ਸਰਕਾਰੀ ਅਧਿਆਪਕਾਂ ਲਈ ਰਾਹ ਦਸੇਰਾ ਬਣੀ ਸੁਖਬੀਰ ਕੌਰ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਅਪਣੀ ਹਿੰਮਤ ਅਤੇ ਹੌਸਲੇ ਨਾਲ ਬਦਲੀ ਸਰਕਾਰੀ ਸਕੂਲ ਦੀ ਨੁਹਾਰ

E.T.T. Teacher Sukhbir Kaur

ਜੇ ਕਰ ਇਨਸਾਨ ਦਿਲ ਤੋਂ ਠਾਣ ਲਵੇ ਕਿ ਉਸ ਨੇ ਕੋਈ ਕੰਮ ਕਰਨਾ ਹੈ ਤਾਂ ਫਿਰ ਅਸੰਭਵ ਨੂੰ ਸੰਭਵ ਹੁੰਦਿਆਂ ਦੇਰ ਨਹੀਂ ਲਗਦੀ, ਕਿਉਂਕਿ ਹਿੰਮਤ ਦੇ ਸਫ਼ਰ ਵਿਚ ਨਾ-ਮੁਮਕਿਨ ਵਾਲੇ ਮੀਲ ਪੱਥਰ ਨਹੀਂ ਦਿਸਦੇ। ਇਹ ਹੌਂਸਲਾ, ਹਿੰਮਤ ਅਤੇ ਸਕਾਰਾਤਮਕ ਸੋਚ ਹੀ ਹੁੰਦੀ ਹੈ ਕਿ ਜਦੋਂ ਕੋਈ ਵਿਅਕਤੀ ਇਕੱਲਾ ਹੀ ਕੋਈ ਕੰਮ ਕਰਨ ਲਗਦਾ ਹੈ ਤਾਂ ਸੱਭ ਤੋਂ ਪਹਿਲਾਂ ਉਸ ਨੂੰ ਲੋਕਾਂ ਦੀ ਵਿਰੋਧਤਾ ਝਲਣੀ ਪੈਂਦੀ ਹੈ ਅਤੇ ਕੁੱਝ ਸਮੇਂ ਬਾਅਦ ਉਸ ਨਾਲ ਹੌਲੀ-ਹੌਲੀ ਕਾਫ਼ਲਾ ਜੁੜ ਜਾਂਦਾ ਹੈ।

ਕੁੱਝ ਅਜਿਹਾ ਹੀ ਕਰ ਦਿਖਾਇਆ ਹੈ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਹਰਦੋਬਥਵਾਲਾ, ਬਲਾਕ ਗੁਰਦਾਸਪੁਰ-2 ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਇੰਚਾਰਜ ਅਧਿਆਪਕਾ ਵਜੋਂ ਸੇਵਾਵਾਂ ਨਿਭਾਅ ਰਹੀ ਈ.ਟੀ.ਟੀ. ਅਧਿਆਪਕਾ ਸੁਖਬੀਰ ਕੌਰ ਨੇ, ਜਿਸ ਨੇ ਅਪਣੀ ਹਿੰਮਤ ਸਦਕਾ ਜਿਥੇ ਸਰਕਾਰੀ ਸਕੂਲ ਨੂੰ ਸਮਾਰਟ ਸਕੂਲ ਬਣਾਇਆ, ਉਥੇ ਸਕੂਲ ਇਮਾਰਤ ਦੀ ਦਿੱਖ ਬਦਲਣ ਦੇ ਨਾਲ-ਨਾਲ ਸਕੂਲ ਵਿਚ ਪੜ੍ਹਦੇ ਬੱਚਿਆਂ ਨੂੰ ਹਰ ਤਰ੍ਹਾਂ ਦੇ ਮੁਕਾਬਲਿਆਂ ਲਈ ਤਿਆਰ ਕਰ ਕੇ ਉਨ੍ਹਾਂ ਨੂੰ ਵਧੀਆ ਪੁਜ਼ੀਸ਼ਨਾਂ ਵੀ ਦਿਵਾਈਆਂ ਹਨ।

ਇਹੀ ਕਾਰਨ ਹੈ ਕਿ ਸੁਖਬੀਰ ਕੌਰ ਬਹੁਤ ਸਾਰੇ ਸਰਕਾਰੀ ਅਧਿਆਪਕਾਂ ਲਈ ਰਾਹ ਦਸੇਰਾ ਅਤੇ ਬੱਚਿਆਂ ਲਈ ਰੋਲ ਮਾਡਲ ਬਣ ਗਏ ਹਨ ਹੈ। ਸਮੇਂ ਦੀ ਪਾਬੰਦ ਅਧਿਆਪਕਾ ਸੁਖਬੀਰ ਕੌਰ ਦੀ ਅਣਥੱਕ ਮਿਹਨਤ ਸਦਕਾ ਸਕੂਲ ਦੇ ਵਿਦਿਆਰਥੀਆਂ ਦੇ ਨਤੀਜੇ ਪਿਛਲੇ ਸਾਲਾਂ ਦੌਰਾਨ ਅਤੇ ਮੌਜੂਦਾ ਸਮੇਂ ਵਿਚ ਵੀ 100 ਫ਼ੀ ਸਦੀ ਰਹੇ ਹਨ। ਵਿਦਿਆਰਥੀਆਂ, ਮਾਪਿਆਂ ਅਤੇ ਸਮਾਜਕ ਭਾਈਚਾਰੇ ਨੂੰ ਉਤਸ਼ਾਹਤ ਕਰ ਕੇ ਸਿਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਵੀ ਸੁਖਬੀਰ ਨੇ ਵਿਲੱਖਣ ਯੋਗਦਾਨ ਪਾਇਆ ਹੈ।

ਇਹ ਸੁਖਬੀਰ ਕੌਰ ਵਲੋਂ ਕੀਤੇ ਜਾਂਦੀ ਸਮਾਜ ਸੇਵਾ ਦਾ ਹੀ ਫਲ ਸੀ ਕਿ ਉਨ੍ਹਾਂ ਨੇ ਸਕੂਲ ਦੀ ਦਿੱਖ ਬਦਲਣ ਲਈ ਇਕ ਪ੍ਰਵਾਸੀ ਭਾਰਤੀ ਨੂੰ ਅਪੀਲ ਕੀਤੀ, ਜਿਸ ਨੂੰ ਕਬੂਲ ਕਰਦਿਆਂ ਸਮਾਜ ਸੇਵੀ ਪ੍ਰਵਾਸੀ ਭਾਰਤੀ ਹਰਦਿਆਲ ਸਿੰਘ ਜੌਹਲ ਨੇ ਦਿਲ ਖੋਲ੍ਹ ਕੇ ਪੈਸਾ ਲਗਾਇਆ ਅਤੇ ਸਕੂਲ ਦੀ ਨੁਹਾਰ ਬਦਲ ਦਿਤੀ। ਇਸ ਕਾਰਜ ਦੀ ਵਿਲੱਖਣਤਾ ਇਹ ਵੀ ਰਹੀ ਕਿ ਨਾ ਸਿਰਫ਼ ਸੁਖਬੀਰ ਕੌਰ ਨੇ ਪ੍ਰਵਾਸੀ ਭਾਰਤੀ ਕੋਲੋਂ ਮਾਲੀ ਮਦਦ ਲਈ ਸਗੋਂ ਖ਼ੁਦ ਵੀ ਅਪਣੀ ਤਨਖ਼ਾਹ ਵਿਚੋਂ ਦਸਵੰਧ ਕੱਢ ਕੇ ਸਕੂਲ ਦਾ ਨਕਸ਼ਾ ਬਦਲ ਦਿਤਾ ਅਤੇ ਸਕੂਲ ਨੂੰ ਸਮਾਰਟ ਸਕੂਲ ਦਾ ਦਰਜਾ ਦਿਵਾਇਆ, ਜਿਸ ਕਰ ਕੇ ਸਿਖਿਆ ਸਕੱਤਰ ਵਲੋਂ ਵੀ ਉਨ੍ਹਾਂ ਨੂੰ ਸਨਮਾਨਤ ਕੀਤਾ ਜਾ ਚੁੱਕਾ ਹੈ।

ਹੁਣ ਸਰਕਾਰ ਵਲੋਂ ਸਮਾਰਟ ਸਕੂਲਾਂ ਨੂੰ ਦਿਤੀਆਂ ਜਾ ਰਹੀਆਂ ਗ੍ਰਾਂਟਾਂ ਨਾਲ ਸੁਖਬੀਰ ਕੌਰ ਨੇ ਸਿਖਿਆ ਵਿਭਾਗ ਅਤੇ ਸਮੂਹ ਸਟਾਫ਼ ਦੇ ਸਹਿਯੋਗ ਨਾਲ ਸਕੂਲ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਦੀ ਵਿਉਂਤਬੰਦੀ ਬਣਾਈ ਹੈ। ਸੁਖਬੀਰ ਕੌਰ ਅਧਿਆਪਕ ਹੋਣ ਦੇ ਨਾਲ-ਨਾਲ ਜਲੰਧਰ ਦੂਰਦਰਸ਼ਨ ਦੀ ਨਾਮਵਰ ਟੀ.ਵੀ ਐਂਕਰ ਵੀ ਹਨ ਅਤੇ ਉਨ੍ਹਾਂ ਨੇ ਵੱਖ ਵੱਖ ਟੀ.ਵੀ ਪ੍ਰੋਗਰਾਮਾਂ ਰਾਹੀਂ ਸਿਖਿਆ, ਸਭਿਆਚਾਰ, ਪੰਜਾਬੀ ਬੋਲੀ, ਸਿਹਤ ਸੇਵਾਵਾਂ ਅਤੇ ਰਾਸ਼ਟਰੀ ਏਕਤਾ ਰਾਹੀਂ ਸਮਾਜ ਨੂੰ ਜਾਗਰੂਕ ਕੀਤਾ ਹੈ ਅਤੇ ਸਿਖਿਆ ਦੇ ਖੇਤਰ ਵਿਚ ਮਿਸਾਲੀ ਸੇਵਾਵਾਂ ਦਿਤੀਆਂ ਹਨ।

ਉਨ੍ਹਾਂ ਨੇ ਸਕੂਲ, ਬਲਾਕ, ਜ਼ਿਲ੍ਹਾ ਅਤੇ ਸਟੇਟ ਪੱਧਰ 'ਤੇ ਕਈ ਸੈਮੀਨਾਰ ਲਗਾ ਕੇ ਅਤੇ ਅਪਣੀਆਂ ਸਾਕਾਰਾਤਮਕ ਲਿਖਤਾਂ ਨਾਲ ਸਿਖਿਆ ਵਿਭਾਗ ਨੂੰ ਪ੍ਰਫੁੱਲਤ ਕਰਨ ਵਿਚ ਅਹਿਮ ਯੋਗਦਾਨ ਪਾਇਆ ਹੈ। ਵਿਦਿਆਰਥੀਆਂ ਦੇ ਸਿਖਿਆ ਨਤੀਜਿਆਂ, ਸਹਿ ਵਿਦਿਅਕ ਗਤੀਵਿਧੀਆਂ, ਗੁਣਾਤਮਕ ਸਿਖਿਆ, ਸਿਖਿਆ ਵਿਭਾਗ ਵਿਚ ਨਿਵੇਕਲੇ ਕਾਰਜਾਂ ਅਤੇ ਨਵੀਨ ਤਕਨੀਕਾਂ ਦੀ ਵਰਤੋਂ ਕਰ ਕੇ ਸਿਖਣ ਪ੍ਰਕ੍ਰਿਆ ਨੂੰ ਉਪਯੋਗੀ ਬਣਾਇਆ ਹੈ। ਅਪਣੀ ਸਕੂਲ ਸਮੇਂ ਦੀ ਡਿਊਟੀ ਤੋਂ ਇਲਾਵਾ ਸਿਖਿਆ ਵਿਭਾਗ ਵਲੋਂ ਲਗਾਈਆਂ ਗਈਆਂ ਜ਼ਿਲ੍ਹਾ ਪੱਧਰੀ ਅਤੇ ਰਾਜ ਪੱਧਰੀ ਡਿਊਟੀਆਂ ਤਨਦੇਹੀ ਨਾਲ ਨਿਭਾਈਆਂ ਹਨ।

ਸੁਖਬੀਰ ਕੌਰ ਦੀਆਂ ਨਿਰਸਵਾਰਥ ਸੇਵਾਵਾਂ ਕਰ ਕੇ ਉਨ੍ਹਾਂ ਨੂੰ ਕਈ ਸਮਾਜਕ ਸੰਸਥਾਵਾਂ ਅਤੇ ਜ਼ਿਲ੍ਹਾ ਪੱਧਰੀ ਸੁਤੰਤਰਤਾ ਦਿਵਸ ਤੇ ਗਣਤੰਤਰ ਦਿਵਸ ਦੇ ਸਰਕਾਰੀ ਸਮਾਰੋਹਾਂ ਵਿਚ ਕਈ ਵਾਰ ਸਨਮਾਨਤ ਕੀਤਾ ਜਾ ਚੁਕਾ ਹੈ। ਕੋਵਿਡ-19 ਮਹਾਂਮਾਰੀ ਦੌਰਾਨ ਸੁਖਬੀਰ ਕੌਰ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਬਾਬਤ ਦਿਤੀਆਂ ਸੇਵਾਵਾਂ ਸ਼ਲਾਘਾਯੋਗ ਹਨ। ਸਿਖਿਆ ਵਿਭਾਗ ਵਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਵਿਦਿਅਕ ਮੁਕਾਬਲਿਆਂ ਵਿਚ, ਬਤੌਰ ਨੋਡਲ ਅਫ਼ਸਰ ਅਪਣੀਆ ਸ਼ਲਾਘਾਯੋਗ ਸੇਵਾਵਾਂ ਦੇ ਰਹੇ ਹਨ।

ਸੁਖਬੀਰ ਕੌਰ ਨੇ ਬੱਚਿਆਂ ਨੂੰ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਿਖਿਆ ਦੇ ਵਿਕਾਸ ਸਬੰਧੀ ਕਈ ਪ੍ਰੋਗਰਾਮ, ਬੇਟੀ ਬਚਾਉ, ਬੇਟੀ ਪੜਾਉ, ਗਰੀਨ ਦੀਵਾਲੀ, ਪੌਦੇ ਲਗਾਉਣਾ, ਯੋਗਾ ਦਿਵਸ ਸਬੰਧੀ, ਖ਼ੂਨਦਾਨ ਕੈਂਪ ਅਤੇ ਵੱਖ-ਵੱਖ  ਜਾਗਰੂਕਤਾ ਮੁਹਿੰਮਾਂ ਤੋਂ ਇਲਾਵਾ ਅਤੇ ਗੁਰਪੁਰਬ ਮਨਾ ਕੇ ਬੱਚਿਆਂ ਅੰਦਰ ਧਾਰਮਕ ਚੇਤਨਾ ਵੀ ਪੈਦਾ ਕੀਤੀ ਹੈ। ਪੰਜਾਬ ਅਚੀਵਮੈਂਟ ਸਰਵੇ ਟੈਸਟਾਂ ਦੌਰਾਨ ਵੀ ਸਕੂਲ ਦੇ ਵਿਦਿਆਰਥੀਆਂ ਦੀ ਸਾਂਝੇਦਾਰੀ ਅਤੇ ਨਤੀਜੇ ਸਲਾਘਾਯੋਗ ਰਹੇ ਹਨ।

ਸੁਖਬੀਰ ਕੌਰ ਦੀ ਮਿਹਨਤ ਦਾ ਨਤੀਜਾ ਹੈ ਕਿ ਪਿਛਲੇ ਸਾਲ ਸਕੂਲ ਵਿਚ ਬੱਚਿਆਂ ਦੀ ਗਿਣਤੀ 101 ਸੀ ਅਤੇ ਇਸ ਸਾਲ ਬੱਚਿਆਂ ਦੀ ਗਿਣਤੀ ਵਧੀ ਹੈ ਜੋ ਅਗਲੇ ਸਾਲਾਂ ਦੌਰਾਨ ਲਗਾਤਾਰ ਵਧਣ ਦੀ ਉਮੀਦ ਹੈ। ਸੁਖਬੀਰ ਕੌਰ ਨੇ ਸਕੂਲ ਵਿਚ ਪਿਛਲੇ ਕਈ ਸਾਲਾਂ ਤੋਂ ਸਮਰ ਕੈਂਪ ਲਗਾ ਕੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਹੋਰ ਨਿਖਾਰਿਆ ਹੈ।

ਉਨ੍ਹਾਂ ਨੇ ਸਿਖਿਆ ਵਿਭਾਗ ਵਿਚ ਸਿਖਿਆ ਨੂੰ ਮੋਹਰੀ ਬਣਾਉਣ ਲਈ ਪਬਲੀਕੇਸ਼ਨ ਰਾਹੀਂ ਬਹੁਤ ਸਾਰੀਆਂ ਸਕਾਰਾਤਮਕ ਲਿਖਤਾਂ ਦਿਤੀਆਂ ਹਨ। ਉਨ੍ਹਾਂ ਦੇ ਸਕੂਲ ਦੀ ਵਿਲੱਖਣਤਾ ਇਹ ਵੀ ਹੈ ਕਿ ਇਸ ਸਕੂਲ ਵਿਚ ਪੰਜਾਬੀ ਅਤੇ ਅੰਗਰੇਜ਼ੀ ਦੋਵੇਂ ਮਾਧਿਅਮਾਂ ਵਿਚ ਹੀ ਬੱਚਿਆਂ ਨੂੰ ਪ੍ਰਪੱਕ ਕੀਤਾ ਜਾਂਦਾ ਹੈ। ਸੁਖਬੀਰ ਕੌਰ ਦਾ ਸੁਪਨਾ ਹੈ ਕਿ ਉਸ ਦਾ ਸਕੂਲ ਇਲਾਕੇ ਦੇ ਸਾਰੇ ਨਿਜੀ ਸਕੂਲਾਂ ਦੇ ਮੁਕਾਬਲੇ ਹਰ ਪੱਖੋਂ ਮੋਹਰੀ ਰਹੇ।

ਸੁਖਬੀਰ ਕੌਰ ਅਜੋਕੇ ਸਮਾਜ ਦੀ ਅਸਲੀ ਨਾਇਕਾ ਹਨ, ਜਿਨ੍ਹਾਂ ਨੇ ਅਪਣੀ ਹਿੰਮਤ ਨਾਲ ਸਕੂਲ ਦੀ ਨੁਹਾਰ ਬਦਲੀ ਹੈ। ਉਨ੍ਹਾਂ ਦੇ ਜਜ਼ਬੇ ਨੂੰ ਸਲਾਮ ਹੈ। ਸ਼ਾਲਾ! ਸਾਰੇ ਪੰਜਾਬ ਦੇ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਨੂੰ ਅਜਿਹੇ ਹੁਨਰਮੰਦ ਅਧਿਆਪਕ ਮਿਲਣ ਤਾਂ ਜੋ ਉਨ੍ਹਾਂ ਦੀ ਨੀਂਹ ਮਜ਼ਬੂਤ ਹੋਵੇ ਅਤੇ ਜ਼ਿੰਦਗੀ ਵਿਚ ਚੰਗੇ ਮੌਕਿਆਂ ਦੀ ਸੌਗ਼ਾਤ ਮਿਲੇ।
-ਮੋਬਾਈਲ : 9815264786
ਤੇਜਿੰਦਰ ਫ਼ਤਿਹਪੁਰ