ਸ਼ੀਲਾ ਦੀਕਸ਼ਤ ਦਲੇਰ ਪੰਜਾਬਣ ਕੁੜੀ ਸੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸ਼ੀਲਾ ਦੀਕਸ਼ਿਤ ਦਾ ਜੀਵਨ ਇਕ ਦਲੇਰ ਪੰਜਾਬੀ ਕੁੜੀ ਦੀ ਅਦਭੁੱਤ ਕਹਾਣੀ ਹੈ।

Sheila Dikshit

ਕਪੂਰਥਲਾ  (ਕਾਜਲ): ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਦਿਹਾਂਤ ਨਾਲ ਪੰਜਾਬ ਵਿਚ ਵੀ ਸੋਗ ਦੀ ਲਹਿਰ ਹੈ ਕਿਉਂਕਿ ਉਨ੍ਹਾਂ ਦਾ ਪੰਜਾਬ ਨਾਲ ਵੀ ਗੁੜ੍ਹਾ ਰਿਸ਼ਤਾ ਰਿਹਾ ਹੈ ਜਾਂ ਇੰਜ ਕਹਿ ਲਈਏ ਕਿ ਸ਼ੀਲਾ ਦਾ ਬਚਪਨ ਪੰਜਾਬ 'ਚ ਹੀ ਬੀਤਿਆ। ਉਨ੍ਹਾਂ ਦਾ ਬਚਪਨ ਕਪੂਰਥਲਾ ਵਿਚ ਨਨਿਹਾਲ ਵਿਖੇ ਬੀਤਿਆ ਸੀ। ਕੁੱਝ ਸਮਾਂ ਪਹਿਲਾਂ ਹੀ ਉਨ੍ਹਾਂ ਦੇ ਨਾਨਾ ਜੀ ਦਾ ਦੇਹਾਂਤ ਹੋਇਆ ਸੀ।

ਸ਼ੀਲਾ ਦੀਕਸ਼ਿਤ ਦਾ ਜੀਵਨ ਇਕ ਦਲੇਰ ਪੰਜਾਬੀ ਕੁੜੀ ਦੀ ਅਦਭੁੱਤ ਕਹਾਣੀ ਹੈ। 3 ਵਾਰ ਦਿੱਲੀ ਦੀ ਮੁੱਖ ਮੰਤਰੀ ਰਹਿ ਚੁੱਕੀ ਸੀਨੀਅਰ ਕਾਂਗਰਸ ਨੇਤਾ ਸ਼ੀਲਾ ਦੀਕਸ਼ਿਤ ਦਾ ਕਪੂਰਥਲਾ ਨਾਲ ਬਹੁਤ ਹੀ ਕਰੀਬੀ ਰਿਸ਼ਤਾ ਰਿਹਾ ਹੈ। ਉਨ੍ਹਾਂ ਦੀ ਸ਼ੁਰੂਆਤੀ ਸਿਖਿਆ ਕਪੂਰਥਲਾ ਸਥਿਤ ਹਿੰਦੂ ਪੁੱਤਰੀ ਪਾਠਸ਼ਾਲਾ ਵਿਚ ਹੋਈ ਅਤੇ ਉਨ੍ਹਾਂ ਨੂੰ ਅਪਣੇ ਨਾਨਾ ਵੀ.ਐਨ. ਪੁਰੀ ਤੋਂ ਬਹੁਤ ਹੀ ਪਿਆਰ ਮਿਲਿਆ। ਸ਼ੀਲਾ ਦੀਕਸ਼ਿਤ ਦਾ ਬਚਪਨ ਦਾ ਕੁੱਝ ਸਮਾਂ ਹੈਰੀਟੇਜ ਸਿਟੀ ਕਪੂਰਥਲਾ ਦੇ ਪਰਮਜੀਤ ਗੰਜ ਅਤੇ ਸ਼ੇਰਗੜ੍ਹ ਵਿਚ ਲੰਘਿਆ।

ਨਨਿਹਾਲ ਵਿਚ ਰਹਿਣ ਮਗਰੋਂ ਉਹ ਦਿੱਲੀ ਚਲੀ ਗਈ। ਦਿੱਲੀ ਦੀ ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਉਹ ਕਪੂਰਥਲਾ ਨਹੀਂ ਭੁੱਲੀ ਅਤੇ ਇਥੇ ਆਉਂਦੀ ਰਹੀ। ਸ਼ੀਲਾ ਦੀਕਸ਼ਿਤ ਇਕ ਦਲੇਰ ਪੰਜਾਬਣ ਕੁੜੀ ਸੀ ਜਿਸ ਨੇ ਅਪਣੀ ਜ਼ਿੰਦਗੀ ਅਤੇ ਰਾਜਨੀਤੀ ਦਾ ਜਿਹੜਾ ਵੀ ਫ਼ੈਸਲਾ ਲਿਆ, ਉਹ ਪੂਰੀ ਦਲੇਰੀ ਨਾਲ ਲਿਆ ਅਤੇ ਫਿਰ ਉਸ ਨੂੰ ਨਿਭਾਇਆ ਵੀ। ਸ਼ੀਲਾ ਨੂੰ ਅਪਣੇ ਪੇਕੇ ਅਤੇ ਸਹੁਰਾ ਘਰ ਦੋਹਾਂ ਜਗ੍ਹਾ ਆਜ਼ਾਦੀ ਮਿਲੀ।

ਜਿਸ ਦੌਰ ਵਿਚ ਕੁੜੀਆਂ ਨੂੰ ਸਕੂਲ ਨਾ ਭੇਜਣ ਦੀ ਮਾਨਸਿਕਤਾ ਕੰਮ ਕਰਦੀ ਸੀ, ਉਸ ਦੌਰ ਵਿਚ ਉਨ੍ਹਾਂ ਦੇ ਪਿਤਾ ਸ਼੍ਰੀਕ੍ਰਿਸ਼ਨ ਕਪੂਰ ਨੇ ਸ਼ੀਲਾ ਅਤੇ ਉਨ੍ਹਾਂ ਦੀਆਂ ਭੈਣਾਂ ਨੂੰ ਪੂਰੀ ਆਜ਼ਾਦੀ ਦਿਤੀ। ਬਚਪਨ ਵਿਚ ਮਿਲੇ ਇਸ ਖੁੱਲ ਨੇ ਸ਼ੀਲਾ ਦੀਕਸ਼ਿਤ ਨੂੰ ਇਕ ਪੜ੍ਹੇ ਲਿਖੇ ਅਤੇ ਉਦਾਰਵਾਦੀ ਵਿਅਕਤੀਤਵ ਵਿਚ ਬਦਲਿਆ, ਜਿਸ ਦੀ ਝਲਕ ਵਾਰ-ਵਾਰ ਦੇਖਣ ਨੂੰ ਮਿਲਦੀ ਰਹੀ। ਅਪਣੇ ਨਾਨਕੇ ਘਰ ਜਨਮ ਲੈਣ ਵਾਲੀ ਸ਼ੀਲਾ ਤਿੰਨ ਭੈਣਾਂ 'ਚੋਂ ਸੱਭ ਤੋਂ ਵੱਡੀ ਸੀ। ਉਸ ਸਮੇਂ ਕਿਸੇ ਨੇ ਸੋਚਿਆ ਨਹੀਂ ਸੀ ਕਿ ਉਹ ਦਿੱਲੀ ਦੀ ਮੁੱਖ ਮੰਤਰੀ ਬਣੇਗੀ ਤੇ ਖ਼ੁਦ ਨੂੰ ਕੁਸ਼ਲ ਪ੍ਰਸ਼ਾਸਕ ਦੇ ਤੌਰ 'ਤੇ ਸਾਬਤ ਕਰੇਗੀ।

 ਦਿੱਲੀ ਰਹਿ ਰਹੇ ਸ਼ੀਲਾ ਦੇ ਮਾਮੇ ਦੇ ਪੁੱਤ ਭਰਾ ਸੰਦੀਪ ਪੁਰੀ ਨੇ ਦਸਿਆ ਕਿ ਦੀਦੀ ਦੇ ਚਲੇ ਜਾਣ ਨਾਲ ਪਰਵਾਰ ਤੇ ਦੇਸ਼ ਨੂੰ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹ ਸਾਰੇ ਪਰਵਾਰ ਤੇ ਰਿਸ਼ਤੇਦਾਰਾਂ ਨੂੰ ਬਹੁਤ ਪਿਆਰ ਨਾਲ ਮਿਲਦੇ ਸਨ। ਸ਼ੀਲਾ ਦੀ ਬਚਪਨ ਦੀ ਸਹੇਲੀ ਕਿਰਨ ਚੋਪੜਾ ਨੇ ਦਸਿਆ ਕਿ ਉਹ ਬਚਪਨ 'ਚ ਇਕੱਠੀਆਂ ਖੇਡਦੀਆਂ ਸਨ। ਸ਼ੀਲਾ ਦੀ ਛੋਟੀ ਭੈਣ ਪੰਮੀ ਦੇ ਪੋਤੇ ਦੇ ਜਨਮ ਦਿਨ 'ਤੇ ਉਹ ਸਾਰੀਆਂ ਇਕ ਮਹੀਨੇ ਤਕ ਇਕੱਠੀਆਂ ਰਹੀਆਂ ਸਨ। ਕੇਰਲ ਦੇ ਰਾਜਪਾਲ ਰਹਿਣ ਦੌਰਾਨ ਸਾਰੇ ਸ਼ੀਲਾ ਨਾਲ ਕਈ ਥਾਈਂ ਘੁੰਮਣ ਗਏ।