ਕਿਸਾਨੀ ਦੇ ਸੰਘਰਸ਼ਮਈ ਜੀਵਨ ਦਾ ਲੇਖਕ ਸੰਤ ਸਿੰਘ ਸੇਖੋਂ
ਸੰਤ ਸਿੰਘ ਸੇਖੋਂ ਪੰਜਾਬੀ ਦੇ ਇਕ ਨਾਟਕਕਾਰ, ਗਲਪ-ਲੇਖਕ ਅਤੇ ਖੋਜੀ ਆਲੋਚਕ ਸਨ। ਉਨ੍ਹਾਂ ਨੂੰ 1972 ਵਿਚ ਨਾਟਕ 'ਮਿੱਤਰ ਪਿਆਰਾ' ਲਈ ਸਾਹਿਤ ਅਕਾਦਮੀ
ਸੰਤ ਸਿੰਘ ਸੇਖੋਂ ਪੰਜਾਬੀ ਦੇ ਇਕ ਨਾਟਕਕਾਰ, ਗਲਪ-ਲੇਖਕ ਅਤੇ ਖੋਜੀ ਆਲੋਚਕ ਸਨ। ਉਨ੍ਹਾਂ ਨੂੰ 1972 ਵਿਚ ਨਾਟਕ 'ਮਿੱਤਰ ਪਿਆਰਾ' ਲਈ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। 1987 ਵਿਚ ਉਨ੍ਹਾਂ ਨੂੰ ਭਾਰਤ ਦਾ ਸੱਭ ਤੋਂ ਵੱਡਾ ਨਾਗਰਿਕ ਪੁਰਸਕਾਰ 'ਪਦਮਸ਼੍ਰੀ' ਦਿਤਾ ਗਿਆ। ਸੰਤ ਸਿੰਘ ਸੇਖੋਂ (30 ਮਈ 1908-7 ਅਕਤੂਬਰ 1997) ਦਾ ਜਨਮ ਸ. ਹੁਕਮ ਸਿੰਘ ਦੇ ਘਰ ਚੱਕ ਨੰਬਰ 70 ਫ਼ੈਸਲਾਬਾਦ ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਵਿਖੇ ਹੋਇਆ।
ਬੀਰ ਖ਼ਾਲਸਾ ਹਾਈ ਸਕੂਲ ਵਿਚੋਂ ਦਸਵੀਂ ਪਾਸ ਕਰ ਕੇ ਉਚੇਰੀ ਸਿਖਿਆ ਲਈ ਉਹ ਐਫ਼.ਸੀ. ਕਾਲਜ ਲਾਹੌਰ ਵਿਚ ਦਾਖ਼ਲ ਹੋ ਗਏ। ਫਿਰ ਉਨ੍ਹਾਂ ਅੰਗਰੇਜ਼ੀ ਅਤੇ ਅਰਥ-ਵਿਗਿਆਨ ਵਿਸ਼ਿਆਂ ਵਿਚ ਪੋਸਟ ਗ੍ਰੈਜੂਏਸ਼ਨ ਕੀਤੀ। ਵਿਦਿਆਰਥੀ ਜੀਵਨ 'ਚ ਹੀ ਉਨ੍ਹਾਂ ਦਾ ਵਿਆਹ, 1928 ਵਿਚ, ਬੀਬੀ ਗੁਰਚਰਨ ਕੌਰ ਨਾਲ ਹੋ ਗਿਆ, ਜਿਸ ਤੋਂ ਉਨ੍ਹਾਂ ਦੇ ਘਰ ਚਾਰ ਲੜਕੀਆਂ ਅਤੇ ਇਕ ਲੜਕੇ ਨੇ ਜਨਮ ਲਿਆ।
ਸੇਖੋਂ ਨੇ 1931 ਤੋਂ 1951 ਤਕ ਲਗਭਗ 20 ਸਾਲ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਅੰਗਰੇਜ਼ੀ ਦੇ ਅਧਿਆਪਕ ਦਾ ਕਾਰਜ-ਭਾਰ ਸੰਭਾਲਿਆ। ਇਸੇ ਦੌਰਾਨ 1937 ਤੋਂ 1940 ਤਕ ਉਨ੍ਹਾਂ ਨੇ 'ਨਾਰਦਰਨ ਰੀਵਿਊ' ਨਾਂ ਦਾ ਅੰਗਰੇਜ਼ੀ ਸਪਤਾਹਿਕ ਵੀ ਸਫ਼ਲਤਾ ਪੂਰਵਕ ਜਾਰੀ ਰਖਿਆ। 1953 ਤੋਂ 1961 ਤਕ ਉਹ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਗੁਰੂਸਰ ਸੁਧਾਰ (ਲੁਧਿਆਣਾ) ਵਿਖੇ ਅੰਗਰੇਜ਼ੀ ਦੇ ਲੈਕਚਰਾਰ ਰਹੇ। ਪਿਛੋਂ ਕੁੱਝ ਸਮਾਂ ਉਨ੍ਹਾਂ ਨੇ ਪ੍ਰਿੰਸੀਪਲੀ ਵੀ ਕੀਤੀ।
ਸੰਤ ਸਿੰਘ ਸੇਖੋਂ ਨੇ ਲੇਖਣੀ ਦੀ ਸ਼ੁਰੂਆਤ ਅੰਗਰੇਜ਼ੀ ਭਾਸ਼ਾ ਤੋਂ ਕੀਤੀ ਪਰ ਪ੍ਰਿੰਸੀਪਲ ਤੇਜਾ ਸਿੰਘ ਦੀ ਪ੍ਰੇਰਨਾ ਅਧੀਨ ਉਸ ਨੇ ਪੰਜਾਬੀ ਵਿਚ ਲਿਖਣਾ ਸ਼ੁਰੂ ਕਰ ਦਿਤਾ। ਉਸ ਦੀਆਂ ਸਾਹਿਤਕ ਕਿਰਤਾਂ ਦੀ ਸੂਚੀ ਬਹੁਤ ਲੰਮੀ ਹੈ, ਜਿਨ੍ਹਾਂ ਵਿਚ ਨਾਟਕ, ਇਕਾਂਗੀ, ਕਹਾਣੀਆਂ, ਨਾਵਲ, ਕਵਿਤਾ, ਨਿਬੰਧ, ਆਲੋਚਨਾ, ਸਵੈਜੀਵਨੀ ਅਤੇ ਅਨੁਵਾਦ ਆਦਿ ਸ਼ਾਮਲ ਹਨ। ਸਕੂਲ ਤੋਂ ਲੈ ਕੇ ਯੂਨੀਵਰਸਟੀ ਪੱਧਰ ਦੀਆਂ ਪਾਠ-ਪੁਸਤਕਾਂ 'ਚ ਉਸ ਦੀਆਂ ਰਚਨਾਵਾਂ ਪੜ੍ਹੀਆਂ-ਪੜ੍ਹਾਈਆਂ ਜਾਂਦੀਆਂ ਹਨ।
ਸਾਧਾਰਣ ਮਨੁੱਖ ਦੀ ਸਾਧਾਰਣਤਾ ਨੇ ਪ੍ਰੇਮੀ ਦੇ ਨਿਆਣੇ, ਇਕ ਯੋਧੇ ਦਾ ਚਲਾਣਾ, ਮੁੜ ਵਿਧਵਾ, ਮੀਂਹ ਜਾਵੋ ਹਨੇਰੀ ਜਾਵੋ ਵਰਗੀਆਂ ਰਚਨਾਵਾਂ ਨੂੰ ਪੰਜਾਬੀ ਕਹਾਣੀ 'ਚ ਕਲਾਸਿਕ ਹੋਣ ਦਾ ਮਾਣ ਪ੍ਰਾਪਤ ਹੈ। ਉਸ ਦਾ ਨਾਵਲ 'ਲਹੂ ਮਿੱਟੀ' ਨਿਮਨ ਮੱਧ ਸ਼੍ਰੇਣੀ ਦੇ ਪੰਜਾਬੀ ਕਿਸਾਨੀ ਪ੍ਰਵਾਰ ਦੇ ਸੰਘਰਸ਼ਮਈ ਜੀਵਨ ਦਾ ਦਸਤਾਵੇਜ਼ ਹੈ। ਸੇਖੋਂ ਦੇ ਨਾਟਕ, ਨਾਵਲ ਅਤੇ ਕਹਾਣੀਆਂ ਇਸ ਧਾਰਣਾ ਉੱਤੇ ਮੋਹਰ ਲਾਉਂਦੇ ਹਨ।
ਮਹਾਰਾਜਾ ਰਣਜੀਤ ਸਿੰਘ, ਬਾਬਾ ਬੰਦਾ ਬਹਾਦਰ, ਕਾਰਲ ਮਾਰਕਸ ਅਤੇ ਅਬਰਾਹਮ ਲਿੰਕਨ ਇਨ੍ਹਾਂ ਪੁਰਖਿਆਂ ਦਾ ਸੁਪਨਈ ਸਰੂਪ ਸਨ। ਉਸ ਦੀ ਸੋਚ ਪਛਮੀ ਅਤੇ ਉਦਾਰ ਸੀ। 1937 ਵਿਚ ਉਨ੍ਹਾਂ ਨੇ 'ਨਾਰਦਰਨ ਰੀਵਿਊ' ਨਾਂ ਦਾ ਇਕ ਰਸਾਲਾ ਵੀ ਕਢਿਆ ਸੀ ਜਿਸ ਵਿਚ ਅਪਣੀਆਂ ਅੰਗਰੇਜ਼ੀ ਰਚਨਾਵਾਂ ਛਾਪੀਆਂ। ਉਨ੍ਹਾਂ ਨੂੰ ਅਮਰੀਕਾ, ਕੈਨੇਡਾ ਤੇ ਇੰਗਲੈਂਡ ਦੀਆਂ ਸਾਹਿਤਕ ਸੰਸਥਾਵਾਂ ਨੇ ਅਪਣੇ ਖ਼ਰਚ ਉੱਤੇ ਸੱਦਿਆ ਤੇ ਨਿਵਾਜਿਆ। 1958 ਵਿਚ ਉਹ ਐਫ਼ਰੋ-ਏਸ਼ੀਅਨ ਰਾਈਟਰਜ਼ ਵਲੋਂ ਸੋਵੀਅਤ ਯੂਨੀਅਨ ਵੀ ਗਿਆ।
'ਲਹੂ ਮਿੱਟੀ' ਪੰਜਾਬੀ ਦਾ ਪਹਿਲਾ ਨਾਵਲ ਹੈ ਜਿਹੜਾ ਗ਼ਰੀਬ ਕਿਸਾਨ ਵਲੋਂ ਅਪਣਾ ਘਰ-ਘਾਟ ਛੱਡ ਕੇ ਵਧੇਰੇ ਜ਼ਮੀਨ ਦੀ ਹੋੜ ਵਿਚ ਗੋਰੀ ਸਰਕਾਰ ਵਲੋਂ ਵਸਾਈਆਂ ਬਾਰਾਂ ਵਿਚ ਰਹਿਣ ਤੁਰ ਜਾਂਦਾ ਹੈ। ਨਾਇਕ ਦੇ ਮਾਤਾ-ਪਿਤਾ ਖ਼ੁਦ ਅਨਪੜ੍ਹ ਅਤੇ ਗ਼ਰੀਬ ਹੋਣ ਕਾਰਨ ਅਪਣੇ ਪੁੱਤਰ ਨੂੰ ਸਕੂਲ ਕਾਲਜ ਤੋਂ ਵੀ ਉਚੇਰੀ ਵਿਦਿਆ ਦਿਵਾਉਂਦੇ ਅਪਣੀ ਜੱਦੀ ਭੌਂ ਤੋਂ ਵਾਂਝੇ ਹੋ ਜਾਂਦੇ ਹਨ ਅਤੇ ਨਹਿਰੀ ਬਸਤੀਆਂ ਦੇ ਵਸਨੀਕ ਹੋ ਕੇ ਇਹ ਧੋਣਾ ਧੋਣ ਦੀ ਓਹੜ-ਪੋਹੜ ਵਿਚ ਸੰਘਰਸ਼ ਕਰਦੇ ਵਿਖਾਏ ਗਏ ਹਨ।
'ਬਾਬਾ ਆਸਮਾਨ' ਦਾ ਨਾਇਕ ਸੇਵਾ ਸਿੰਘ ਵੀ ਨਵੀਆਂ ਚਰਾਂਦਾਂ ਦੀ ਭਾਲ ਵਿਚ ਸ਼ੰਘਾਈ ਰਾਹੀਂ ਅਮਰੀਕਾ ਜਾ ਕੇ ਮਜ਼ਦੂਰੀ ਕਰਨ ਲਗਦਾ ਹੈ ਤਾਂ ਗ਼ਦਰ ਪਾਰਟੀ ਦਾ ਮੈਂਬਰ ਬਣ ਕੇ ਵਾਪਸ ਲੁਦੇਹਾਣਾ ਵਾਲੇ ਜੱਦੀ ਪਿੰਡ ਰਹਿਣ ਲਗਦਾ ਹੈ। ਉਹ ਇਥੇ ਆ ਕੇ ਖ਼ੁਸ਼ ਤਾਂ ਨਹੀਂ, ਪਰ ਉਸ ਕੋਲ ਹੋਰ ਚਾਰਾ ਵੀ ਕੋਈ ਨਹੀਂ। ਲੇਖਕ ਦੀ ਸਵੈ-ਜੀਵਨੀ ਦੀ ਝਲਕ ਵਾਲੇ ਇਹ ਨਾਵਲ ਏਨੇ ਮਕਬੂਲ ਨਹੀਂ ਹੋਏ, ਜਿੰਨੀ ਉਸ ਦੀ ਚਾਹਨਾ ਸੀ।