... ਤੇ ਜਦੋਂ ਅਸੀਂ ਅੱਤਵਾਦੀ ਬਣਦੇ-ਬਣਦੇ ਮਸਾਂ ਬਚੇ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਅਸੀ ਮੋਹਰਲੀਆਂ ਬੈਚਾਂ ਤੇ ਬੈਠਣ ਵਾਲੇ ਵਿਦਿਆਰਥੀ ਸੀ

Arrested

31 ਜੁਲਾਈ 1987 ਦਾ ਦਿਨ ਸੀ। ਉਸ ਦਿਨ ਜਲੰਧਰ ਸਿਨੇਮਾ ਵਿਚ ਨਵਾਂ-ਨਵਾਂ ਬੰਬ ਕਾਂਡ ਹੋਇਆ ਸੀ। ਮੈਂ ਹਰ ਰੋਜ਼ ਦੀ ਤਰ੍ਹਾਂ ਅਪਣੇ ਅਪਣੇ ਜ਼ਿਲ੍ਹੇ ਬੰਗਾ ਤੋਂ ਬੱਸ ਰਾਹੀਂ ਜਲੰਧਰ ਲਾਇਲਪੁਰ ਖ਼ਾਲਸਾ ਕਾਲਜ ਪਹੁੰਚਿਆ ਸੀ। ਉਸ ਦਿਨ ਮੇਰਾ ਪੰਜਾਬੀ ਐਮ.ਏ. ਫ਼ਾਈਨਲ ਵਿਸ਼ੇ ਦਾ ਪੇਪਰ ਸੀ। ਪੇਪਰ ਸ਼ਾਮ ਨੂੰ 5 ਵਜੇ ਖ਼ਤਮ ਹੋਇਆ। ਪੇਪਰ ਖ਼ਤਮ ਹੋਣ ਤੋਂ ਬਾਅਦ ਮੈਂ ਕਮਰੇ ਵਿਚੋਂ ਬਾਹਰ ਨਿਕਲਿਆ ਤਾਂ ਮੇਰੇ ਨਾਲ ਹੀ ਮੇਰੇ ਸਾਥੀ ਤੇਗਾ ਸਿੰਘ ਸੰਧੂ ਤੇ ਮਨਜੀਤ ਸਿੰਘ ਨਿਕਲੇ। ਸਾਡੀ ਤਿੰਨਾਂ ਦੀ ਬੜੀ ਗੂੜ੍ਹੀ ਦੋਸਤੀ ਸੀ। ਅਸੀ ਤਿੰਨੋਂ ਹੀ ਲਾਇਲਪੁਰ ਖ਼ਾਲਸਾ ਕਾਲਜ ਤੋਂ ਬੱਸ ਸਟੈਂਡ ਤਕ ਪੈਦਲ ਹੀ ਜਾਂਦੇ ਹੁੰਦੇ ਸੀ ਤੇ ਅਪਣੇ-ਅਪਣੇ ਟਿਕਾਣੇ ਪਹੁੰਚਣ ਲਈ ਬਸਾਂ ਵਿਚ ਸਵਾਰ ਹੋ ਜਾਂਦੇ। ਪਰ ਅੱਜ ਮਨਜੀਤ ਸਿੰਘ ਕਾਲਜ ਦੇ ਸਕੂਟਰ ਸਟੈਂਡ ਵਲ ਨੂੰ ਮੁੜਨ ਲਗਿਆਂ ਸਾਨੂੰ ਕਹਿਣ ਲੱਗਾ ਇਕ ਮਿੰਟ ਰੁਕੋ ਮੈਂ ਹੁਣੇ ਆਉਂਦਾ ਹਾਂ। ਥੋੜੀ ਦੇਰ ਬਾਅਦ ਵੇਖਿਆ ਕਿ ਉਹ ਬਿਨਾਂ ਨੰਬਰੀ ਨਵਾਂ ਸਕੂਟਰ ਲੈ ਕੇ ਆ ਗਿਆ ਤੇ ਕਹਿੰਦਾ ਅਜੇ ਕੱਲ ਹੀ ਲਿਆ ਹੈ।

ਅਸੀ ਕਿਹਾ ਕਿ ਫਿਰ ਤਾਂ ਪਾਰਟੀ ਬਣਦੀ ਹੈ। ਉਹ ਕਹਿੰਦਾ ਕਿ ਚਲੋ ਫਿਰ ਕਿਸੇ ਹੋਟਲ ਤੇ ਚਲਦੇ ਹਾਂ ਤੇ ਨਾਲੇ ਅੱਜ ਅਪਣਾ ਕਾਲਜ ਦਾ ਵੀ ਆਖ਼ਰੀ ਦਿਨ ਹੈ ਫਿਰ ਕਦੇ ਮੁਲਾਕਾਤ ਹੋਵੇ ਨਾ ਹੋਵੇ, ਕੀ ਪਤਾ। ਏਨਾ ਕਹਿੰਦੇ ਹੋਏ ਉਸ ਨੇ ਸਾਨੂੰ ਦੋਹਾਂ ਨੂੰ ਵੀ ਅਪਣੇ ਸਕੂਟਰ ਤੇ ਬਿਠਾ ਲਿਆ ਤੇ ਕਾਲਜ ਤੋਂ ਬੱਸ ਸਟੈਂਡ ਵਲ ਨੂੰ ਚਲ ਪਏ। ਜਦੋਂ ਅਸੀ ਰੇਲਵੇ ਕਰਾਸਿੰਗ ਕੋਲ ਪੁੱਜੇ ਤਾਂ ਸਾਨੂੰ ਪੁਲਿਸ ਵਲੋਂ ਲਗਾਏ ਨਾਕੇ ਤੇ ਰੋਕ ਲਿਆ। ਤਿੰਨ ਚਾਰ ਪੁਲਿਸ ਵਾਲੇ ਸਾਡੇ ਕੋਲ ਆਏ ਤੇ ਸਾਡੀਆ ਪਿੱਠਾਂ ਤੇ ਰਾਈਫ਼ਲਾਂ ਲਗਾ ਕੇ ਸਾਨੂੰ ਧਕਦੇ ਹੋਏ ਥਾਣੇ ਅੰਦਰ ਲੈ ਗਏ। ਅਸੀ ਉਨ੍ਹਾਂ ਨੂੰ ਪੁਛਿਆ ਕਿ ''ਸਾਡਾ ਕਸੂਰ ਕੀ ਹੈ?'' ਉਹ ਕਹਿਣ ਲੱਗੇ ਕਿ ''ਕੀ ਪਤੈ ਸਿਨੇਮੇ ਵਿਚ ਬੰਬ ਤੁਸੀ ਹੀ ਰਖਿਆ ਸੀ।'' ਇੰਨਾ ਸੁਣਦੇ ਸਾਰ ਹੀ ਸਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਨ੍ਹਾਂ ਨੇ ਸਾਨੂੰ ਇਕ ਤੰਗ ਜਹੇ ਸੀਖਾਂ ਵਾਲੇ ਕਮਰੇ ਵਿਚ ਬੰਦ ਕਰ ਦਿਤਾ। ਗਰਮੀ ਦਾ ਮੌਸਮ ਹੋਣ ਕਾਰਨ ਸਾਡੇ ਪਸੀਨੇ ਛੁੱਟ ਰਹੇ ਸਨ, ਗਰਮੀ ਨਾਲ ਸਾਡੇ ਸਾਰੇ ਕਪੜੇ ਭਿੱਜ ਗਏ। ਕਾਫ਼ੀ ਸਮਾਂ ਬੀਤ ਗਿਆ ਸਾਡੀ ਕੋਈ ਵੀ ਸੁਣਵਾਈ ਨਹੀਂ ਸੀ ਹੋ ਰਹੀ ਸੀ।

ਥਾਣੇ ਦੇ ਨਾਲ ਹੀ ਪਿਛਲੇ ਪਾਸੇ ਲਾਇਲਪੁਰ ਖ਼ਾਲਸਾ ਕਾਲਜ ਦੇ ਪ੍ਰੋਫ਼ੈਸਰਾਂ ਦੀ ਰਿਹਾਇਸ਼ ਸੀ। ਉਨ੍ਹਾਂ ਹੀ ਰਿਹਾਇਸ਼ਾਂ ਵਿਚ ਸਾਡੇ ਹੈੱਡ ਆਫ਼ ਦੀ ਡਿਪਾਰਟਮੈਂਟ ਪ੍ਰੋ. ਨਰੰਜਣ ਸਿੰਘ ਢੇਸੀ ਰਹਿੰਦੇ ਸਨ। ਪ੍ਰੋ. ਨਰੰਜਣ ਸਿੰਘ ਢੇਸੀ ਸਿਖਿਆ ਤੇ ਸਮਾਜ ਸੇਵਾ ਵਿਚ ਇਕ ਜਾਣਿਆ ਪਛਾਣਿਆ ਨਾਂ ਸੀ ਤੇ ਉਹ ਅਥਾਹ ਗਿਆਨ ਦੇ ਮਾਲਕ ਸਨ ਤੇ ਸਾਡੇ ਤਿੰਨਾਂ ਨਾਲ ਉਨ੍ਹਾਂ ਦਾ ਬੜਾ ਮੋਹ ਸੀ। ਅਸੀ ਮੋਹਰਲੀਆਂ ਬੈਚਾਂ ਤੇ ਬੈਠਣ ਵਾਲੇ ਵਿਦਿਆਰਥੀ ਸੀ। ਮੈਨੂੰ ਇਕ ਵਾਰ ਉਨ੍ਹਾਂ ਦੇ ਘਰ ਜਾਣ ਦਾ ਮੌਕਾ ਮਿਲਿਆ ਸੀ। ਮੈਂ ਇਕ ਪੇਪਰ ਤੇ ਉਨ੍ਹਾਂ ਦੇ ਐਡਰੈੱਸ ਤੇ ਅਪਣੇ ਤਿੰਨਾਂ ਦੇ ਨਾਂ ਲਿਖ ਕੇ ਉਥੇ ਆਏ ਇਕ ਚਾਹ ਵਾਲੇ ਨੂੰ ਦਿਤੇ ਕਿ ਇਹ ਪੇਪਰ ਇਸ ਐਡਰੈਸ ਉਤੇ ਦੇ ਕੇ ਆਵੀਂ ਤੇ ਪੈਸੇ ਤੂੰ ਰੱਖ ਲਈ। ਉਸ ਨੇ ਸਾਡੇ ਤੋਂ 100 ਰੁਪਏ ਫੜਿਆ ਤੇ ਚਲਾ ਗਿਆ। ਮੈਨੂੰ ਪਤਾ ਸੀ ਕਿ ਜਦੋਂ ਇਹ ਚਿੱਠੀ ਉਨ੍ਹਾਂ ਤਕ ਪੁੱਜੇਗੀ ਤਾਂ ਉਹ ਤੁਰਤ ਸਾਨੂੰ ਰਿਹਾਅ ਕਰਵਾਉਣ ਆ ਜਾਣਗੇ।

ਬੜੀ ਦੇਰ ਉਸ ਚਾਹ ਵਾਲੇ ਦਾ ਇੰਤਜ਼ਾਰ ਕਰਦੇ ਰਹੇ ਪਰ ਨਾ ਹੀ ਉਹ ਆਇਆ ਨਾ ਤੇ ਨਾ ਹੀ ਪ੍ਰੋ. ਸਾਹਬ ਸਾਨੂੰ ਛੁਡਾਉਣ ਆਏ। ਹਨੇਰਾ ਹੋ ਰਿਹਾ ਸੀ, ਮੈਨੂੰ ਸੀਖਾਂ ਵਾਲੀ ਤੰਗ ਕੋਠੜੀ ਵਿਚ ਬੈਠਿਆਂ 1984 ਦੀ ਯਾਦ ਆਉਣ ਲੱਗੀ ਕਿ ਕਿਵੇਂ ਪੁਲਿਸ ਵਲੋਂ ਫ਼ਰਜ਼ੀ ਮੁਕਾਬਲੇ ਬਣਾ ਕੇ ਨੌਜੁਆਨਾਂ ਨੂੰ ਅਤਿਵਾਦੀ ਐਲਾਨ ਦਿਤਾ ਜਾਂਦਾ ਸੀ। ਮੇਰਾ ਡਰਦੇ ਦਾ ਪਸੀਨੇ ਨਾਲ ਹੋਰ ਵੀ ਬੁਰਾ ਹਾਲ ਸੀ। ਏਨੀ ਦੇਰ ਨੂੰ ਪੁਲਿਸ ਦੇ ਇਕ ਸਿਪਾਹੀ ਨੇ ਆਵਾਜ਼ ਮਾਰੀ ਕਿ ਬਾਹਰ ਆ ਕੇ ਲਾਈਨ ਵਿਚ ਲੱਗ ਜਾਉ। ਅਸੀ ਤਿੰਨੇ ਜਣੇ ਵੀ ਲਾਈਨ ਵਿਚ ਲਗ ਗਏ। ਉਸੇ ਵਕਤ ਥਾਣੇ ਅੰਦਰ ਇਕ ਪੁਲਿਸ ਅਫ਼ਸਰ ਚਾਰ ਪੰਜ ਸੁਰੱਖਿਆ ਕਰਮਚਾਰੀਆਂ ਨਾਲ ਬੜੀ ਤੇਜ਼ ਗਤੀ ਨਾਲ ਦਾਖ਼ਲ ਹੋਇਆ। ਉਸ ਦੇ ਇਕ ਸੁਰੱਖਿਆ ਕਰਮਚਾਰੀ ਦੀ ਨਜ਼ਰ ਲਾਈਨ ਵਿਚ ਖੜੇ ਮਨਜੀਤ ਸਿੰਘ ਤੇ ਪੈ ਗਈ। ਉਹ ਸਾਡੇ ਕੋਲ ਆ ਕੇ ਕਹਿੰਦਾ ਕਿ ''ਮਨਜੀਤ ਸਿੰਘ ਤੂੰ ਇਥੇ ਕਿਵੇਂ ਖੜਾ ਏਂ?'' ਅਸੀ ਤਿੰਨਾਂ ਨੇ ਅਪਣੀ ਸਾਰੀ ਕਹਾਣੀ ਉਸ ਨੂੰ ਦੱਸੀ। ਉਸ ਨੇ ਸਾਨੂੰ ਹੌਂਸਲਾ ਦਿੰਦੇ ਹੋਏ ਕਿਹਾ ਕਿ ''ਕੋਈ ਫ਼ਿਕਰ ਨਾ ਕਰ। ਉਸ ਨੇ ਅਪਣੀ ਜੇਬ ਵਿਚੋਂ ਇਕ ਪੇਪਰ ਕਢਿਆ ਤੇ ਅਪਣਾ ਪੁਲਿਸ ਲਾਈਨ ਦਾ ਪਤਾ ਲਿਖ ਦਿਤਾ ਤੇ ਕਿਹਾ ਕਿ ਹੁਣ ਤੁਹਾਨੂੰ ਹਨੇਰਾ ਹੋ ਗਿਆ ਹੈ, ਤੁਸੀ ਮੇਰੇ ਕੁਆਟਰ ਤੇ ਆ ਜਾਇਉ।

''ਸਾਨੂੰ ਹੌਸਲਾ ਬੱਝ ਗਿਆ। ਥੋੜੀ ਦੇਰ ਬਾਅਦ ਉਹ ਪੁਲਿਸ ਅਫ਼ਸਰ ਥਾਣੇਦਾਰ ਦੇ ਕਮਰੇ ਵਿਚੋਂ ਬੜੀ ਤੇਜ਼ ਗਤੀ ਨਾਲ ਨਿਕਲਿਆ। ਅਜੇ ਅਪਣੀ ਲਾਲ ਬੱਤੀ ਵਾਲੀ ਕਾਰ ਵਲ ਨੂੰ ਜਾ ਹੀ ਰਿਹਾ ਸੀ ਤਾਂ ਉਸੇ ਸੁਰੱਖਿਆ ਕਰਮਚਾਰੀ ਨੇ ਜਲਦੀ ਨੇੜੇ ਜਾ ਕੇ ਉਨ੍ਹਾਂ ਨੂੰ ਕੁੱਝ ਕਿਹਾ ਤਾਂ ਉਹ ਅਫ਼ਸਰ ਉਸੇ ਵਕਤ ਵਾਪਸ ਥਾਣੇਦਾਰ ਦੇ ਕਮਰੇ ਵਿਚ ਜਾ ਕੇ ਫਿਰ ਜਲਦੀ ਹੀ ਵਾਪਸ ਆ ਗਿਆ। ਸੁਰੱਖਿਆ ਕਮਰਚਾਰੀ ਮਨਜੀਤ ਸਿੰਘ ਦੇ ਦੋਸਤ ਨੇ ਸਾਨੂੰ ਇਸ਼ਾਰਾ ਕਰ ਕੇ ਕਿਹਾ ਕਿ ਕੰਮ ਹੋ ਗਿਆ ਹੈ। ਅਸੀ ਇਕ ਪੁਲਿਸ ਵਾਲੇ ਤੋਂ ਪੁਛਿਆ ਕਿ ''ਅਸੀ ਥਾਣੇਦਾਰ ਸਾਹਬ ਨੂੰ ਮਿਲਣਾ ਹੈ।'' ਉਸ ਨੇ ਸਾਨੂੰ ਅੰਦਰ ਭੇਜ ਦਿਤਾ।

ਅਸੀ ਅੰਦਰ ਵੜਦਿਆਂ ਹੀ ਥਾਣੇਦਾਰ ਸਾਹਬ ਨੂੰ ਸਤਿ ਸ੍ਰੀ ਅਕਾਲ ਬੁਲਾਈ। ''ਉਏ ਤੁਸੀ ਹੀ ਹੋ ਜਿਹੜੇ ਤਿੰਨ ਜਣੇ ਫੜ ਕੇ ਲਿਆਂਦੇ ਗਏ ਸੀ?'' ਅਸੀ ਕਿਹਾ, ''ਜੀ ਸਰ।'' ਥਾਣੇਦਾਰ ਨੇ ਅਪਣਾ ਰੋਹਬ ਝਾੜਦੇ ਹੋਏ ਨੇ ਕਿਹਾ ਕਿ ''ਤੁਹਾਨੂੰ ਨੀ ਪਤਾ ਟ੍ਰਿਪਲ ਸਵਾਰੀ ਬੰਦ ਹੈ?'' ਅਸੀ ਇਸ ਦੀ ਜਾਣਕਾਰੀ ਨਾ ਹੋਣ ਬਾਰੇ ਕਿਹਾ ਤੇ ਦਸਿਆ ਕਿ ਅਸੀ ਤਾਂ ਸਰ ਲਾਇਲਪੁਰ ਖ਼ਾਲਸਾ ਕਾਲਜ ਦੇ ਵਿਦਿਆਰਥੀ ਹਾਂ। ''ਚਲੋ ਭੱਜੋ ਅਗਿਉਂ ਗ਼ਲਤੀ ਨਾ ਕਰਿਉ।'' ਫਿਰ ਉਨ੍ਹਾਂ ਨੇ ਟੇਬਲ ਬੈੱਲ ਦਾ ਬਟਨ ਦਬਾਇਆ ਤੇ ਕਰਮਚਾਰੀ ਨੂੰ ਸਾਡਾ ਸਮਾਨ ਤੇ ਸਕੂਟਰ ਦੇਣ ਲਈ ਕਿਹਾ। ਅਸੀ ਸਕੂਟਰ ਲੈ ਕੇ ਮਨਜੀਤ ਸਿੰਘ ਦੇ ਦੋਸਤ ਨੂੰ ਲਭਿਆ। ਉਨ੍ਹਾਂ ਨੇ ਸਾਨੂੰ ਰੋਟੀ ਪਾਣੀ ਖੁਆਇਆ ਤੇ ਸਾਨੂੰ ਰਾਤ ਅਪਣੇ ਕੋਲ ਹੀ ਰਖਿਆ। ਦੂਜੇ ਦਿਨ ਸਵੇਰੇ ਹੀ ਅਸੀ ਉਨ੍ਹਾਂ ਦਾ ਧਨਵਾਦ ਕਰ ਕੇ ਅਪਣੇ-ਅਪਣੇ ਘਰਾਂ ਨੂੰ ਰਵਾਨਾ ਹੋਏ।
                                                           ਨਰਿੰਦਰ ਮਾਹੀ ,ਸੰਪਰਕ : 9478476769