ਬਾਬੇ ਨਾਨਕ ਦੇ ਆਗਮਨ ਪੁਰਬ ਦੀਆਂ ਵਧਾਈਆਂ ਉਨ੍ਹਾਂ ਨੂੰ ਜਿਨ੍ਹਾਂ ਨੂੰ ਬਾਬੇ ਨਾਨਕ ਦੇ ਸੰਦੇਸ਼ ਉਤੇ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਨਿਰਾ ਸੰਗਮਰਮਰ ਥੱਪ ਦੇਣ ਨਾਲ ਕੋਈ ਸਥਾਨ ਗੁਰਦਵਾਰਾ ਨਹੀਂ ਬਣ ਜਾਂਦਾ ਜਾਂ ਰੱਬ ਦਾ ਘਰ ਨਹੀਂ ਬਣ ਜਾਂਦਾ। ਜਿਸ ਬਾਬੇ ਨਾਨਕ ਨੇ ਅਪਣੇ ਜੀਵਨ ਵਿਚ ਇਕ ਵੀ ਗੁਰਦਵਾਰਾ ...

Ek Onkar

ਨਿਰਾ ਸੰਗਮਰਮਰ ਥੱਪ ਦੇਣ ਨਾਲ ਕੋਈ ਸਥਾਨ ਗੁਰਦਵਾਰਾ ਨਹੀਂ ਬਣ ਜਾਂਦਾ ਜਾਂ ਰੱਬ ਦਾ ਘਰ ਨਹੀਂ ਬਣ ਜਾਂਦਾ। ਜਿਸ ਬਾਬੇ ਨਾਨਕ ਨੇ ਅਪਣੇ ਜੀਵਨ ਵਿਚ ਇਕ ਵੀ ਗੁਰਦਵਾਰਾ ਸਥਾਪਤ ਨਾ ਕੀਤਾ, ਅੱਜ ਉਸ ਦੇ ਸਿੱਖ ਚੱਪੇ-ਚੱਪੇ ਤੇ ਬਾਬੇ ਨਾਨਕ ਦੀ ਸੋਚ ਦੇ ਉਲਟ ਜਾ ਕੇ, ਜਾਤ-ਪਾਤ ਦੇ ਅਧਾਰ ਤੇ ਗੁਰੂ ਘਰ ਬਣਾਈ ਚਲੇ ਜਾਂਦੇ ਹਨ ਤੇ ਦਾਅਵਾ ਕਰਦੇ ਹਨ ਕਿ ਇਹ ਜਾਤ-ਅਸਥਾਨ ਪਵਿੱਤਰ ਥਾਂ ਹੈ।

ਬਾਬਾ ਨਾਨਕ ਨੇ ਚੋਲਾ ਨਹੀਂ ਪਾਇਆ ਸੀ ਅਤੇ ਨਾ ਹੀ ਖ਼ੁਦ ਨੂੰ ਮੱਥੇ ਟਿਕਵਾਏ ਸਨ, ਪਰ ਅੱਜ ਹਰ ਧਾਰਮਕ ਆਗੂ ਅਪਣੇ ਆਪ ਨੂੰ ਜਥੇਦਾਰ ਅਖਵਾਉਂਦਾ ਹੈ, ਚੋਲਾ ਪਾਈ ਫਿਰਦਾ ਹੈ (ਤਾਕਿ ਲੋਕਾਂ ਨੂੰ ਉਹ ਧਾਰਮਕ ਆਗੂ ਲੱਗੇ) ਅਤੇ ਮੱਥੇ ਟਿਕਵਾਉਂਦਾ ਹੈ। ਇਨ੍ਹਾਂ ਵਿਚੋਂ ਕਈ ਤਾਂ ਡੇਰੇ ਚਲਾਉਂਦੇ ਹਨ ਅਤੇ ਅਪਣੇ ਆਪ ਨੂੰ ਗੁਰੂ ਅਖਵਾਉਂਦੇ ਹਨ। ਇਸੇ ਪਖੰਡ ਵਾਲੀ ਸੋਚ ਤੋਂ ਮੁਕਤੀ ਦਿਵਾਉਣ ਵਾਸਤੇ ਬਾਬਾ ਨਾਨਕ 549 ਸਾਲ ਪਹਿਲਾਂ ਆਏ ਸਨ।

ਰੱਬ ਨਾਲ ਉਨ੍ਹਾਂ ਦਾ ਬੜਾ ਤਾਕਤਵਰ ਰਿਸ਼ਤਾ ਰਿਹਾ ਹੋਵੇਗਾ ਕਿ ਉਨ੍ਹਾਂ ਉਸ ਵੇਲੇ ਦੀ ਪ੍ਰਚਲਤ ਸੋਚ ਦੀ ਖ਼ਿਲਾਫ਼ਤ ਕਰਦੇ ਹੋਏ ਇਕ ਅਜਿਹੀ ਸੋਚ ਦੇਣ ਦੀ ਹਿੰਮਤ ਕੀਤੀ ਜੋ ਕਿਸੇ ਨੇ ਕਦੇ ਪਹਿਲਾਂ ਨਹੀਂ ਕੀਤੀ ਹੋਵੇਗੀ। ਰਸਮਾਂ ਰੀਤਾਂ ਤੋਂ ਆਜ਼ਾਦ ਕਰ ਕੇ ਮਨੁੱਖਾਂ ਨੂੰ ਅਪਣੇ ਅੰਦਰ ਵਸਦੀ ਰੱਬ ਵਲੋਂ ਬਖ਼ਸ਼ੀ ਤਾਕਤ ਨਾਲ ਮੇਲ ਕਰਵਾਇਆ। ਇਕ ਸਾਦਗੀ ਦਾ ਰਸਤਾ ਵਿਖਾਇਆ ਜੋ ਦੁਨੀਆਂ ਵਿਚ ਫੈਲਿਆ ਹੁੰਦਾ ਤਾਂ ਮਨੁੱਖ ਅਪਣੀ ਅੰਦਰੂਨੀ ਤਾਕਤ ਦੇ ਸਹਾਰੇ ਰੱਬ ਨਾਲ ਨਾਲ ਗੂੜ੍ਹੇ ਰਿਸ਼ਤੇ ਵਿਚ ਜੁੜਿਆ ਹੁੰਦਾ।

ਅਫ਼ਸੋਸ ਕਿ ਸਿੱਖ ਦੁਨੀਆਂ ਵਿਚ ਤਾਂ ਬਾਬੇ ਨਾਨਕ ਦਾ ਸੰਦੇਸ਼ ਫੈਲਾ ਨਹੀਂ ਸਕੇ ਪਰ ਅਪਣੇ ਆਪ ਨੂੰ 'ਸਿੱਖ' ਅਖਵਾਉਣ ਵਾਲੇ ਵੀ ਬਾਬੇ ਨਾਨਕ ਦੇ ਫ਼ਲਸਫ਼ੇ ਤੋਂ ਬਹੁਤ ਦੂਰ ਚਲੇ ਗਏ ਹਨ। ਸਾਰੀਆਂ ਰਸਮਾਂ, ਰੀਤਾਂ ਨੂੰ ਭੰਨਣ ਤੋੜਨ ਵਾਲੇ ਬਾਬੇ ਨਾਨਕ ਦੇ ਘਰ ਵਿਚ ਹੀ ਸੱਭ ਤੋਂ ਵੱਧ ਰਸਮਾਂ ਚਲ ਰਹੀਆਂ ਹਨ। ਉਨ੍ਹਾਂ ਦੀ ਬਾਣੀ ਨੂੰ ਅਪਣੇ ਜੀਵਨ ਦਾ ਆਧਾਰ ਬਣਾਉਣ ਦੀ ਬਜਾਏ ਰੁਮਾਲਿਆਂ ਵਿਚ ਲਪੇਟ ਦਿਤਾ ਗਿਆ ਹੈ ਅਤੇ ਹਰ ਉਹ ਅਮਲ ਕੀਤਾ ਜਾ ਰਿਹਾ ਹੈ ਜੋ ਬਾਬਾ ਨਾਨਕ ਦੀ ਸੋਚ ਦੇ ਵਿਰੁਧ ਜਾਂਦਾ ਹੈ।

ਬਾਬੇ ਨਾਨਕ ਨੇ ਦਸਵੰਧ ਦੀ ਪ੍ਰਥਾ ਸ਼ੁਰੂ ਕੀਤੀ ਤਾਕਿ ਲੋੜਵੰਦ ਦੀ ਮਦਦ ਆਰਾਮ ਨਾਲ ਹੁੰਦੀ ਰਹੇ। ਸਿੱਖ ਦਸਵੰਧ ਦੀ ਤਾਕਤ ਸਮਝਦੇ ਤਾਂ '84 ਦੀਆਂ ਪੀੜਤ ਵਿਧਵਾਵਾਂ, ਘਰਾਂ ਵਿਚ ਜੂਠੇ ਭਾਂਡੇ ਮਾਂਜ ਕੇ ਅਪਣੇ ਬੱਚੇ ਪਾਲਣ ਲਈ ਮਜਬੂਰ ਨਾ ਹੁੰਦੀਆਂ। ਅਫ਼ਸੋਸ ਬਾਬੇ ਨਾਨਕ ਦੀ ਬਾਣੀ ਦੇ ਖ਼ਜ਼ਾਨੇ ਨੂੰ ਬਹੁਤ ਘੱਟ ਲੋਕ ਸਮਝ ਸਕੇ ਹਨ। ਕਦੇ ਨਾ ਕਦੇ ਤਾਂ ਧੁੰਦ ਹਟੇਗੀ ਹੀ ਅਤੇ ਬਾਬੇ ਨਾਨਕ ਦੀ ਬਾਣੀ ਇਨਸਾਨੀਅਤ ਦਾ ਚਾਨਣ ਸੱਭ ਪਾਸੇ ਬਿਖੇਰੇਗੀ।

ਬਾਬੇ ਨਾਨਕ ਦਾ ਫ਼ਲਸਫ਼ਾ ਸਿੱਖ ਕੌਮ ਦੀ ਅਮਾਨਤ ਹੈ, ਪਰ ਉਨ੍ਹਾਂ ਦੀ ਜਾਗੀਰ ਨਹੀਂ। ਬਾਬੇ ਨਾਨਕ ਦੀ ਸੋਚ ਤਾਂ ਮਨੁੱਖਾਂ ਵਿਚ ਇਨਸਾਨੀਅਤ ਦਾ ਦੀਵਾ ਬਾਲਣ ਦਾ ਸੱਚਾ, ਸਾਦਾ ਅਤੇ ਆਸਾਨ ਤਰੀਕਾ ਹੈ। ਬਾਬੇ ਨਾਨਕ ਦੇ ਜਨਮ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ।