ਕਿਸਾਨ ਕਿਰਤੀ ਅੰਦੋਲਨ ਦਾ ਸਮਰਥਨ ਕਰਦੇ ਹੋਏ ਇਹ ਮੌਕੇ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਇਸ ਸੰਵਿਧਾਨ ਵਿਚ ਸਾਡੇ ਬਜ਼ੁਰਗਾਂ ਦੀ ਮਿਹਨਤ, ਦਿਸ਼ਾ ਨਿਰਦੇਸ਼ ਤੇ ਦੂਰ ਦ੍ਰਿਸ਼ਟੀ ਨਜ਼ਰ ਆਉਂਦੀ ਹੈ।

Farmers Protest

ਨਵੀਂ ਦਿੱਲੀ: ਕਿਸਾਨ ਅੰਦੋਲਨ ਵੱਖ-ਵੱਖ ਪੜਾਵਾਂ ਵਿਚੋਂ ਲੰਘਦਾ ਹੋਇਆ, ਹੁਣ ਇਸ ਵੇਲੇ ਨਿਰਣਾਇਕ ਮੌੜ ਤੇ ਆ ਪੁੱਜਾ ਹੈ। ਕਿਸਾਨਾਂ ਵਲੋਂ ਵਿਖਾਈ ਏਕਤਾ, ਸ਼ਹਿਨਸ਼ੀਲਤਾ, ਸਤਰਕਤਾ, ਅਹਿੰਸਾ ਤੇ ਦੂਰਦਰਸ਼ਤਾ ਨੇ ਜਿਥੇ ਅੜੀਅਲ ਸਰਕਾਰ ਨੂੰ ਨਕਾਰਾਤਮਕ ਸੋਚ ਤੋਂ ਗੱਲਬਾਤ ਦੀ ਮੇਜ਼ ਤੇ ਲਿਆ ਕੇ ਅਪਣੀ ਗੱਲ ਸਮਝਾਉਣ ਲਈ ਮਜਬੂਰ ਕਰ ਦਿਤਾ ਹੈ, ਉਥੇ ਸਮਾਜ ਦੇ ਹਰ ਵਰਗ ਦੀ ਹਮਦਰਦੀ ਅਤੇ ਮਿਲਵਰਤਨ ਜਿੱਤਣ ਵਿਚ ਵੀ ਸਫ਼ਲਤਾ ਪ੍ਰਾਪਤ ਕਰ ਲਈ ਹੈ। ਹੁਣ ਸਮਾਜ ਦਾ ਹਰ ਅੰਗ ਸਮਝ ਗਿਆ ਹੈ ਕਿ ਇਨ੍ਹਾਂ ਕਾਲੇ ਕਾਨੂੰਨਾਂ ਦੀ ਮਾਰ ਹਰ ਇਕ ਨੂੰ ਪੈਣੀ ਹੈ ਜਿਸ ਤੋਂ ਬਚਣ ਦਾ ਹੋਰ ਕੋਈ ਵਸੀਲਾ ਨਹੀਂ ਰਿਹਾ। ਇਸ ਲਈ ਹਰ ਕੋਈ ਇਸ ਅੰਦੋਲਨ ਵਿਚ ਵੱਧ ਚੜ੍ਹ ਕੇ ਹਿੱਸਾ ਪਾਉਣ ਲਈ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਣ ਖਲੋਤਾ ਹੈ। ਹੁਣ ਇਹ ਘੋਲ ਕਿਸਾਨ-ਕਿਰਤੀ ਘੋਲ ਬਣ ਚੁੱਕਾ ਹੈ। ਹਰ ਧਰਮ, ਹਰ ਵਰਗ, ਹਰ ਫ਼ਿਰਕੇ ਦੇ ਔਰਤਾਂ, ਬੱਚੇ, ਬਜ਼ੁਰਗ ਤੇ ਨੌਜੁਆਨ ਹੁਮ-ਹੁਮਾ ਕੇ ਨਾਲ ਜੁੜ ਰਹੇ ਹਨ। ਅੰਦੋਲਨ ਹੁਣ ਇਥੇ ਆ ਖੜਾ ਹੋਇਆ ਹੈ ਕਿ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਨਾਲ ਹੀ ਸਮੁੱਚੀ ਸਮੱਸਿਆ ਦਾ ਹੱਲ ਸੰਭਵ ਹੈ। 

 

ਦੂਜੇ ਪਾਸੇ ਕਾਰਪੋਰੇਟਰਾਂ ਹੱਥੋਂ ਮਜਬੂਰ ਸਰਕਾਰ ਜਿਥੇ ਇਸ ਅੰਦੋਲਨ ਨੂੰ ਪਹਿਲਾਂ ਬਹੁਤ ਹਲਕੇ ਵਿਚ ਲੈ ਕੇ ਅੱਖੋਂ ਪਰੋਖੇ ਕਰਦੀ ਰਹੀ, ਉਥੇ ਉਹ ਅੰਦੋਲਨ ਦੀ ਵਧਦੀ ਤਾਕਤ ਤੇ ਵਿਆਪਕਤਾ ਵੇਖ ਕੇ ਘਬਰਾ ਗਈ ਤੇ ਤਰ੍ਹਾਂ-ਤਰ੍ਹਾਂ ਦੀਆਂ ਰੁਕਾਵਟਾਂ ਤੇ ਔਕੜਾਂ ਖੜੀਆਂ ਕਰ ਕੇ ਅਸਫ਼ਲ ਕਰਨ ਵਿਚ ਜੁਟ ਗਈ। ਜਦੋਂ ਅੰਦੋਲਨ ਸਰਕਾਰ ਦੀਆਂ ਬਰੂਹਾਂ ਤੇ ਆਣ ਪੁੱਜਾ, ਰੁਕਾਵਟਾਂ ਕੰਡਿਆਂ ਵਾਂਗ ਉਡਾ ਦਿਤੀਆਂ ਤੇ ਦਿੱਲੀ ਨੂੰ ਚਾਰ ਚੁਫ਼ੇਰਿਉਂ ਘੇਰਾ ਪੈ ਗਿਆ ਤਾਂ ਸਰਕਾਰ ਗੱਲਬਾਤ ਲਈ ਤਿਆਰ ਹੋਈ। ਗੱਲਬਾਤ ਦੇ ਪੰਜ ਗੇੜਾਂ ਤੋਂ ਬਾਦ ਸਰਕਾਰ ਨੇ ਅਪਣਾ ਅੜੀਅਲ ਵਤੀਰਾ ਥੋੜਾ ਘਟਾਇਆ ਅਤੇ ਕੁੱਝ ਸੋਧਾਂ ਕਰਨਾ ਮੰਨ ਗਈ ਪਰ ਅਸਲ ਸਮੱਸਿਆ ਤਾਂ ਖੇਤੀ ਖੇਤਰ ਨੂੰ ਕਾਰਪੋਰੇਟਰਾਂ ਤੋਂ ਬਚਾਉਣ ਦੀ ਹੈ, ਜੋ ਕਾਨੂੰਨ ਵਾਪਸ ਲੈਣ ਨਾਲ ਹੀ ਹੱਲ ਹੋ ਸਕਦੀ ਹੈ ਜਿਸ ਲਈ ਸਰਕਾਰ ਅੜੀ ਹੋਈ ਹੈ। ਸੋਧਾਂ ਤਾਂ ਦਰੱਖ਼ਤ ਦੇ ਛਾਂਗਣ ਵਾਂਗ ਹਨ। ਉਸ ਦੀਆਂ ਭਾਵੇਂ ਸਾਰੀਆਂ ਟਾਹਣੀਆਂ ਛਾਂਗ ਦਿਉ ਉਹ ਫਿਰ ਪੁੰਗਰ ਪਏਗਾ।

ਜਦੋਂ ਤਕ ਜੜ੍ਹਾਂ ਕਾਇਮ ਹਨ, ਦਰੱਖ਼ਤ ਦਾ ਕੁੱਝ ਨਹੀਂ ਵਿਗੜਦਾ। ਇਹ ਸਰਕਾਰ ਦੀ ਮਜਬੂਰੀ ਹੈ ਕਿ ਉਸ ਨੇ ਅਪਣੇ ਕਾਰਪੋਰੇਟਰਾਂ ਦੀ ਭਾਈਵਾਲੀ ਬਚਾਉਣੀ ਹੈ ਜਿਸ ਦੇ ਬਦਲੇ ਲੋਕਾਂ ਦਾ ਜੋ ਮਰਜ਼ੀ ਨੁਕਸਾਨ ਹੋ ਜਾਵੇ। ਲੋਕਾਂ ਵਲੋਂ ਲੋਕਾਂ ਲਈ ਚੁਣੀ ਸਰਕਾਰ ਜੋਕਾਂ ਦਾ ਸਾਥ ਨਿਭਾਅ ਰਹੀ ਹੈ। ਇਹ ਹੈ ਭਾਰਤ ਦਾ ਲੋਕ ਰਾਜ ਜਿਸ ਬਾਰੇ ਵਿਸ਼ਵ ਵਿਚ ਸੱਭ ਤੋਂ ਵੱਡਾ ਲੋਕਰਾਜ ਹੋਣ ਦੀ ਟਾਹਰਾਂ ਮਾਰੀਆਂ ਜਾਂਦੀਆਂ ਹਨ ਤੇ ‘ਸੱਭ ਦਾ ਸਾਥ ਸੱਭ ਦਾ ਵਿਕਾਸ’ ਆਖ ਕੇ ਆਮ ਲੋਕਾਂ ਨੂੰ ਭੰਬਲਭੂਸੇ ਵਿਚ ਪਾਇਆ ਜਾਂਦਾ ਹੈ। ਯਾਦ ਰਹੇ ਕਿਸੇ ਵੀ ਛੋਟੀ ਵੱਡੀ ਇੱਛਾ ਜਾਂ ਚਾਹਤ ਨੂੰ ਸਫ਼ਲਤਾ ਦੀ ਚੋਟੀ ਤਕ ਪੁੱਜਣ ਲਈ ਇਕ ਇਮਤਿਹਾਨ ਜ਼ਰੂਰ ਦੇਣਾ ਪੈਂਦਾ ਹੈ। ਜਿੱਡੀ ਵੱਡੀ ਇੱਛਾ ਹੋਵੇਗੀ ਉਨਾ ਵੱਡਾ ਹੀ ਇਮਤਿਹਾਨ ਉਸ ਨੂੰ ਸਫ਼ਲਤਾ ਲਈ ਦੇਣਾ ਪਵੇਗਾ। ਕਿਸਾਨ-ਕਿਰਤੀ ਅੰਦੋਲਨ ਇਮਤਿਹਾਨ ਵਿਚੋਂ ਲੰਘ ਰਿਹਾ ਹੈ। ਸਖ਼ਤ ਤੋਂ ਸਖ਼ਤ ਔਕੜਾਂ ਉਹ ਪਾਰ ਕਰਦਾ ਜਾ ਰਿਹਾ ਹੈ। ਅੱਜ ਤੁਹਾਡੀ ਹਿੰਮਤ ਅੱਗੇ ਤਾਂ ਪੱਥਰ ਵੀ ਖੰਭ ਲਗਾ ਕੇ ਉੱਡ ਗਏ ਹਨ, ਫਿਰ ਮੰਜ਼ਿਲ ਕਿਉਂ ਨਹੀਂ ਮਿਲੇਗੀ? ਜ਼ਰੂਰ ਮਿਲੇਗੀ। 

ਇਸ ਕਿਸਾਨ-ਕਿਰਤੀ ਘੋਲ ਦਰਮਿਆਨ ਕੁੱਝ ਮੌਕੇ ਅਜਿਹੇ ਆਏ, ਜੋ ਇਸ ਘੋਲ ਨੂੰ ਜਾਇਜ਼ ਵੀ ਠਹਿਰਾਉਂਦੇ ਹਨ ਤੇ ਤਾਕਤ ਵੀ ਬਖ਼ਸ਼ਦੇ ਹਨ। ਪੰਜਾਬ ਤੋਂ ਉਠਿਆ ਅੰਦੋਲਨ ਪੂਰੇ ਦੇਸ਼ ਵਿਚ ਜੜ੍ਹਾਂ ਪਸਾਰਦਾ ਜਦੋਂ 26-27 ਨਵੰਬਰ ਨੂੰ ਦਿੱਲੀ ਵਿਚ ਦਾਖ਼ਲ ਹੋਣ ਲਗਿਆ ਤਾਂ ਉਸ ਦਿਨ ‘ਸੰਵਿਧਾਨ ਦਿਵਸ’ ਸੀ। ਯਾਦ ਰਹੇ 26 ਨਵੰਬਰ 1949 ਨੂੰ ਡਾ. ਅੰਬੇਦਕਰ ਵਲੋਂ ਡਰਾਫ਼ਟਿੰਗ ਕਮੇਟੀ ਦੇ ਚੇਅਰਮੈਨ ਵਜੋਂ ਭਾਰਤ ਦਾ ਸੰਵਿਧਾਨ, ਸੰਵਿਧਾਨ ਘੜਨੀ ਸਭਾ ਨੂੰ ਸੌਂਪਿਆ ਸੀ ਜਿਸ ਨੂੰ ਬਾਅਦ ਵਿਚ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ। ਸੰਵਿਧਾਨ ਤਿਆਰ ਕਰਨ ਵਿਚ ਭਾਵੇਂ ਕੁੱਲ ਸਮਾਂ ਤਾਂ 2 ਸਾਲ 11 ਮਹੀਨੇ 18 ਦਿਨ ਦਾ ਲਗਿਆ ਸੀ ਪਰ ਇਸ ਮੌਕੇ ਤਾਂ ਪਹੁੰਚਦਿਆਂ ਸਾਡੇ ਦੇਸ਼ ਦੇ ਹਰ ਵਰਗ ਵਲੋਂ ਕਿੰਨਾ ਸੰਘਰਸ਼, ਕੁਰਬਾਨੀਆਂ, ਔਕੜਾਂ ਤੇ ਬੇਇਜ਼ਤੀਆਂ ਸਹਿਣੀਆਂ ਪਈਆਂ, ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਵਰਗਿਆਂ ਨੂੰ ਫਾਂਸੀ ਦੇ ਰੱਸੇ ਚੁੰਮਣੇ ਪਏ, ਗ਼ਦਰੀ ਬਾਬਿਆਂ ਨੂੰ ਜਾਨਾਂ ਵਾਰਨੀਆਂ ਪਈਆਂ, ਇਨ੍ਹਾਂ ਦਾ ਅਪਣਾ ਇਤਿਹਾਸ ਹੈ। ਏਨਾ ਕੁੱਝ ਸਹਿਣ ਤੋਂ ਬਾਅਦ ਹੀ ਸਾਨੂੰ ਅਪਣੇ ਆਪ ਤੇ ਰਾਜ ਕਰਨ ਦਾ ਇਹ ਮੌਕਾ ਮਿਲਿਆ, ਆਜ਼ਾਦੀ ਤੇ ਬਰਾਬਰੀ ਦਾ ਅਹਿਸਾਸ ਹੋਇਆ।

ਇਸ ਸੰਵਿਧਾਨ ਵਿਚ ਸਾਡੇ ਬਜ਼ੁਰਗਾਂ ਦੀ ਮਿਹਨਤ, ਦਿਸ਼ਾ ਨਿਰਦੇਸ਼ ਤੇ ਦੂਰ ਦ੍ਰਿਸ਼ਟੀ ਨਜ਼ਰ ਆਉਂਦੀ ਹੈ। ਇਹੀ ਸੰਵਿਧਾਨ ਹੈ ਜੋ ਹਰ ਦੇਸ਼ ਵਾਸੀ ਨੂੰ ਅਪਣੀ ਗੱਲ ਕਹਿਣ ਦੀ ਆਜ਼ਾਦੀ ਦਿੰਦਾ ਹੈ। ਗੱਲ ਨਾ ਸੁਣੇ ਜਾਣ ’ਤੇ ਜਾਂ ਅਪਣੀ ਤਕਲੀਫ਼ ਦਾ ਹੱਲ ਸਰਕਾਰ ਵਲੋਂ ਨਾ ਕੀਤੇ ਜਾਣ ਤੇ ਸ਼ਾਂਤਮਈ ਅੰਦੋਲਨ ਕਰਨ ਦੀ ਆਗਿਆ ਵੀ ਦਿੰਦਾ ਹੈ। ਇਹੀ ਸੰਵਿਧਾਨ ਰਾਜਭਾਗ ਨੂੰ ਲੋਕਰਾਜੀ ਢੰਗ ਨਾਲ ਚਲਾਉਣ ਲਈ ਜਨਹਿੱਤ  ਦੇ ਕਾਨੂੰਨ ਬਣਾਉਣ ਦੀ ਇਜਾਜ਼ਤ ਦਿੰਦਾ ਹੈ। ਇਹੀ ਸੰਵਿਧਾਨ ਇਨ੍ਹਾਂ ਜਨਹਿੱਤ ਦੇ ਕਾਨੂੰਨਾਂ ਨੂੰ ਬਣਾਉਣ ਲਈ ਕੋਈ ਵਿਧੀ ਵਿਧਾਨ ਜਾਂ ਨਿਯਮ ਦਸਦਾ ਹੈ। ਪਰ ਇਹ ਮੌਜੂਦਾ ਕਾਲੇ ਕਾਨੂੰਨ ਬਣਾਉਣ ਲਗਿਆਂ ਨਾ ਜਨਹਿੱਤ ਨੂੰ ਵੇਖਿਆ, ਨਾ ਕਾਨੂੰਨ ਬਣਾਉਣ ਦੇ ਸਹੀ ਵਿਧੀ-ਵਿਧਾਨ ਨੂੰ ਅਪਣਾਇਆ ਗਿਆ। ਜੇਕਰ ਇਸੇ ਸੰਵਿਧਾਨ ਵਲੋਂ ਦਿਤੇ ਹੱਕ ਅਨੁਸਾਰ ਪ੍ਰਭਾਵਤ ਧਿਰਾਂ ਵਲੋਂ ਸ਼ਾਂਤੀਪੂਰਵਕ ਰੋਸ ਪ੍ਰਗਟਾਇਆ ਗਿਆ ਤਾਂ ਇਸੇ ਸੰਵਿਧਾਨ ਦੀ ਸਹੁੰ ਖਾ ਕੇ ਹੋਂਦ ਵਿਚ ਆਈ ਸਰਕਾਰ ਗ਼ੈਰ-ਸੰਵਿਧਾਨਕ ਢੰਗ ਤੇ ਉਤਰ ਆਈ। ਫਿਰ ਕੌਣ ਸੰਵਿਧਾਨਕ ਹੈ ਤੇ ਕੌਣ ਗ਼ੈਰ ਸੰਵਿਧਾਨਕ ਹੈ? ਡਾ. ਅੰਬੇਦਕਰ ਨੇ ਹੀ ਕਿਹਾ ਸੀ ਕਿ ‘ਚੰਗੇ ਤੋਂ ਚੰਗਾ ਸੰਵਿਧਾਨ ਵੀ ਮਾੜਾ ਬਣ ਜਾਂਦਾ ਹੈ ਜੇ ਉਸ ਨੂੰ ਲਾਗੂ ਕਰਨ ਵਾਲੇ ਮਾੜੇ ਹੋਣ ਅਤੇ ਮਾੜੇ ਤੋਂ ਮਾੜਾ ਸੰਵਿਧਾਨ ਵੀ ਚੰਗਾ ਬਣ ਜਾਂਦਾ ਹੈ ਜੇਕਰ ਉਸ ਨੂੰ ਲਾਗੂ ਕਰਨ ਵਾਲੇ ਚੰਗੇ ਹੋਣ।’ ਲੋਕਤੰਤਰ ਦੀ ਮਜ਼ਬੂਤੀ ਲਈ ਇਸ ਸੰਵਿਧਾਨ ਦਾ ਲਾਗੂ ਰਹਿਣਾ ਜ਼ਰੂਰੀ ਹੈ। 

ਦੂਜਾ ਮੌਕਾ ਆਇਆ 30 ਨਵੰਬਰ ਨੂੰ। ਇਹ ਦਿਨ ‘ਸਰਬੱਤ ਦਾ ਭਲਾ’ ਮੰਗਣ ਵਾਲੀ ਅਜ਼ੀਮ ਸ਼ਖ਼ਸੀਅਤ ਬਾਬਾ ਨਾਨਕ ਦੇ ਜਨਮ ਦਿਨ ਦਾ ਸੀ, ਜੋ ਦੁਨੀਆਂ ਭਰ ਵਿਚ ਬਿਨਾਂ ਕਿਸੇ ਜਾਤ, ਨਸਲ, ਰੰਗ ਭੇਦ ਦੇ ਮਨਾਇਆ ਜਾਂਦਾ ਹੈ। ਸਾਢੇ ਪੰਜ ਸੌ ਸਾਲ ਪਹਿਲਾਂ ਬਾਬਾ ਨਾਨਕ ਨੇ ਉਸ ਵੇਲੇ ਦੇ ਅਣਮਨੁੱਖੀ ਹਾਲਾਤ ਦਾ ਮੁਕਾਬਲਾ ਕਰਨ ਲਈ ਆਪ ਤੇ ਅਪਣੇ ਤੋਂ ਪਹਿਲਾਂ ਦੇ ਸੰਤਾਂ ਮਹਾਂਪੁਰਸ਼ਾਂ ਦੇ ਢੁਕਵੇਂ ਪ੍ਰਵਚਨ ਇਕੱਤਰ ਕਰ ਕੇ ਇਕ ਸੰਸਥਾ, ਇਕ ਲਹਿਰ ਨੂੰ ਜਨਮ ਦਿਤਾ। ਇਸ ਲਹਿਰ ਨੇ ਅੱਗੇ ਤੋਂ ਅੱਗੇ ਤੁਰਦਿਆਂ ਪੰਜਵੇਂ ਨਾਨਕ ਤਕ ਪਹੁੰਚਦਿਆਂ ਸਮੁੱਚੇ ਪ੍ਰਵਚਨਾਂ ਨੂੰ ਸੰਗਠਿਤ ਕਰ ਕੇ ਇਕ ‘ਗ੍ਰੰਥ’ ਵਿਚ ਸਮੇਟ ਲਿਆ। ਤਿੰਨ ਚਾਰ ਸਦੀਆਂ ਦੇ ਸਭਿਆਚਾਰ ਦਾ ਇਤਿਹਾਸ, ਮਨੁੱਖੀ ਕਦਰਾਂ ਕੀਮਤਾਂ ਦੀ ਪਛਾਣ, ਸੱਚੇ ਸੁੱਚੇ ਜੀਵਨ ਦੀ ਰੂਪ ਰੇਖਾ, ਸਹਿਜ ਜਿਊਣ ਜਾਚ ਦਾ ਵਲ, ਆਜ਼ਾਦੀ ਦੇ ਬਰਾਬਰੀ ਦਾ ਅਹਿਸਾਸ, ਨਾ ਕਿਸੇ ਤੋਂ ਡਰਨ ਤੇ ਨਾ ਕਿਸੇ ਨੂੰ ਡਰਾਉਣ ਦੀ ਸਿਖਿਆ, ਹਜ਼ਾਰਾਂ ਕਿਸਮ ਦੇ ਸਮਾਜ ਨੂੰ ਚਿੰਬੜੇ ਫ਼ਜ਼ੂਲ ਦੇ ਵਹਿਮ-ਭਰਮ, ਫੋਕਟ ਕਰਮ ਤੇ ਪਾਠ ਪੂਜਾ ਦੇ ਮੱਕੜ ਜਾਲ ਤੋਂ ਛੁਟਕਾਰਾ ਪਾਉਣ ਦੇ ਸਾਧਨ ਤਰੀਕਿਆਂ ਦਾ ਅਦੁਤੀ ਸੰਕਲਣ ਹੈ। ਇਹ ‘ਗੰਥ’ ਜਿਸ ਤੇ ਦਸਵੇਂ ਨਾਨਕ ਨੇ ਅਪਣੀ ਮੋਹਰ ਲਗਾ ਕੇ ਇਸ ਨੂੰ ਸੰਪੂਰਨਤਾ ਦਾ ਦਰਜਾ ਦੇ ਕੇ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਦਾ ਸਤਿਕਾਰ ਦਿਤਾ ਤੇ ਆਉਣ ਵਾਲੀਆਂ ਨਸਲਾਂ ਲਈ ‘ਗੁਰੂ’ ਦਾ ਸੰਕਲਪ ਘੜ ਦਿਤਾ। ਇਸੇ ਸੰਕਲਪ ਤੇ ਚਲਦਿਆਂ ਉਹ ਖ਼ੁਦ ਅਪਣਾ ਸੱਭ ਕੁੱਝ ਵਾਰ ਕੇ ਆਉਣ ਵਾਲਿਆਂ ਲਈ ਪੂਰਨੇ ਪਾ ਗਏ। ਇਹ ਸੰਕਲਪ ਕਿਸੇ ਵੀ ਜਾਤ, ਧਰਮ, ਲਿੰਗ ਤੋਂ ਉਪਰ ਉਠ ਕੇ ਸਮੁੱਚੀ ਮਾਨਵਤਾ ਲਈ ਹੈ। ਇਸੇ ਦੀ ਓਟ ਲੈ ਕੇ, ਇਸੇ ਤੇ ਟੇਕ ਰੱਖ ਕੇ ਪੰਜਾਬ ਤੋਂ ਜੋ ਕਿਸਾਨ ਤੇ ਕਿਰਤੀ ਅਪਣੇ ਵਿਰੁਧ ਜ਼ਿਆਦਾਤੀਆਂ ਦੇ ਵਿਰੁਧ ਉਠੇ ਸਨ, ਅੱਜ ਉਹ ਦੇਸ਼ ਭਰ ਵਿਚੋਂ ਲੱਖਾਂ ਦੀ ਗਿਣਤੀ ਵਿਚ ਪਹੁੰਚ ਚੁੱਕੇ ਹਨ।

ਉਨ੍ਹਾਂ ਵਲੋਂ ਨਿਮਰਤਾ, ਅਡੋਲਤਾ, ਸਾਂਝੀਵਾਲਤਾ, ਅਹਿੰਸਾ, ਹੱਕ ਸੱਚ, ਕਿਛੁ ਕਹੀਏ ਕਿਛੁ ਸੁਣਿਐ, ਮਿੱਠਤ ਦਾ ਪ੍ਰਦਰਸ਼ਨ ਕੀਤਾ ਜਾ ਸਕਦਾ ਹੈ, ਉਨ੍ਹਾਂ ਨੇ ਉਸ ਦਾ ਪਾਠ ਇਸੇ ਗ੍ਰੰਥ ਵਿਚੋਂ ਪੜਿ੍ਹਆ ਹੈ। ਇਹੋ ਜਹੀ ਮਾਨਵਵਾਦੀ ਵਿਚਾਰਧਾਰਾ ਵਾਲੀ ਲਹਿਰ ਦਾ ਆਗਾਜ਼ ਕਰਨ ਵਾਲੇ ਬਾਬਾ ਨਾਨਕ ਦਾ ਜਨਮ ਦਿਨ ਸੜਕਾਂ ਤੇ ਬੈਠੇ, ਪ੍ਰਵਾਰਾਂ ਤੋਂ ਦੂਰ ਇਨ੍ਹਾਂ ਅੰਦੋਲਨ ਦੇ ਮਰਜੀਵੜਿਆਂ ਨੇ ਪੂਰੀ ਸ਼ਰਧਾ ਨਾਲ ਮਨਾ ਕੇ ਲੰਗਰ ਛਕਿਆ ਤੇ ਉਨ੍ਹਾਂ ਨੂੰ ਡਰਾਉਣ ਲਈ ਲਾਈ ਸਰਕਾਰੀ ਫ਼ੋਰਸ ਨੂੰ ਵੀ ਛਕਾਇਆ ਤਾਂ ‘ਸਰਬੱਤ ਦੇ ਭਲੇ’ ਦਾ ਪ੍ਰਵਚਨ ਜੀਅ ਉਠਿਆ। ਭਾਰਤ ਦਾ ਸੰਵਿਧਾਨ ਵੀ ਇਸ ਮਾਨਵਤਾ ਦੇ ਸੰਵਿਧਾਨ ਨਾਲ ਕਿੰਨਾ ਕੁੱਝ ਮਿਲਾਈ ਬੈਠਾ ਹੈ। 
ਸੰਘਰਸ਼ ਦੌਰਾਨ ਫਿਰ 6 ਦਸੰਬਰ ਦਾ ਦਿਨ ਆਇਆ। ਇਹ ਦਿਨ ਬਾਬਾ ਸਾਹਬ ਡਾ. ਅੰਬੇਦਕਰ ਦਾ ਪ੍ਰੀਨਿਰਵਾਣ ਦਿਵਸ ਹੈ। ਬਾਬਾ ਸਾਹਬ ਤਾਂ ਸੰਘਰਸ਼ ਦੇ ਪ੍ਰਤੀਕ ਸਨ। ਸ਼ਾਂਤਮਈ ਤੇ ਅਹਿੰਸਕ ਰਹਿ ਕੇ ਉਨ੍ਹਾਂ ਵੱਡੇ-ਵੱਡੇ ਰੋਸ ਵਿਖਾਵੇ ਤੇ ਸੰਘਰਸ਼ ਕੀਤੇ। ਇਹੀ ਕਦੇ ਉਨ੍ਹਾਂ ਦੀ ਸ਼ਕਤੀ ਬਣੇ ਸਨ ਜਿਸ ਕਰ ਕੇ ਉਹ ਸੱਭ ਤੋਂ ਹੇਠਲੇ ਦਰਜੇ ਤੋਂ ਉਠ ਕੇ ਸੰਵਿਧਾਨ ਨਿਰਮਾਣ ਦੇ ਕਾਰਜ ਤਕ ਪਹੁੰਚੇ ਤੇ ਨਿਹਥਿਆਂ ਤੇ ਨਿਤਾਣਿਆਂ ਨੂੰ ਬਰਾਬਰੀ ਦੇ ਹੱਕ ਦੁਆ ਗਏ।

ਇਸੇ ਸੰਘਰਸ਼ ਦੌਰਾਨ 10 ਦਸੰਬਰ ਦਾ ਦਿਨ ਵੀ ਆਇਆ। ਇਹ ‘ਮਨੁੱਖੀ ਅਧਿਕਾਰ ਦਿਵਸ’ ਦੇ ਤੌਰ ਤੇ ਅੰਤਰਰਾਸ਼ਟਰੀ ਪੱਧਰ ਤੇ ਮਨਾਇਆ ਜਾਂਦਾ ਹੈ। ਇਹ ਉਹ ਦਿਨ ਹੈ ਜਦੋਂ ਯੂ.ਐਨ.ਓ ਨੇ 1948 ਵਿਚ ਦੁਨੀਆਂ ਦੇ ਹਰ ਇਨਸਾਨ ਲਈ ਬਿਨਾਂ ਕਿਸੇ ਕੌਮ, ਰੰਗ, ਲਿੰਗ, ਭਾਸ਼ਾ, ਸਿਆਸਤ, ਦੇਸ਼ ਜਾਂ ਜਨਮ ਆਧਾਰਤ ਭੇਦਭਾਵ ਦੇ ਉਨ੍ਹਾਂ ਨੂੰ ਮਨੁੱਖੀ ਅਧਿਕਾਰ ਦੇਣ ਲਈ ਨੀਅਤ ਕੀਤਾ ਸੀ। ਯੂ.ਐਨ.ਓ ਵਲੋਂ ਮਨੁੱਖੀ ਅਧਿਕਾਰ ਦੇਣ ਲਈ ਇਕ ਬੜਾ ਮਹੱਤਵਪੂਰਨ ਦਸਤਾਵੇਜ਼ ਤਿਆਰ ਕੀਤਾ ਗਿਆ, ਜੋ ਦੁਨੀਆਂ ਦੀਆਂ 500 ਭਾਸ਼ਾਵਾਂ ਵਿਚ ਛਾਪਿਆ ਗਿਆ ਤਾਕਿ ਹਰ ਇਕ ਤਕ ਪੁੱਜੇ। ਇਹ ਦਸਤਾਵੇਜ਼ ਮਨੁੱਖਤਾ ਲਈ ਖ਼ਾਸ ਅਹਿਮਤੀਅਤ ਰਖਦਾ ਹੈ ਜਿਸ ਰਾਹੀਂ ਦੁਨੀਆਂ ਭਰ ਵਿਚ ਜਿਥੇ ਕਿਤੇ ਵੀ ਮਨੁੱਖੀ ਅਧਿਕਾਰਾਂ ਦਾ ਹਨਨ ਹੁੰਦਾ ਹੈ, ਉਥੋਂ ਆਵਾਜ਼ ਬੁਲੰਦ ਕਰ ਕੇ ਦੁਨੀਆਂ ਭਰ ਵਿਚ ਸੁਣਾਈ ਜਾ ਸਕਦੀ ਹੈ। ਕਿਸਾਨ-ਕਿਰਤੀ ਅੰਦੋਲਨ ਵਿਚ ਅੰਦੋਲਨ ਕਰਤਾ ਅਪਣੇ ਘਰ ਬਾਰ ਤੋਂ ਦੂਰ ਕੜਕਦੀ ਠੰਢ ਵਿਚ ਖੁਲ੍ਹੇ ਆਸਮਨ ਹੇਠ ਅਪਣੇ ਹੀ ਦੇਸ਼ ਦੀ ਰਾਜਧਾਨੀ ਵਿਚ ਸੜਕਾਂ ਤੇ ਪਏ ਇਨਸਾਫ਼ ਮੰਗ ਰਹੇ ਹਨ। ਯੂ.ਐਨ.ਓ ਨੇ ਇਸ ਦਾ ਨੋਟਿਸ ਲਿਆ ਹੈ।  ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਬੜੀ ਡਟਵੀਂ ਹਮਾਇਤ ਕੀਤੀ ਹੈ ਜਿਸ ਦਾ ਭਾਵੇਂ ਭਾਰਤ ਨੇ ਬੁਰਾ ਵੀ ਮਨਾਇਆ ਅਤੇ ਰੋਸ ਵਜੋਂ ਮੀਟਿੰਗ ਨਾ ਕਰਨ ਦਾ ਡਰਾਵਾ ਵੀ ਦਿਤਾ ਪਰ ਪ੍ਰਧਾਨ ਮੰਤਰੀ ਟਰੂਡੋ ਦਾ ਦੂਜੀ ਵਾਰ ਫਿਰ ਬਿਆਨ ਆਇਆ ਕਿ ਸ਼ਾਂਤਮਈ ਅੰਦੋਲਨ ਦੁਨੀਆਂ ਭਰ ਵਿਚ ਜਿਥੇ ਕਿਤੇ ਵੀ ਹੋਵੇਗਾ ਉਹ ਸਮਰਥਨ ਜ਼ਰੂਰ ਕਰਨਗੇ। ਸਮੁੱਚੇ ਤੌਰ ਤੇ ਇਹ ਕਿਸਾਨ-ਕਿਰਤੀ ਅੰਦੋਲਨ ਦੇਸ਼ ਦੇ ਕਾਨੂੰਨੀ ਘੇਰੇ ਵਿਚ ਰਹਿ ਕੇ ਕੀਤਾ ਜਾ ਰਿਹਾ ਹੈ।      

                                                                                                ਫਤਿਹਜੰਗ  ਸਿੰਘ ,ਸੰਪਰਕ : 98726-70278