ਹੁਣ ਅਤੇ ਪਹਿਲਾਂ ਦੀ ਪੜ੍ਹਾਈ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਹੁਣ ਦੀ ਪੜ੍ਹਾਈ ਤੇ ਅੱਜ ਤੋਂ 5-6 ਦਹਾਕੇ ਪਹਿਲਾਂ ਦੀ ਪੜ੍ਹਾਈ ਵਿਚ ਜ਼ਮੀਨ-ਅਸਮਾਨ ਦਾ ਫ਼ਰਕ ਹੈ। ਅਜਕਲ ਤਾਂ ਬੱਚੇ ਚਮਤਕਾਰ ਕਰ ਰਹੇ ਹਨ। 10ਵੀਂ ਜਾਂ 12ਵੀਂ...

Study

ਹੁਣ ਦੀ ਪੜ੍ਹਾਈ ਤੇ ਅੱਜ ਤੋਂ 5-6 ਦਹਾਕੇ ਪਹਿਲਾਂ ਦੀ ਪੜ੍ਹਾਈ ਵਿਚ ਜ਼ਮੀਨ-ਅਸਮਾਨ ਦਾ ਫ਼ਰਕ ਹੈ। ਅਜਕਲ ਤਾਂ ਬੱਚੇ ਚਮਤਕਾਰ ਕਰ ਰਹੇ ਹਨ। 10ਵੀਂ ਜਾਂ 12ਵੀਂ ਜਮਾਤ ਵਿਚੋਂ 97-98 ਫ਼ੀ ਸਦੀ ਅੰਕ ਪ੍ਰਾਪਤ ਕਰ ਰਹੇ ਹਨ। ਪਹਿਲਾਂ ਏਨੇ ਅੰਕ ਲੈਣ ਦਾ ਕਿਸੇ ਨੂੰ ਸੁਪਨਾ ਵੀ ਨਹੀਂ ਸੀ ਆਉਂਦਾ। ਇਸ ਵਾਰ ਤਾਂ ਦਸਵੀਂ ਜਮਾਤ ਦੀ ਇਕ ਬੱਚੀ ਨੇ 100 ਫ਼ੀ ਸਦੀ ਅੰਕ ਪ੍ਰਾਪਤ ਕਰ ਕੇ ਸੱਭ ਨੂੰ ਮੂੰਹ ਵਿਚ ਉਂਗਲਾਂ ਲੈਣ ਲਈ ਮਜਬੂਰ ਕਰ ਦਿਤਾ। ਕੋਈ ਬੱਚਾ ਏਨਾ ਵਧੀਆ ਕਿਵੇਂ ਸਿੱਖ ਲੈਂਦਾ ਹੈ ਕਿ ਕਿਤੋਂ ਇਕ ਵੀ ਅੰਕ ਕੱਟਣ ਦੀ ਗੁੰਜਾਇਸ਼ ਨਹੀਂ ਰਹਿੰਦਾ।

ਸਕੂਲ ਸਿਖਿਆ ਬੋਰਡ ਨੂੰ ਚਾਹੀਦਾ ਹੈ ਕਿ ਅਜਿਹੇ ਅਦਭੁਤ ਬੱਚੇ ਦੇ ਪੇਪਰਾਂ ਦੀ ਇਕ-ਇਕ ਕਾਪੀ ਹਰ ਇਕ ਸਕੂਲ ਵਿਚ ਭੇਜੀ ਜਾਵੇ ਤਾਕਿ ਬਾਕੀ ਬਚਿਆਂ ਦਾ ਵੀ ਮਾਰਗ ਦਰਸ਼ਨ ਹੋ ਸਕੇ ਅਤੇ ਸੇਧ ਮਿਲ ਸਕੇ। ਅਜੋਕੇ ਸਮੇਂ ਵਿਚ ਬੱਚਾ ਅੱਜ ਦੋ-ਢਾਈ ਸਾਲ ਦਾ ਮਸਾਂ ਹੀ ਹੋਇਆ ਹੁੰਦਾ ਹੈ ਕਿ ਮਾਤਾ-ਪਿਤਾ ਨੂੰ ਅਪਣੇ ਬੱਚੇ ਦੀ ਪੜ੍ਹਾਈ ਦੀ ਚਿੰਤਾ ਵੱਢ-ਵੱਢ ਖਾਣ ਲੱਗ ਪੈਂਦੀ ਹੈ। ਉਹ ਉਸ ਲਈ ਵਧੀਆ ਤੋਂ ਵਧੀਆ ਅਤੇ ਮਹਿੰਗੇ ਸਕੂਲ ਦੀ ਭਾਲ ਵਿਚ ਨਿਕਲ ਪੈਂਦੇ ਹਨ। ਜਿਹੜਾ ਸਮਾਂ ਬੱਚਿਆਂ ਦੇ ਖੇਡਣ ਖਾਣ ਦਾ ਹੁੰਦਾ ਹੈ, ਉਹ ਉਸ ਸਮੇਂ ਉਨ੍ਹਾਂ ਦੇ ਗਲਾਂ ਵਿਚ ਬਸਤੇ ਲਟਕਾ ਦਿੰਦੇ ਹਨ।

 ਸਾਡੇ ਸਮੇਂ ਵਿਚ ਬੱਚੇ 6 ਸਾਲ ਦੀ ਉਮਰ ਵਿਚ ਸਕੂਲ ਜਾਣਾ ਸ਼ੁਰੂ ਕਰਦੇ ਸਨ। ਮੈਨੂੰ ਅੱਜ ਵੀ ਯਾਦ ਹੈ ਉਹ ਦਿਨ ਜਦੋਂ ਮੇਰੇ ਪਿਤਾ ਜੀ ਤੇ ਉਨ੍ਹਾਂ ਦਾ ਇਕ ਦੋਸਤ ਮੈਨੂੰ ਸਕੂਲ ਵਿਚ ਦਾਖ਼ਲ ਕਰਾਉਣ ਗਏ ਸੀ। ਮਾਸਟਰ ਜੀ ਕੁਰਸੀ ਤੇ ਬੈਠੇ ਬੱਚਿਆਂ ਦੀਆਂ ਕਲਮਾਂ ਘੜ ਰਹੇ ਸੀ। ਬਿਨਾਂ ਅਪਣਾ ਮੂੰਹ ਉਪਰ ਕੀਤਿਆਂ ਮਾਸਟਰ ਜੀ ਨੇ ਕਿਹਾ, ''ਕਿਸ ਦਾ ਬੱਚਾ ਹੈ ਜੀ?'' ਪਿਤਾ ਜੀ ਨੇ ਮਾਸਟਰ ਜੀ ਦੀ ਇੱਜ਼ਤ ਕਰਦਿਆਂ ਜਾਂ ਸ਼ਾਇਦ ਭਾਵੁਕ ਹੁੰਦਿਆਂ ਕਿਹਾ, ''ਤੁਹਾਡਾ ਹੀ ਐ ਜੀ।'' ਮੈਂ ਕੋਲ ਖੜਾ ਸੋਚ ਰਿਹਾ ਸਾਂ ਕਿ ਪਿਛਲੇ ਦੋ ਸਾਲਾਂ ਤੋਂ ਗ਼ਲਤ ਆਦਮੀ ਨੂੰ ਹੀ ਅਪਣਾ ਬਾਪ ਸਮਝਦਾ ਰਿਹਾ ਹਾਂ।

ਉਨ੍ਹਾਂ ਦਿਨਾਂ ਵਿਚ ਅਜਕਲ ਦੇ ਬੱਚਿਆਂ ਦੀ ਤਰ੍ਹਾਂ ਜ਼ਿਆਦਾ ਤੋਂ ਜ਼ਿਆਦਾ ਅੰਕ ਲੈਣ ਲਈ ਦੌੜ ਨਹੀਂ ਸੀ ਲਗਦੀ। ਪਹਿਲੇ ਦਰਜੇ ਵਿਚ ਤਾਂ ਇਕ ਦੋ ਬੱਚਿਆਂ ਨੇ ਹੀ ਆਉਣਾ ਹੁੰਦੈ। ਅਸੀ ਤਾਏ-ਚਾਚਿਆਂ ਦੇ 8-9 ਬੱਚੇ ਇਕੋ ਸਕੂਲ ਵਿਚ ਤੇ ਇਕੋ ਕਲਾਸ ਵਿਚ ਪੜ੍ਹਦੇ ਹੁੰਦੇ ਸੀ। ਮੈਨੂੰ ਯਾਦ ਹੈ 10ਵੀਂ ਵਿਚੋਂ ਮੇਰੇ ਇਕੱਲੇ ਦੇ 45 ਫ਼ੀ ਸਦੀ ਨੰਬਰ ਆਏ ਸੀ। ਘਰਦਿਆਂ ਦੇ ਖ਼ੁਸ਼ੀ ਦੇ ਮਾਰੇ ਜ਼ਮੀਨ ਉਤੇ ਪੈਰ ਨਹੀਂ ਸੀ ਲਗਦੇ ਕਿ ਬੱਚੇ ਨੇ ਇਤਿਹਾਸ ਰੱਚ ਦਿਤਾ ਸੀ। ਮੇਰੀ ਮਾਂ ਨੇ ਸਾਰੇ ਵਿਹੜੇ ਵਿਚ ਗੁੜ ਵੰਡਣਾ। ਵਧਾਈ ਦੇਣ ਵਾਲਿਆਂ ਦੇ ਤਾਂਤੇ ਲੱਗ ਜਾਣੇ।

ਮੇਰੀ ਦਾਦੀ ਜੀ ਨੇ ਤਾਂ ਇਥੋਂ ਤਕ ਕਹਿ ਦਿਤਾ ਕਿ ਜਦੋਂ ਤਕ ਇਸ ਦੀ ਪੜ੍ਹਾਈ ਚਲੇਗੀ, ਘਰ ਵਿਚ ਦੇਸੀ ਘੀ ਦੀ ਅਖੰਡ ਜੋਤ ਜਗੇਗੀ। ਅਜੋਕੇ ਸਮੇਂ ਜੇਕਰ ਬੱਚਿਆਂ ਦੇ ਜ਼ਰਾ ਕੁ ਨੰਬਰ ਘੱਟ ਆ ਜਾਣ ਤਾਂ ਘਰ ਵਿਚ ਤੂਫ਼ਾਨ ਆ ਜਾਂਦਾ ਹੈ। ਘਰ ਦੇ ਸਾਰੇ ਮੈਂਬਰ ਬੱਚੇ ਨੂੰ ਇਸ ਤਰ੍ਹਾਂ ਵੇਖਦੇ ਹਨ, ਜਿਵੇਂ ਉਸ ਨੇ ਕੋਈ ਗੁਨਾਹ ਕੀਤਾ ਹੋਵੇ। ਦਰਅਸਲ ਮਾਂ-ਬਾਪ ਅਜਕਲ ਅਪਣੇ ਲਾਡਲੇ ਤੋਂ ਥੋੜੀਆਂ ਜ਼ਿਆਦਾ ਹੀ ਉਮੀਦਾਂ ਲਗਾ ਬੈਠਦੇ ਹਨ।

ਬੱਚਿਆਂ ਦੀ ਨੰਬਰ ਪ੍ਰਾਪਤ ਕਰਨ ਦੀ ਸੀਮਾ ਨਿਸ਼ਚਿਤ ਕਰ ਦਿੰਦੇ ਹਨ। ਜਦੋਂ ਉਹ ਉਨ੍ਹਾਂ ਦੀਆਂ ਉਮੀਦਾਂ ਉਤੇ ਖ਼ਰਾ ਨਹੀਂ ਉਤਰਦਾ ਤਾਂ ਉਸ ਦੀ ਝਾੜਝੰਬ ਕੀਤੀ ਜਾਂਦੀ ਹੈ। ਕਈ ਵਾਰ ਬੱਚਾ ਏਨਾ ਦੁਖੀ ਅਤੇ ਹਤਾਸ਼ ਹੋ ਜਾਂਦਾ ਹੈ ਕਿ ਖ਼ੁਦਕੁਸ਼ੀ ਜਿਹਾ ਸੰਗੀਨ ਜ਼ੁਰਮ ਕਰਨ ਲਈ ਉਤਾਰੂ ਹੋ ਜਾਂਦਾ ਹੈ। ਹੁਣ ਦੇ ਬੱਚਿਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਹਾਸਲ ਹਨ ਜਿਵੇਂ ਕਿ ਸੋਹਣੇ ਕਪੜੇ, ਮਹਿੰਗੇ ਸਕੂਲ, ਮੰਨੇ ਪ੍ਰਮੰਨੇ ਕੋਚਿੰਗ ਸੈਂਟਰਾਂ ਵਿਚ ਉਨ੍ਹਾਂ ਦੀ ਟਿਊਸ਼ਨ ਤੇ ਆਉਣ-ਜਾਣ ਸਕੂਟਰ ਜਾਂ ਕਾਰ ਜਹੀਆਂ ਸਹੂਲਤਾਂ ਹਨ। ਸਾਡੇ ਸਮੇਂ ਵਿਚ ਇਹ ਸੱਭ ਨਹੀਂ ਸੀ ਹੁੰਦਾ।

ਇਕ ਦੋ ਕਪੜਿਆਂ ਵਿਚ ਅਸੀ ਸਾਰਾ ਸਾਲ ਲੰਘਾ ਦਿੰਦੇ ਸੀ। ਟਿਊਸ਼ਨ ਪੜ੍ਹਨਾ ਤਾਂ ਉਨ੍ਹਾਂ ਦਿਨਾਂ ਵਿਚ ਬਹੁਤ ਸ਼ਰਮਨਾਕ ਸਮਝਿਆ ਜਾਂਦਾ ਸੀ। ਮਾਂ-ਬਾਪ ਬੜੀ ਸ਼ਰਮਿੰਦਗੀ ਮਹਿਸੂਸ ਕਰਦੇ ਸੀ ਕਿਉਂਕਿ ਇਸ ਦਾ ਸਿੱਧਾ ਅਤੇ ਸਪੱਸ਼ਟ ਮਤਲਬ ਸੀ ਕਿ ਤੁਹਾਡਾ ਬੱਚਾ ਨਲਾਇਕ ਹੈ। ਹੁਣ ਟਿਊਸ਼ਨ ਰਖਣਾ ਇਕ ਸਟੇਟਸ ਸਿੰਬਲ ਹੈ। ਸਰਕਾਰੀ ਸਕੂਲਾਂ ਵਿਚ ਅਧਿਆਪਕ ਵਧੀਆ ਪੜ੍ਹਾਉਂਦੇ ਸਨ। ਟਿਊਸ਼ਨ ਪੜ੍ਹਨਾ ਉਨ੍ਹਾਂ ਦੀ ਨਜ਼ਰ ਵਿਚ ਵਿਦਿਆ ਵੇਚਣ ਬਰਾਬਰ ਹੁੰਦਾ ਸੀ, ਇਸ ਕਰ ਕੇ ਮਾਸਟਰ ਸਕੂਲ ਸਮੇਂ ਤੋਂ ਬਾਅਦ ਵਾਧੂ ਕਲਾਸਾਂ ਲਾਉਂਦੇ ਹੁੰਦੇ ਸੀ। 

ਮਾਸਟਰ ਦਾ ਸਕੂਲ ਵਿਚ ਅਤੇ ਸਮਾਜ ਵਿਚ ਪੂਰਾ ਸਤਿਕਾਰ ਕੀਤਾ ਜਾਂਦਾ ਸੀ। ਸਾਨੂੰ ਥੱਪੜ ਅਤੇ ਡੰਡੇ ਤਾਂ ਅਕਸਰ ਪੈਂਦੇ ਹੀ ਰਹਿੰਦੇ ਸਨ, ਪਰ ਅਸੀ ਕਦੇ ਆ ਕੇ ਘਰ ਨਹੀਂ ਸੀ ਦਸਿਆ। ਅਜਕਲ ਜੇਕਰ ਅਧਿਆਪਕ ਬੱਚੇ ਨੂੰ ਜ਼ਰਾ ਕੁੱਝ ਕਹਿ ਦੇਵੇ ਤਾਂ ਬੱਚੇ ਅਪਣੇ ਮਾਂ-ਬਾਪ ਨੂੰ ਬੁਲਾ ਕੇ ਉਸ ਦਾ ਪੂਰਾ ਜਲੂਸ ਕੱਢ ਦਿੰਦੇ ਹਨ। ਉਹ ਵਿਚਾਰਾ ਕਿਸੇ ਨੂੰ ਮੂੰਹ ਵਿਖਾਉਣ ਦੇ ਕਾਬਲ ਨਹੀਂ ਰਹਿੰਦਾ।

ਉਨ੍ਹਾਂ ਦਿਨਾਂ ਵਿਚ ਸ਼ਰਾਰਤ ਕਰਨ ਉਤੇ ਜਾਂ ਕਿਸੇ ਸਵਾਲ ਦਾ ਉੱਤਰ ਨਾ ਆਉਣ ਤੇ ਮੁਰਗਾ ਬਣਾ ਦਿੰਦੇ ਸਨ ਜਾਂ ਬੈਂਚ ਉਤੇ ਖੜਾ ਕਰ ਦਿੰਦੇ ਸਨ। ਕਈ ਵਾਰ ਬੋਲ ਕੇ ਵੀ ਬੇਇਜ਼ਤੀ ਕਰ ਦਿੰਦੇ ਸਨ, ਪਰ ਕੋਈ ਬੱਚਾ ਗੁੱਸਾ ਨਹੀਂ ਸੀ ਕਰਦਾ। ਮੈਨੂੰ ਯਾਦ ਹੈ ਇਕ ਵਾਰ ਹਿਸਾਬ ਦੇ ਮਾਸਟਰ ਜੀ ਨੇ ਮੇਰੇ ਤੋਂ ਤੰਗ ਆ ਕੇ ਤੇ ਖਿੱਝ ਕੇ ਕਿਹਾ ਕਿ ''ਤੈਨੂੰ ਤਾਂ ਕੋਈ ਗਧਾ ਹੀ ਪੜ੍ਹਾ ਸਕਦੈ।'' ਮੈਂ ਚੁੱਪ ਕਰ ਗਿਆ।

ਜੇ ਕੋਈ ਅਜਕਲ ਦੀ ਪੀੜ੍ਹੀ ਦਾ ਬੱਚਾ ਹੁੰਦਾ ਤਾਂ ਉਸ ਨੇ ਜ਼ਰੂਰ ਕਹਿਣਾ ਸੀ ਕਿ, ''ਇਸ ਕਰ ਕੇ ਤਾਂ ਤੁਹਾਡੇ ਕੋਲ ਭੇਜਿਐ।'' ਮਾਂ-ਬਾਪ ਤੋਂ ਬਾਦ ਇਕ ਅਧਿਆਪਕ ਹੀ ਸਾਡਾ ਭਵਿੱਖ ਨਿਰਮਾਤਾ ਹੁੰਦਾ ਹੈ, ਉਸ ਦਾ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ ਹੈ। ਉਸ ਪ੍ਰਤੀ ਕਦੇ ਵੀ ਮਨ ਵਿਚ ਗੁੱਸਾ ਨਹੀਂ ਰਖਣਾ ਚਾਹੀਦਾ।
ਸੰਪਰਕ : 99888-73637