਰ ਰੋਜ਼ 100 ਪੋਲ ਹੋਰ ਅੱਗੇ ਗਿਣਤੀ ਵੱਧ ਜਾਂਦੀ ਹੈ। ਪਰ ਇਸ ਸੰਘਰਸ਼ ਵਿਚ ਦਾਨੀ ਸੱਜਣਾਂ ਦੀ ਵੀ ਕੋਈ ਕਮੀ ਨਹੀਂ।
ਕਦੇ ਔਰਤਾਂ ਨੂੰ ਸ਼ਾਲ ਵੰਡੇ ਜਾਂਦੇ ਹਨ, ਕਦੇ ਕੰਬਲ, ਕਦੇ ਗੱਦੇ, ਕਦੇ ਅੱਗ ਵਾਲੇ ਗ਼ੀਜ਼ਰ, ਕਦੇ ਖੰਡ ਦੀਆਂ ਬੋਰੀਆਂ, ਕਦੇ ਲੱਖਾਂ ਰੁਪਏ ਦਾ ਨਕਦ ਦਾਨ ਕੀਤਾ ਜਾ ਰਿਹਾ ਹੈ। ਵਿਦੇਸ਼ਾਂ ਵਿਚੋਂ ਵੱਡੇ-ਵੱਡੇ ਬੁਧੀਜੀਵੀ ਧਰਨੇ ਵਿਚ ਹਾਜ਼ਰੀ ਲਗਾ ਰਹੇ ਹਨ, ਭਾਰਤ ਦੇ ਸਾਰੇ ਸੂਬੇ ਜੰਗ ਵਿਚ ਅਹਿਮ ਯੋਗਦਾਨ ਪਾ ਰਹੇ ਹਨ, ਗਾਇਕ ਵੀਰ ਫ਼ਰੀ ਵਿਚ ਕਿਸਾਨੀ ਗੀਤ ਗਾ ਰਹੇ ਹਨ। 10-10 ਲੱਖ ਰੁਪਏ ਲੈਣ ਵਾਲੇ ਗਾਇਕ ਇਕ ਵੀ ਪੈਸਾ ਕਿਸਾਨਾਂ ਤੋਂ ਨਹੀਂ ਲੈਂਦੇ। ਗੀਤਾਂ ਦੇ ਨਾਲ-ਨਾਲ ਇਹ ਗਾਇਕ ਤਨ, ਮਨ, ਧਨ ਨਾਲ ਲੰਗਰਾਂ ਵਿਚ ਸੇਵਾ ਕਰ ਰਹੇ ਹਨ, ਵੱਡੇ-ਵੱਡੇ ਗਾਇਕ ਕਿਸਾਨਾਂ ਨਾਲ ਟਰਾਲੀਆਂ ਅਤੇ ਸੜਕਾਂ ਤੇ ਸੌਂਦੇ ਹਨ। ਪਰ ਇਕ ਚੀਜ਼ ਕਮਾਲ ਦੀ ਹੈ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀਆਂ 6 ਸਟੇਜਾਂ ਚਲਦੀਆਂ ਹਨ, ਕਿਸੇ ਵੀ ਸਟੇਜ ਤੇ ਰਾਜਨੀਤਕ ਲੋਕਾਂ ਨੂੰ ਬੋਲਣ ਨਹੀਂ ਦਿਤਾ ਜਾਂਦਾ ਕਿਉਂਕਿ ਜਥੇਬੰਦੀ ਦੀ ਸਮਝ ਹੈ ਕਿ ਜੋ ਕਿਸਾਨੀ ਦੀ ਅੱਜ ਜੋ ਹਾਲਤ ਹੈ, ਇਸ ਦੇ ਜ਼ਿੰਮੇਵਾਰ ਰਾਜਨੀਤਕ ਲੋਕ ਹੀ ਹਨ, ਦੇਸ਼ ਦੇ ਕਿਸਾਨਾਂ-ਮਜ਼ਦੂਰਾਂ ਦਾ ਬੇੜਾ ਗ਼ਰਕ ਕਰਨ ਵਿਚ ਇਹ ਰਾਜਨੀਤਕ ਲੋਕ ਨੰਬਰ ਇਕ ਹਨ।
ਜੇਕਰ ਸਾਡੇ ਦੇਸ਼ ਦੇ ਲੀਡਰ ਇਮਾਨਦਾਰੀ ਨਾਲ ਰਾਜਨੀਤੀ ਕਰਦੇ ਤਾਂ ਕਿਸਾਨਾਂ ਨੂੰ ਆਹ ਦਿਨ ਨਾ ਵੇਖਣੇ ਪੈਂਦੇ। ਅੱਜ ਵੀ ਸਮਾਂ ਹੈ ਕਿ ਰਾਜਨੀਤਕ ਲੋਕ ਅਪਣੀ ਰਾਜਨੀਤੀ ਛੱਡ ਕੇ ਕਿਸਾਨੀ ਝੰਡੇ ਹੇਠ ਇਕੱਠੇ ਹੋਣ। ਜੇਕਰ ਇਹ ਲੋਕ ਅੱਜ ਵੀ ਕਿਸਾਨਾਂ ਨਾਲ ਨਹੀਂ ਖਲੋਂਦੇ ਤਾਂ ਆਉਣ ਵਾਲਾ ਇਤਿਹਾਸ ਇਨ੍ਹਾਂ ਨੂੰ ਕਦੇ ਮਾਫ਼ ਨਹੀਂ ਕਰੇਗਾ। ਇਹ ਲੇਖ ਮੈਂ ਚੱਲ ਰਹੇ ਮੋਰਚੇ ਦੌਰਾਨ ਹੀ ਲਿਖਿਆ। ਮੇਰੀ ਡਿਊਟੀ ਪੋਲ ਨੰਬਰ 27 ਕੋਲ ਹੈ। ਮੈਂ ਜਿੰਨਾ ਕੁ ਇਤਿਹਾਸ ਪੜਿ੍ਹਆ ਹੈ, ਉਸ ਇਤਿਹਾਸ ਵਿਚ ਇਹੋ ਜਹੇ ਸੰਘਰਸ਼ ਦਾ ਕਦੇ ਜ਼ਿਕਰ ਨਹੀਂ ਸੁਣਿਆ। ਮੇਰੀ ਦੇਸ਼ ਭਰ ਦੇ ਕਿਸਾਨਾਂ ਨੂੰ ਬੇਨਤੀ ਹੈ ਕਿ ਡਟੇ ਰਹੋ, ਜਿੱਤ ਯਕੀਨੀ ਹੈ। ਦੇਸ਼ ਭਰ ਦੇ ਕਿਰਤੀਉ ਮੇਰਾ ਤੁਹਾਨੂੰ ਲੱਖ ਵਾਰੀ ਪ੍ਰਣਾਮ!! ਜਿੱਤ ਹਮੇਸ਼ਾ ਲੜਨ ਵਾਲੇ ਲੋਕਾਂ ਦੀ ਹੁੰਦੀ ਹੈ।
ਸੁਖਪਾਲ ਮਾਣਕ ਕਣਕਵਾਲ, ਸੰਪਰਕ : 98722-31523