ਪੰਜਾਬ ਦੀ ਸਿਆਸਤ ਵਿਚੋਂ ਮਨਫ਼ੀ ਹੋ ਰਹੇ ਰਾਜਨੀਤਕ ਦਲ ਤੇ ਆਗੂ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਕਿਸਾਨੀ ਪੰਜਾਬ ਦੀ ਆਰਥਕਤਾ ਤੇ ਰਾਜਨੀਤੀ ਦੀ ਰੀੜ੍ਹ ਦੀ ਹੱਡੀ ਹੈ।

Politics

ਨਵੀਂ ਦਿੱਲੀ: ਕਿਸੇ ਵੀ ਰਾਜ, ਸਮਾਜ ਤੇ ਖੇਤਰ ਦੀ ਅਸਲ ਪੂੰਜੀ ਵਿਸ਼ਵਾਸ ਹੁੰਦਾ ਹੈ। ਅਜੋਕੇ ਲੋਕਤੰਤਰੀ ਸਮਾਜ ਅੰਦਰ ਆਪਸੀ ਤੇ ਬਾਹਰੀ ਵਿਸ਼ਵਾਸ ਦੀ ਪ੍ਰਪੱਕਤਾ ਲਈ ਸਰਕਾਰਾਂ, ਆਗੂ ਤੇ ਸੰਵਿਧਾਨਕ ਸੰਸਥਾਵਾਂ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਵਧੀਆ ਜਾਗ੍ਰਿਤ ਸਰਕਾਰਾਂ ਤੇ ਆਗੂ ਅਪਣੀਆਂ ਰਾਸ਼ਟਰੀ ਅਤੇ ਖੇਤਰੀ, ਲੋਕਤੰਤਰੀ ਤੇ ਸੰਵਿਧਾਨਕ ਸੰਸਥਾਵਾਂ ਵਿਚ ਜਨਤਕ ਤੇ ਕੌਮਾਂਤਰੀ ਵਿਸ਼ਵਾਸ ਪਕੇਰਾ ਕਰਦੇ ਹਨ ਜਦਕਿ ਨਿਕੰਮੀਆਂ ਭ੍ਰਿਸ਼ਟਾਚਾਰੀ ਸਰਕਾਰਾਂ, ਏਕਾਧਿਕਾਰਵਾਦੀ, ਫ਼ਿਰਕੂ, ਕੁਨਬਾਪ੍ਰਸਤ ਅਤੇ ਸੁਆਰਥੀ ਆਗੂ ਸਮਾਜਕ, ਸੰਸਥਾਤਮਕ, ਕੌਮੀ ਤੇ ਖੇਤਰੀ ਵਿਸ਼ਵਾਸ ਨੂੰ ਘੁਣ ਵਾਂਗ ਨੁਕਸਾਨ ਪਹੁੰਚਾਉਂਦੇ ਹਨ ਜਿਸ ਕਰ ਕੇ ਸਮਾਜ, ਕੌਮ ਤੇ ਰਾਸ਼ਟਰ ਦਾ ਵਿਕਾਸ ਰੁੱਕ ਜਾਂਦਾ ਹੈ।

ਆਲਮੀ ਚਿੰਤਨ ਦਰਸਾਉਂਦਾ ਹੈ ਕਿ ਜਿਨ੍ਹਾਂ ਸਮਾਜਾਂ ਅਤੇ ਕੌਮਾਂ ਵਿਚ ਵਿਸ਼ਵਾਸ ਪ੍ਰਤੀ ਉੱਚ ਆਚਰਣਕ ਪ੍ਰਪੱਕਤਾ ਪਾਈ ਜਾਂਦੀ ਹੈ, ਉਹ ਸਮਾਜ, ਕੌਮਾਂ ਅਤੇ ਲੋਕ ਵਧਦੇ-ਫੁਲਦੇ ਹਨ। ਮਿਸਾਲ ਵਜੋਂ ਕੈਨੇਡਾ ਅਤੇ ਸਵੀਡਨ ਸਮਾਜਾਂ ਤੇ ਕੌਮਾਂ ਵਿਚ ਉੱਚਾ-ਸੁੱਚਾ ਵਿਸ਼ਵਾਸ ਕਾਇਮ ਹੋਣ ਕਰ ਕੇ ਉਹ ਵੱਧ-ਫੁੱਲ ਰਹੇ ਹਨ ਜਦਕਿ ਬ੍ਰਾਜ਼ੀਲ ਤੇ ਲੈਬਨਾਨ ਸਮਾਜ ਤੇ ਕੌਮਾਂ ਅੰਦਰ ਵਿਸ਼ਵਾਸ ਦੀ ਘਾਟ ਕਰ ਕੇ ਉਹ ਅਨੇਕ ਸਮੱਸਿਆਵਾਂ ਵਿਚ ਘਿਰੇ ਹੋਏ ਹਨ। ਭਾਰਤ ਅੰਦਰ ਪੰਜਾਬ ਰਾਜ ਖੇਤਰ ਅੰਦਰ ਆਜ਼ਾਦੀ ਬਾਅਦ ਲਗਾਤਾਰ ਬਣੀਆਂ ਸਰਕਾਰਾਂ, ਰਾਜਨੀਤਕ ਆਗੂਆਂ ਤੇ ਪਾਰਟੀਆਂ ਵਿਚ ਲਗਾਤਾਰ ਮਨਫ਼ੀ ਹੁੰਦੇ ਜਾਂਦੇ ਵਿਸ਼ਵਾਸ ਦਾ ਅੱਜ ਨਤੀਜਾ ਇਹ ਹੈ ਕਿ ਉਹ ਅਪਣੇ ਕੁਕਰਮਾਂ, ਕੁਤਾਹੀਆਂ ਤੇ ਅਣਗਹਿਲੀਆਂ ਕਰ ਕੇ ਖੇਤਰੀ ਲੋਕਾਂ ਦਾ ਵਿਸ਼ਵਾਸ ਖੋ ਬੈਠਣ ਕਰ ਕੇ ਹੀ ਖੇਤਰੀ ਸਿਆਸਤ ਅਤੇ ਸਮਾਜ ਵਿਚੋਂ ਮਨਫ਼ੀ ਹੋ ਰਹੀਆਂ ਹਨ।

ਕੇਂਦਰ ਸਰਕਾਰ ਵਲੋਂ ਕਿਸਾਨੀ ਤੇ ਮੌਤ ਦੇ ਵਾਰੰਟਾਂ ਵਾਲੇ ਪਾਸ ਕੀਤੇ ਤਿੰਨ ਕਾਲੇ ਕਾਨੂੰਨ ਵਾਪਸ ਕਰਵਾਉਣ ਲਈ ਉੱਠੇ ਇਤਿਹਾਸਕ ਵਿਦਰੋਹ ਭਰੇ ਅੰਦੋਲਨ ਨੇ ਅਪਣੀ ਲਪੇਟ ਵਿਚ ਸਮੂਹ ਭਾਰਤੀ ਕਿਸਾਨੀ ਨੂੰ ਲੈ ਲਿਆ ਹੈ। ਅਸਲੀਅਤ ਵਿਚ ਇਸ ਦੀ ਅਗਵਾਈ ਰਾਜਨੀਤਕ ਪਾਰਟੀਆਂ ਦੇ ਆਗੂਆਂ, ਚੁਣੇ ਜਨਪ੍ਰਤੀਨਿਧ ਵਿਧਾਇਕਾਂ ਤੇ ਪੰਜਾਬ ਦੀ ਸਰਕਾਰ ਨੂੰ ਕਰਨੀ ਚਾਹੀਦੀ ਸੀ। ਕਿਸਾਨੀ ਪੰਜਾਬ ਦੀ ਆਰਥਕਤਾ ਤੇ ਰਾਜਨੀਤੀ ਦੀ ਰੀੜ੍ਹ ਦੀ ਹੱਡੀ ਹੈ। ਪਰ ਅਜ਼ਾਦੀ ਉਪਰੰਤ ਪੰਜਾਬੀ ਸਮਾਜ ਤੇ ਕੌਮ ਨੂੰ ਲੁੱਟਦੇ, ਕਦੇ ਧਰਮ, ਕਦੇ ਜਾਤ, ਕਦੇ ਖੇਤਰੀ ਮੰਗਾਂ ਅਤੇ ਫ਼ੈਡਰਲਵਾਦ, ਕਦੇ ਲੋਕ-ਲੁਭਾਊ ਨਾਅਰਿਆਂ ਰਾਹੀਂ ਸੱਤਾ ਹਥਿਆਉਂਦੇ ਕੁੰਨਬਾਪ੍ਰਵਰ ਭ੍ਰਿਸ਼ਟ ਆਗੂ ਰਾਜ ਦੇ ਖ਼ੁਦਕੁਸ਼ੀਆਂ ਦੇ ਰਾਹ ਧਕੇਲੇ ਕਿਸਾਨਾਂ, ਖੇਤ ਮਜ਼ਦੂਰਾਂ ਤੇ ਮੰਡੀਕਰਨ ਕਾਮਿਆਂ ਦਾ ਵਿਸ਼ਵਾਸ ਗਵਾਉਣ ਕਰ ਕੇ ਉਹ ਅਜਿਹੀ ਨੈਤਿਕ ਜ਼ਿੰਮੇਵਾਰੀ ਗਵਾ ਬੈਠੇ। ਆਖ਼ਰ ਕਿਸਾਨਾਂ ਦੇ ਹੱਕਾਂ ਤੇ ਹਿੱਤਾਂ ਦੀ ਰਾਖੀ ਲਈ ਪ੍ਰਚੰਡ ਹੋਏ ਅੰਦੋਲਨ ਦੀ ਅਗਵਾਈ ਕਿਸਾਨ-ਮਜ਼ਦੂਰ ਵਰਗਾਂ ਦੇ ਆਗੂਆਂ ਨੂੰ ਕਰਨੀ ਪਈ।

ਅਕਸਰ ਕਿਸੇ ਸਮਾਜ ਤੇ ਕੌਮ ਦਾ ਵਿਸ਼ਵਾਸ ਗਵਾ ਚੁੱਕੀਆਂ ਸਰਕਾਰਾਂ ਜਾਂ ਰਾਜਨੀਤਕ ਆਗੂ ਇਸ ਦੀ ਮੁੜ ਪ੍ਰਾਪਤੀ ਲਈ ਬਿਨਾਂ ਸਮਾਂ ਨਸ਼ਟ ਕੀਤੇ ਅੱਗੇ ਆਉਂਦੇ ਵੇਖੇ ਜਾਂਦੇ ਹਨ। ਪਿਛਲੇ ਚਾਰ ਸਾਲਾਂ ਵਿਚ ਅਮਰੀਕੀ ਕੌਮ ਨੂੰ ਨਸਲੀ ਭੇਦ-ਭਾਵ ਵਿਚ ਵੰਡ ਕੇ ਮੁੜ ਰਾਸ਼ਟਰਪਤੀ ਚੋਣਾਂ ਜਿੱਤਣ ਦੀਆਂ ਕੁਫ਼ਰ ਭਰੀਆਂ ਆਪਹੁਦਰਾਸ਼ਾਹ ਨੀਤੀਆਂ ਕਰ ਕੇ ਪ੍ਰਧਾਨ ਡੋਨਾਲਡ ਟਰੰਪ ਨੇ ਅਮਰੀਕੀਆਂ ਦੇ ਆਪਸੀ, ਰਾਜਨੀਤਕ ਆਗੂਆਂ, ਅਮਰੀਕੀ ਸੰਵਿਧਾਨਕ ਸੰਸਥਾਵਾਂ ਦੇ ਵਿਸ਼ਵਾਸ ਨੂੰ ਵੱਡੀ ਸੱਟ ਮਾਰੀ। ‘ਬਲੈਕ ਲਾਈਵਜ਼ ਮੈਟਰ’ ਵਿਦਰੋਹ ਟਰੰਪ ਦੇ ਨਸਲੀ ਵਿਤਕਰਾ ਭੜਕਾਉਣ, ਪੁਲਸ ਤੇ ਨਸਲਵਾਦੀ ਗੋਰਿਆਂ ਵਲੋਂ ਕਾਲੇ ਲੋਕਾਂ ਨੂੰ ਹਿੰਸਾ-ਡਰ ਤੇ ਅਣਮਨੁੱਖੀ ਵਰਤਾਉ ਦਾ ਸ਼ਿਕਾਰ ਬਣਾਉਣ ਕਰ ਕੇ ਪੈਦਾ ਹੋਈਆਂ। ਅਮਰੀਕੀ ਕਾਲੇ ਗ਼ੈਰ ਗੋਰੇ ਸਮਾਜ ਵਿਚ ਮੁੜ ਵਿਸ਼ਵਾਸ ਬਹਾਲ ਕਰਨ ਲਈ ਨਵੇਂ ਚੁਣੇ 78 ਸਾਲਾ ਡੈਮੋ¬ਕ੍ਰੈਟਿਕ ਪ੍ਰਧਾਨ ਜੋਅ ਬਾਈਡਨ ਨੇ ਪਬਲਿਕ ਤੌਰ ਉਤੇ ਗੋਡਿਆਂ ਭਰਨੇ ਬੈਠ ਕੇ ਟਰੰਪ ਪ੍ਰਸ਼ਾਸਨ ਦੀ ਪੁਲਿਸ ਵਲੋਂ ਨਸਲੀ ਵਿਤਕਰੇ ਕਰ ਕੇ ਮਾਰੇ ਕਾਲੇ ਜਾਰਜ ਫ਼ਲਾਈਡ ਦੀ ਨੰਨ੍ਹੀ ਬੇਟੀ ਤੋਂ ਮਾਫ਼ੀ ਮੰਗੀ। ਇਵੇਂ ਉਨ੍ਹਾਂ ਅਮਰੀਕਨ ਲੋਕਾਂ, ਸਮਾਜ ਕੌਮ ਦਾ ਵਿਸ਼ਵਾਸ ਜਿੱਤਣ ਦਾ ਭਰਭੂਰ ਉਪਰਾਲਾ ਕੀਤਾ। ਇਕ ਚੇਤਨ, ਪ੍ਰੌੜ ਤੇ ਜਾਗ੍ਰਿਤ ਕੌਮ ਦੇ ਜਾਗ੍ਰਿਤ ਆਗੂ ਵਲੋਂ ਰਾਸ਼ਟਰੀ ਵਿਸ਼ਵਾਸ ਪ੍ਰਾਪਤ ਕਰਨ ਦਾ ਅਜਿਹਾ ਹੀ ਲੋਕਸ਼ਾਹੀ ਅੱਗੇ ਸਿਰ ਝੁਕਾਉਣ ਦਾ ਸਰਵੋਤਮ ਤਰੀਕਾ ਹੁੰਦਾ ਹੈ। ਇਹੀ ਰਾਸ਼ਟਰੀ ਇਕਜੁੱਟਤਾ ਤੇ ਤੇਜ਼ ਗਤੀ ਵਿਕਾਸ ਦੀ ਕੁੰਜੀ ਹੁੰਦੀ ਹੈ।

ਭਾਰਤ ਵਰਗੇ ਮਹਾਨ ਰਾਸ਼ਟਰ ਦੀ ਕਿੱਡੀ ਵੱਡੀ ਬਦਕਿਸਮਤੀ ਹੈ ਕਿ ਬਜਾਏ ਇਸ ਦੇ ਦੇਸ਼ ਦਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਮਰੀਕਾ ਦੇ ਚੁਣੇ ਪ੍ਰੋ. ਰਾਸ਼ਟਰਪਤੀ ਜੋਅ ਬਾਈਡਨ ਵਾਂਗ ਦਰਿਆ ਦਿਲੀ ਦਾ ਪ੍ਰਗਟਾਵਾ ਕਰਦੇ, ਜਾਨ ਕੱਢਣ ਵਾਲੀ ਕੜਾਕੇ ਦੀ ਠੰਢ ਵਿਚ ਸ਼ਾਂਤਮਈ ਸਤਿਆਗ੍ਰਹਿ ਕਰ ਰਹੇ ਦੇਸ਼ ਭਰ ਦੇ 5-6 ਲੱਖ ਅੰਨਦਾਤਾ ਦਾ ਉਸ ਵਾਂਗ ਵਿਸ਼ਵਾਸ ਜਿੱਤਣ ਲਈ ਅੱਗੇ ਨਹੀਂ ਆਇਆ ਭਾਵੇਂ 75 ਤੋਂ ਵੱਧ ਕਿਸਾਨ ਆਹੂਤੀ ਦੇ ਚੁੱਕੇ ਹਨ। ਰਾਸ਼ਟਰ ਨੂੰ ਇਸ ਦੀ ਵੱਡੀ ਕੀਮਤ ਚੁਕਾਉਣੀ ਪੈ ਰਹੀ ਹੈ। ਦੂਜੇ ਪਾਸੇ ਕਿਸਾਨੀ ਅੰਦੋਲਨ ਦੀ ਅਗਵਾਈ ਕਰ ਰਹੇ ਪੰਜਾਬ ਨੇ ਰਾਜ ਅੰਦਰ ਸੰਨ 1947 ਤੋਂ ਇਸ ਨੂੰ ਲੁੱਟ ਰਹੇ ਰਾਜਨੀਤੀਵਾਨਾਂ ਦਾ ਪਰਦਾਫ਼ਾਸ਼ ਕੀਤਾ ਹੈ। ਪਹਿਲਾਂ ਦੇਸ਼ ਆਜ਼ਾਦੀ ਲਈ ਕੁਰਬਾਨੀਆਂ ਕਰਨ ਵਾਲੇ 90 ਫ਼ੀ ਸਦੀ  ਸਿੱਖ ਪੰਜਾਬੀਆਂ ਦੀਆਂ ਸ਼ਹਾਦਤਾਂ ਤੇ ਇਨ੍ਹਾਂ ਸੱਤਾ ਦਾ ਆਨੰਦ ਮਾਣਨਾ, ਜਨਤਕ ਨੌਕਰਸ਼ਾਹੀ ਤੇ ਜਨਤਕ ਸੁਰੱਖਿਆ ਵਾਲੀ ਪੁਲਿਸ ਬਲਬੂਤੇ ਪੰਜਾਬੀਆਂ ਤੇ ਡਰਾਉਣਾ ਅੰਗ ਰਾਜਸ਼ਾਹੀ ਰਾਜ ਜਾਰੀ ਰਖਿਆ।

ਕਦੇ ਫ਼ਿਰਕਾਪ੍ਰਸਤੀ, ਕਦੇ ਧਰਮ, ਕਦੇ ਜਾਤ, ਕਦੇ ਪੰਜਾਬੀ ਸੂਬੇ, ਕਦੇ ਅਨੰਦਪੁਰ ਮਤੇ, ਕਦੇ ਰਾਜਾਂ ਨੂੰ ਵੱਧ ਅਧਿਕਾਰ, ਪੰਜਾਬੀ ਸੂਬੇ ਦੀ ਪ੍ਰਾਪਤੀ ਬਾਅਦ ਰਾਜਧਾਨੀ, ਪੰਜਾਬੀ ਭਾਸ਼ੀ ਇਲਾਕਿਆਂ, ਪਾਣੀਆਂ, ਫ਼ੈਡਰਲਜ਼ਿਮ ਦੀ ਰਾਜਨੀਤੀ ਦੇ ਪੇਚਾਂ ਵਿਚ ਪੰਜਾਬੀਆਂ ਨੂੰ ਵੰਡ ਕੇ ਲੁੱਟ ਤੇ ਕੁੱਟ ਦਾ ਦੌਰਾ ਜਾਰੀ ਰਖਿਆ।
10-12 ਸਾਲਾ ਰਾਜਕੀ ਤੇ ਗ਼ੈਰ-ਰਾਜਕੀ ਅਤਿਵਾਦ ਵਿਚ ਇਨ੍ਹਾਂ ਪੰਜਾਬ ਦੇ ਉਹ ਹੋਣਹਾਰ ਨੌਜੁਆਨ ਝੂਠੇ ਪੁਲਿਸ ਮੁਕਾਬਲਿਆਂ ਤੇ ਫ਼ੌਜਸ਼ਾਹੀ ਹੇਠ ਦਰੜ ਦਿਤੇ ਜੋ ਅਜੋਕੇ ਪੰਜਾਬ ਤੇ ਇਸ ਦੀ ਸਫ਼ਲ ਤੇ ਵਿਕਾਸਮਈ ਲੋਕਸ਼ਾਹੀ ਦੇ ਵਾਰਸ ਹੁੰਦੇ। ਇਸੇ ਦੌਰਾਨ ਜਨਤਕ ਰੋਜ਼ਗਾਰ ਦੇ ਸਾਧਨ ਸਨਅਤ ਨੂੰ ਰਾਜ ਵਿਚੋਂ ਪਲਾਇਨ ਕਰਨ ਲਈ ਮਜਬੂਰ ਕਰ ਦਿਤਾ। ਉਹੀ ਕਾਂਗਰਸੀ, ਅਕਾਲੀ ਦਲ, ਭਾਜਪਾਈ ਬਦਨਾਮ ਰਾਜਨੀਤੀਵਾਨ ਤੇ ਉਨ੍ਹਾਂ ਦੇ ਲਹੂ ਪੀਣੇ ਵਾਰਸ ਪੰਜਾਬ ਦੀ ਰਾਜਨੀਤੀ ਤੇ ਹਾਵੀ ਪ੍ਰਭਾਵੀ ਰਹੇ। ਜੇਕਰ ਪੰਜਾਬ ਦੀ ਨੌਜੁਆਨੀ ਫਿਰ ਅੰਗੜਾਈ ਲੈਣ ਲੱਗੀ ਤਾਂ ਉਸ ਨੂੰ ਨਸ਼ੀਲੇ ਪਦਾਰਥਾਂ ਰਾਹੀਂ ਬਦਨਾਮ ਤੇ ਬੇਰੋਜ਼ਗਾਰੀ ਰਾਹੀਂ ਬੇਬਸ ਕਰ ਕੇ ਦਬਾਉਣਾ ਤੇ ਦੇਸ਼ ਨਿਕਾਲੇ ਰਾਹ ਤੇ ਪਾਉਣਾ ਜਾਰੀ ਰਖਿਆ।

ਰਾਜ ਅੰਦਰ ਸਿਖਿਆ, ਸਿਹਤ, ਟ੍ਰਾਂਸਪੋਰਟ, ਟਰੇਡ ਯੂਨੀਅਨ, ਕਿਸਾਨੀ ਤੇ ਲਘੂ-ਮੱਧ ਵਰਗੀ ਉਦਯੋਗ ਬਰਬਾਦ ਕਰ ਦਿਤੇ। ਰਾਜ ਨੂੰ ਸਿਖਿਆ, ਸਿਹਤ, ਟ੍ਰਾਂਸਪੋਰਟ, ਕੇਬਲ, ਸ਼ਰਾਬ, ਰੇਤ-ਬਜਰੀ ਮਾਫ਼ੀਆ ਹਵਾਲੇ ਕਰ ਦਿਤਾ। ਕਿਸਾਨ ਖ਼ੁਦਕੁਸ਼ੀਆਂ ਤੇ ਨੌਜੁਆਨ ਵਿਦੇਸ਼ੀ ਪ੍ਰਵਾਸ ਲਈ ਮਜਬੂਰ ਕੀਤੇ ਗਏ। ਜਿਹੜੀ ਪੁਲਿਸ ਅਮਨ-ਕਾਨੂੰਨ ਲਈ ਹੁੰਦੀ ਹੈ ਉਸ ਨੂੰ ਅਪਣੀ ਤੇ ਅਪਣੇ ਪ੍ਰਵਾਰ ਦੀ ਨਿਜੀ ਸੁਰਖਿਆ, ਜਨਤਕ ਡਰ ਤੇ ਵੀ.ਆਈ.ਪੀ. ਦਾਬੇ ਲਈ ਤਾਇਨਾਤ ਕਰ ਲਿਆ। ਇਹ ਸੱਭ ਪੰਜਾਬੀਆਂ ਨਾਲ ਵਿਸ਼ਵਾਸਘਾਤ ਕਰਨ ਵਾਲੇ ਕਦਮ ਸਨ। ਇਹ ਅਜੋਕੇ ਰਾਜਨੀਤੀਵਾਨ ਐਨੇ ਜਨਤਕ ਵਿਸ਼ਵਾਸ ਘਾਤੀ ਹਨ ਕਿ ਸੰਨ 2004 ਤੋਂ ਬਾਅਦ ਦੇ ਮੁਲਾਜ਼ਮ ਵਰਗ ਦੀ ਪੈਨਸ਼ਨ ਬੰਦ ਕਰ ਦਿਤੀ ਅਤੇ ਆਪ ਵਿਧਾਨ ਸਭਾ ਵਿਚ ਇਹ ਮਤੇ ਪਾਸ ਕਰ ਲਏ ਕਿ ਜਿੰਨੀ ਵਾਰ ਇਕ ਰਾਜਨੀਤਕ ਆਗੂ ਵਿਧਾਇਕ ਬਣੇਗਾ, ਉਨੀ ਵਾਰ ਵਖਰੀ ਪੈਨਸ਼ਨ ਪ੍ਰਾਪਤ ਕਰੇਗਾ। ਭਾਵ ਦੋ ਵਾਰ ਬਣਨ ਵਾਲਾ ਦੋ ਵਾਰੀ ਤੇ 9 ਵਾਰ ਬਣਨ ਵਾਲਾ 9 ਵਾਰੀ ਇਹ ਤਾਂ ਸਿੱਧੀ ਜਨਤਕ ਖ਼ਜ਼ਾਨੇ ਦੀ ਲੁੱਟ।

ਪੰਜਾਬੀ ਨੂੰ ਜੰਮੂ ਦੀ ਰਾਜ ਭਾਸ਼ਾ ਵਜੋਂ ਜਲਾਵਰਤਨ ਕਰਨ, ਤਿੰਨ ਕਿਸਾਨ ਵਿਰੋਧੀ ਬਿਲ ਪਾਸ ਕਰਨ ਤਕ ਅਕਾਲੀ ਦਲ ਸ਼੍ਰੀ ਮੋਦੀ ਸਰਕਾਰ ਦਾ ਭਾਈਵਾਲ ਰਿਹਾ। ਜੇਕਰ ਪੰਜਾਬ ਦਾ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇਸ਼ ਦੇ ਸਾਰੇ ਗ਼ੈਰ-ਭਾਜਪਾ ਮੁੱਖ ਮੰਤਰੀ ਨਾਲ ਲੈ ਕੇ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਦਾ ਡੱਟ ਕੇ ਵਿਰੋਧ ਕਰਦਾ ਤਾਂ ਇਹ ਕਦੇ ਵੀ ਕਾਨੂੰਨ ਨਹੀਂ ਸਨ ਬਣ ਸਕਦੇ। ਕਿਸਾਨ ਦੀ ਬਾਂਹ ਨਾ ਕਾਂਗਰਸ, ਨਾ ਅਕਾਲੀ ਦਲ, ਨਾ ਆਮ ਆਦਮੀ ਪਾਰਟੀ ਤੇ ਨਾ ਹੀ ਕਿਸੇ ਹੋਰ ਨੇ ਫੜੀ। ਲੇਕਿਨ ਕਵੀ ਪ੍ਰੋ. ਪੂਰਨ ਸਿੰਘ ਅਨੁਸਾਰ ‘ਪੰਜਾਬ ਜਿਊਂਦਾ ਗੁਰਾਂ ਦੇ ਨਾਂਅ ਤੇ। ਸੰਨ 1947 ਤੋਂ ਹੁਣ ਤਕ ਪੂਰ ਟਿੱਲ ਲਗਾ ਕੇ ਵੀ ਰਾਜਨੀਤੀਵਾਨ ਪੰਜਾਬੀਆਂ ਦੇ ਗੁਰਾਂ ਵਿਚ ਅਟੁੱਟ ਵਿਸ਼ਵਾਸ ਨੂੰ ਨਾ ਮਿਟਾ ਸਕੇ ਨਾ ਘਟਾ ਸਕੇ। ਸੋ ਵੱਖ-ਵੱਖ 32 ਕਿਸਾਨ ਯੂਨੀਅਨਾਂ ਨੇ ਸਿੱਖ ‘ਗੁਰਮਤੇ’ ਦੇ ਸਿਧਾਂਤ ਤੇ ਆਪਸੀ ਮਤਭੇਦਾਂ ਦੇ ਬਾਵਜੂਦ ਸਿੱਖ ਮਿਸਲਾਂ ਵਾਂਗ ‘ਗੁਰਮਤਿਆਂ’ ਰਾਹੀਂ ਅਜਿਹਾ ਕਿਸਾਨ ਅੰਦੋਲਨ ਸਿਰਜਿਆ ਜਿਸ ਦੀ ਪੂਰੇ ਵਿਸ਼ਵ ਵਿਚ ਕੋਈ ਮਿਸਾਲ ਨਹੀਂ। ਇਸ ਸਿਧਾਂਤ ਤੇ ਗੁਰਾਂ ਦੇ ਨਾਂਅ ਤੇ ਆਪਸੀ ਵਿਸ਼ਵਾਸ ਰਾਹੀਂ ਪੂਰੇ ਦੇਸ਼ ਦੀ ਕਿਸਾਨੀ ਇੱਕਜੁਟ ਕਰ ਦਿਤੀ। ਇਸ ਅੰਦੋਲਨ ਦੀ ਜਿੱਤ ਯਕੀਨੀ ਹੈ। ਜੇਕਰ ਇਹ ਅੰਦੋਲਨ ਰਾਜਨੀਤੀਵਾਨਾਂ ਹੱਥ ਹੁੰਦਾ ਤਾਂ ਕਦੋਂ ਦਾ ਖੂਹ-ਖਾਤੇ ਪਿਆ ਹੁੰਦਾ। ਪੰਜਾਬ ਵਿਚ ਤਾਂ ਸਮੁੱਚੀ ਰਾਜਨੀਤੀ, ਰਾਜਨੀਤੀਵਾਨ, ਰਾਜਨੀਤਕ ਦਲ ਇਸ ਅੰਦੋਲਨ ਨੇ ਮਨਫ਼ੀ ਕਰ ਸੁੱਟੇ ਹਨ। ਇਸ ਅੰਦੋਲਨ ਵਿਚੋਂ ਹੁਣ ਇਕ ਜਨਤਕ ਤੇ ਪੰਜਾਬੀਆਂ ਦੇ ਵਿਸ਼ਵਾਸ ਆਧਾਰਤ ਨਵੀਂ-ਨਰੋਈ ਰਾਜਨੀਤੀ ਅੰਗੜਾਈ ਲੈ ਰਹੀ ਹੈ।
      ਦਰਬਾਰਾ ਸਿੰਘ ਕਾਹਲ ( ਸਾਬਕਾ ਰਾਜ ਸੂਚਨਾ  ਕਮਿਸ਼ਨਰ, ਪੰਜਾਬ ਸੰਪਰਕ : +1-289-829-2929