Special Article : ਨੰਗੇ ਪੈਰੀਂ ਮਾਲਕ ਅਨੰਦਪੁਰ ਦੇ ਜਾਂਦੇ ਮਾਛੀਵਾੜੇ ਨੂੰ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

Special Article : ਨੰਗੇ ਪੈਰੀਂ ਮਾਲਕ ਅਨੰਦਪੁਰ ਦੇ ਜਾਂਦੇ ਮਾਛੀਵਾੜੇ ਨੂੰ...

file photo

Special Article :  ਪੋਹ ਦਾ ਮਹੀਨਾ, ਸ਼ਹੀਦੀਆਂ ਦਾ ਮਹੀਨਾ ਹੈ। ਸਿੱਖ ਇਤਿਹਾਸ ਨੂੰ ਸੂਰਬੀਰ ਯੋਧਿਆਂ, ਸ਼ਹੀਦਾਂ ਜਾਂ ਕੁਰਬਾਨੀਆਂ ਦਾ ਇਤਿਹਾਸ ਕਹਿਣਾ ਕੋਈ ਅਤਿ-ਕਥਨੀ ਨਹੀਂ ਹੈ। ਇਸ ਇਤਿਹਾਸ ਵਿਚ ਪੋਹ ਦਾ ਮਹੀਨਾ ਇਕ ਸੁਨਹਿਰੀ ਪਰ ਲਹੂ ਭਿੱਜੇ ਹਾਸ਼ੀਏ ਵਾਲਾ ਪੰਨਾ ਹੈ। ਸੰਸਾਰ ਭਰ ਵਿਚ ਹਰ ਨਾਨਕ ਨਾਮ ਲੇਵਾ, ਸਿੱਖ ਸੰਗਤ ਤੇ ਮਨੁੱਖਤਾ ਨੂੰ ਪਿਆਰ ਕਰਨ ਵਾਲਾ ਮਨੁੱਖ ਇਸ ਮਹੀਨੇ ਨੂੰ ਸ਼ਹੀਦੀ ਮਹੀਨਾ ਗਿਣਦਾ ਹੈ। ਸਿੱਖ ਇਤਿਹਾਸ ਦੇ ਸ਼ਹੀਦੀ ਹਫ਼ਤੇ ਦੀ ਸ਼ੁਰੂਆਤ ਨੂੰ ਦਰਸਾਉਂਦੇ ਇਸ ਹਫ਼ਤੇ ਦੌਰਾਨ, ਖ਼ਾਲਸੇ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਵਿਚ ਬਹਾਦਰੀ ਅਤੇ ਕੁਰਬਾਨੀ ਦਾ ਪ੍ਰਦਰਸ਼ਨ ਕੀਤਾ ਜਿਸ ਦੀ ਦੁਨੀਆਂ ਦੇ ਕਿਸੇ ਵੀ ਇਤਿਹਾਸ ਵਿਚ ਕੋਈ ਮਿਸਾਲ ਨਹੀਂ ਹੈ। ਇਹ ਸਿੱਖਾਂ ਲਈ ਸਭ ਤੋਂ ਦੁਖਦਾਈ ਹਫ਼ਤਾ ਵੀ ਸੀ, ਜਿਨ੍ਹਾਂ ਨੇ ਗੁਰੂ ਪ੍ਰਵਾਰ ਤੇ ਉਨ੍ਹਾਂ ਦੇ ਵਫ਼ਾਦਾਰ ਪੈਰੋਕਾਰਾਂ ਨੂੰ ਖੋ ਦਿਤਾ ਸੀ।

ਸਿੱਖ ਇਤਿਹਾਸ ਵਿਚ ਇਸ ਸਫ਼ਰ-ਏ-ਸ਼ਹਾਦਤ ਦੀ ਦਾਸਤਾਨ ਉਦੋਂ ਸ਼ੁਰੂ ਹੋਈ ਜਦੋਂ ਗੁਰੂ ਸਾਹਿਬ ਅਨੰਦਪੁਰ ਸਾਹਿਬ ਵਿਚ ਸਨ। ਬਿਕਰਮੀ 1761, ਪੋਹ 6-7 ਮੁਤਾਬਕ ਸੰਨ 1704, ਦਸੰਬਰ 20-21 ਦੀ ਅੱਧੀ ਰਾਤ ਨੂੰ ਜਦੋਂ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੱਭ ਕੁੱਝ ਜਾਣਦਿਆਂ ਵੀ ਮੁਗ਼ਲਾਂ ਤੇ ਪਹਾੜੀ ਰਾਜਿਆਂ ਵਲੋਂ ਝੂਠੀਆਂ ਕਸਮਾਂ ਖਾਣ ਉਪਰੰਤ ਅਨੰਦਪੁਰ ਸਾਹਿਬ ਦੀ ਧਰਤ ਸੁਹਾਵੀ ਤੋਂ ਕਿਲ੍ਹਾ ਅਨੰਦਗੜ੍ਹ ਛਡਿਆ ਤਾਂ ਮੁਸੀਬਤਾਂ ਦੇ ਝੱਖੜ ਝੁੱਲ ਪਏ। ਮਗਰੋਂ ਸੌਹਾਂ ਤੋਂ ਮੁੱਕਰ ਕੇ ਹਿੰਦੂ ਪਹਾੜੀ ਰਾਜਿਆਂ ਦੀ ਫ਼ੌਜ ਅਤੇ ਮੁਗ਼ਲ ਫ਼ੌਜ ਨੇ ਹਮਲਾ ਕਰ ਦਿਤਾ। ਕਈ ਸਿੰਘ ਸ਼ਹੀਦ ਹੋ ਗਏ। ਕਈ ਸਰਸਾ ਨਦੀ ਪਾਰ ਕਰਦੇ ਰੁੜ੍ਹ ਗਏ। ਇਸ ਘੋਰ ਸੰਕਟਮਈ ਸਮੇਂ ਸਰਸਾ ਨਦੀ ਤੋਂ ਦਸਮ ਪਿਤਾ ਦਾ ਸਮੁੱਚਾ ਪ੍ਰਵਾਰ ਉਨ੍ਹਾਂ ਤੋਂ ਵਿਛੜ ਗਿਆ। ਵਿਛੜਣ ਤੋਂ ਬਾਅਦ ਫਿਰ ਕਦੀ ਗੁਰੂ ਜੀ ਦੇ ਪ੍ਰਵਾਰ ਦਾ ਆਪਸ ਵਿਚ ਮੇਲ ਨਹੀਂ ਹੋਇਆ।

 ਕਿੱਥੇ ਰਹਿਣਗੇ ਹਿੰਦ ਦੇ ਵਾਰਿਸਾ ਉਹ, 
ਵਾਰਿਸ ਹੋ ਕੇ ਵੀ ਜਿਹੜੇ ਵਿਸਾਰ ਚਲਿਆ। 
ਧਾਹਾਂ ਮਾਰ ਕੇ ਰੋਣ ਗਰੀਬ ਲੱਗੇ, 
ਅਨੰਦਪੁਰ ਛੱਡ ਗਰੀਬਾਂ ਦਾ ਯਾਰ ਚਲਿਆ... 

ਅਕਾਲ ਪੁਰਖ ਦੇ ਹੁਕਮ ਅਨੁਸਾਰ ਸਰਸਾ ਨਦੀ ’ਤੇ ਹੋਏ ਪ੍ਰਵਾਰ ਵਿਛੋੜੇ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਾਲੀ ਸਿੰਘਾਂ ਅਤੇ ਦੋ ਵੱਡੇ ਸਾਹਿਬਜ਼ਾਦਿਆਂ ਨਾਲ ਚਮਕੌਰ ਦੀ ਗੜ੍ਹੀ ਵਿਚ ਆ ਟਿਕੇ। ਚਮਕੌਰ ਦੀ ਗੜ੍ਹੀ ਨੂੰ ਮੁਗ਼ਲ ਫ਼ੌਜਾਂ ਦੀ ਵੱਡੀ ਗਿਣਤੀ ਨੇ ਘੇਰਾ ਪਾ ਲਿਆ। ਗੁਰੂ ਸਾਹਿਬ ਗੜ੍ਹੀ ’ਚੋਂ ਪੰਜ-ਪੰਜ ਸਿੰਘਾਂ ਦੇ ਜੱਥੇ, ਮੁਗ਼ਲਾਂ ਦੀ ਫ਼ੌਜ ਨਾਲ ਮੁਕਾਬਲਾ ਕਰਨ ਲਈ ਭੇਜਦੇ, ਜੋ ਹਜ਼ਾਰਾਂ ਦੁਸ਼ਮਣਾਂ ਦੇ ਆਹੂ ਲਾਹੁੰਦੇ ਹੋਏ ਸ਼ਹੀਦੀਆਂ ਪਾ ਜਾਂਦੇ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਵੀ ਇਸ ਤਰ੍ਹਾਂ ਮੈਦਾਨੇ ਜੰਗ ਵਿਚ ਦੁਸ਼ਮਣ ਫ਼ੌਜ ਦੇ ਆਹੂ ਲਾਹੁੰਦਿਆਂ ਸ਼ਹਾਦਤ ਦਾ ਜਾਮ ਪੀ ਗਏ। ਸਾਹਿਬਜ਼ਾਦਿਆਂ ਦੀ ਸ਼ਹੀਦੀ ਉਪ੍ਰੰਤ ਅਖ਼ੀਰ ਬਾਕੀ ਰਹਿੰਦੇ ਸਿੰਘਾਂ ਨੇ ਗੁਰਮਤਾ ਕਰ ਕੇ ਗੁਰੂ ਜੀ ਨੂੰ ਗੜ੍ਹੀ ’ਚੋਂ ਬਾਹਰ ਜਾਣ ਲਈ ਕਿਹਾ। ਸਿੰਘਾਂ ਨੇ ਕਿਹਾ ਕਿ ਗੁਰੂ ਜੀ ਤੁਹਾਡਾ ਇੱਥੋਂ ਜ਼ਿੰਦਾ ਨਿਕਲਣਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਤੁਸੀਂ ਤਾਂ ਲੱਖਾਂ ਹੀ ਸਿੰਘ ਸਜਾ ਲਉਗੇ ਪਰ ਲੱਖਾਂ ਕਰੋੜਾਂ ਸਿੰਘ ਵੀ ਮਿਲ ਕੇ ਇਕ ਗੁਰੂ ਗੋਬਿੰਦ ਸਿੰਘ ਜੀ ਕਾਇਮ ਨਹੀਂ ਕਰ ਸਕਦੇ। ਗੁਰੂ ਜੀ ਨੇ ਕਿਹਾ ਕਿ ਉਹ ਪੰਜ ਸਿੰਘਾਂ ਦੇ ਗੁਰਮਤੇ ਅੱਗੇ ਅਪਣਾ ਸਿਰ ਝੁਕਾਉਂਦੇ ਹਨ ਪਰ ਉਹ ਚੋਰੀ-ਚੋਰੀ ਨਹੀਂ ਜਾਣਗੇ।

ਗੁਰੂ ਜੀ ਨੇ ਕਿਹਾ ਕਿ ਉਹ ਦੁਸ਼ਮਣ ਨੂੰ ਲਲਕਾਰ ਕੇ ਜਾਣਗੇ। ਕੁੱਝ ਇਤਿਹਾਸਕਾਰਾਂ ਮੁਤਾਬਕ ਗੁਰੂ ਜੀ ਨੇ ਗੜ੍ਹੀ ਵਿਚੋਂ ਜਾਣ ਤੋਂ ਪਹਿਲਾਂ ਭਾਈ ਸੰਗਤ ਸਿੰਘ ਜੀ ਤੇ ਕੁੱਝ ਇਤਿਹਾਸਕਾਰਾਂ ਮੁਤਾਬਕ ਭਾਈ ਜੀਵਨ ਸਿੰਘ ਜੀ ਨੂੰ ਅਪਣੀ ਕਲਗ਼ੀ ਤੇ ਪੋਸ਼ਾਕਾ ਪਹਿਨਾ ਦਿਤਾ ਸੀ। ਅੱਧੀ ਰਾਤ ਲੰਘ ਚੁੱਕੀ ਸੀ ਅਤੇ ਅੱਧੀ ਅੱਗੇ ਸੀ। ਗੁਰੂ ਜੀ ਰਾਤ ਵੇਲੇ ਜਦੋਂ ਗੜ੍ਹੀ ’ਚੋਂ ਬਾਹਰ ਨਿਕਲੇ ਉਨ੍ਹਾਂ ਨੇ ਜਾਣ ਵੇਲੇ ਦੁਸ਼ਮਣ ਖ਼ਵਾਜਾ ਮਰਦੂਦ ਨੂੰ ਵੀ ਵੰਗਾਰਿਆ ਤਾਕਿ ਕਿਧਰੇ ਖਵਾਜਾ ਇਹ ਨਾਂ ਸਮਝੇ ਕਿ ਗੁਰੂ ਜੀ ਤਾਂ ਚੋਰੀ-ਚੋਰੀ ਨਿਕਲ ਗਏ ਹਨ। ਗੜ੍ਹੀ ਵਿਚੋਂ ਨਿਕਲਣ ਤੋਂ ਪਹਿਲਾਂ ਤਾੜੀ ਮਾਰ ਕੇ ਦੁਸ਼ਮਣ ਨੂੰ ਸੁਚੇਤ ਕੀਤਾ ਸੀ। ਗੁਰੂ ਜੀ ਨੇ ਗਰਜਵੀਂ ਆਵਾਜ਼ ’ਚ ਕਿਹਾ, ‘‘ਪੀਰੇ ਹਿੰਦ ਮੇਂ ਰਵਦ’ (ਹਿੰਦ ਦਾ ਪੀਰ, ਖ਼ਾਲਸੇ ਦਾ ਗੁਰੂ ਜਾ ਰਿਹਾ ਏ, ਜੇਕਰ ਕਿਸੇ ’ਚ ਹਿੰਮਤ ਹੈ ਤਾਂ ਆ ਕੇ ਫੜ ਲਵੋ)।’’ ਜਿਸ ਨਾਲ ਮੁਗ਼ਲਾਂ ਵਿਚ ਹਲਚਲ ਮੱਚ ਗਈ। ਆਪ ਜੀ ਫ਼ਤਿਹ ਦੇ ਜੈਕਾਰੇ ਛੱਡਦੇ ਹੋਏ ਚਮਕੌਰ ਦੀ ਗੜ੍ਹੀ ਨੂੰ ਛੱਡ ਕੇ ਮਾਛੀਵਾੜੇ ਦੇ ਜੰਗਲਾਂ ਵਲ ਨੂੰ ਹੋ ਤੁਰੇ। ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਰਾਮੂੰਵਾਲੀਆ ਨੇ ਉਕਤ ਵੇਲੇ ਦਾ ਬਿਰਤਾਂਤ ਬਿਆਨਦਿਆਂ ਲਿਖਿਆ ਹੈ - ‘‘ਗੁਰੂ ਰੂਪ ਖ਼ਾਲਸੇ ਦਾ ਕਿਹਾ ਮੰਨ ਕੇ ਦਾਤੇ ਹੋ ਤੁਰੇ ਵਿਦਾਅ, ਅੱਧੀ ਰਾਤ ਨੂੰ ਗੜ੍ਹੀ ’ਚੋਂ ਬੂਹਾ ਭੰਨ੍ਹ ਕੇ ਗਏ ਲਹਿੰਦੇ ਨੂੰ ਸਿੱਧਾ। ਗਏ ਪੀਰ ਹਿੰਦ ਨਾਲੇ ਉੱਚੀ ਸੁਰ ਦੇ ਕਹਿਤਾ ਜੰਗੀ ਖਾੜੇ ਨੂੰ, ਜਾਂਦਾ ਵੇਖ ਅਰਸ਼ਾਂ ਦੇ ਪੰਛੀ ਝੂਰਦੇ ਜੰਝੋਂ ਬਿਨਾਂ ਲਾੜੇ ਨੂੰ। ਨੰਗੇ ਪੈਰੀਂ ਮਾਲਕ ਅਨੰਦਪੁਰ ਦੇ ਜਾਂਦੇ ਮਾਛੀਵਾੜੇ ਨੂੰ।’’

ਕੱਚੀ ਗੜ੍ਹੀ ’ਚੋਂ ਸਿੱਧੇ ਦਸਮ ਪਿਤਾ ਲਹਿੰਦੇ ਵਲ ਹੋ ਤੁਰੇ। ਸਿਆਲ ਦੀ ਠੰਢੀ ਰਾਤ ਵਿਚ ਹਜ਼ੂਰ ਕੰਡਿਆਲੇ ਜੰਗਲਾਂ ਵਿਚ ਪੈਦਲ ਚੱਲ ਰਹੇ ਸਨ। ਟਿੱਬਿਆਂ ਦੀ ਰੇਤ ਲਹੂ ਨੂੰ ਸੁੰਨ ਕਰ ਦੇਣ ਵਾਲੀ ਸੀ। ਹਨੇਰਾ ਸੰਘਣਾ ਪਰ ਛੁਰੀ ਵਰਗਾ ਤਿੱਖਾ ਸੀ। ਪੋਹ ਮਹੀਨੇ ਦੀ ਠੰਢੀ ਠਾਰ ਰਾਤ ਵਿਚ ਚੱਲ ਕੇ ਗੁਰੂ ਸਾਹਿਬ ਨੰਗੇ ਪੈਰੀਂ, ਫਟੇ ਬਸਤਰਾਂ ਵਿਚ ਕੰਡਿਆਲੇ ਅਤੇ ਬਿਖਮ ਰਸਤਿਆਂ ਵਿਚੋਂ ਹੁੰਦੇ ਹੋਏ ਮਾਛੀਵਾੜੇ ਦੇ ਬੀਆਬਾਨ ਜੰਗਲਾਂ ਵਲ ਨੂੰ ਤੁਰੇ ਜਾ ਰਹੇ ਸਨ। ਸਿੱਖਾਂ ਦੇ ਮੂੰਹ ਮਾਛੀਵਾੜੇ ਦਾ ਨਾਮ ਆਉਂਦਿਆਂ ਹੀ ਇਕਦਮ ਬੀਆਬਾਨ ਸੁੰਨਸਾਨ ਜੰਗਲ, ਪੋਹ ਦੀ ਠੰਢੀ ਰਾਤ, ਖੂਹ ਦੀ ਟਿੰਡ ਦਾ ਸਿਰਹਾਣਾ, ਸੂਲਾਂ ਦੀ ਸੇਜ, ਮਨ ਮੰਡਲ ’ਤੇ ਇਹ ਬਣਦੀ ਤਸਵੀਰ ਚਿਤਰੀ ਜਾਂਦੀ ਹੈ। ਇਨ੍ਹਾਂ ਭਿਆਨਕ ਰਾਹਾਂ ’ਚੋਂ ਅਨੰਦਪੁਰ ਦਾ ਵਾਸੀ ਸੱਭ ਸੁੱਖ ਆਰਾਮ ਤਿਆਗ ਕੇ ਪੁੱਤਰਾਂ ਪਿਆਰਿਆਂ ਦੀ ਸ਼ਹਾਦਤ ਤੋਂ ਬਾਅਦ ਲੰਘਿਆ ਜਾ ਰਿਹੈ। ਨਾ ਹੱਥ ’ਚ ਬਾਜ਼, ਨਾ ਸੀਸ ਤੇ ਕਲਗ਼ੀ, ਨਾ ਘੋੜਾ, ਨਾ ਪੈਰੀਂ ਜੋੜਾ, ਬਾਣਾ ਵੀ ਝਾੜੀਆਂ ਨਾਲ ਖਹਿ ਖਹਿ ਲੀਰੋ ਲੀਰ, ਹੱਥ ’ਚ ਨੰਗੀ ਤੇਗ਼, ਐਸੀ ਹਾਲਤ ’ਚ ਇੱਥੇ ਪੁੱਜ ਕੇ ਆਪ ਜੀ ਨੇ ਪਹਿਲਾਂ ਖੂਹ ਤੋਂ ਜਲ ਕੱਢ ਕੇ ਛਕਿਆ ਅਤੇ ਖੂਹ ਤੋਂ ਲਗਭਗ 150 ਕੁ ਗਜ਼ ਦੀ ਦੂਰੀ ’ਤੇ ਸਥਿਤ ਜੰਡ ਦੇ ਰੁੱਖ ਹੇਠਾਂ (ਜਿੱਥੇ ਹੁਣ ਗੁਰਦੁਆਰਾ ਚਰਨ ਕੰਵਲ ਸਾਹਿਬ ਸੁਸ਼ੋਭਿਤ ਹੈ।) ਧਰਤੀ ਦੀ ਗੋਦ ’ਚ ਅਪਣੇ ਪਿਆਰੇ ਦੇ ਬਖ਼ਸ਼ੇ ਸੱਥਰ ਤੇ ਸੂਲਾਂ ਦੀ ਸੇਜ ’ਤੇ ਲੰਮੇ ਪੈ ਗਏ। ਕਈ ਰਾਤਾਂ ਦਾ ਥਕੇਵਾਂ ਹੁਣ ਵੀ ਰਾਤ ਭਰ ਦਾ ਸਫ਼ਰ, ਛੇਤੀ ਅੱਖ ਲੱਗ ਗਈ। ਇੰਜ ਸ਼ਾਂਤ ਸੁੱਤੇ ਜਿਵੇਂ ਕੱੁਝ ਹੋਇਆ ਹੀ ਨਾ ਹੋਵੇ। ਸੁੱਤਿਆਂ ਵੀ ਮਰਦ ਅਗੰਮੜੇ ਦੇ ਹੱਥ ਨੰਗੀ ਤਲਵਾਰ ਹੈ। ਲਖਤ-ਏ-ਜਿਗ਼ਰ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਸ਼ਹੀਦ ਹੋ ਚੁੱਕੇ ਸਨ। ਜਾਨ ਤੋਂ ਪਿਆਰੇ ਸਿੰਘ ਵਿਛੜ ਚੁਕੇ ਸਨ। ਪੈਰਾਂ ਵਿਚ ਕੰਡੇ ਚੁਭ ਗਏ, ਛਾਲੇ ਹੋ ਗਏ ਅਤੇ ਜ਼ਖ਼ਮਾਂ ਵਿਚ ਖ਼ੂਨ ਸਿੰਮਣ ਲੱਗਾ। ਭੁੱਖ ਪਿਆਸ ਯੁੱਧ ਦੀ ਥਕਾਵਟ ਆਦਿ ਬੇਸ਼ੁਮਾਰ ਮੁਸੀਬਤਾਂ ਦਾ ਘੇਰਿਆ ਗੁਰੂ ਬੁਰੇ ਹਾਲੀਂ ਸੀ। ਪਰ ਫਿਰ ਵੀ ਦਸਮੇਸ਼ ਪਿਤਾ ਦਾ ਸਿਦਕ ਨਹੀਂ ਡੋਲਿਆ। ਅਜਿਹੇ ਸਮੇਂ ਵੀ ਗੁਰੂ ਸਾਹਿਬ ਨੇ ਅਕਾਲ ਪੁਰਖ ਨੂੰ ਕੋਈ ਮਿਹਣਾ ਜਾਂ ਰੋਸ ਨਹੀਂ ਸਗੋਂ...   

ਵਾਹੀ ਆਉਂਦਾ ਵਖਰੀ ਲਕੀਰ ਪਾਤਸ਼ਾਹ! 
ਕੰਢਿਆਂ ’ਤੇ ਸੁੱਤਾ ਹੈ ਫ਼ਕੀਰ ਪਾਤਸ਼ਾਹ। 

ਜਿਨ੍ਹਾਂ ਬਿਖੜੇ ਰਾਹਾਂ ਤੋਂ ਕਲਗ਼ੀਧਰ ਪਾਤਸ਼ਾਹ ਲੰਘ ਗਏ, ਉਨ੍ਹਾਂ ਰਾਹਾਂ ’ਤੇ ਅਜਿਹੀਆਂ ਪੈੜਾਂ ਪਾ ਗਏ ਜੋ ਸਮਾਂ ਪਾ ਕੇ ਸੂਰਜ ਵਾਂਗ ਚਮਕ ਉਠੀਆਂ। ਜਿੱਥੇ ਛਾਲਿਆਂ ਭਰੇ ਚਰਨ ਪਾਏ ਪਾਤਸ਼ਾਹ ਨੇ, ਹੁਣ ਉੱਥੇ ਸਥਾਨ ਬਣਿਆ ਗੁਰਦੁਆਰਾ ਚਰਨ ਕੰਵਲ ਸਾਹਿਬ। ਸਰਬੰਸਦਾਨੀ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਮਾਛੀਵਾੜਾ, ਜੋ ਕਿ ਹੁਣ ਮਾਛੀਵਾੜਾ ਸਾਹਿਬ ਹੋ ਗਿਆ ਹੈ। ਗੁਰਦੁਆਰਾ ਚਰਨ ਕੰਵਲ ਸਾਹਿਬ ਤੋਂ ਇਲਾਵਾ ਗੁਰੂ ਜੀ ਦੇ ਪਠਾਣ ਭਗਤਾਂ (ਗਨੀ ਖ਼ਾਂ ਅਤੇ ਨਬੀ ਖ਼ਾਂ) ਦੇ ਨਾਂ ਤੇ ਇਕ ਗੁਰਦੁਆਰਾ ਗਨੀ ਖ਼ਾਂ ਨਬੀ ਖ਼ਾਂ, ਗੁਰਦੁਆਰਾ ਚੁਬਾਰਾ ਸਾਹਿਬ ਤੇ ਗੁਰਦੁਆਰਾ ਕ੍ਰਿਪਾਨ ਭੇਂਟ ਸਾਹਿਬ ਸਮੇਤ ਇੱਥੇ ਚਾਰ ਇਤਿਹਾਸਕ ਗੁਰਦੁਆਰੇ ਹਨ। ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਪੋਹ ਦੇ ਮਹੀਨੇ ਸ਼ਹੀਦਾਂ ਦੀ ਯਾਦ ’ਚ 8, 9 ਤੇ 10 ਪੋਹ (22, 23 ਤੇ 24 ਦਸੰਬਰ ਇਸ ਵਾਰ) ਨੂੰ ਭਾਰੀ ਇਕੱਠ ਹੁੰਦੇ ਤੇ ਦੀਵਾਨ ਸਜਦੇ ਹਨ। ਨੀਲੇ ਦੇ ਸ਼ਾਹ ਸਵਾਰ ਦੇ ਕੁੱਝ ਪਲਾਂ ਦੀ ਛੋਹ ਨੇ ਮਾਛੀਵਾੜੇ ਦਾ ਜੰਗਲ ਸਦਾ ਲਈ ਅਮਰ ਕਰ ਦਿਤਾ। ਹਕੂਮਤ ਦਾ ਬਾਗ਼ੀ ਸਮਝ ਜਦ ਸੰਸਾਰ ਨੇ ਦਰਵਾਜ਼ੇ ਬੰਦ ਕਰ ਲਏ ਤਾਂ ਮਾਛੀਵਾੜੇ ਦਾ ਜੰਗਲ ਬਾਜ਼ਾਂ ਵਾਲੇ ਦੀ ਪਨਾਹ ਬਣ ਗਿਆ ਅਤੇ ਉਹ ਕੁੱਝ ਪਲਾਂ ਦੀ ਪਨਾਹ ਨੇ ਮਾਛੀਵਾੜੇ ਚਾਨਣ ਚਾਨਣ ਕਰ ਦਿਤਾ। ਮਾਛੀਵਾੜੇ ਦੀ ਸਰਦਲ ਉਪਰ ਪਤਾ ਨਹੀਂ ਕਿੰਨੀ ਕੁ ਦੁਨੀਆਂ ਸਿਰ ਝੁਕਾਉਣ ਆਉਂਦੀ ਹੈ ਅਤੇ ਆਉਂਦੀ ਰਹੇਗੀ ਕਿਉਂਕਿ ਮਾਛੀਵਾੜਾ ਅਥਾਹ ਦਰਦ ਅਪਣੀ ਹਿੱਕ ਵਿਚ ਸਾਂਭੀ ਬੈਠਾ ਹੈ। ਉਨ੍ਹਾਂ ਸਮਿਆਂ ਦਾ ਦਰਦ ਜਦ ਸੰਸਾਰ ਨੇ ਉਸ ਸ਼ਾਹ ਸਵਾਰ ਲਈ ਉਸ ਸਮੇਂ ਦਰਵਾਜ਼ੇ ਬੰਦ ਕਰ ਲਏ ਜਦ ਉਹ ਅਪਣੇ ਪੁੱਤਾਂ ਦੀਆਂ ਲਾਸ਼ਾਂ ਲੰਘ ਕੇ ਆ ਰਿਹਾ ਸੀ। ਜਿਸ ਦੀ ਇਕ ਝਲਕ ਲਈ ਸੰਸਾਰ ਤਰਸਦਾ ਸੀ, ਅੱਜ ਉਸ ਦੀ ਪਨਾਹਗਾਹ ਜੇ ਬਣਿਆ ਤਾਂ ਉਹ ਸੀ ਮਾਛੀਵਾੜੇ ਦੇ ਜੰਗਲ। ਧੰਨ ਹੋ ਗਿਆ ਮਾਛੀਵਾੜੇ ਦਾ ਜੰਗਲ। ਕਿਸੇ ਸ਼ਾਇਰ ਦੀ ਕਲਮ ਨੇ ਸੱਚ ਲਿਖਿਆ ਹੈ ਕਿ... 

ਮਾਛੀਵਾੜੇ ਦੇ ਜੰਗਲਾਂ ’ਚ ਚਰਨ ਪਾਏ, 
ਤੇਰੀ ਛੋਹ ਨਾਲ ਉਹ ਜੰਗਲ ਆਬਾਦ ਹੋ ਗਿਆ।  
ਜਿਸ ਜੰਡ ਹੇਠ ਕੀਤਾ ਬਿਸ਼ਰਾਮ ਦਾਤਾ, 
ਉਹ ਸਵਰਗਾਂ ਤੋਂ ਸੋਹਣਾ ਜਿਹਾ ਖ਼੍ਹਾਬ ਹੋ ਗਿਆ।  
ਜਿਸ ਖੂਹ ਦੀ ਸਿਰ੍ਹਾਣੇ ਦੀ ਥਾਂ ਟਿੰਡ ਵਰਤੀ, 
ਜਲ ਉਸ ਦਾ ਹਯਾਤ ਵਾਲਾ ਆਬ ਹੋ ਗਿਆ।
ਗਨੀ ਖ਼ਾਂ, ਨਬੀ ਖ਼ਾਂ ਜਿਸ ਨੇ ਵੀ ਕੀਤੀ ਸੇਵਾ, 
ਰੁਤਬਾ ਇਤਹਾਸ ’ਚ ਉਨ੍ਹਾਂ ਦਾ ਲਾਜਵਾਬ ਹੋ ਗਿਆ। 
ਮੈਂ ਸੁਣਿਆਂ ਟਿੱਬਾ ਸੀ ਕਦੇ ਝਾੜੀਆਂ ਦਾ, 
ਅੱਖੀਂ ਤੱਕਿਆ ਉਹ ਮਹਿਕਦਾ ਗੁਲਾਬ ਹੋ ਗਿਆ। 
ਕੌਡੀ ਕਦਰ ਸੀ ਨਿਮਾਣੀ ਜਿਸ ਧਰਤੀ ਦੀ, 
ਵਰ ਪਾ ਕੇ ਤੇਰਾ ਮੁੱਲ ਬੇਹਿਸਾਬ ਹੋ ਗਿਆ। 
ਨਿੱਕਾ ਕਸਬਾ ਹੁੰਦਾ ਸੀ ਕਦੇ ਮਾਛੀਵਾੜਾ, 
ਜੀਤੇ ਨੱਤਿਆ ਉਹ ‘ਮਾਛੀਵਾੜਾ ਸਾਹਿਬ’ ਹੋ ਗਿਆ।
  

ਅਮਰਜੀਤ ਸਿੰਘ ਢਿੱਲੋਂ 
(ਮਾਛੀਵਾੜਾ ਸਾਹਿਬ)
ਮੋ. 98883 47068