ਅੰਗਰੇਜ਼ੀ ਮਾਧਿਅਮ ਅਪਣਾਉਣਾ ਸਰਕਾਰੀ ਸਕੂਲਾਂ ਲਈ ਪਤਝੜ ਤੋਂ ਬਾਅਦ ਬਸੰਤ ਵਾਲਾ ਸਮਾਂ ਬਣਿਆ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਦਹਾਕਿਆਂ ਤੋਂ ਨਿਘਾਰ ਵਿਚ ਜਾ ਚੁੱਕੀ ਸਰਕਾਰੀ ਸਕੂਲਾਂ ਦੀ ਸ਼ਾਖ ਸਿੱਖਿਆ ਵਿਭਾਗ ਦੀਆਂ ਅਨੇਕਾਂ ਗੁਣਾਤਮਿਕ ਕਿਰਿਆਵਾਂ ਕਰਕੇ ਮਿਆਰੀ ਰੂਪ ਵਿੱਚ ਪਰਤਦੀ ਨਜ਼ਰ ਆ...

Village Takrala determined for quality education

ਦਹਾਕਿਆਂ ਤੋਂ ਨਿਘਾਰ ਵਿਚ ਜਾ ਚੁੱਕੀ ਸਰਕਾਰੀ ਸਕੂਲਾਂ ਦੀ ਸ਼ਾਖ ਸਿੱਖਿਆ ਵਿਭਾਗ ਦੀਆਂ ਅਨੇਕਾਂ ਗੁਣਾਤਮਿਕ ਕਿਰਿਆਵਾਂ ਕਰਕੇ ਮਿਆਰੀ ਰੂਪ ਵਿੱਚ ਪਰਤਦੀ ਨਜ਼ਰ ਆ ਰਹੀ ਹੈ। ਸਰਕਾਰੀ ਅਧਿਆਪਕਾਂ ਅਤੇ ਸਮਾਜ ਦੀ ਸਰਕਾਰੀ ਸਕੂਲਾਂ ਪ੍ਰਤੀ ਜਾਗਰੂਕਤਾ ਅਜੋਕੇ ਯੁੱਗ ਵਿਚ ਸਰਕਾਰੀ ਸਕੂਲਾਂ ਦੇ ਵਿਕਾਸ ਲਈ ਪ੍ਰਸੰਸ਼ਾਯੋਗ ਹੈ। ਸਰਕਾਰੀ ਸਕੂਲਾਂ ਵਿੱਚ ਭਾਸ਼ਾ ਦਾ ਗਿਆਨ ਮਿਆਰੀ ਢੰਗ ਤਰੀਕਿਆਂ ਨਾਲ ਦਿੱਤਾ ਜਾਂਦਾ ਹੈ।

ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਵਿਦਿਆਰਥੀਆਂ ਨੂੰ ਪਰਿਪਕ ਕਰਨ ਲਈ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦਾ ਜ਼ਿਕਰ ਕੀਤਾ ਜਾਣਾ ਜ਼ਰੂਰੀ ਹੈ ਸਭ ਜਾਣਦੇ ਹਨ ਕਿ ਅੰਗਰੇਜ਼ੀ ਭਾਸ਼ਾ ਪੂਰੇ ਸੰਸਾਰ ਦਾ ਸਾਹਿਤ ਅਤੇ ਗਿਆਨ ਵਿਚਾਰਨ ਅਤੇ ਸਮਝਣ ਲਈ ਇਕ ਸਾਂਝੀ ਖਿੜਕੀ ਦਾ ਕੰਮ ਕਰ ਰਹੀ ਹੈ । ਅੰਗਰੇਜ਼ੀ ਭਾਸ਼ਾ ਦੇ ਗਿਆਨ ਨਾਲ ਵਿਅਕਤੀ ਸੰਸਾਰ ਦੇ ਕਿਸੇ ਵੀ ਕੋਨੇ ਵਿੱਚ ਚਲਾ ਜਾਏ ਤਾਂ ਉਹਨਾਂ ਨੂੰ ਆਪਣੀ ਗੱਲ ਰੱਖਣ ਲਈ ਕੋਈ ਜਿਆਦਾ ਮੁਸ਼ਕਿਲ ਨਹੀਂ ਆਉਂਦੀ । ਅੰਗਰੇਜ਼ੀ ਭਾਸ਼ਾ ਦੀ ਗੱਲਬਾਤ ਦੌਰਾਨ ਵਰਤੋਂ ਦੇ ਅਨੁਸਾਰ ਇਸ ਨੂੰ ਸੰਸਾਰਿਕ ਭਾਸ਼ਾ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।

ਬੱਚੇ ਨੇ ਸੰਸਾਰ ਨੂੰ ਸਮਝਣਾ ਹੋਵੇ ਤਾਂ ਉਹਨਾਂ ਨੂੰ ਅੰਗਰੇਜ਼ੀ ਭਾਸ਼ਾ ਦਾ ਗਿਆਨ ਹੋਣਾ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਪਿਛਲੇ ਸਮਿਆਂ 'ਤੇ ਝਾਤ ਮਾਰੀਏ ਤਾਂ ਪੰਜਾਬ ਵਿੱਚ ਪਹਿਲਾਂ ਸਰਕਾਰੀ ਸਕੂਲਾਂ ਵਿੱਚ ਅੰਗਰੇਜ਼ੀ ਦੀ ਸ਼ੁਰੂਆਤ ਛੇਵੀਂ ਜਮਾਤ ਵਿੱਚ ਕੀਤੀ ਜਾਂਦੀ ਸੀ । ਜਿਸ ਕਾਰਨ ਵਿਦਿਆਰਥੀਆਂ ਨੂੰ ਪੰਜਵੀਂ ਪਾਸ ਕਰਨ ਤੱਕ ਅੰਗਰੇਜ਼ੀ ਭਾਸ਼ਾ ਦਾ ਗਿਆਨ ਤੱਕ ਨਹੀਂ ਹੁੰਦਾ ਸੀ। ਪ੍ਰਾਈਵੇਟ ਸਕੂਲਾਂ ਨੇ ਪਹਿਲਕਦਮੀ ਕਰਦਿਆਂ ਸਕੂਲਾਂ ਵਿੱਚ ਅੰਗਰੇਜ਼ੀ ਭਾਸ਼ਾ ਨਰਸਰੀ ਜਮਾਤ ਤੋਂ ਹੀ ਸ਼ੁਰੂ ਕਰ ਦਿੱਤੀ ਸੀ ਪਰ ਹਰ ਵਿਸ਼ੇ ਲਈ ਅੰਗਰੇਜ਼ੀ ਮਾਧਿਅਮ ਲਾਜ਼ਮੀ ਨਹੀਂ ਸੀ।

ਨਤੀਜਾ ਅੰਗਰੇਜ਼ੀ ਭਾਸ਼ਾ ਦਾ ਅੱਧਾ ਅਧੂਰਾ ਦੌਰ ਚੱਲਣ ਕਾਰਨ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਤੋਂ ਪਛੜਨੇ ਸ਼ੁਰੂ ਹੋ ਗਏ ਸਨ। ਜਿਸ ਸਦਕਾ ਇਹ ਹੋਇਆ ਕਿ ਸਰਕਾਰੀ ਸਕੂਲਾਂ ਨੂੰ 'ਪੰਜਾਬੀ ਸਕੂਲ' ਤੇ ਪ੍ਰਾਈਵੇਟ  ਸਕੂਲਾਂ ਨੂੰ 'ਅੰਗਰੇਜ਼ੀ ਸਕੂਲ਼' ਕਿਹਾ ਜਾਣ ਲੱਗਾ। ਜਦੋਂ ਕਿ ਸਰਕਾਰੀ ਸਕੂਲਾਂ ਦੇ ਮਿਹਨਤੀ ਅਧਿਆਪਕ ਲੋੜੀਂਦੀ  ਵਿੱਦਿਅਕ ਯੋਗਤਾ ਪ੍ਰਾਪਤ ਕਰਨ ਦੇ ਨਾਲ ਨਾਲ ਮੁਕਾਬਲਿਆਂ ਦੀਆਂ ਪ੍ਰੀਖਿਆਵਾਂ  ਵਿੱਚੋਂ ਗੁਜ਼ਰ ਕੇ  ਤਕਨੀਕ ਪੱਖੋਂ ਅਮੀਰ ਤੇ ਗੁਣਵਾਨ ਹੁੰਦੇ ਹਨ। ਲੋਕਾਂ ਦੀ ਸਰਕਾਰੀ ਸਕੂਲਾਂ ਪ੍ਰਤੀ ਦਾਖਲਾ ਘੱਟ ਹੋਣ ਦੀ ਸੋਚ ਵਿਚ ਗਿਰਾਵਟ ਆਉਣ ਦਾ ਕਾਰਨ ਅਧਿਆਪਕਾਂ, ਵਿਦਿਆਰਥੀਆਂ ਤੇ ਮਾਪਿਆਂ ਵਿੱਚ ਨੇੜਤਾ ਦੀ ਕਮੀ ਹੋਣਾ ਵੀ ਕਿਹਾ ਜਾ ਸਕਦਾ ਹੈ।

ਸਮੁਦਾਇ ਨੂੰ ਸਮਝਾਇਆ ਹੀ ਨਹੀਂ ਜਾ ਸਕਿਆ ਕਿ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਬਿਨਾਂ ਖਰਚ ਜਾਂ ਘੱਟ ਖਰਚ ਨਾਲ ਵਧੀਆ ਐਜੂਕੇਸ਼ਨ ਦਿੱਤੀ ਜਾ ਸਕਦੀ ਹੈਂ। ਅੰਗਰੇਜ਼ੀ ਭਾਸ਼ਾ ਨੂੰ ਪ੍ਰਾਈਵੇਟ  ਸਕੂਲਾਂ ਵਿਚ ਅਪਣਾਉਣਾ ਵਿਦਿਆਰਥੀਆਂ ਦੇ ਦਾਖ਼ਲੇ ਵਧਾਉਣ ਦਾ ਇੱਕ ਮੁੱਖ  ਕਾਰਨ ਬਣਿਆ। ਸਰਕਾਰੀ ਸਕੂਲਾਂ ਵਿਚ ਦਾਖ਼ਲੇ ਲਈ ਸਿਰਫ ਉਹ ਵਿਦਿਆਰਥੀ ਹੀ ਆਉਣ ਲੱਗੇ ਸਨ ਜਿਹਨਾਂ ਦੇ ਮਾਪੇ ਗ਼ਰੀਬੀ ਕਾਰਨ ਭਾਰੀ ਭਰਕਮ ਫੀਸਾਂ ਨਹੀਂ ਭਰ ਸਕਦੇ  ਸਨ। ਦੂਜਾ ਜਿਹੜੇ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਵਿੱਚ ਵਾਰ-ਵਾਰ ਫ਼ੇਲ੍ਹ ਹੁੰਦੇ ਰਹਿੰਦੇ ਸਨ ਉਹਨਾਂ ਨੂੰ ਆਖਿਰ ਵਿਚ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾ ਦਿੱਤਾ ਜਾਂਦਾ ਸੀ।

ਸਾਰੇ ਪਹਿਲੇ ਦਰਜੇ ਦੇ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਵਿੱਚ ਚਲੇ ਜਾਣ ਕਰਕੇ ਉਹਨਾਂ ਦੇ ਨਤੀਜੇ ਵਧੀਆ ਬਣ ਜਾਂਦੇ ਸੀ ਜਦਕਿ ਸਰਕਾਰੀ ਅਧਿਆਪਕਾਂ ਨੂੰ ਔਸਤ ਦਰਜੇ ਦੇ ਵਿਦਿਆਰਥੀਆਂ 'ਤੇ ਮਿਹਨਤ ਜ਼ਿਆਦਾ ਕਰਨੀ ਪੈਂਦੀ ਸੀ| ਨਤੀਜੇ ਵੀ ਉਮੀਦ ਤੇ ਮਿਹਨਤ ਮੁਤਾਬਿਕ ਨਾ ਆਉਣ ਕਾਰਨ ਸਰਕਾਰੀ ਸਕੂਲਾਂ ਦੀ ਸਥਿਤੀ ਕਸੂਤੀ ਤੇ ਮਜ਼ਬੂਰੀ ਵਾਲੀ ਬਣ ਰਹੀ ਸੀ । ਸਰਕਾਰੀ ਸਕੂਲਾਂ ਲਈ ਇਹ ਬੜੀ ਤਰਸਯੋਗ ਸਥਿਤੀ ਸੀ ਕਿ ਬੱਚਿਆਂ ਦੇ ਦਾਖ਼ਲੇ ਦੀ ਉਮਰ 6 ਸਾਲ ਸੀ ਤੇ ਮਾਪਿਆਂ ਨੇ ਬੱਚੇ ਨੂੰ 6 ਸਾਲ ਤੋਂ ਪਹਿਲਾਂ ਕਿਸੇ ਨਾ ਕਿਸੇ ਪਾਸੇ ਜਰੂਰ  ਦਾਖ਼ਲ ਕਰਵਾਉਣਾ ਹੁੰਦਾ ਸੀ।

ਜਿਸ ਕਾਰਨ ਉਹਨਾਂ ਕੋਲ ਬੱਚੇ ਨੂੰ ਪ੍ਰਾਈਵੇਟ ਸਕੂਲ ਵਿੱਚ ਦਾਖਲ ਕਰਵਾਉਣ ਤੋਂ ਬਿਨ੍ਹਾਂ ਹੋਰ ਕੋਈ ਬਦਲ ਨਹੀਂ ਸੀ। ਮਾਪਿਆਂ ਵੱਲੋਂ ਪ੍ਰਾਈਵੇਟ ਸਕੂਲ ਵਿੱਚ ਬੱਚੇ ਨੂੰ ਦਾਖਲ ਕਰਵਾਉਣ 'ਤੇ ਬੱਚਾ ਸਰਕਾਰੀ ਸਕੂਲ ਵਿੱਚ ਕਦੇ ਵਾਪਸ ਨਹੀਂ ਆਉਂਦਾ ਸੀ। ਜੇਕਰ ਬੱਚੇ ਦਾ ਆਂਗਣਵਾੜੀ ਵਿੱਚ ਨਾਮ ਦਰਜ ਹੁੰਦਾ ਹੈ ਤਾਂ ਇਹ ਆਂਗਣਵਾੜੀ ਵਰਕਰ ਤੇ ਨਿਰਭਰ ਕਰਦਾ ਸੀ ਕਿ ਉਹ ਉਸ ਦਾ ਕਿੰਨ੍ਹਾ ਧਿਆਨ ਰੱਖਣਗੇ ।ਪਹਿਲਾਂ  ਆਂਗਣਵਾੜੀ ਕਰਮਚਾਰੀਆਂ ਨੂੰ  ਇਸ ਗੱਲ੍ਹ ਪ੍ਰਤੀ ਬਹੁਤੀ ਦਿਲਚਸਪੀ ਵੀ ਨਹੀਂ ਹੁੰਦੀ ਸੀ ਕਿ ਬੱਚਾ ਅੱਗੇ ਜਾ ਕੇ  ਸਰਕਾਰੀ ਸਕੂਲ ਵਿੱਚ ਭੇਜਿਆ ਜਾਵੇ।

ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਜੀ ਦੁਆਰਾ ਕੀਤੇ ਯਤਨਾਂ ਸਦਕਾ ਆਂਗਣਵਾੜੀ ਵਰਕਰ ਤੇ ਸਰਕਾਰੀ ਅਧਿਆਪਕ ਹੁਣ ਮਿਲ ਕੇ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਨੂੰ ਸੰਭਾਲ ਰਹੇ ਹਨ ਤੇ ਵਿੱਦਿਅਕ ਗਿਆਨ ਵੀ ਖੇਡ-ਖੇਡ ਵਿੱਚ ਪ੍ਰਦਾਨ ਕਰ ਰਹੇ ਹਨ | ਮਿਲ ਕੇ ਕੰਮ ਕਰਨ ਨਾਲ ਨਵੇਂ ਦਾਖਲਿਆਂ ਵਿਚ ਉਮੀਦ ਤੋਂ ਵੱਧ ਵਾਧਾ ਹੋਇਆ ਹੈ| ਅਜੋਕੇ ਸਮੇਂ ਵਿੱਚ ਸਰਕਾਰੀ ਸਕੂਲਾਂ ਪ੍ਰਤੀ ਲੋਕਾਂ ਦਾ ਨਜ਼ਰੀਆ ਬਦਲਿਆ ਹੈ । ਸਿੱਖਿਆ ਵਿਭਾਗ ਤੇ ਅਧਿਆਪਕਾਂ ਦੀ ਸਾਂਝੀ ਸਖ਼ਤ ਮਿਹਨਤ ਸਦਕਾ 2500 ਤੋਂ ਵੱਧ ਸਮਾਰਟ ਸਕੂਲ  ਬਣ ਚੁੱਕੇ ਹਨ|

ਬਹੁਤ ਸਕੂਲਾਂ ਨੂੰ ਸਮਾਰਟ ਬਣਾਉਣ ਦੀ ਰਾਹ ਤੇ ਤੁਰੇ ਹੋਏ ਸਕੂਲ ਮੁੱਖੀ ਤੇ ਅਧਿਆਪਕਾਂ ਨੇ ਸਮੁਦਾਇ ਤੇ ਦਾਨੀ ਸੱਜਣਾ ਦਾ ਮਨ ਜਿੱਤਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਮਿਆਰੀ ਸਿੱਖਿਆ ਦੇਣ ਲਈ  2018-19 ਵਿੱਚ 2387 ਅੰਗਰੇਜ਼ੀ ਮਾਧਿਅਮ ਸਕੂਲਾਂ ਦੀ ਸੂਚੀ ਜਾਰੀ ਕੀਤੀ ਸੀ ਅਤੇ 2019-20 ਵਿੱਚ ਇਸ ਸੂਚੀ ਨੂੰ ਵਧਾਉਂਦੇ 2011 ਹੋਰ ਸਕੂਲਾਂ ਨੂੰ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਤੇ ਅੰਗਰੇਜ਼ੀ ਮਾਧਿਅਮ ਪੜ੍ਹਾਉਣ ਵਾਲੇ ਸਕੂਲਾਂ ਦੀ ਕੁੱਲ ਗਿਣਤੀ 4398 ਹੋ ਗਈ ਹੈ।

ਇਸ ਤੋਂ ਇਲਾਵਾ ਹੋਰ ਸਕੂਲਾਂ ਵੱਲੋਂ ਵੀ ਅੰਗਰੇਜ਼ੀ ਮਾਧਿਅਮ ਸ਼ੁਰੂ ਕਰਨ ਲਈ ਪ੍ਰਤੀ ਬੇਨਤੀਆਂ ਦਿੱਤੀਆਂ ਜਾ ਰਹੀਆਂ ਹਨ| ਇਹ ਸਫ਼ਲਤਾ ਵਿਭਾਗ ਲਈ ਲਾਜਵਾਬ ਮਿਸਾਲ ਹੈ। ਸਰਕਾਰੀ ਸਕੂਲਾਂ ਦੀ ਸਾਖ ਨੂੰ ਵਧੀਆ ਬਣਾਉਣ ਲਈ ਸਿੱਖਿਆ ਵਿਭਾਗ ਵੱਲੋਂ ਸਾਲ 2019-20 ਵਿੱਚ 40% ਵਿਦਿਆਰਥੀ ਪੇਂਡੂ ਖੇਤਰ 'ਚੋਂ 60% ਖੇਤਰ 'ਚੋਂ  ਸ਼ਹਿਰੀ ਵਿਦਿਆਰਥੀਆਂ ਨੂੰ ਅੰਗਰੇਜ਼ੀ ਮਾਧਿਅਮ ਰਾਹੀਂ ਪੜ੍ਹਾਉਣ ਦਾ ਟੀਚਾ ਮਿੱਥਿਆ ਗਿਆ ਹੈ।ਇਸ ਤੋਂ ਇਲਾਵਾ ਵੱਧ ਤੋਂ ਵੱਧ ਸਮਾਰਟ ਸਕੂਲ ਬਣਾਉਣਾ, ਵਧੀਆ ਗੇਟ ,ਸਕੂਲ ਪਹੁੰਚ ਦੇ ਸਾਈਨ ਬੋਰਡ ਲਗਾਉਣੇ,'ਬੋਰਡ ਆਫ਼ ਆਨਰ', ਇੰਗਲਿਸ਼ ਸਪੀਕਿੰਗ, ਈ-ਕੰਟੈਂਟ,1000 ਅੰਗਰੇਜ਼ੀ ਸ਼ਬਦ, ਗਣਿਤ ਵਿਗਿਆਨ ਤੇ ਭੂਗੋਲਿਕ ਸੰਬੰਧੀ ਪਾਰਕਾਂ, ਲਾਇਬ੍ਰੇਰੀ ਦੀ ਵਰਤੋਂ। 

ਸਾਫ਼ ਬਾਥਰੂਮ ਤੇ ਪਾਣੀ ਦਾ ਸਾਫ਼ ਪ੍ਰਬੰਧ, ਨਾਨ-ਟੀਚਿੰਗ ਸਟਾਫ ਨਾਲ਼ ਸਾਂਝ ਆਦਿ ਟੀਚੇ ਵੀ ਮਿੱਥੇ ਗਏ ਹਨ।ਸਰਕਾਰੀ ਸਕੂਲਾਂ ਵਿੱਚ ਇਸ ਸਾਲ ਅੰਗਰੇਜ਼ੀ ਮਾਧਿਅਮ ਜਮਾਤਾਂ ਦੀ ਸ਼ੁਰੂਆਤ ਨਾਲ ਵਿਦਿਆਰਥੀਆਂ ਦਾ ਦਾਖਲਾ ਵਧਿਆ ਹੈ। ਵਿਦਿਆਰਥੀਆਂ ਦੇ ਮਾਤਾ-ਪਿਤਾ ਵਲੋਂ ਵੀ ਸਰਕਾਰੀ ਸਕੂਲਾਂ ਵਿੱਚ ਆਪਣੀ ਦਿਲਚਸਪੀ ਨੂੰ ਅੱਗੇ ਵਧਾਉਂਦੇ ਹੋਏ ਆਪ-ਮੁਹਾਰੇ ਦਾਖ਼ਲਾ ਵਧਾਇਆ ਜਾ ਰਿਹਾ ਹੈ ।ਅਧਿਆਪਕਾਂ ਦੁਆਰਾ ਵੀ ਪ੍ਰੀ-ਪ੍ਰਾਇਮਰੀ ਤੋਂ ਹੀ ਅੰਗਰੇਜ਼ੀ ਮਾਧਿਅਮ ਸ਼ੁਰੂ ਕਰਕੇ ਪੁਰਾਣੀ ਸਰਕਾਰੀ ਸਕੂਲਾਂ ਦੀ ਰੂੜ੍ਹੀਵਾਦੀ ਸੋਚ ਨੂੰ ਤੋੜਿਆ ਹੈ।

ਉਪਰੋਕਤ ਯਤਨਾਂ  ਸਦਕਾ ਹੀ ਸੈਸ਼ਨ 2019-20 ਦੇ  ਸਰਕਾਰੀ ਸਕੂਲਾਂ ਦੇ ਦੱਸਵੀਂ ਤੇ ਬਾਰਵੀਂ ਜਮਾਤਾਂ ਦੇ ਨਤੀਜੇ ਪ੍ਰਾਈਵੇਟ ਸਕੂਲਾਂ  ਨਾਲੋਂ ਵੱਧ ਰਹੇ ਜੋ ਕਿ ਸਰਕਾਰੀ ਸਕੂਲਾਂ ਨੇ 30 ਸਾਲਾਂ ਪਿੱਛੋਂ ਪ੍ਰਾਈਵੇਟ ਸਕੂਲਾਂ ਨੂੰ ਨਤੀਜਿਆਂ ਵਿੱਚ ਪਛਾੜਨ ਵਿੱਚ ਰਿਕਾਰਡ ਬਣਾਇਆ ਹੈ। ਸਰਕਾਰੀ ਸਕੂਲਾਂ ਦੇ ਇਸ ਇਤਿਹਾਸਕ ਸਫ਼ਰ ਦੀ ਕਾਮਯਾਬੀ ਵਿੱਚ ਜਿੱਥੇ ਬੱਚਿਆਂ ਤੇ ਅਧਿਆਪਕਾਂ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ ਉੱਥੇ ਮੀਡੀਆ ਅਤੇ ਸਮੁਦਾਇ  ਵੀ ਰਚਨਾਤਮਿਕ ਰੋਲ ਅਦਾ ਕਰ ਰਹੇ ਹਨ ।

ਮੇਜਰ ਸਿੰਘ (ਈਟੀਟੀ ਅਧਿਆਪਕ) ਰਾਜਪੁਰਾ