Special Article : ਚਮਕ ਹੈ ਮਿਹਰ ਕੀ ਚਮਕੌਰ ਤੇਰੇ ਜ਼ਰੋਂ ਮੇਂ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

Special Article : ਚਮਕ ਹੈ ਮਿਹਰ ਕੀ ਚਮਕੌਰ ਤੇਰੇ ਜ਼ਰੋਂ ਮੇਂ

file photo

Special Article : ਗੁਰੂ ਕਲਗ਼ੀਧਰ ਪਿਤਾ 20 ਦਸੰਬਰ 1704 ਦੀ ਰਾਤ ਨੂੰ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ ਅਗਲੇ ਪੈਂਡਿਆਂ ’ਤੇ ਚੱਲ ਪਏ ਸਨ। ਅੱਗੇ ਭਾਈ ਧਰਮ ਸਿੰਘ, ਭਾਈ ਦਇਆ ਸਿੰਘ ਵਿਚਕਾਰ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਅਤੇ ਉਨ੍ਹਾਂ ਦੀ ਟਹਿਲ ਕਰਨ ਵਾਲੀ ਦਾਸੀ ਸਮੇਤ ਜਾ ਰਹੇ ਸਨ। ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਭਾਈ ਉਦੈ ਸਿੰਘ, ਭਾਈ ਜੀਵਨ ਸਿੰਘ, ਉਨ੍ਹਾਂ ਦਾ ਛੋਟਾ ਭਰਾ ਸੰਗਤ ਸਿੰਘ ਅਤੇ ਉਨ੍ਹਾਂ ਦਾ ਪ੍ਰਵਾਰ, ਦਰਬਾਰੀ ਕਵੀ ਅਤੇ ਹੋਰ ਸਿੰਘ ਤੇ ਸਿੰਘਣੀਆਂ ਗੁਰੂ ਪਿਤਾ ਜੀ ਨਾਲ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਕੀਰਤਪੁਰ ਸਾਹਿਬ ਆ ਗਏ। ਅਪਣੇ ਬਜ਼ੁਰਗਾਂ ਦੀ ਧਰਤੀ ਕੀਰਤਪੁਰ ਸਾਹਿਬ ਨੂੰ ਮੱਥਾ ਟੇਕ ਕੇ ਅੱਗੇ ਚੱਲ ਪਏ। ਜਦੋਂ ਹਜ਼ੂਰ ਸਿੰਘਾਂ ਸਮੇਤ ਕੀਰਤਪੁਰ ਸਾਹਿਬ ਟੱਪੇ ਤਾਂ ਸਰਸਾ ਨਦੀ ਦਾ ਕਿਨਾਰਾ ਅਜੇ ਆਉਣਾ ਹੀ ਸੀ ਕਿ ਪਿੱਛੋਂ ਇਕ ਆਵਾਜ਼ ਆਈ, “ਓ ਸਿੱਖੋ, ਅਪਣੇ ਹਥਿਆਰ ਸੁੱਟ ਦਿਉ, ਇਹ ਅਨੰਦਪੁਰ ਨਹੀਂ। ਅਪਣੇ ਆਪ ਹਥਿਆਰ ਸੁੱਟ ਦੇਵੋਗੇ ਤਾਂ ਜਾਨ ਬਖ਼ਸ਼ ਦਿਤੀ ਜਾਵੇਗੀ, ਨਹੀਂ ਤਾਂ ਸਾਰਾ ਕਾਫ਼ਲਾ ਖ਼ਤਮ ਕਰ ਦਿਆਂਗੇ।” 

ਅੱਗੋਂ ਉਸੇ ਲਲਕਾਰ ਦਾ ਜਵਾਬ ਦਿੰਦਿਆਂ ਬਾਬਾ ਅਜੀਤ ਸਿੰਘ ਨੇ ਕਿਹਾ, “ਪਹਾੜੀਆਂ ਹੋਣ ਭਾਵੇਂ ਕਿਲੇ੍ਹ ਹੋਣ ਜਾਂ ਫਿਰ ਮੈਦਾਨੀ ਇਲਾਕਾ ਹੋਵੇ, ਜਿਹੜੇ ਸ਼ਸਤਰ ਮੇਰੇ ਗੁਰੂ ਪਿਤਾ ਨੇ ਫੜਾਏ ਨੇ, ਤਨ ’ਚੋਂ ਜ਼ਿੰਦ ਨਿਕਲਣ ਤੋਂ ਬਾਅਦ ਹੀ ਹੱਥਾਂ ’ਚੋਂ ਛੁੱਟਣਗੇ ਪਰ ਜਿਉਂਦੇ ਜੀ ਗੁਰੂ ਪਿਤਾ ਦੇ ਸਿੰਘ ਪੁੱਤਰ ਤੁਹਾਡੇ ਸਾਹਮਣੇ ਸ਼ਸਤਰ ਨਹੀਂ ਸੁੱਟਣਗੇੇ।”

ਪ੍ਰਭਾਤ ਵੇਲਾ ਹੋਣ ਲਗਿਆ, ਪਿੱਛੋਂ ਦੁਸ਼ਮਣਾਂ ਦੀਆਂ ਫ਼ੌਜਾਂ ਚੜ੍ਹ ਕੇ ਆ ਰਹੀਆਂ ਸਨ ਤੇ ਅੱਗੋਂ ਸਰਸਾ ਨਦੀ ਮੂੰਹ ਅੱਡ ਕੇ ਖੜੀ ਸੀ। ਕੜਾਕੇ ਦੀ ਠੰਢ ਤੇ ਉਤੋਂ ਅਸਮਾਨ ਤੋਂ ਮੀਂਹ ਪੈ ਰਿਹਾ ਸੀ। ਦਾਤਾ, ਇਨ੍ਹਾਂ ਦਿਨਾਂ ਵਿਚ ਜਿਹੜਾ ਤੂੰ ਰੱਬ ਦਾ ਭਾਣਾ ਮੰਨਿਆ ਹੈ, ਅਸਲ ਵਿਚ ਸਿੱਖਾਂ ਨੂੰ ਤੁਸੀਂ ਦੱਸ ਕੇ ਗਏ ਸੀ ਕਿ ਜੇ ਐਨਾ ਕੁੱਝ ਵੀ ਵਾਪਰ ਜਾਏ ਤਾਂ ਅਕਾਲ ਪੁਰਖ ਦਾ ਪੱਲਾ ਕਦੇ ਵੀ ਨਾ ਛੱਡਣਾ। ਮਨ ਵਿਚ ਧਾਰਦਿਆਂ ਗੁਰੂ ਪਿਤਾ ਨੇ ਆਵਾਜ਼ ਦਿਤੀ, “ਪਿਆਰੇ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਜੀਵਨ ਸਿੰਘ ਜੀ, ਅੰਮ੍ਰਿਤ ਵੇਲਾ ਹੋ ਗਿਆ। 

“ਹਜ਼ੂਰ ਹੁਕਮ ਕੀ ਹੈ?” 

ਕਹਿਣ ਲੱਗੇ, “ਦੇਖੋ ਭਾਈ ਅੰਮ੍ਰਿਤ ਵੇਲਾ ਕਦੇ ਖੁੰਝਾਉਣਾ ਨਹੀਂ, ਗੁਰੂ ਨਾਨਕ ਦੇਵ ਜੀ ਨੇ ਸਾਨੂੰ ਅੰਮ੍ਰਿਤ ਵੇਲਾ ਵਡਿਆਈ ਗਾਉਣ ਲਈ ਦਿਤਾ ਹੈ - ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵਿਚਾਰੁ।” ਫਿਰ ਬੇਟੇ ਅਜੀਤ ਸਿੰਘ ਨੂੰ ਆਵਾਜ਼ ਦਿਤੀ ਤਾਂ ਉਹ ਹਜ਼ੂਰ ਪਿਤਾ ਦੇ ਸਾਹਮਣੇ ਆਏ। ਗੁਰੂ ਪਿਤਾ ਨੇ ਫ਼ੁਰਮਾਇਆ, “ਅਸੀਂ ਕਾਫ਼ਲੇ ਸਮੇਤ ਇੱਥੇ ਆਸਾ ਦੀ ਵਾਰ ਦਾ ਕੀਰਤਨ ਕਰਾਂਗੇ।” 

“ਪਿਤਾ ਜੀ ਪਿੱਛੋਂ ਦੁਸ਼ਮਣ ਆ ਗਿਆ ਹੈ, ਸੁਚੇਤ ਰਹਿਣ ਦੀ ਲੋੜ ਹੈ।” 

ਗੁਰੂ ਪਿਤਾ ਜੀ ਨੇ ਫ਼ੁਰਮਾਇਆ, “ਬੇਟਾ ਗੁਰੂ ਦੇ ਸਿੰਘਾਂ ਦੀ ਪੂੰਜੀ ਅੰਮ੍ਰਿਤ ਵੇਲਾ ਨਾਮ ਸਿਮਰਨ ਹੈ, ਜਿਸ ਦਿਨ ਬਾਣੀ ਸਰੂਪ ਪੂੰਜੀ ਚਲੀ ਗਈ, ਉਸ ਨੂੰ ਦੁਸ਼ਮਣ ਜਿੱਥੇ ਮਰਜ਼ੀ ਘੇਰ ਕੇ ਖ਼ਤਮ ਕਰ ਦੇਵੇਗਾ, ਉਸ ਨੂੰ ਅਕਾਲ ਪੁਰਖ ਦੀ ਪ੍ਰਾਪਤੀ ਨਹੀਂ ਹੋਵੇਗੀ।”

ਗੁਰੂ ਪਿਤਾ ਜੀ ਦੇ ਫ਼ੁਰਮਾਨ ਅਨੁਸਾਰ ਸਿੰਘਾਂ ਨੇ ਇਹ ਸਿੱਖੀ ਦਾ ਪਾਵਨ ਕਾਰਜ ਸੰਪੂਰਨ ਕਰ ਕੇ ਅਰਦਾਸ ਕਰਨ ਉਪਰੰਤ ਹੁਕਮਨਾਮਾ ਲਿਆ। ਸਰਸਾ ਦੇ ਕੰਢੇ ਸਾਰੇ ਇਕੱਠੇ ਹੋਏ। ਜਦੋਂ ਨਦੀ ਪਾਰ ਕਰਨ ਲੱਗੇ ਤਾਂ ਇਸ ਦੇ ਤੇਜ਼ ਵਹਾਅ ਕਾਰਨ ਕਈ ਸਿੰਘ ਤੇ ਸਿੰਘਣੀਆਂ ਪਾਣੀ ’ਚ ਰੁੜ੍ਹ ਗਏ। ਦਰਬਾਰੀ ਕਵੀਆਂ, ਹਜ਼ੂਰੀ ਇਤਿਹਾਸਕਾਰਾਂ ਅਤੇ ਹੋਰ ਅਧਿਆਤਮਕ ਰਚਨਾਵਾਂ ਤੋਂ ਇਲਾਵਾ ਗੁਰਮਤਿ ਵਿਦਿਆ ਦੇ ਗ੍ਰੰਥਾਂ ਨੂੰ ਪਾਣੀ ਰੋੜ੍ਹ ਕੇ ਲੈ ਗਿਆ। ਪਾਣੀ ਦੇ ਤੇਜ਼ ਵਹਾਅ ਕਾਰਨ ਕਲਗ਼ੀਧਰ ਪਿਤਾ ਦਾ ਪ੍ਰਵਾਰ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ। ਪਿਛੋਂ ਦੁਸ਼ਮਣ ਉੱਤੇ ਆ ਚੜਿ੍ਹਆ। ਬਾਬਾ ਅਜੀਤ ਸਿੰਘ, ਭਾਈ ਜੀਵਨ ਸਿੰਘ, ਭਾਈ ਉਦੈ ਸਿੰਘ ਅਤੇ ਹੋਰ ਸਿੰਘਾਂ ਨੇ ਡਟ ਕੇ ਮੁਕਾਬਲਾ ਕੀਤਾ। ਇਥੇ ਭਾਈ ਉਦੈ ਸਿੰਘ ਜੀ ਅਤੇ ਭਾਈ ਗੁਰਦਿਆਲ ਸਿੰਘ ਤੇ ਭਾਈ ਗੁਲਜ਼ਾਰ ਸਿੰਘ (ਦੋਵੇਂ ਛੋਟੇ ਸਪੁੱਤਰ ਭਾਈ ਜੀਵਨ ਸਿੰਘ ਰੰਘਰੇਟੇ) ਸਰਸਾ ਨਦੀ ਦੀ ਜੰਗ ਦੌਰਾਨ ਸ਼ਹਾਦਤ ਦਾ ਜਾਮ ਪੀ ਗਏ। ਮਾਤਾ ਪ੍ਰੇਮੋ ਜੀ (ਮਾਤਾ ਭਾਈ ਜੀਵਨ ਸਿੰਘ) ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਕੇ ਸ਼ਹੀਦ ਹੋ ਗਏ। ਬਾਬਾ ਅਜੀਤ ਸਿੰਘ ਅਤੇ ਹੋਰ ਸਿੰਘ ਮੁੜ ਆਏ। ਹਜ਼ੂਰ ਪਿਤਾ ਨੇ ਕਾਫ਼ਲੇ ਸਮੇਤ ਸਰਸਾ ਨਦੀ ਪਾਰ ਕੀਤੀ। ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਗੁਰੂ ਪਿਤਾ ਦੇ ਸੱਜੇ ਖੱਬੇ ਹੋ ਗਏ। ਕਈ ਪਿਆਰੇ ਸਿੰਘ ਉਨ੍ਹਾਂ ਦੇ ਨਾਲ ਸਨ। 

ਸਰਸਾ ਨਦੀ ਦੀ ਜੰਗ ਨੇ ਗੁਰੂ ਦੇ ਲਾਲਾਂ ਦਾ ਵਿਛੋੜਾ ਪਾ ਦਿਤਾ। ਮਾਤਾ ਗੁਜਰੀ ਜੀ, ਦੋ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਸਮੇਤ ਕਵੀ ਦੁੰਨਾ ਸਿੰਘ ਹੰਡੂਰੀਆ ਅਤੇ ਇਕ ਦਾਸੀ ਬੀਬੀ ਸਰਸਾ ਨਦੀ ਪਾਰ ਕਰ ਕੇ ਕੁੰਮੇ ਮਾਛਕੀ ਦੇ ਨਿਵਾਸ ’ਤੇ ਪਹੁੰਚ ਗਏ। ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ,  ਬੀਬੀ ਰਾਜ ਕੌਰ ਜੀ (ਸਿੰਘਣੀ ਭਾਈ ਜੀਵਨ ਸਿੰਘ) ਅਤੇ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਵਲ ਨੂੰ ਚੱਲ ਪਏ। 21 ਦਸੰਬਰ ਸੰਨ 1704 ਦੀ ਸ਼ਾਮ ਪੈ ਗਈ ਤੇ ਦਸਮ ਪਿਤਾ ਅਪਣੇ ਪੰਜ ਪਿਆਰਿਆਂ, ਦੋਵੇਂ ਵੱਡੇ ਲਾਲਾਂ ਅਤੇ ਮਰਜੀਵੜੇ ਸਿੰਘਾਂ ਨੂੰ ਅਪਣੇ ਸੀਨੇ ਨਾਲ ਲਾ ਕੇ ਚਮਕੌਰ ਦੀ ਗੜ੍ਹੀ ਵਾਲੇ ਪਾਸੇ ਨੂੰ ਤੁਰਨ ਲੱਗੇ। ਸ਼ਾਮ ਨੂੰ ਦਾਤਾ ਜੀ ਨੇ ਸਿੰਘਾਂ ਸਮੇਤ ਗੜ੍ਹੀ ਅੰਦਰ ਪ੍ਰਵੇਸ਼ ਕੀਤਾ। ਅਪਣੇ ਕਮਰ-ਕੱਸੇ ਵਿਚੋਂ ਖੰਜਰ ਕਢਦਿਆਂ ਗੜ੍ਹੀ ਨੂੰ ਵੇਖਦਿਆਂ ਮੁਸਕਰਾਏ ਤਾਂ ਭਾਈ ਦਇਆ ਸਿੰਘ ਦੇ ਪੁੱਛਣ ’ਤੇ ਹੱਸ ਕੇ ਕਹਿਣ ਲੱਗੇ, “ਸਿੰਘੋ ਇਸ ਗੜ੍ਹੀ ਦੇ ਸਾਹਮਣੇ ਵੱਡੀਆਂ-ਵੱਡੀਆਂ ਹਕੂਮਤਾਂ ਵਾਲਿਆਂ ਦੇ ਕਿਲੇ੍ਹ ਵੀ ਝੁਕ ਜਾਣਗੇ।” 

ਉਨ੍ਹਾਂ ਦੀ ਮੁਸਕਰਾਹਟ ਨੇ ਸਿੰਘਾਂ ਦੇ ਹੌਸਲੇ ਹੋਰ ਵੀ ਬੁਲੰਦ ਕਰ ਦਿਤੇ। ਹਜ਼ੂਰ ਪਾਤਸ਼ਾਹ ਅਤੇ ਸਿੰਘਾਂ ਨੇ ਕਈ ਦਿਨਾਂ ਦੇ ਥੱਕੇ-ਟੁੱਟੇ ਹੋਣ ਤੋਂ ਬਾਅਦ ਰੈਣ ਬਸੇਰਾ ਗੜ੍ਹੀ ਚਮਕੌਰ ਵਿਚ ਕੀਤਾ। ਰਹਿਰਾਸ ਤੋਂ ਬਾਅਦ ਜੋ ਵੀ ਕੁੱਝ ਛਕਣ ਨੂੰ ਮਿਲਿਆ ਉਹ ਛੱਕ ਲਿਆ। ਸਿੰਘਾਂ ਦੀ ਭਾਵਨਾ ਸੀ ਕਿ ਸੋਹਣਿਆਂ ਗ਼ਲੀਚਿਆਂ, ਆਸਣਾਂ, ਸੋਹਣੇ ਚੰਦੋਇਆਂ ਹੇਠ ਆਸਣ ਲਾਉਣ ਵਾਲੇ ਗੁਰੂ ਜੀ ਲਈ ਅੱਜ ਸਾਡੇ ਕੋਲ ਕੁੱਝ ਵੀ ਨਹੀਂ। ਜੋ ਸਾਡੇ ਤਨ ਵਾਲੇ ਕਪੜੇ ਹਨ, ਉਨ੍ਹਾਂ ਦਾ ਹੀ ਆਸਣ ਬਣਾਵਾਂਗੇ। ਰਾਤ ਦਾ ਸਮਾਂ ਹੋਇਆ ਗੁਰੂ ਪਿਤਾ ਤੇ ਸਾਹਿਬਜ਼ਾਦਿਆਂ ਲਈ ਆਸਣ ਲਗਾ ਦਿਤਾ ਤੇ ਕਲਗ਼ੀਧਰ ਪਿਤਾ ਨੂੰ ਵਿਸ਼ਰਾਮ ਕਰਨ ਲਈ ਬੇਨਤੀ ਕੀਤੀ। 

ਪਤਾ ਨਹੀਂ ਦੋਵੇਂ ਛੋਟੇ ਪੁੱਤਰ ਤੇ ਬ੍ਰਿਧ ਮਾਤਾ ਦਾ ਰੈਣ ਵਸੇਰਾ ਕਿੱਥੇ ਹੈ, ਕੋਈ ਪਤਾ ਨਹੀਂ ਪਿਆਰੇ ਸਿੰਘ ਕਿੱਥੇ ਹਨ। ਸਿੰਘਾਂ ਨੂੰ ਹੌਸਲਾ ਦੇ ਕੇ ਸੁਲਾ ਦਿਤਾ ਪਰ ਗੁਰੂ ਪਿਤਾ ਨੂੰ ਨੀਂਦ ਨਹੀਂ ਸੀ ਆ ਰਹੀ। ਕੱਚੇ ਪੈਂਡਿਆਂ ਦੀ ਧੂੜ ਨਾਲ ਮੈਲੇ ਬਸਤਰ ਤੇ ਥਕਾਵਟ ਕਾਰਨ ਸਿੰਘ ਘੂਕ ਸੌਂ ਰਹੇ ਸਨ। ਪੰਜ ਪਿਆਰੇ ਤੇ ਭਾਈ ਜੀਵਨ ਸਿੰਘ ਕੋਲ ਸਨ। ਰਾਤ ਨੂੰ ਜਦੋਂ ਸਾਰੇ ਖ਼ਾਮੋਸ਼ ਹੋ ਗਏ ਤਾਂ ਗੁਰੂ ਜੀ ਚੌਂਕੜਾ ਮਾਰ ਕੇ ਬੈਠ ਗਏ ਤੇ ਧੀਮੀ ਆਵਾਜ਼ ਵਿਚ ਵਾਹਿਗੁਰੂ ਦਾ ਜਾਪ ਕਰਨ ਲੱਗੇ। ਦੋਵੇਂ ਸਾਹਿਬਜ਼ਾਦੇ ਇਕ ਦੂਜੇ ਵਲ ਮੂੰਹ ਕਰ ਕੇ ਗਲਵਕੜੀ ਪਾ ਕੇ ਸੌਂ ਰਹੇ ਸਨ। ਹਜ਼ੂਰ ਕਦੇ ਸਿੰਘਾਂ ਦੇ ਨੇੜੇ ਜਾ ਕੇ ਉਨ੍ਹਾਂ ਦੇ ਮੁੱਖ ਵਲ ਵੇਖਦੇ ਤੇ ਕਦੇ ਦੋਵੇਂ ਸਾਹਿਬਜ਼ਾਦਿਆਂ ਕੋਲ ਬੈਠ ਕੇ, ਉਨ੍ਹਾਂ ਦੇ ਮੁੱਖ ਵਲ ਵੇਖਦੇ ਤੇ ਸੋਚਦੇ ਕਿ ਇਨ੍ਹਾਂ ਦੇ ਖੇਡਣ-ਕੁੱਦਣ ਦਾ ਸਮਾਂ ਮੁਸੀਬਤਾਂ ਵਿਚੋਂ ਦੀ ਗੁਜ਼ਰ ਰਿਹਾ ਹੈ। ਵਿਛੜ ਗਿਆਂ ਦੀ ਯਾਦ ਮੁੜ-ਮੁੜ ਸਤਾ ਰਹੀ ਸੀ। ਟਿਮ-ਟਿਮਾਉਂਦਿਆਂ ਤਾਰਿਆਂ ਦੀ ਠੰਢੀ ਰਾਤ, ਬਾਹਰ ਦੁਸ਼ਮਣ ਦੀਆਂ ਜਗਦੀਆਂ ਮਸ਼ਾਲਾਂ ਅਤੇ ਹੋਣੀ ਹਸਦੀ ਪਈ ਕਿ ਸਵੇਰੇ ਪਤਾ ਨਹੀਂ ਕੀ ਵਾਪਰਨਾ ਹੈ। ਕਦੇ ਥੋੜੀ ਜਿਹੀ ਅੱਖ ਲਗਦੀ ਤੇ ਫਿਰ ਖੁੱਲ੍ਹ ਜਾਂਦੀ। ਰਾਤ ਲੰਘ ਗਈ। ਅੰਮ੍ਰਿਤ ਵੇਲਾ ਹੋਇਆ, ਆਵਾਜ਼ ਦੇ ਕੇ ਪੰਜ ਪਿਆਰੇ ਤੇ ਸਾਹਿਬਜ਼ਾਦਿਆਂ ਨੂੰ ਉਠਾਇਆ। ਨਾਲ ਮਰਜੀਵੜੇ ਸਿੰਘ ਵੀ ਜਾਗ ਉੱਠੇ। ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ ਤੇ ਅਰਦਾਸ ਉਪਰੰਤ ਹੁਕਮਨਾਮਾ ਲਿਆ।

22 ਦਸੰਬਰ ਨੂੰ ਜੰਗ ਹੋਣ ਲੱਗੀ, ਜਫ਼ਰਨਾਮੇ ਮੁਤਾਬਕ ਚਾਰੇ ਪਾਸੇ ਲੱਖਾਂ ਦੀ ਗਿਣਤੀ ਵਿਚ ਦੁਸ਼ਮਣ ਦੀਆਂ ਫ਼ੌਜਾਂ ਨੇ ਗੜ੍ਹੀ ਨੂੰ ਘੇਰਾ ਪਾ ਲਿਆ। ਦੁਸ਼ਮਣ ਮੁਗ਼ਲ ਤੇ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਦੇ ਕਈ ਜਰਨੈਲਾਂ ਤੋਂ ਇਲਾਵਾ ਲਾਹੌਰ ਦਾ ਸੂਬਾ ਵਜ਼ੀਰ ਖ਼ਾਂ ਵੀ ਅਪਣੀ ਫ਼ੌਜ ਲੈ ਕੇ ਪੁੱਜ ਗਿਆ ਸੀ। ਆਤਮ ਸਮਰਪਣ ਲਈ ਢਿੰਡੋਰਾ ਪਿਟਵਾਇਆ ਗਿਆ। ਡਾ. ਲਤੀਫ਼ ਲਿਖਦਾ ਹੈ ਕਿ ਇਕ ਏਲਚੀ ਗੁਰੂ ਜੀ ਕੋਲ ਭੇਜਿਆ। ਉਸ ਨੇ ਆ ਕੇ ਗੁਰੂ ਜੀ ਨੂੰ ਕਿਹਾ ਕਿ ਤੁਸੀ ਸਮਰਪਣ ਕਰ ਦਿਉ ਤੇ ਉਸ ਨੇ ਕੁੱਝ ਗ਼ੈਰ-ਵਾਜਬ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ ਤਾਂ ਸਿੰਘਾਂ ਨੇ ਕ੍ਰਿਪਾਨਾਂ ਧੂਹ ਲਈਆਂ। ਉਸ ਨੂੰ ਮੋੜਵਾਂ ਜਵਾਬ ਦਿਤਾ ਤੇ ਮੈਦਾਨੇ ਜੰਗ ਵਿਚ ਟਕਰਨ ਲਈ ਵੀ ਕਿਹਾ। ਦੁਸ਼ਮਣ ਨੇ ਸੋਚਿਆ ਕਿ ਗੁਰੂ ਗੋਬਿੰਦ ਸਿੰਘ ਜੀ ਨਾਲ ਕੁੱਝ ਕੁ ਸਿੰਘ ਹਨ, ਇਨ੍ਹਾਂ ਨੂੰ ਪੌੜੀ ਲਾ ਕੇ ਫੜ ਲੈਣਾ ਹੈ। ਨਾਹਰ ਖ਼ਾਂ ਪੌੜੀ ਲਾ ਕੇ ਚੜ੍ਹ ਗਿਆ ਅਤੇ ਉਸ ਨੇ ਗੜ੍ਹੀ ਦੀ ਦੀਵਾਰ ਉਪਰ ਦੀ ਸਿਰ, ਸਿੰਘਾਂ ਨੂੰ ਵੇਖਣ ਲਈ ਕਢਿਆ ਕਿ ਕਿੰਨੇ ਕੁ ਸਿੰਘ ਹਨ ਤੇ ਕਿਵੇਂ ਫੜ ਸਕਦੇ ਹਾਂ। ਗੁਰੂ ਜੀ ਨੇ ਉਸ ਦੀ ਖੋਪੜੀ ਕੰਧ ਉਤੋਂ ਦੀ ਵੇਖੀ ਤਾਂ ਤੀਰ ਕੱਢ ਕੇ ਨਾਹਰ ਖ਼ਾਂ ਦੀ ਅੱਖ ਵਿਚ ਪਰੋ ਦਿਤਾ ਤੇ ਉਹ ਧਰਤੀ ’ਤੇ ਧੜੱਮ ਕਰ ਕੇ ਉੱਚੀ ਕੰਧ ਤੋਂ ਹੇਠਾਂ ਡਿੱਗ ਪਿਆ ਤੇ ਸੁਆਸ ਨਿਕਲ ਗਏ। ਫਿਰ ਗ਼ਨੀ ਖ਼ਾਂ ਕੰਧ ਉਪਰ ਚੜ੍ਹਨ ਲਗਿਆ। ਗੁਰੂ ਜੀ ਨੇ ਗੁਰਜ਼ ਮਾਰਿਆ ਤਾਂ ਉਸ ਦੇ ਸਿਰ ਦੀ ਮਿੱਝ ਬਾਹਰ ਨਿਕਲ ਗਈ ਤੇ ਹੇਠਾਂ ਜ਼ਮੀਨ ’ਤੇ ਡਿੱਗ ਪਿਆ। ਤੀਜਾ ਖ਼ਵਾਜ਼ਾ ਮਹਿਬੂਬ, ਉਹ ਵੀ ਬਚ ਨਾ ਸਕਿਆ। ਖ਼ਵਾਜ਼ਾ ਖਿਜ਼ਰ ਉਕਤ ਦਿ੍ਰਸ਼ ਵੇਖ ਕੇ ਗੜ੍ਹੀ ਦੀ ਕੰਧ ਉਹਲੇ ਲੁੱਕ ਗਿਆ। ਸਿੰਘਾਂ ਦੀ ਚੜ੍ਹਦੀ ਕਲਾ ਨੇ ਮੁਗ਼ਲ ਤੇ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਵਿਚ ਘਬਰਾਹਟ ਪਾ ਦਿਤੀ। ਮਮਟੀ ਤੋਂ ਗੁਰੂ ਜੀ ਆਪ ਤੀਰਾਂ ਦੀ ਵਰਖਾ ਕਰਦੇ ਹੋਣ ਕਰ ਕੇ ਦੁਸ਼ਮਣ ਦੀਆਂ ਫ਼ੌਜਾਂ ਨੇੜੇ ਆਉਣ ਵਿਚ ਅਸਫ਼ਲ ਸਨ। ਸਿੰਘਾਂ ਦੀਆਂ ਗੋਲੀਆਂ ਤੇ ਤੀਰਾਂ ਦੀ ਵਰਖਾ ਦੇ ਨਾਲ-ਨਾਲ ਭਾਈ ਜੀਵਨ ਸਿੰਘ ਜਦੋਂ ਬਖ਼ਸ਼ਿਸ਼ ਨਾਗਣੀ ਤੇ ਬਾਘਣੀ ਬੰਦੂਕਾਂ ਨਾਲ ਇਕੋ ਸਮੇਂ ਦੋ-ਦੋ ਫ਼ਾਇਰ ਕਢਦੇ ਤਾਂ ਇੰਜ ਲਗਦਾ ਜਿਵੇਂ ਅੰਬਰ ਫਟ ਰਿਹਾ ਹੋਵੇ।

ਦੁਸ਼ਮਣ ਇਕਦਮ ਬਾਹਰੋਂ ਗੜ੍ਹੀ ਅੰਦਰ ਹਮਲਾ ਕਰਨ ਲੱਗਾ ਤਾਂ ਭਾਈ ਹਿੰਮਤ ਸਿੰਘ ਨੇ ਗੁਰੂ ਜੀ ਨੂੰ ਬੇਨਤੀ ਕੀਤੀ, “ਹੇ ਸਤਿਗੁਰੂ, ਜਿੱਥੇ ਤੁਹਾਡੇ ਚਰਨ ਪੈ ਗਏ, ਉਹ ਸਾਡੇ ਗੁਰੂ ਦਾ ਘਰ ਹੈ, ਜੇ ਦੁਸ਼ਮਣ ਨੇ ਅੰੰਦਰ ਆ ਕੇ ਹਮਲਾ ਕਰ ਦਿਤਾ ਤਾਂ ਅਸੀ ਇਹ ਹਮਲਾ ਸਾਡੇ ਗੁਰੂ ’ਤੇ ਸਮਝਾਂਗੇ।” 

ਗੁਰੂ ਜੀ ਦੀ ਆਗਿਆ ਤੋਂ ਪਿੱਛੋਂ ਭਾਈ ਆਲਮ ਸਿੰਘ ਦੀ ਅਗਵਾਈ ਵਿਚ ਪੰਜ ਸਿੰੰਘ ਮੈਦਾਨੇ ਜੰਗ ਵਿਚ ਨਿਕਲੇ ਤੇ ਇਕਦਮ ਦੁਸ਼ਮਣ ਫ਼ੌਜਾਂ ’ਤੇ ਟੁੱਟ ਪਏ। ਦੁਸ਼ਮਣ ਦੀਆਂ ਫ਼ੌਜਾਂ ਨੂੰ ਮਾਰਦੇ ਕਟਦੇ ਹੋਏ ਪੂਰੀ ਹਿੰਮਤ ਨਾਲ ਲੜੇ। ਮਮਟੀ ਵਿਚੋਂ ਗੁਰੂ ਜੀ ਸ਼ਾਬਾਸ਼ ਦੇ ਕੇ ਹੌਸਲਾ ਦਿੰਦੇ ਰਹੇ ਤੇ ਤੀਰ ਚਲਾਉਂਦੇ ਰਹੇ। ਅਖ਼ੀਰ ਵਿਚ ਜੂਝਦਾ ਹੋਇਆ ਇਹ ਜੱਥਾ ਸ਼ਹਾਦਤ ਦਾ ਜਾਮ ਪੀ ਗਿਆ। ਗੁਰੂ ਜੀ ਤੋਂ ਆਗਿਆ ਲੈ ਕੇ ਦੂਜਾ ਜੱਥਾ ਭਾਈ ਖ਼ਜ਼ਾਨ ਸਿੰਘ ਦੀ ਅਗਵਾਈ ਵਿਚ ਮੈਦਾਨੇ ਜੰਗ ’ਤੇ ਜਾ ਨਿਤਰਿਆ। ਕਾਫ਼ੀ ਸਮਾਂ ਜੂਝ ਕੇ ਇਹ ਜੱਥਾ ਵੀ ਦੁਸ਼ਮਣ ਦੇ ਆਹੂ ਲਾਹੁੰਦਿਆਂ ਸ਼ਹਾਦਤ ਪਾ ਗਿਆ। ਫਿਰ ਜਦੋਂ ਭਾਈ ਸੰਤ ਸਿੰਘ ਦੀ ਅਗਵਾਈ ਵਿਚ ਗਿਆ ਤੀਜਾ ਜੱਥਾ ਵੀ ਸ਼ਹੀਦ ਹੋ ਗਿਆ ਤਾਂ ਭਾਈ ਦਇਆ ਸਿੰਘ ਨੇ ਗੁਰੂ ਜੀ ਨੂੰ ਬੇਨਤੀ ਕੀਤੀ, “ਹੇ ਦਾਤਾ, ਤੁਸੀਂ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਇਥੋਂ ਨਿਕਲ ਜਾਉ।”

ਗੁਰੂ ਜੀ ਨੇ ਦਇਆ ਸਿੰਘ ਦੇ ਮੋਢੇ ’ਤੇ ਹੱਥ ਰੱਖ ਕੇ ਕਿਹਾ, “ਦਇਆ ਸਿੰਘ, ਮੈਂ ਅਪਣੇ ਪੁੱਤਰਾਂ ਤੇ ਅਪਣੇ ਸਿੰਘਾਂ ਵਿਚ ਕਦੇ  ਫ਼ਰਕ ਨਹੀਂ ਸਮਝਿਆ। ਅਪਣੇ ਸਿੰਘ ਤਾਂ ਮੈਨੂੰ ਪੁੱਤਰਾਂ ਨਾਲੋਂ ਵੀ ਵੱਧ ਪਿਆਰੇ ਹਨ।” ਇਹ ਸੁਣਦਿਆਂ ਹੀ 18 ਸਾਲਾਂ ਦੇ ਬਾਬਾ ਅਜੀਤ ਸਿੰਘ ਉਠ ਕੇ ਸਾਹਮਣੇ ਆਏ ਤੇ ਗੁਰੂ ਪਿਤਾ ਦੇ ਚਰਨਾਂ ਵਿਚ ਬੇਨਤੀ ਕਰ ਕੇ ਮੈਦਾਨੇ ਜੰਗ ’ਚ ਜਾਣ ਦੀ ਆਗਿਆ ਮੰਗੀ। ਗੁਰੂ ਜੀ ਨੇ ਚੌਥਾ ਜੱਥਾ ਭਾਈ ਮੋਹਕਮ ਸਿੰਘ ਦੀ ਅਗਵਾਈ ਵਿਚ ਭੇਜਿਆ। ਇਸ ਜੱਥੇ ਵਿਚ ਬਾਬਾ ਅਜੀਤ ਸਿੰਘ ਅਤੇ ਭਾਈ ਸੁੱਖਾ ਸਿੰਘ (ਪੁੱਤਰ ਭਾਈ ਜੀਵਨ ਸਿੰਘ) ਸੱਭ ਤੋਂ ਛੋਟੀ ਉਮਰ ਦੇ ਸਨ। ਗੁਰੂ ਪਿਤਾ ਨੇ ਮੈਦਾਨੇ ਜੰਗ ਵਿਚ ਜਾਣ ਤੋਂ ਪਹਿਲਾਂ ਬਾਬਾ ਅਜੀਤ ਸਿੰਘ ਨੂੰ ਸੀਨੇ ਨਾਲ ਲਾ ਕੇ ਹੌਸਲਾ ਦਿਤਾ। ਜੰਗ ਵਿਚ ਜਾਣ ਤੋਂ ਪਹਿਲਾਂ ਬਾਬਾ ਜੀਵਨ ਸਿੰਘ ਅਤੇ ਹੋਰ ਹਾਜ਼ਰ ਸਿੰਘਾਂ ਨੇ ਜੈਕਾਰੇ ਗੁੰਜਾਉਂਦਿਆਂ ਜੱਥੇ ਨੂੰ ਮੈਦਾਨੇ ਜੰਗ ਵਿਚ ਭੇਜਿਆ।

ਕਲਗ਼ੀਧਰ ਪਾਤਸ਼ਾਹ ਦਾ ਪਹਿਲਾ ਪੁੱਤਰ ਦੁਪਹਿਰ ਮਗਰੋਂ ਜੰਗ ਲੜਦਿਆਂ ਅਪਣੇ ਜੱਥੇ ਸਮੇਤ ਸ਼ਹਾਦਤ ਦਾ ਜਾਮ ਪੀ ਗਿਆ। ਗੁਰੂ ਜੀ ਨੇ ਮਮਟੀ ਵਿਚ ਬੈਠ ਕੇ ਲੜਦਿਆਂ ਬੀਰ ਪੁੱਤਰ ਦੇ ਜ਼ੌਹਰ ਵੇਖੇ ਤੇ ਸ਼ਹਾਦਤ ਉਪਰੰਤ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਆਕਾਲ’ ਦਾ ਜੈਕਾਰਾ ਲਾਉਂਦਿਆਂ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਸਿਰ ਝੁਕਾਇਆ। ਗੁਰੂ ਜੀ ਹੇਠ ਉਤਰੇ ਤਾਂ ਬਾਬਾ ਜੁਝਾਰ ਸਿੰਘ ਜੀ ਵੀ ਸਾਹਮਣੇ ਆ ਗਏ। ਉਨ੍ਹਾਂ ਵੀ ਵੱਡੇ ਭਰਾ ਵਾਂਗੂੰ ਮੈਦਾਨੇ ਜੰਗ ’ਚ ਜਾਣ ਦੀ ਆਗਿਆ ਮੰਗੀ। ਬਾਬਾ ਜੁਝਾਰ ਸਿੰਘ ਦੀ ਬੇਨਤੀ ’ਤੇ ਗੁਰੂ ਪਿਤਾ ਨੇ ਕਿਹਾ, “ਮੇਰੇ ਲਾਲ, ਮੈਦਾਨੇ ਜੰਗ ਜਾਣ ਲਈ ਤੇਰਾ ਸ਼ਿੰਗਾਰ ਮੈਂ ਆਪ ਕਰਨਾ ਹੈ।” ਪਿਤਾ ਨੇ ਸ਼ਸਤਰ ਦਿਤੇ ਤੇ ਅਪਣੇ ਕਮਰ-ਕੱਸੇ ਵਾਲਾ ਖੰਜਰ ਬਾਬਾ ਜੁਝਾਰ ਸਿੰਘ ਦੇ ਕਮਰ-ਕੱਸੇ ’ਚ ਸਜਾਇਆ ਤੇ ਭਾਈ ਹਿੰਮਤ ਸਿੰਘ ਦੀ ਅਗਵਾਈ ਵਿਚ ਛੇ ਸਿੰਘਾਂ ਦੇ ਜੱਥੇ ਨੂੰ ਮੈਦਾਨੇ ਜੰਗ ਲਈ ਤੋਰਿਆ।

ਉਸ ਸਮੇਂ ਬਾਬਾ ਜੁਝਾਰ ਸਿੰਘ ਜੀ ਦੀ ਉਮਰ ਸਿਰਫ਼ 14 ਸਾਲ ਸੀ। ਗੁਰੂ ਪਿਤਾ ਨੇ ਸਾਹਿਬਜ਼ਾਦੇ ਦੀ ਦਲੇਰੀ ’ਤੇ ਫ਼ਖ਼ਰ ਮਹਿਸੂਸ ਕੀਤਾ ਤੇ ਪ੍ਰਸੰਨ ਹੋ ਕੇੇ ਸਾਹਿਬਜ਼ਾਦੇ ਨੂੰ ਪੰਜ ਸਿੰਘਾਂ ਦੇ ਜੱਥੇ ਨਾਲ ਮੈਦਾਨੇ ਜੰਗ ਨੂੰ ਤੋਰਿਆ। ਪਿਤਾ-ਪੁੱਤਰ ਵਿਚਕਾਰ ਹੋਏ ਵਾਰਤਾਲਾਪ ਨੂੰ ਸੂਫ਼ੀ ਸ਼ਾਇਰ ਜੋਗੀ ਅੱਲ੍ਹਾ ਯਾਰ ਖ਼ਾਂ ਬਿਆਨ ਕਰਦੇ ਹਨ:- 

ਇਸ ਵਕਤ ਕਹਾ ਨੰਨ੍ਹੇ ਸੇ ਮਾਸੂਮ ਪਿਸਰ ਨੇ।
ਰੁਖ਼ਸਤ ਹਮੇ ਦਿਲਵਾਉ ਪਿਤਾ, 
ਜਾਏਂਗੇ ਮਰਨੇ।
ਭਾਈ ਸੇ ਬਿਛੜ ਕਰ ਹਮੇ, 
ਜੀਨਾ ਨਹੀਂ ਆਤਾ।
ਸੋਨਾ ਨਹੀਂ, ਖਾਨਾ ਨਹੀਂ, ਪੀਨਾ ਨਹੀਂ ਭਾਤਾ।

ਬਾਬਾ ਅਜੀਤ ਸਿੰਘ ਤੇ ਸਿੰਘਾਂ ਦੀ ਸ਼ਹਾਦਤ ਹੋਣ ਕਰ ਕੇ ਜੱਥੇ ਦੇ ਸਿੰਘਾਂ ਵਿਚ ਕਾਫ਼ੀ ਗੁੱਸਾ ਤੇ ਜੋਸ਼ ਸੀ। ਬਾਬਾ ਜੁਝਾਰ ਸਿੰਘ ਤੇ ਉਨ੍ਹਾਂ ਦੇ ਜੱਥੇ ਨੂੰ ਹਮਲਾ ਕਰਨ ’ਤੇ ਵਾਰ-ਵਾਰ ਘੇਰਾ ਪੈ ਜਾਂਦਾ। ਮਮਟੀ ਵਿਚੋਂ ਗੁਰੂ ਜੀ ਤੀਰਾਂ ਤੇ ਗੋਲੀਆਂ ਦੀ ਬੁਛਾੜ ਕਰ ਦਿੰਦੇ ਤਾਂ ਦੁਸ਼ਮਣ ਦਾ ਘੇਰਾ ਟੁੱਟ ਜਾਂਦਾ। ਸਾਹਿਬਜ਼ਾਦੇ ਨੇ ਨੇਜੇ ਨਾਲ ਵੈਰੀਆਂ ’ਤੇ ਵਾਰ ਕਰ ਕੇ ਬਹਾਦਰੀ ਦੇ ਜੌਹਰ ਵਿਖਾਏ। ਹਕੂਮਤ ਦੀ ਲੱਖਾਂ ਦੀ ਫ਼ੌਜ ਅੱਗੇ ਮੁੱਠੀ ਭਰ ਲਾਡਲੀਆਂ ਫ਼ੌਜਾਂ ਅਖ਼ੀਰ ਕਿੰਨਾ ਕੁ ਸਮਾਂ ਟਿਕ ਸਕਦੀਆਂ ਸਨ।

ਸਾਹਿਬਜ਼ਾਦੇ ਸਮੇਤ ਜੱਥੇ ਦੇ ਸਿੰਘ ਸ਼ਹੀਦੀਆਂ ਪਾ ਗਏ। ਪਿਤਾ ਜੀ ਨੇ ਖ਼ੁਦ ਮੁਕਾਬਲਾ ਕਰਦਿਆਂ ਲਾਡਲੇ ਸਿੰਘਾਂ ਤੇ ਦੋਵਾਂ ਪੁੱਤਰਾਂ ਦੇ ਵੀਰਤਾ ਦੇ ਜ਼ੌਹਰ ਅੱਖੀਂ ਵੇਖੇ। ਸ਼ਹੀਦ ਹੁੰਦਿਆਂ ਵੇਖ ਕੇ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਆਕਾਲ’ ਦੇ ਜੈਕਾਰੇ ਨਾਲ ਹੀ ਅਕਾਲ ਪੁਰਖ ਦੇ ਸ਼ੁਕਰਾਨੇ ਵਜੋਂ ਸੀਸ ਝੁਕਾਇਆ ਕਿ ਤੇਰੀ ਅਮਾਨਤ ਤੈਨੂੰ ਸੌਂਪ ਦਿਤੀ ਹੈ। ਜੋਗੀ ਅੱਲ੍ਹਾ ਯਾਰ ਖ਼ਾਂ ਲਿਖਦੇ ਹਨ : - 

ਬਸ ਏਕ ਹਿੰਦ ਮੇ ਤੀਰਥ ਹੈ, ਯਾਤਰਾ ਕੇ ਲਿਯੇ। 
ਕਟਾਏ ਬਾਪ ਨੇ ਬੱਚੇ ਜਹਾਂ ਖ਼ੁਦਾ ਕੇ ਲਿਯੇ।
ਚਮਕ ਹੈ ਮਿਹਰ ਕੀ ਚਮਕੌਰ ਤੇਰੇ ਜ਼ਰੋਂ ਮੇ।
ਯਹੀ ਸੇ ਬਨ ਕੇ ਸਿਤਾਰੇ ਗਏ ਸ਼ਮ੍ਹਾਂ ਕੇ ਲਿਯੇ।।

ਸ਼ਹੀਦ ਚਾਲੀ ਸਿੰਘਾਂ ਵਿਚੋਂ 11 ਸਿੰਘ ਭਾਈ ਧਰਮ ਸਿੰਘ, ਦਇਆ ਸਿੰਘ, ਸੰਗਤ ਸਿੰਘ, ਲੱਧਾ ਸਿੰਘ, ਦੇਵਾ ਸਿੰਘ, ਰਾਮ ਸਿੰਘ, ਸੰਤੋਖ ਸਿੰਘ, ਮਾਨ ਸਿੰਘ, ਕਾਠਾ ਸਿੰਘ, ਕੇਹਰ ਸਿੰਘ ਅਤੇ ਜੀਵਨ ਸਿੰਘ (ਜੈਯਤਾ ਜੀ) ਰਹਿ ਗਏ। ਮੌਕੇ ’ਤੇ ਨਾਮਜ਼ਦ ਕੀਤੇ ਪੰਜ ਪਿਆਰਿਆਂ ਦੇ ਗੁਰਮਤੇ ਨੂੰ ਪ੍ਰਵਾਨਗੀ ਦਿੰਦਿਆਂ ਗੁਰੂ ਜੀ ਨੂੰ ਅਪਣੀ ਹੋਂਦ ਕਾਇਮ ਰੱਖਣ ਲਈ ਗੜ੍ਹੀ ਨੂੰ ਛਡਣਾ ਪਿਆ। ਗੁਰੂ ਜੀ ਨੇ ਜਾਣ ਸਮੇਂ ਅਪਣੀ ਪਵਿੱਤਰ ਕਲਗ਼ੀ ਤੇ ਪੁਸ਼ਾਕਾ ਭਾਈ ਜੀਵਨ ਸਿੰਘ ਨੂੰ ਪਹਿਨਾ ਕੇ, ਅਪਣੀ ਥਾਂ ਤੇ ਯੁੱਧ ਨੀਤੀ ਨਾਲ ਬੁਰਜ ਵਿਚ ਬਿਠਾ ਕੇ, ਆਪ ਤਿੰਨ ਸਿੰਘਾਂ ਸਮੇਤ ਪੰਜ ਪਿਆਰਿਆਂ ਦੇ ਹੁਕਮ ਨੂੰ ਪ੍ਰਵਾਨਗੀ ਦੇ ਗਏ। ਗੜ੍ਹੀ ਪ੍ਰਕਰਮਾ ’ਚ ਚਾਲੀ ਸਿੰਘਾਂ ਵਿਚੋਂ ਵੱਡੇ ਸਾਹਿਬਜ਼ਾਦਿਆਂ ਦੀ ਇਤਿਹਾਸਕ ਯਾਦਗਾਰ ਦੇ ਨੇੜੇ ਭਾਈ ਜੀਵਨ ਸਿੰਘ ਦੀ ਇਕੋ-ਇਕ ਪ੍ਰਾਚੀਨ ਤੇ ਇਤਿਹਾਸਕ ਯਾਦਗਾਰ, ਜਿਸ ਦੇ ਵੇਰਵੇ ਇਤਿਹਾਸਕ ਗ੍ਰੰਥਾਂ ਵਿਚ ਮਿਲਦੇ ਹਨ ਜੋ ਕਿ ਹਾਜ਼ਰ 11 ਸਿੰਘਾਂ ਵਿਚੋਂ ਸੱਭ ਤੋਂ ਪਿੱਛੋਂ ਸ਼ਹਾਦਤ ਪਾਉਣ ਵਾਲੇ ਜਰਨੈਲ ਸਨ। 

ਗੁਰਮੇਲ ਸਿੰਘ ਗਿੱਲ 

ਗੁਰੂ ਤੇਗ਼ ਬਹਾਦਰ ਨਗਰ, 
ਵਾਰਡ ਨੰ:1, ਮਾਨਸਾ।