ਕਿਸਾਨ ਲੀਡਰੋ! ਕੇਂਦਰ ਨੇ 26 ਜਨਵਰੀ ਨੂੰ ਸੋਚੀ ਸਮਝੀ ਚਾਲ ਚਲੀ ਸੀ ਕਿ ਨੌਜੁਆਨਾਂ ਤੇ........
ਕਿਸਾਨ ਅੰਦੋਲਨ ਭਾਵੇਂ ਧਰਮ ਨਿਰਪੱਖ ਮੋਰਚਾ ਹੈ ਪਰ ਪੰਜਾਬ ਸਿੱਖਾਂ ਦੀ ਜਨਮ ਭੂਮੀ ਹੈ
ਪੰਜਾਬੀ ਨੌਜੁਆਨਾਂ ਨੂੰ ਜਿੰਨੇ ਉਤਸ਼ਾਹ ਨਾਲ ਕਿਸਾਨ ਅੰਦੋਲਨ ਵਿਚ ਲਿਆਂਦਾ ਗਿਆ, ਲੱਖਾ ਸਿਧਾਣਾ ਤੇ ਦੀਪ ਸਿੱਧੂ ਦਾ ਉਸ ਵਿਚ ਅਹਿਮ ਰੋਲ ਹੈ। ਸੱਚ ਲਿਖਣਾ ਹਰ ਕਲਮ ਦਾ ਫ਼ਰਜ਼ ਹੁੰਦਾ ਹੈ। ਉਸ ਅਨੁਸਾਰ ਅਪਣੀ 59 ਸਾਲਾਂ ਦੀ ਉਮਰ ’ਚ ਵੇਖਦਾ ਆਇਆ ਹਾਂ ਕਿ ਜਦ ਵੀ ਕੋਈ ਸੰਘਰਸ਼ ਸ਼ੁਰੂ ਹੋਇਆ ਤਾਂ ਸਾਡੇ ਆਗੂਆਂ ਨੇ ਅਪਣੇ ਪੁਤਰਾਂ ਨੂੰ ਬਚਾਇਆ ਪਰ ਆਮ ਲੋਕਾਂ ਦੇ ਪੁਤਰਾਂ ਨੂੰ ਮਰਵਾਇਆ ਹੀ। ਝੂਠੇ ਪੁਲਿਸ ਮਕਾਬਲਿਆਂ ਦੀ ਦਾਸਤਾਨ, ਜੇਲਾਂ ਵਿਚ ਰੁਲਦੇ ਨੌਜੁਆਨ ਇਸੇ ਦੀ ਗਵਾਹੀ ਭਰਦੇ ਹਨ।
ਲੀਡਰਾਂ ਨੂੰ ਅਤੇ ਲੀਡਰ ਪੁਤਰਾਂ ਨੂੰ ਕਦੇ ਝਰੀਟ ਤਕ ਵੀ ਨਹੀਂ ਆਉਂਦੀ ਪਰ ਆਮ ਲੋਕਾਂ ਦੇ ਪੁਤਰਾਂ ਉਤੇ ਕਹਿਰ ਹੀ ਢਾਹਿਆ ਜਾਂਦਾ ਰਿਹਾ ਹੈ। ਆਮ ਲੋਕਾਂ ਨੂੰ ਅਕਸਰ ਇਹ ਲੀਡਰ ਜਜ਼ਬਾਤੀ ਆਖ ਦਿੰਦੇ ਹਨ ਪਰ ਲੋਕ ਅਪਣੇ ਹੱਕਾਂ ਲਈ ਸੱਚੇ ਮਨੋਂ ਤੁਰਦੇ ਹਨ ਤੇ ਜਜ਼ਬਾਤ ਦੇ ਵਹਿਣ ’ਚ ਵਹਿ ਕੇ ਭਾਵੇਂ ਨੁਕਸਾਨ ਵੀ ਉਠਾਉਂਦੇ ਹਨ ਪਰ ਲੀਡਰਾਂ ਦਾ ਸਾਥ ਜ਼ਰੂਰ ਦਿੰਦੇ ਹਨ ਜਦਕਿ ਲੀਡਰ ਹਰ ਸੰਘਰਸ਼ ਨੂੰ ਰਾਜਨੀਤੀ ਦੀ ਭੇਟ ਚੜ੍ਹਾ ਕੇ ਅਪਣੀ ਕੁਰਸੀ ਪ੍ਰਾਪਤੀ ਤੇ ਸਲਾਮਤੀ ਪੱਕੀ ਕਰ ਜਾਂਦੇ ਹਨ।
ਕਿਸਾਨ ਅੰਦੋਲਨ ਭਾਵੇਂ ਧਰਮ ਨਿਰਪੱਖ ਮੋਰਚਾ ਹੈ ਪਰ ਪੰਜਾਬ ਸਿੱਖਾਂ ਦੀ ਜਨਮ ਭੂਮੀ ਹੈ ਅਤੇ ਸਿੱਖ ਜਿਥੇ ਤੇ ਜਿਸ ਸੰਘਰਸ਼ ਵਿਚ ਹੋਣਗੇ, ਉਥੇ ਸਿੱਖੀ ਜਾਹੋ ਜਲਾਲ ਤੇ ਕੇਸਰੀ ਝੰਡਿਆਂ ਦਾ ਹੋਣਾ ਲਾਜ਼ਮੀ ਹੈ ਤੇ ਹੋਵੇਗਾ ਵੀ। 25 ਦੀ ਰਾਤ ਨੂੰ ਸਟੇਜ ਤੋਂ ਕਿਸਾਨ ਆਗੂਆਂ ਨੂੰ ਨਹੀਂ ਸੀ ਜਾਣਾ ਚਾਹੀਦਾ ਜਿੰਨਾ ਚਿਰ ਇਕ ਪੱਕਾ ਫ਼ੈਸਲਾ ਨਾ ਹੋ ਜਾਂਦਾ। ਕੇਸਰੀ ਝੰਡਾ ਝੁਲਾਇਆ ਗਿਆ। ਇਹ ਵੀ ਕਿਹੜਾ ਗ਼ੱਦਾਰੀ ਵਾਲੀ ਗੱਲ ਸੀ ਜਦਕਿ ਬਿਨਾਂ ਵਜ੍ਹਾ, ਕਿਸਾਨ ਆਗੂਆਂ ਨੇ ਦੀਪ ਸਿੱਧੂ ਤੇ ਲੱਖਾ ਸਿਧਾਣਾ ਨੂੰ ਗ਼ੱਦਾਰ ਕਿਹਾ?
ਤੁਸੀ ਆਗੂਉ ਨੌਜੁਆਨਾਂ ਨੂੰ ਰੋਜ਼ਾਨਾ ਸੰਯਮ-ਸੰਯਮ ਆਖਦੇ ਹੋ ਪਰ ਤੁਹਾਡਾ ਸੰਯਮ ਕਿੱਥੇ ਗਿਆ ਜਦ ਰਾਜਿੰਦਰ ਦੀਪ ਕਿਸਾਨ ਆਗੂ ਨੇ ਸਟੇਜ ਤੋਂ ਗ਼ੱਦਾਰ-ਗੱਦਾਰ ਆਖ ਦਿਤਾ? ਧਰਮਯੁਧ ਮੋਰਚੇ ਵਿਚ ਸ਼ਹੀਦੀਆਂ ਸਿੱਖ ਨੌਜੁਆਨਾਂ ਨੇ ਦਿਤੀਆਂ ਪਰ ਰਾਜਭਾਗ ਆਗੂ ਮਾਣਦੇ ਰਹੇ ਤੇ ਅਪਣੇ ਪੁਤਰਾਂ ਨੂੰ ਲੀਡਰ ਬਣਾ ਗਏ। ਨੌਜੁਆਨ ਜੇਲਾਂ ਵਿਚ ਬੈਠੇ-ਬੈਠੇ ਬਜ਼ੁਰਗ ਅਵਸਥਾ ਵਿਚ ਆ ਗਏ। ਹਰ ਮੋਰਚੇ, ਸੰਘਰਸ਼ ਵਿਚ ਨੌਜੁਆਨਾਂ ਨਾਲ ਇਹੀ ਕੁੱਝ ਹੁੰਦਾ ਆਇਆ ਹੈ। ਕੁੱਕੀ ਉਹ ਨੌਜੁਆਨ ਹੈ ਜੋ ਪੜਿ੍ਹਆ ਲਿਖਿਆ ਸੀ ਤੇ ਸ੍ਰੀ ਦਰਬਾਰ ਸਾਹਿਬ ਤੇ ਹੋਏ ਫ਼ੌਜੀ ਹਮਲੇ ਤੋਂ ਬਾਅਦ ਜਨਰਲ ਵੈਦਿਆ ਕਾਂਡ ਵਿਚ ਪੁਲਿਸ ਦੇ ਹੱਥ ਆ ਗਿਆ ਸੀ। ਡਾਕਟਰ ਖੇਮ ਸਿੰਘ ਗਿੱਲ ਉਘੇ ਖੇਤੀ ਵਿਗਿਆਨੀ ਦਾ ਸਪੁੱਤਰ ਹੈ ਪਰ ਜਦ ਉਹ ਨੌਜੁਆਨ ਜੇਲ ਤੋਂ ਰਿਹਾ ਹੋ ਕੇ ਆਇਆ ਸੀ ਤਾਂ ਉਸ ਨੇ ‘ਰੋਜ਼ਾਨਾ ਸਪੋਕਸਮੈਨ’ ਵਿਚ ਪੂਰੇ ਸਫ਼ੇ ਦਾ ਲੇਖ ਲਿਖਿਆ ਸੀ ਜਿਸ ਦਾ ਅਸਲ ਮਾਇਨਾ ਇਹੀ ਸੀ ਕਿ ਸਿੱਖ ਨੌਜੁਆਨੋ ਸਿੱਖ ਆਗੂਆਂ ਤੋਂ ਬਚਿਉ। ਇਸੇ ਤਰ੍ਹਾਂ ਕੁੱਕੀ ਦੇ ਪਿਤਾ ਜੀ ਡਾ. ਖ਼ੇਮ ਸਿੰਘ ਗਿੱਲ ਜੀ ਦਾ ਵੀ ਇਹੀ ਕਹਿਣਾ ਸੀ।
ਅਜੇ ਵੀ ਸਮਾਂ ਹੈ ਕਿਸਾਨ ਆਗੂਆਂ ਨੇ ਜਿਹੜੇ ਨੌਜੁਆਨਾਂ ਨੂੰ ਗੱਦਾਰ ਤਕ ਆਖਿਆ ਹੈ, ਉਨ੍ਹਾਂ ਨਾਲ ਰਾਬਤਾ ਬਣਾਉਣ, ਮੁੜ ਕੇ ਅੰਦੋਲਨ ’ਚ ਨਾਲ ਲੈ ਕੇ ਚੱਲਣ, ਜੋਸ਼ ਜਵਾਨਾਂ ਦਾ ਹੋਸ਼ ਆਗੂਆਂ ਦਾ, ਤਾਂ ਹੀ ਫਤਿਹ ਨਸੀਬ ਹੋਵੇਗੀ। ਆਗੂਉ ਮੋਹਰੀ ਹੋ ਕੇ ਫ਼ਾਡੀ ਨਾ ਬਣ ਜਾਇਉ। ਅਜੇ ਵੀ ਸੰਭਲੋ, ਨੌਜੁਆਨਾਂ ਨੂੰ ਨਾਲ ਲਉ, ਏਕੇ ਵਿਚ ਬਰਕਤ ਦੇ ਸਿਧਾਂਤ ਤੇ ਪਹਿਰਾ ਦਿਉ।
ਇਥੇ ਇਕ ਗੱਲ ਦਸ ਦਿਆਂ ਕਿ ਕੇਂਦਰੀ ਖ਼ੁਫ਼ੀਆ ਏਜੰਸੀਆਂ ਨੇ ਸੋਚੀ ਸਮਝੀ ਯੋਜਨਾ ਅਨੁਸਾਰ 26 ਜਨਵਰੀ ਨੂੰ ਦਿੱਲੀ ਵਿਚ ਜੋ ਨਾਟਕ ਕੀਤਾ ਜਾਂ ਕਰਵਾਇਆ ਸੀ, ਉਸ ਪਿੱਛੇ ਮਨਸ਼ਾ ਇਹੀ ਸੀ ਕਿ ਨੌਜੁਆਨਾਂ ਤੇ ਕਿਸਾਨ ਲੀਡਰਾਂ ਵਿਚ ਸ਼ੱਕ ਦੀ ਇਕ ਵੱਡੀ ਦੀਵਾਰ ਖੜੀ ਕਰ ਦਿਤੀ ਜਾਏ ਤੇ ਇਹ ਇਕ ਦੂਜੇ ਉਤੇ ਇਲਜ਼ਾਮ ਲਗਾਉਣੇ ਸ਼ੁਰੂ ਕਰ ਦੇਣ। ਕਿਸਾਨ ਲੀਡਰਾਂ ਨੇ ਨੌਜੁਆਨਾਂ ਨੂੰ ਗ਼ਦਾਰ-ਗ਼ਦਾਰ ਕਹਿ ਕੇ ਕੇਂਦਰ ਦਾ ਪ੍ਰਪੰਚ ਸਫ਼ਲ ਕਰਨ ਵਿਚ ਮਦਦ ਹੀ ਦਿਤੀ ਹੈ। ਅਜੇ ਵੀ ਸੰਭਲੋ। ਅੰਦੋਲਨ ਵਿਚ ਫੁੱਟ ਨਾ ਪੈਣ ਦਿਉ।
-ਤੇਜਵੰਤ ਸਿੰਘ ਭੰਡਾਲ, ਦੋਰਾਹਾ, ਸੰਪਰਕ : 98152-67963