Safar-E-Shahadat: ਅਨੰਦਪੁਰ ਸਾਹਿਬ ਤੋਂ ਚਮਕੌਰ ਸਾਹਿਬ ਤਕ ਦੀ ਲਹੂ ਭਿੱਜੀ ਦਾਸਤਾਨ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਅਨੰਦਪੁਰ ਸਾਹਿਬ ਸਿੱਖਾਂ ਲਈ ਧਾਰਮਿਕ, ਸਿਆਸੀ ਅਤੇ ਫ਼ੌਜੀ ਕੇਂਦਰ ਬਣ ਗਿਆ

photo

ਅਨੰਦਪੁਰ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਸਾਏ ਨਗਰ ਚੱਕ ਨਾਨਕੀ ਦੇ ਨਾਲ ਲੱਗਦੇ ਪਿੰਡਾਂ ਦੀ ਜ਼ਮੀਨ ਖ਼ਰੀਦ ਕੇ ਅਨੰਦਪੁਰ ਸਾਹਿਬ ਦੀ ਨੀਂਹ ਰੱਖੀ। ਇਸ ਨਗਰ ਦੁਆਲੇ ਪੰਜ ਕਿਲ੍ਹੇ ਉਸਾਰ ਕੇ ਇਸ ਨੂੰ ਵਿਸ਼ਾਲ ਅਤੇ ਰੱਖਿਆ ਪੱਖੋਂ ਮਜ਼ਬੂਤ ਕੇਂਦਰ ਬਣਾਇਆ। ਇਸ ਕਰ ਕੇ ਅਨੰਦਪੁਰ ਸਾਹਿਬ ਸਿੱਖਾਂ ਲਈ ਧਾਰਮਿਕ, ਸਿਆਸੀ ਅਤੇ ਫ਼ੌਜੀ ਕੇਂਦਰ ਬਣ ਗਿਆ। ਅਨੰਦਪੁਰ ਸਾਹਿਬ ਤੋਂ ਲੈ ਕੇ ਚਮਕੌਰ ਸਾਹਿਬ ਤਕ ਦੀ ਧਰਤੀ ’ਤੇ ਚੱਲਦਿਆਂ ਸੈਂਕੜੇ ਹੀ ਸਿੱਖ ਜੁਝਾਰੂਆਂ ਨੇ ਸ਼ਹੀਦੀਆਂ ਪਾਈਆਂ। ਇੱਥੋਂ ਦੀ ਮਿੱਟੀ ਵਿਚ ਉਨ੍ਹਾਂ ਸ਼ਹੀਦਾਂ ਦੇ ਖ਼ੂਨ ਪਸੀਨੇ ਦੀਆਂ ਬੂੰਦਾਂ ਜਜ਼ਬ ਹੋਈਆਂ ਹਨ। ਸਿੱਖ ਇਤਿਹਾਸ ਦੇ ਛੋਟੇ ਪਰ ਸਭ ਤੋਂ ਵੱਧ ਲਹੂ ਭਿੱਜੇ ਇਨ੍ਹਾਂ ਦਿਨਾਂ ਦੌਰਾਨ ਸੈਂਕੜਿਆਂ ਦੀ ਗਿਣਤੀ ਵਿਚ ਸਿੱਖਾਂ ਨੇ ਸ਼ਹਾਦਤਾਂ ਦਿੱਤੀਆਂ। ਇਹ ਕੁਰਬਾਨੀਆਂ ਅਸੂਲਾਂ ਅਤੇ ਸੂਰਬੀਰਤਾ ਦੀ ਇਕ ਮਹਾਨ ਮਿਸਾਲ ਹਨ, ਜਿੱਥੇ ਪਿਤਾ ਨੇ ਅਪਣੇ ਸਪੁੱਤਰਾਂ ਨੂੰ ਜ਼ੁਲਮ ਖ਼ਿਲਾਫ਼ ਸ਼ਹੀਦ ਹੰੁਦੇ ਵੇਖਿਆ।

ਮੁਗ਼ਲ ਕਾਲ ਦੇ ਮੁੱਢਲੇ ਸਰੋਤ ਸਾਕੀ ਮੁਸਤੈਦ ਖ਼ਾਨ ਦੀ ਪੁਸਤਕ ਮੁਆਸਿਰ-ਏ-ਆਲਮਗੀਰੀ ਅਤੇ ਅਖ਼ਬਾਰਾਤ-ਏ-ਦਰਬਾਰ-ਏ-ਮੁਅੱਲਾ (ਰੋਜ਼ਨਾਮਚਾ) ਅਨੁਸਾਰ ਅਗੱਸਤ 1695 ਨੂੰ ਲਾਹੌਰ ਦੇ ਗਵਰਨਰ ਮੁਕਰੱਮ ਖ਼ਾਨ ਨੇ ਮੁਗ਼ਲ ਕਮਾਂਡਰ ਦਿਲਾਬਰ ਖ਼ਾਨ ਦੀ ਅਗਵਾਈ ਵਿਚ ਉਸ ਦੇ ਪੁੱਤਰ ਖ਼ਾਨਜ਼ਾਦਾ ਨੂੰ ਅਨੰਦਪੁਰ ਸਾਹਿਬ ’ਤੇ ਹਮਲਾ ਕਰਨ ਲਈ ਭੇਜਿਆ। ਇਹ ਅਨੰਦਪੁਰ ਸਾਹਿਬ ’ਤੇ ਮੁਗ਼ਲ ਫ਼ੌਜਾਂ ਦਾ ਪਹਿਲਾ ਹਮਲਾ ਸੀ, ਜਿਸ ਵਿਚ ਗੁਰੂ ਜੀ ਨੇ ਖ਼ਾਨਜ਼ਾਦਾ ਦੀ ਫ਼ੌਜ ਨੂੰ ਬੁਰੀ ਤਰ੍ਹਾਂ ਹਰਾ ਕੇ ਭਜਾ ਦਿਤਾ। ਇਸ ਤੋਂ ਪਹਿਲਾਂ 20 ਮਾਰਚ 1691 ਨੂੰ ਜੰਮੂ ਦੇ ਫ਼ੌਜਦਾਰ ਮੀਆਂ ਖ਼ਾਨ ਨੇ ਪਹਾੜੀ ਰਾਜਿਆਂ ਤੋਂ ਟੈਕਸ ਦੀ ਵਸੂਲੀ ਕਰਨ ਲਈ ਆਲਿਫ਼ ਖ਼ਾਨ ਨੂੰ ਪਹਾੜਾਂ ਵਲ ਭੇਜਿਆ ਸੀ। ਨਦੌਣ ਦੀ ਲੜਾਈ ਵਿਚ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਦੀ ਸਰਪ੍ਰਸਤੀ ਹੇਠ ਮੁਗ਼ਲ ਫ਼ੌਜਾਂ ਨੂੰ ਪਹਾੜੀ ਇਲਾਕੇ ’ਚੋਂ ਭਜਾ ਦਿਤਾ ਸੀ। ਸੰਨ 1696 ਨੂੰ ਦਿਲਾਬਰ ਖ਼ਾਨ ਨੇ ਜਰਨੈਲ ਹੁਸੈਨ ਖ਼ਾਨ ਨੂੰ ਇਕ ਮਜ਼ਬੂਤ ਅਤੇ ਵੱਡੀ ਫ਼ੌਜ ਨਾਲ ਪਹਾੜੀ ਰਿਆਸਤਾਂ ਦੇ ਰਾਜਿਆਂ ਤੋਂ ਟੈਕਸ ਲੈਣ ਅਤੇ ਗੁਰੂ ਜੀ ਨੂੰ ਸਬਕ ਸਿਖਾਉਣ ਲਈ ਭੇਜਿਆ।

ਇਸ ਸਮੇਂ ਡਢਵਾਲੀਏ ਅਤੇ ਕਹਿਲੂਰੀਏ ਰਿਆਸਤ ਦੇ ਰਾਜਿਆਂ ਨੇ ਹੁਸੈਨੀ ਨੂੰ ਬਣਦਾ ਟੈਕਸ ਦੇਣਾ ਮਨਜ਼ੂਰ ਕਰ ਲਿਆ ਅਤੇ ਉਹ ਅਪਣੀਆਂ ਫ਼ੌਜਾਂ ਸਮੇਤ ਉਸ ਦੀ ਮੁਹਿੰਮ ਵਿਚ ਸ਼ਾਮਲ ਹੋ ਗਏ। ਗੁਲੇਰ ਰਿਆਸਤ ਦੇ ਰਾਜਾ ਗੋਪਾਲ ਚੰਦ ਗੁਲੇਰੀਆ ਨੇ ਹੁਸੈਨ ਖ਼ਾਨ ਨੂੰ ਟੈਕਸ ਦੇਣ ਤੋਂ ਸਾਫ਼ ਇਨਕਾਰ ਕਰ ਦਿਤਾ। ਰਾਜੇ ਨੇ ਅਨੰਦਪੁਰ ਸਾਹਿਬ ਆ ਕੇ ਗੁਰੂ ਜੀ ਤੋਂ ਸਹਾਇਤਾ ਮੰਗੀ। 19 ਫ਼ਰਵਰੀ 1696 ਨੂੰ ਸਿੱਖਾਂ ਦੀ ਅਗਵਾਈ ਵਿਚ ਗੁਲੇਰ ਦੀਆਂ ਫ਼ੌਜਾਂ ਨੇ ਪਹਾੜੀ ਫ਼ੌਜਾਂ ਅਤੇ ਮੁਗ਼ਲ ਫ਼ੌਜਾਂ ਨੂੰ ਮੈਦਾਨ ਵਿਚੋਂ ਭੱਜਣ ਲਈ ਮਜਬੂਰ ਕਰ ਦਿਤਾ। ਇਸ ਲੜਾਈ ਵਿਚ ਹੁਸੈਨ ਖ਼ਾਨ ਮਾਰਿਆ ਗਿਆ, ਜਦਕਿ ਸਿੱਖਾਂ ਵਿਚੋਂ ਭਾਈ ਲਹਿਨੂ ਸਿੰਘ, ਭਾਈ ਸੰਗਤ ਸਿੰਘ, ਭਾਈ ਹਨੂੰਮਤ ਅਤੇ ਭਾਈ ਦਰਸੋ ਆਦਿ ਸਿੱਖ ਸ਼ਹੀਦ ਹੋ ਗਏ। ਇਸ ਲੜਾਈ ਤੋਂ ਦੋ ਕੁ ਮਹੀਨਿਆਂ ਬਾਅਦ ਲਾਹੌਰ ਦੇ ਗਵਰਨਰ ਨੇ 30 ਅਪ੍ਰੈਲ 1696 ਨੂੰ ਭਲਾਨ ਦੇ ਮੈਦਾਨ ਵਿਚ ਜੁਝਾਰ ਸਿੰਹੁ ਹਾਂਡਾ ਨੂੰ 3000 ਫ਼ੌਜੀ ਦਸਤਾ ਦੇ ਕੇ ਭੇਜਿਆ।

ਇਸ ਲੜਾਈ ਵਿਚ ਜੁਝਾਰ ਸਿੰਹੁ ਹਾਂਡਾ ਅਤੇ ਦਿਲਾਬਰ ਖ਼ਾਨ ਦਾ ਪੁੱਤਰ ਖ਼ਾਨਜ਼ਾਦਾ ਵੀ ਮਾਰਿਆ ਗਿਆ। ਸਤੰਬਰ 1696 ਨੂੰ ਔਰੰਗਜ਼ੇਬ ਨੇ ਪਹਾੜੀ ਰਾਜਿਆਂ ਤੋਂ ਟੈਕਸ ਦੀ ਭਰਪਾਈ ਅਤੇ ਪੰਜਾਬ ਦੇ ਇਲਾਕਿਆਂ ਵਿਚ ਸ਼ਾਂਤੀ ਬਹਾਲ ਕਰਨ ਲਈ ਸ਼ਹਿਜ਼ਾਦਾ ਮੁਅੱਜ਼ਮ (ਬਹਾਦਰ ਸ਼ਾਹ) ਨੂੰ ਭੇਜਿਆ। ਇਸ ਮੁਹਿੰਮ ਦੌਰਾਨ ਮੁਅੱਜ਼ਮ ਨੇ ਅਪਣੇ ਸੂਹੀਆਂ ਤੋਂ ਅਨੰਦਪੁਰ ਸਾਹਿਬ ਦੀ ਸਥਿਤੀ ਬਾਰੇ ਜਾਣਕਾਰੀ ਲਈ ਅਤੇ ਔਰੰਗਜ਼ੇਬ ਨੂੰ ਖ਼ਬਰ ਕੀਤੀ ਕਿ ਸਿੱਖਾਂ ਵਲੋਂ ਮੁਗ਼ਲ ਹਕੂਮਤ ਵਿਰੁੱਧ ਬਗਾਵਤ ਕਰਨ ਦਾ ਕੋਈ ਇਰਾਦਾ ਨਹੀਂ ਹੈ। ਕੁਝ ਸਮੇਂ ਲਈ ਅਨੰਦਪੁਰ ਸਾਹਿਬ ਦੇ ਆਲੇ-ਦੁਆਲੇ ਸ਼ਾਂਤੀ ਦਾ ਮਾਹੌਲ ਪਸਰਿਆ। ਇਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਾਂਤੀ ਦੀ ਵਰਤੋਂ ਕਰਦਿਆਂ ਬਾਹਰੀ ਲੜਾਈਆਂ ਦੀ ਵਜਾਏ ਅੰਦਰੂਨੀ ਮਜ਼ਬੂਤੀ ਅਤੇ ਖ਼ਾਲਸੇ ਦੀ ਸਿਰਜਨਾ ਕਰਨ ਵਲ ਧਿਆਨ ਦਿਤਾ।

ਗੁਰੂ ਸਾਹਿਬ ਨੇ 1699 ਨੂੰ ਵਿਸਾਖੀ ਵਾਲੇ ਦਿਨ ਖ਼ਾਲਸਾ ਪੰਥ ਦੀ ਸਾਜਨਾ ਕੀਤੀ। ਇਸ ਦਾ ਮੁੱਖ ਉਦੇਸ਼ ਜ਼ੁਲਮ ਅਤੇ ਬੇਇਨਸਾਫ਼ੀ ਖ਼ਿਲਾਫ਼ ਲੜਨ ਲਈ ਸੰਤ ਅਤੇ ਸਿਪਾਹੀ ਵਾਲੇ ਮਨੁੱਖ ਬਣਾ ਕੇ ਉਨ੍ਹਾਂ ਅੰਦਰ ਨਿਰਭਉ ਅਤੇ ਨਿਰਵੈਰ ਵਰਗੇ ਗੁਣ ਪੈਦਾ ਕਰਨਾ ਸੀ। ਅਨੰਦਪੁਰ ਸਾਹਿਬ ਦੇ ਲਾਗਲੇ ਪਹਾੜੀ ਰਾਜੇ ਅਤੇ ਮੁਗ਼ਲ ਹਕੂਮਤ ਮਨੁੱਖ ਦੀ ਬਰਾਬਰੀ ਵਾਲੇ ਇਸ ਸਿਧਾਂਤ ਦੇ ਵਿਰੁੱਧ ਸੀ, ਜਿਸ ਕਰ ਕੇ ਅਜਮੇਰ ਚੰਦ ਕਹਿਲੂਰੀਏ ਨੇ ਅਨੰਦਪੁਰ ਸਾਹਿਬ ’ਤੇ ਲਗਾਤਾਰ ਹਮਲੇ ਕਰਨੇ ਸ਼ੁਰੂ ਕਰ ਦਿਤੇ। ਅਜਮੇਰ ਚੰਦ ਦੀਆਂ ਪਹਾੜੀ ਫ਼ੌਜਾਂ ਨੇ ਅਨੰਦਪੁਰ ਸਾਹਿਬ ਤੋਂ ਪੰਜ ਕਿਲੋਮੀਟਰ ਦੂਰ ਕਿਲ੍ਹਾ ਤਾਰਾਗੜ੍ਹ ’ਤੇ ਅਚਾਨਕ ਹਮਲਾ ਕਰ ਦਿਤਾ। ਇਸ ਸਮੇਂ ਸਾਹਿਬਜ਼ਾਦਾ ਅਜੀਤ ਸਿੰਘ ਦੀ ਅਗਵਾਈ ਵਿਚ ਸਿੱਖ ਫ਼ੌਜਾਂ ਨੇ ਪਹਾੜੀ ਫ਼ੌਜਾਂ ਨਾਲ ਡੱਟ ਕੇ ਮੁਕਾਬਲਾ ਕੀਤਾ।

ਇਸ ਲੜਾਈ ਵਿਚ ਭਾਈ ਈਸ਼ਰ ਸਿੰਘ, ਭਾਈ ਕਲਿਆਣ ਸਿੰਘ ਅਤੇ ਮੰਗਤ ਸਿੰਘ ਸ਼ਹੀਦ ਹੋ ਗਏ। ਪਹਾੜੀ ਫ਼ੌਜਾਂ ਨੇ ਅਪਣੀ ਹਾਰ ਤੋਂ ਤੁਰੰਤ ਬਾਅਦ 30 ਅਗੱਸਤ 1700 ਨੂੰ ਕਿਲ੍ਹਾ ਫ਼ਤਿਹਗੜ੍ਹ ਉੱਤੇ ਹਮਲਾ ਕੀਤਾ, ਜਿਸ ਵਿਚ ਭਾਈ ਭਗਵਾਨ ਸਿੰਘ, ਭਾਈ ਜਵਾਹਰ ਸਿੰਘ ਅਤੇ ਭਾਈ ਨੰਦ ਸਿੰਘ ਸ਼ਹੀਦ ਹੋ ਗਏ। ਤੀਜੇ ਦਿਨ 31 ਅਗੱਸਤ ਨੂੰ ਕਿਲ੍ਹਾ ਅਗੰਮਗੜ੍ਹ ਦੀ ਲੜਾਈ ਦੌਰਾਨ ਭਾਈ ਬਾਘ ਸਿੰਘ ਘਰਬਾਰਾ ਸ਼ਹੀਦ ਹੋ ਗਏ। ਲਗਾਤਾਰ ਤਿੰਨ ਦਿਨ ਹਾਰ ਖਾਣ ਉਪਰੰਤ ਰਾਜਾ ਅਜਮੇਰ ਚੰਦ ਕਹਿਲੂਰੀਏ ਨੇ ਅਪਣੇ ਮਾਮਾ ਕੇਸਰੀ ਚੰਦ ਜਸਵਾਲੀਆ ਨਾਲ ਮਿਲ ਕੇ ਅਨੰਦਪੁਰ ਸਾਹਿਬ ਦੇ ਕਿਲ੍ਹਾ ਲੋਹਗੜ੍ਹ ’ਤੇ ਹਮਲਾ ਕਰਨ ਦੀ ਰਣਨੀਤੀ ਤਿਆਰ ਕੀਤੀ। ਇਸ ਕਿਲ੍ਹੇ ਅੰਦਰ ਰਾਮ ਸਿੰਘ ਸਿਕਲੀਗਰ ਨੇ ਲੋਹੇ ਦੇ ਹਥਿਆਰ ਤਿਆਰ ਕਰਨ ਦਾ ਕਾਰਖ਼ਾਨਾ ਲਗਾਇਆ ਹੋਇਆ ਸੀ। 

 ਅਜਮੇਰ ਚੰਦ ਕਹਿਲੂਰੀਏ ਨੇ ਲਗਾਤਾਰ ਚਾਰ ਦਿਨ ਅਨੰਦਪੁਰ ਸਾਹਿਬ ’ਤੇ ਹਮਲੇ ਕੀਤੇ ਲੇਕਿਨ ਹਾਰ ਹੋਣ ਉਪਰੰਤ ਉਸ ਨੇ ਗੁਰੂ ਜੀ ਤੋਂ ਮੁਆਫ਼ੀ ਮੰਗ ਲਈ। ਅਜਮੇਰ ਚੰਦ ਨੇ ਅਪਣੇ ਪੰਡਤ ਪਰਮਾਨੰਦ ਰਾਹੀਂ ਗੁਰੂ ਜੀ ਨੂੰ ਪੱਤਰ ਭੇਜ ਕੇ ਬੇਨਤੀ ਕਰਦੇ ਹੋਏ ਕਿਹਾ ਕਿ ਉਹ ਅਨੰਦਪੁਰ ਸਾਹਿਬ ਨੂੰ ਕੁਝ ਦਿਨਾਂ ਲਈ ਛੱਡ ਜਾਣ ਜਿਸ ਕਰ ਕੇ ਪਹਾੜੀ ਰਿਆਸਤਾਂ ਵਿਚ ਮੇਰੀ ਇੱਜ਼ਤ ਰਹਿ ਜਾਵੇਗੀ। ਗੁਰੂ ਸਾਹਿਬ ਨੇ ਇਸ ਇਲਾਕੇ ਦੀ ਅਮਨ ਸ਼ਾਂਤੀ ਨੂੰ ਵੇਖਦੇ ਹੋਏ ਪਹਿਲੀ ਵਾਰ 4 ਅਕਤੂਬਰ ਤੋਂ ਲੈ ਕੇ 15 ਅਕਤੂਬਰ ਸੰਨ 1700 ਤਕ ਅਨੰਦਪੁਰ ਸਾਹਿਬ ਨੂੰ ਛੱਡ ਕੇ ਕੀਰਤਪੁਰ ਸਾਹਿਬ ਦੀ ਪਹਾੜੀ ਨਿਰਮੋਹਗੜ੍ਹ ਉੱਤੇ ਅਪਣੇ ਸਿੱਖਾਂ ਸਮੇਤ ਤੰਬੂ ਲਗਾ ਲਏ। ਜਦੋਂ ਅਜਮੇਰ ਚੰਦ ਨੂੰ ਇਸ ਗੱਲ ਦਾ ਪਤਾ ਲੱਗਾ, ਤਾਂ ਉਸ ਨੇ ਅਪਣੀਆਂ ਫ਼ੌਜਾਂ ਲੈ ਕੇ ਨਿਰਮੋਹਗੜ੍ਹ ਦੀ ਪਹਾੜੀ ਨੂੰ ਚਾਰੇ ਪਾਸੇ ਤੋਂ ਘੇਰ ਲਿਆ ਅਤੇ ਸਰਹਿੰਦ ਦੇ ਸੂਬੇਦਾਰ ਨੂੰ ਖ਼ਬਰ ਭੇਜ ਦਿਤੀ।

8 ਅਕਤੂਬਰ ਨੂੰ ਇਸ ਪਹਾੜੀ ਦੇ ਮੈਦਾਨੀ ਖੇਤਰ ਵਿਚ ਹੋਈ ਲੜਾਈ ਦੌਰਾਨ ਭਾਈ ਸਾਹਿਬ ਸਿੰਘ, ਭਾਈ ਸੂਰਤ ਸਿੰਘ, ਭਾਈ ਦੇਵਾ ਸਿੰਘ, ਭਾਈ ਅਨੂਪ ਸਿੰਘ, ਭਾਈ ਸਰੂਪ ਸਿੰਘ ਅਤੇ ਭਾਈ ਮਥੁਰਾ ਸਿੰਘ ਤੋਂ ਇਲਾਵਾ ਦੁਨੀ ਚੰਦ ਮਸੰਦ ਦੇ ਭਤੀਜੇ ਭਾਈ ਅਨੂਪ ਸਿੰਘ ਅਤੇ ਭਾਈ ਸਰੂਪ ਸਿੰਘ ਸ਼ਹੀਦ ਹੋ ਗਏ। ਇਸ ਲੜਾਈ ਵਿਚ ਭਾਈ ਹਿੰਮਤ ਸਿੰਘ ਰਾਠੌਰ ਅਤੇ ਭਾਈ ਮੋਹਰ ਸਿੰਘ ਵੀ ਸ਼ਹੀਦ ਹੋ ਗਏ। ਜਦੋਂ ਬਸਾਲੀ ਦੇ ਰਾਜਾ ਸਲਾਹੀ ਚੰਦ ਨੂੰ ਅਜਮੇਰ ਚੰਦ ਦੀ ਇਸ ਬੇਈਮਾਨੀ ਦਾ ਪਤਾ ਲੱਗਿਆ, ਤਾਂ ਉਸ ਨੇ ਗੁਰੂ ਜੀ ਨੂੰ ਅਪਣੀ ਰਿਆਸਤ ਵਿਚ ਆਉਣ ਦੀ ਬੇਨਤੀ ਕੀਤੀ। ਇਹ ਰਿਆਸਤ ਸਤਲੁਜ ਦਰਿਆ ਪਾਰ ਕਰ ਕੇ ਨੂਰਪੁਰ ਬੇਦੀ ਦੀਆਂ ਪਹਾੜੀਆਂ ਵਲ ਸੀ। ਗੁਰੂ ਸਾਹਿਬ ਨੇ ਨਿਰਮੋਹਗੜ੍ਹ ਦੀ ਪਹਾੜੀ ਤੋਂ ਹੇਠਾਂ ਵਲ ਜਦੋਂ ਦਰਿਆ ਪਾਰ ਕੀਤਾ, ਤਾਂ ਅਜਮੇਰ ਚੰਦ ਦੀਆਂ ਫ਼ੌਜਾਂ ਨੇ ਇਕ ਵਾਰ ਫਿਰ ਤੋਂ ਹਮਲਾ ਕੀਤਾ। ਇਸ ਸਮੇਂ ਹੋਈ ਲੜਾਈ ਦੌਰਾਨ ਭਾਈ ਅਜੀਤ ਸਿੰਘ, ਭਾਈ ਨੇਤਾ ਸਿੰਘ ਅਤੇ ਭਾਈ ਕੇਸਰਾ ਸਿੰਘ ਸ਼ਹੀਦ ਹੋ ਗਏ। ਗੁਰੂ ਗੋਬਿੰਦ ਸਾਹਿਬ ਜੀ ਦੇ ਬਸਾਲੀ ਰਹਿੰਦਿਆਂ ਹੋਇਆਂ ਰਾਜਾ ਸਲਾਹੀ ਚੰਦ ਨੇ ਅਜਮੇਰ ਚੰਦ ਨੂੰ ਸਮਝਾ ਕੇ ਮਸਲਾ ਹੱਲ ਕਰਵਾ ਦਿਤਾ। 30 ਅਕਤੂਬਰ 1700 ਈਸਵੀ ਨੂੰ ਗੁਰੂ ਸਾਹਿਬ ਮੁੜ ਅਨੰਦਪੁਰ ਸਾਹਿਬ ਆ ਗਏ।

ਕਰੀਬ ਚਾਰ ਸਾਲਾਂ ਤੋਂ ਬਾਅਦ 30 ਜਨਵਰੀ 1704 ਨੂੰ ਅਜਮੇਰ ਚੰਦ ਕਹਿਲੂਰੀਏ ਨੇ ਅਪਣੇ ਸਾਥੀ ਰਾਜਿਆਂ ਗੋਪਾਲ ਚੰਦ ਹੰਡੂਰੀਆ, ਚੰਬੇ ਦਾ ਰਾਜਾ ਉਦੈ ਸਿੰਹੁ ਅਤੇ ਫ਼ਤਿਹਪੁਰ ਦੇ ਰਾਜਾ ਦੇਵ ਸਰਨ ਨਾਲ ਮਿਲ ਕੇ ਇਕ ਵਾਰ ਫਿਰ ਤੋਂ ਅਨੰਦਪੁਰ ਸਾਹਿਬ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਲੜਾਈ ਦੌਰਾਨ ਭਾਈ ਹੇਮ ਸਿੰਘ ਅਤੇ ਭਾਈ ਕਾਹਨ ਸਿੰਘ ਰਾਠੌਰ ਸ਼ਹੀਦ ਹੋ ਗਏ। ਗੁਰੂ ਸਾਹਿਬ ਨੂੰ ਸੂਹੀਏ ਤੋਂ ਖ਼ਬਰ ਮਿਲੀ ਕਿ ਪਹਾੜੀ ਰਾਜੇ ਮੁਗ਼ਲ ਹਕੂਮਤ ਨਾਲ ਮਿਲ ਕੇ ਅਨੰਦਪੁਰ ਸਾਹਿਬ ਨੂੰ ਚਾਰੇ ਪਾਸੇ ਤੋਂ ਘੇਰਾ ਪਾਉਣ ਦੀ ਵਿਉਂਤ ਬਣਾ ਰਹੇ ਹਨ। ਗੁਰੂ ਜੀ ਨੇ ਪਰਿਵਾਰ ਵਾਲੇ ਸਾਰੇ ਸਿੱਖਾਂ ਨੂੰ ਅਨੰਦਪੁਰ ਸਾਹਿਬ ਤੋਂ ਜਾਣ ਲਈ ਹਦਾਇਤ ਕੀਤੀ।

ਅਜਮੇਰ ਚੰਦ ਨੇ ਹੰਡੂਰ ਦੀਆਂ ਫ਼ੌਜਾਂ, ਗੁੱਜਰਾਂ, ਰੰਗੜਾਂ ਅਤੇ ਸਰਹਿੰਦ ਦੀਆਂ ਮੁਗ਼ਲ ਫ਼ੌਜਾਂ ਦੀ ਸਹਾਇਤਾ ਨਾਲ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਇਹ ਘੇਰਾ ਸੱਤ ਮਹੀਨੇ ਦੇ ਕਰੀਬ ਰਿਹਾ। ਅਖ਼ੀਰ ਸਮਾਣੇ ਦਾ ਰਹਿਣ ਵਾਲਾ ਸ਼ਾਹੀ ਕਾਜ਼ੀ ਸਯੱਦ ਅਲੀ ਹਸਨ ਅਨੰਦਪੁਰ ਸਾਹਿਬ ਵਿਚ ਕੁਰਾਨ ਸ਼ਰੀਫ਼ ਦੀ ਜ਼ਿਲਦ ’ਤੇ ਲੱਗੀ ਔਰੰਗਜ਼ੇਬ ਦੀ ਚਿੱਠੀ ਲੈ ਕੇ ਆਇਆ। ਇਸ ਚਿੱਠੀ ਵਿਚ ਲਿਖਿਆ ਸੀ ਕਿ ਗੁਰੂ ਜੀ ਸਿੱਖਾਂ ਸਮੇਤ ਅਨੰਦਪੁਰ ਸਾਹਿਬ ਨੂੰ ਛੱਡ ਕੇ ਕਾਂਗੜ ਵੱਲ ਆ ਜਾਣ, ਜਿੱਥੇ ਹਾਲਾਤਾਂ ’ਤੇ ਵਿਚਾਰਾਂ ਕੀਤੀਆਂ ਜਾਣਗੀਆਂ।

ਗੁਰੂ ਜੀ ਨੇ ਅਪਣੇ ਪਰਿਵਾਰ ਅਤੇ ਸਿੱਖਾਂ ਸਮੇਤ 5 ਅਤੇ 6 ਪੋਹ ਦੀ ਵਿਚਕਾਰਲੀ ਰਾਤ ਨੂੰ ਅਨੰਦਪੁਰ ਸਾਹਿਬ ਸਦਾ ਲਈ ਛੱਡ ਦਿਤਾ। ਇਸ ਸਮੇਂ ਗੁਰੂ ਜੀ ਨਾਲ ਉਨ੍ਹਾਂ ਦੇ ਪ੍ਰਵਾਰਕ ਮੈਂਬਰਾਂ ਤੋਂ ਇਲਾਵਾ 500 ਦੇ ਕਰੀਬ (ਕੁਝ ਸਰੋਤ 1000) ਸਿੰਘ ਸਨ। ਸਾਰੀ ਵਹੀਰ ਅਜੇ ਕੀਰਤਪੁਰ ਸਾਹਿਬ ਤੋਂ ਰੋਪੜ ਵਲ ਜਾ ਹੀ ਰਹੀ ਸੀ ਕਿ ਸ਼ਾਹੀ ਟਿੱਬੀ ਦੀ ਚੌਕੀ ’ਤੇ ਤਾਇਨਾਤ ਫ਼ੌਜੀ ਟੁੱਕੜੀ ਨੇ ਵਹੀਰ ਉੱਤੇ ਹਮਲਾ ਕਰ ਦਿਤਾ। ਇਤਿਹਾਸਕ ਭੂਗੋਲਿਕ ਪ੍ਰਸੰਗ ਅਨੁਸਾਰ ਇਹ ਉੱਚੀ ਪਹਾੜੀ ਸਤਲੁਜ ਦੇ ਕੰਢੇ ਅਤੇ ਮੈਦਾਨੀ ਇਲਾਕੇ ਤੋਂ ਪਹਾੜੀ ਇਲਾਕੇ ਵਲ ਜਾਣ ਦੇ ਮੁੱਖ ਮਾਰਗ ’ਤੇ ਸਥਿਤ ਹੋਣ ਕਰ ਕੇ ਰਣਨੀਤਕ ਚੌਕੀ ਵਜੋਂ ਬਹੁਤ ਮਹੱਤਵਪੂਰਨ ਸੀ। ਗੁਰੂ ਸਾਹਿਬ ਨੇ 50 ਸਿੱਖ ਫ਼ੌਜੀਆਂ ਸਮੇਤ ਭਾਈ ਉਦੈ ਸਿੰਘ ਨੂੰ ਪਹਾੜੀ ਫ਼ੌਜਾਂ ਦਾ ਰਾਹ ਡੱਕਣ ਲਈ ਜਿਮੇਂਵਾਰੀ ਸੌਂਪੀ।

ਇਸ ਚੌਕੀ ਵਿਚ ਮੌਜੂਦ ਅਤੇ ਅਨੰਦਪੁਰ ਸਾਹਿਬ ਵਲੋਂ ਆਈ ਪਹਾੜੀ ਫ਼ੌਜ ਨਾਲ ਯੁੱਧ ਕਰਦਿਆਂ ਜਥੇ ਦੇ 50 ਸਿੰਘਾਂ ਸਮੇਤ ਭਾਈ ਉਦੈ ਸਿੰਘ ਸ਼ਹੀਦ ਹੋ ਗਏ। ਭਾਈ ਉਦੈ ਸਿੰਘ ਦਾ ਚਿਹਰਾ ਗੁਰੂ ਸਾਹਿਬ ਨਾਲ ਮਿਲਦਾ ਹੋਣ ਕਰ ਕੇ ਅਜਮੇਰ ਚੰਦ ਨੇ ਉਨ੍ਹਾਂ ਨੂੰ ਗੁਰੂ ਸਾਹਿਬ ਸਮਝ ਲਿਆ। ਉਸ ਨੇ ਸੀਸ ਕਟਵਾ ਕੇ ਰੋਪੜ ਦੇ ਨਵਾਬ ਵਲ ਭੇਜ ਦਿਤਾ ਅਤੇ ਰੌਲਾ ਪਾ ਦਿਤਾ ਕਿ ਅਸੀਂ ਸਿੱਖਾਂ ਦਾ ਗੁਰੂ ਮਾਰ ਮੁਕਾਇਆ ਹੈ। ਉਧਰ ਸਰਸਾ ਨਦੀ ਦੇ ਕੰਢੇ ਭਾਈ ਜੀਵਨ ਸਿੰਘ (ਜੈਤਾ) ਅਤੇ ਬੀਬੀ ਭਿੱਖਾਂ ਨੇ 100 ਸਿੰਘਾਂ ਨਾਲ ਅਨੰਦਪੁਰ ਸਾਹਿਬ ਵਲੋਂ ਆਉਣ ਵਾਲੀ ਪਹਾੜੀ ਫ਼ੌਜ ਨੂੰ ਰੋਕਣ ਲਈ ਮੋਰਚਾਬੰਦੀ ਕਰ ਲਈ ਅਤੇ ਭਾਈ ਬਚਿੱਤਰ ਸਿੰਘ ਨੇ ਅਪਣੇ ਜਥੇ ਦੇ 100 ਸਿੰਘਾਂ ਸਮੇਤ ਰੋਪੜ ਵਲੋਂ ਆਉਣ ਵਾਲੀ ਸਰਹਿੰਦ ਦੀ ਫ਼ੌਜ ਨੂੰ ਡੱਕਣ ਲਈ ਮੋਰਚੇ ਸੰਭਾਲ ਲਏ।

ਇਸ ਸਮੇਂ ਹੋਈ ਹਫ਼ੜਾ-ਦਫ਼ੜੀ ਅਤੇ ਮਾਰ-ਧਾੜ ਸਮੇਂ ਸਾਰਾ ਵਹੀਰ ਇਕ ਦੂਜੇ ਤੋਂ ਵੱਖ ਹੋ ਗਿਆ। ਗੁਰੂ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਚਮਕੌਰ ਸਾਹਿਬ ਤੋਂ ਹੰੁਦੇ ਹੋਏ ਸਹੇੜੀ ਵਲ ਚਲੇ ਗਏ। ਅਨੰਦਪੁਰ ਸਾਹਿਬ ਤੋਂ ਚੱਲ ਕੇ ਆਏ ਵਹੀਰ ’ਚੋਂ ਗੁਰੂ ਸਾਹਿਬ ਦੇ ਪ੍ਰਵਾਰ ਸਮੇਤ 48 ਸਿੰਘ ਹੀ ਬਾਕੀ ਬਚੇ ਸਨ ਅਤੇ ਹੋਰ ਸਾਰਾ ਵਹੀਰ ਸ਼ਹੀਦ ਹੋ ਚੁੱਕਾ ਸੀ।  ਗੁਰੂ ਸਾਹਿਬ ਸਰਸਾ ਨਦੀ ਤੋਂ ਹੁੰਦੇ ਹੋਏ ਕੋਟਲਾ ਨਿਹੰਗ ਖ਼ਾਨ ਦੇ ਕਿਲ੍ਹੇ ਅੰਦਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਹੇ। ਗੁਰੂ ਗੋਬਿੰਦ ਸਿੰਘ ਜੀ ਕੋਟਲਾ ਨਿਹੰਗ ਤੋਂ ਸਿੰਘਾਂ ਸਮੇਤ ਚੱਲ ਕੇ 7 ਪੋਹ ਦੀ ਸਵੇਰ ਸ੍ਰੀ ਚਮਕੌਰ ਸਾਹਿਬ ਵਿਚ ਭਾਈ ਬੁੱਧੀ ਚੰਦ ਰਾਵਤ ਦੀ ਗੜ੍ਹੀ ਅੰਦਰ ਆ ਗਏ। ਇੱਥੇ ਹੋਈ ਭਿਆਨਕ ਅਤੇ ਅਸਾਵੀਂ ਜੰਗ ਵਿਚ ਸਿੱਖਾਂ ਨੇ ਅਦੁੱਤੀ ਅਤੇ ਬਹਾਦਰੀ ਦੀ ਮਿਸਾਲ ਪੇਸ਼ ਕੀਤੀ। ਗੁਰੂ ਸਾਹਿਬ ਨੇ ਪੰਜ-ਪੰਜ ਸਿੰਘਾਂ ਦੇ ਜਥੇ ਬਣਾ ਕੇ ਗੜ੍ਹੀ ਤੋਂ ਬਾਹਰ ਭੇਜੇ ਤਾਕਿ ਦੁਸ਼ਮਣ ਦੀ ਫ਼ੌਜ ਨੂੰ ਭੁਲੇਖਾ ਰਹੇ ਕਿ ਅੰਦਰ ਬਹੁਤ ਵੱਡੀ ਫ਼ੌਜ ਹੈ।

ਸ਼ਾਮ ਤਕ ਚੱਲੀ ਇਸ ਲੜਾਈ ਦੌਰਾਨ ਗੁਰੂ ਜੀ ਦੇ ਦੋ ਸਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਸਮੇਤ 38 ਸਿੰਘ ਸ਼ਹੀਦ ਹੋ ਚੁੱਕੇ ਸਨ। ਹੁਣ ਰਾਤ ਵੇਲੇ ਗੁਰੂ ਜੀ ਦੇ ਨਾਲ ਗੜ੍ਹੀ ਵਿਚ ਦੋ ਪਿਆਰਿਆਂ ਸਮੇਤ ਪੰਜ ਸਿੰਘ ਰਹਿ ਗਏ ਸਨ। ਇਨ੍ਹਾਂ ਸਿੰਘਾਂ ਨੇ ਪੰਚ ਪ੍ਰਧਾਨੀ ਖ਼ਾਲਸਾ ਦੇ ਸਿਧਾਂਤ ਅਨੁਸਾਰ ਗੁਰੂ ਜੀ ਨੂੰ ਹੁਕਮ ਕੀਤਾ ਕਿ ਉਹ ਅਪਣੇ ਆਪ ਨੂੰ ਬਚਾ ਕੇ ਗੜ੍ਹੀ ਵਿਚੋਂ ਨਿਕਲ ਜਾਣ, ਤਾਂ ਜੋ ਖ਼ਾਲਸਾ ਪੰਥ ਦੀ ਅਗਵਾਈ ਜਾਰੀ ਰੱਖੀ ਜਾ ਸਕੇ। ਗੁਰੂ ਜੀ ਖ਼ਾਲਸੇ ਦੇ ਹੁਕਮ ਨੂੰ ਮੰਨਦੇ ਹੋਏ ਪੰਜ ਸਿੰਘਾਂ ਸਮੇਤ ਗੜ੍ਹੀ ਨੂੰ ਛੱਡ ਕੇ ਮਾਛੀਵਾੜੇ ਵਲ ਚਲੇ ਗਏ।  8 ਪੋਹ ਦੀ ਸਵੇਰ ਨੂੰ ਭਾਈ ਸੰਤ ਸਿੰਘ ਬੰਗੇਸ਼ਰੀ ਅਤੇ ਭਾਈ ਸੰਗਤ ਸਿੰਘ ਅਰੋੜਾ ਨੇ ਮੁਗ਼ਲਾਂ ਨਾਲ ਲੜਦਿਆਂ ਹੋਇਆਂ ਸ਼ਹੀਦੀ ਪ੍ਰਾਪਤ ਕੀਤੀ। ਚਮਕੌਰ ਸਾਹਿਬ ਦੀ ਲੜਾਈ ਦੁਨੀਆਂ ਦੇ ਇਤਿਹਾਸ ਦੀ ਇਕ ਬੇਮਿਸਾਲ ਜੰਗ ਹੈ, ਜਿੱਥੇ ਮੁੱਠੀ ਭਰ ਸਿੰਘਾਂ ਨੇ ਮੁਗ਼ਲਾਂ ਦੀ ਫ਼ੌਜ ਨਾਲ ਮੁਕਾਬਲਾ ਕੀਤਾ।