ਕਿਸਾਨੀ ਅੰਦੋਲਨ, ਅਲੌਕਿਕ ਵਰਤਾਰਾ ਤੇ ਹਲੇਮੀ ਰਾਜ ਵਲ ਵਧਦੇ ਕਦਮ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਪੰਜਾਬੀ ਕੌਮ ਦੀ ਬਹਾਦਰੀ ਵਾਲੀ ਭਾਵਨਾ, ਸਰਬੱਤ ਦੇ ਭਲੇ ਅਤੇ ਲੰਗਰ ਦੀ ਮਹਾਨ ਪ੍ਰੰਪਰਾ ਨੂੰ ਸ਼ਿੱਦਤ ਨਾਲ ਜਾਣਿਆ ਤੇ ਕਬੂਲਿਆ ਹੈ

farmer

ਨਵੀਂ ਦਿੱਲੀ: ਠੰਢੀਆਂ ਰਾਤਾਂ ਸੜਕਾਂ ਤੇ ਕੱਟਣ ਲਈ ਮਜਬੂਰ, ਦੇਸ਼ ਦੇ ਕਿਸਾਨ ਤੇ ਮਜ਼ਦੂਰ ਭਲੇ ਦਿਨਾਂ ਦੀ ਆਸ ਨਾਲ ਅਪਣੇ ਹੱਕਾਂ ਦੀ ਪ੍ਰਾਪਤੀ ਲਈ ਡਟੇ ਹੋਏ ਹਨ। ਭਾਵੇਂ ਕੁਦਰਤ ਦੀ ਕਰੋਪੀ ਨਾਲ ਮੌਸਮ ਦੀ ਮਾਰ ਵੀ (ਠੰਢ ਤੇ ਮੀਂਹ) ਕਿਸਾਨਾਂ ਨੂੰ ਝੇਲਣੇ ਪਏ ਪਰ ਇਸ ਦੇ ਬਾਵਜੂਦ ਵੀ ਅੰਦੋਲਨਕਾਰੀ ਕਿਸਾਨਾਂ ਦੇ ਹੌਸਲਿਆਂ ਵਿਚ ਰੱਤਾ ਭਰ ਵੀ ਕਮਜ਼ੋਰੀ ਨਹੀਂ ਆਈ। ਪੌਣੇ ਸੈਂਕੜੇ ਨੂੰ ਪਾਰ ਕਰ ਗਈ ਮੌਤ ਦਰ ਦੇ ਬਾਵਜੂਦ, ਉਨ੍ਹਾਂ ਦੇ ਚਿਹਰਿਆਂ ਤੇ ਚੜ੍ਹਦੀਕਲਾ ਦੇ ਹਾਵ ਭਾਵ ਪ੍ਰਤੱਖ ਵੇਖੇ ਜਾ ਸਕਦੇ ਹਨ। “ਮਰਣ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ॥ ਸੂਰੇ ਸੇਈ ਆਗੈ ਆਖੀਅਹਿ ਦਰਗਹ ਪਾਵਹਿ ਸਾਚੀ ਮਾਣੋ॥” ਦੇ ਇਲਾਹੀ ਹੁਕਮ ਅਨੁਸਾਰ ਜ਼ਿੰਦਗੀ ਜਿਊਣ ਵਾਲੇ ਲੋਕਾਂ ਨੂੰ ਭਲਾ ਇਹ ਕੜਾਕੇ ਦੀ ਠੰਢ ਜਾਂ ਪੈਂਦਾ ਮੀਂਹ ਕਿਵੇਂ ਅਪਣੇ ਮਿਸ਼ਨ ਤੋਂ ਡੋਲ ਸਕਦਾ ਹੈ।

ਫਿਰ ਉਨ੍ਹਾਂ ਕਿਸਾਨਾਂ ਮਜ਼ਦੂਰਾਂ ਦੇ ਹੌਸਲੇ ਕਿਵੇਂ ਪਸਤ ਹੋ ਸਕਦੇ ਹਨ, ਜਿਹੜੇ ਧੁਰ ਕੀ ਬਾਣੀ ਨੂੰ ਅਪਣਾ ਅਦਰਸ਼ ਮੰਨਦੇ ਹੋਣ। ਇਹੀ ਕਾਰਨ ਹੈ ਕਿ ਕਿਸਾਨ, ਮਜ਼ਦੂਰ ਘਰ ਬਾਰ, ਖੇਤ-ਬੰਨੇ ਛੱਡ ਕੇ ਦਿੱਲੀ ਦੀਆਂ ਸੜਕਾਂ ਤੇ ਰੈਣ ਬਸੇਰਾ ਲਗਾਈ ਹੱਕਾਂ ਦੀ ਪ੍ਰਾਪਤੀ ਲਈ ਦ੍ਰਿੜਤਾ ਨਾਲ ਡਟੇ ਹੋਏ ਹਨ। ਕਿਸਾਨੀ ਅੰਦੋਲਨ ਜਿਉਂ-ਜਿਉਂ ਲੰਮਾ ਹੋ ਰਿਹਾ ਹੈ, ਸਰਕਾਰ ਦੀਆਂ ਆਸਾਂ ਦੇ ਉਲਟ ਦਿਨੋ ਦਿਨ ਹੋਰ ਤਕੜਾ ਹੁੰਦਾ ਜਾ ਰਿਹਾ ਹੈ। ਕਿਸਾਨੀ ਅੰਦੋਲਨ ਦਾ ਉਜਲਾ ਪੱਖ ਇਹ ਹੈ ਕਿ ਇਸ ਅੰਦੋਲਨ ਦੀ ਅਗਵਾਈ ਉਸ ਪੰਜਾਬ ਦੇ ਹੱਥ ਹੈ, ਜਿਹੜਾ ਬਾਬਾ ਨਾਨਕ ਸਾਹਿਬ ਦੇ ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ॥ ਹਰਿ ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ॥ ਦੇ ਉਸ ਉੱਚੇ ਸੁੱਚੇ ਜੀਵਨ ਫ਼ਲਸਫ਼ੇ ਦਾ ਧਾਰਨੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ :
ਮਰਣ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ॥
ਜਿਸ ਵਿਚ ਕਿਹਾ ਗਿਆ ਹੈ ਕਿ  :-
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥
ਅਤੇ ਇਹ ਵੀ ਕਿਹਾ ਗਿਆ ਹੈ ਕਿ:-
ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥”

ਇਹ ਕੌੜੀ ਸਚਾਈ ਹੈ ਕਿ ਪੰਜਾਬੀ ਕਿਸਾਨਾਂ ਨੇ ਭਾਵੇਂ ਉਨ੍ਹਾਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਕਬੂਲ ਕੀਤੀ ਹੈ ਤੇ ਲਗਾਤਾਰ ਉਨ੍ਹਾਂ ਦੀ ਅਗਵਾਈ ਹੇਠ ਸੰਘਰਸ਼ ਲੜਿਆ ਵੀ ਜਾ ਰਿਹਾ ਹੈ, ਜਿਹੜੀਆਂ ਖੱਬੇਪੱਖੀ ਸੋਚ ਦੀਆਂ ਧਾਰਨੀ ਹਨ ਤੇ ਕੁੱਝ ਅਖੌਤੀ ਰਾਸ਼ਟਰਵਾਦ ਦਾ ਢੰਡੋਰਾ ਵੀ ਪਿੱਟਦੀਆਂ  ਹਨ ਪਰ ਇਸ ਦੇ ਬਾਵਜੂਦ ਕਿਸਾਨਾਂ ਨੇ ਉਪਰੋਕਤ ਸਿੱਖ ਫ਼ਲਸਫ਼ਾ, ਸਿੱਖ ਸਭਿਆਚਾਰ ਅਤੇ ਸਿੱਖ ਪੁਰਖਿਆਂ ਦੀਆਂ ਕੁਰਬਾਨੀਆਂ ਤੇ ਬਹਾਦਰੀ ਨੂੰ ਪੂਰੀ ਸ਼ਿੱਦਤ ਨਾਲ ਇਸ ਫ਼ੈਸਲਾਕੁਨ ਅੰਦੋਲਨ ਵਿਚ ਅਪਣਾ ਪ੍ਰੇਰਨਾ ਸ੍ਰੋਤ ਮੰਨਿਆ ਹੋਇਆ ਹੈ ਜਿਸ ਦੀ ਵਜ੍ਹਾ ਨਾਲ ਹੀ ਉਨ੍ਹਾਂ ਨੇ ਹਕੂਮਤਾਂ ਦੀਆਂ ਭਾਰੀ ਰੋਕਾਂ ਨੂੰ ਤੁੱਛ ਸਮਝਿਆ ਤੇ ਰਾਹ ਦੇ ਰੋੜੇ ਵਾਂਗ ਪਰਾਂ ਹਟਾ ਸੁੱਟੇ ਸਨ ਤੇ ਦਿੱਲੀ ਦੇ ਆਲੇ ਦੁਆਲੇ ਦਾ ਦਿਨੋਂ ਦਿਨ ਮਜ਼ਬੂਤ ਹੋ ਰਿਹਾ ਘੇਰਾ ਇਸ ਗੱਲ ਦੀ ਹਾਮੀ ਭਰਦਾ ਹੈ ਕਿ ਭਾਰਤੀ ਕਿਸਾਨ ਮਜ਼ਦੂਰ ਜਮਾਤ ਨੇ ਬਾਬੇ ਕਿਆਂ ਦੀ ਸੋਚ ਨੂੰ ਅਪਣਾ ਕੇ ਬਾਬਰਕਿਆਂ ਨਾਲ ਆਰ-ਪਾਰ ਦੀ ਲੜਾਈ ਵਿੱਢ ਦਿਤੀ ਹੈ। ਦੇਸ਼ ਦੇ ਸਮੁੱਚੇ ਕਿਸਾਨਾਂ ਨੇ, ਭਾਵੇਂ ਉਹ ਕਿਸਾਨ ਹਰਿਆਣੇ, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਉੱਤਰਾਖੰਡ, ਕੇਰਲਾ ਜਾਂ ਕਿਸੇ ਵੀ ਹੋਰ ਸੂਬੇ ਦੇ ਹੋਣ, ਉਨ੍ਹਾਂ ਨੇ ਡੰਕੇ ਦੀ ਚੋਟ ਨਾਲ ਪੰਜਾਬ ਦੀ ਸਿੱਖੀ ਸੋਚ ਵਾਲੀ ਅਗਵਾਈ ਨੂੰ ਕਬੂਲ ਕੀਤਾ ਹੈ ਤੇ ਇਹ ਵੀ ਸੱਚ ਹੈ ਕਿ ਉਨ੍ਹਾਂ ਨੇ ਸਿੱਖ ਸਭਿਆਚਾਰ ਨੂੰ ਜਾਣਿਆਂ ਹੀ ਇਸ ਅੰਦੋਲਨ ਵਿਚੋਂ ਹੈ, ਇਹੀ ਕਾਰਨ ਹੈ ਕਿ ਸਿੱਖਾਂ ਨੂੰ ਨਫ਼ਰਤ ਦੀ ਨਜ਼ਰ ਨਾਲ ਵੇਖਣ ਵਾਲੇ ਭਾਰਤੀ ਲੋਕ ਅੱਜ ਸਤਿਕਾਰ ਦੀਆਂ ਨਜ਼ਰਾਂ ਨਾਲ ਵੇਖਣ ਦੇ ਨਾਲ-ਨਾਲ ਮਾਨਵਤਾ ਦੇ ਰਾਖੇ ਵਜੋਂ ਵੀ ਵੇਖ ਰਹੇ ਹਨ। 

ਵਿਸ਼ੇਸ਼ ਤੌਰ ਉਤੇ ਦੇਸ਼ ਦਾ ਸਮੁੱਚਾ ਕਿਸਾਨ ਭਾਈਚਾਰਾ ਤਾਂ ਅੱਜ ਖੱਬੇ ਸੱਜੇ ਪੱਖੀ ਸੋਚ ਨੂੰ ਭੁੱਲ ਕੇ, ਸਿਰਫ਼ ਤੇ ਸਿਰਫ਼ ਸਿੱਖੀ ਸੋਚ ਨੂੰ ਸਲਾਮ ਕਰ ਰਿਹਾ ਹੈ। ਇਸ ਦਾ ਕਾਰਨ ਇਹ ਨਹੀਂ ਕਿ ਸਿੱਖਾਂ ਦੇ ਕਿਸਾਨ ਆਗੂ ਜ਼ਿਆਦਾ ਵਧੀਆ ਰੋਲ ਅਦਾ ਕਰ ਰਹੇ ਹਨ, ਬਲਕਿ ਇਹ ਹੈ ਕਿ ਪੰਜਾਬ ਦੇ ਸਮੁੱਚੇ ਕਿਸਾਨ ਜਿਸ ਫ਼ਲਸਫ਼ੇ ਨੂੰ ਅਦਰਸ਼ ਮੰਨ ਕੇ ਸੜਕਾਂ ਤੇ ਹਨ ਤੇ ਲਗਾਤਾਰ ਅੱਗੇ ਵੱਧ ਰਹੇ ਹਨ, ਉਹ ਫ਼ਲਸਫ਼ਾ ਹੀ ਅਸਲ ਮਾਨਵਤਾਵਾਦੀ ਹੈ ਜਿਸ ਨੂੰ ਹੁਣ ਤਕ ਦੇਸ਼ ਦੇ ਫ਼ਿਰਕੂ ਮੀਡੀਏ ਨੇ ਬਦਨਾਮੀ ਵਿਚੋਂ ਉਭਰਨ ਹੀ ਨਹੀਂ ਸੀ ਦਿਤਾ। ਇਹ ਤਾਂ ਭਲਾ ਹੋਵੇ ਸੋਸ਼ਲ ਮੀਡੀਏ ਦਾ ਜਿਸ ਦੀ ਬਦੌਲਤ ਸਰਬੱਤ ਦੇ ਭਲੇ ਵਾਲੀ ਸਿੱਖੀ ਸੋਚ ਦੁਨੀਆਂ ਦੇ ਸਾਹਮਣੇ ਸਹੀ ਰੂਪ ਵਿਚ ਪੇਸ਼ ਹੋ ਸਕੀ ਹੈ।  ਹੁਣ ਜੇਕਰ ਗੱਲ ਕੇਂਦਰ ਸਰਕਾਰ ਦੀ ਕੀਤੀ ਜਾਵੇ, ਤਾਂ ਇਹ ਸੋਚਣਾ ਬਣਦਾ ਹੈ ਕਿ ਕੇਂਦਰੀ ਹਕੂਮਤ ਕਿਸਾਨਾਂ ਦੀ ਤਾਕਤ ਤੋਂ ਘਬਰਾਈ ਹੋਣ ਦੇ ਬਾਵਜੂਦ ਵੀ ਕਿਸਾਨਾਂ ਦੇ ਹੱਕ ਵਿਚ ਫ਼ੈਸਲੇ ਲੈਣ ਤੋਂ ਕਿਉਂ ਡਰਦੀ ਹੈ? ਕਿਉਂ ਕਿਸਾਨੀ ਦੇ ਖ਼ਾਤਮੇ ਵਾਲੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਤੋਂ ਟਾਲਾ ਵਟਦੀ ਆ ਰਹੀ ਹੈ?

 ਇਹ ਵੀ ਸਮਝਣਾ ਹੋਵੇਗਾ ਕਿ ਜਦੋਂ ਕਿਸਾਨ ਜਥੇਬੰਦੀਆਂ ਦੇ ਆਗੂ ਕਿਸਾਨਾਂ ਦੇ ਮਨ ਦੀ ਬਾਤ ਸਪੱਸ਼ਟ ਰੂਪ ਵਿਚ ਸਰਕਾਰ ਨੂੰ ਇਕ ਵਾਰ ਨਹੀਂ ਬਲਕਿ ਕਈ ਵਾਰ ਸਮਝਾਅ ਚੁੱਕੇ ਹਨ ਕਿ ਤਿੰਨ ਕਾਲੇ ਕਾਨੂੰਨਾਂ ਨੂੰ ਮੁਕੰਮਲ ਰੱਦ ਕਰਨ ਤੋਂ ਘੱਟ ਉਨ੍ਹਾਂ ਨੂੰ ਕੁੱਝ ਵੀ ਮਨਜ਼ੂਰ ਨਹੀਂ ਹੈ, ਫਿਰ ਕਿਉਂ ਆਏ ਦਿਨ ਕਿਸਾਨਾਂ ਨਾਲ ਮੀਟਿੰਗਾਂ ਕਰ ਕੇ ਸਮਾਂ ਬਰਬਾਦ ਕੀਤਾ ਜਾ ਰਿਹਾ ਹੈ? ਕਿਉਂ ਸਰਕਾਰ ਹਰ ਮੀਟਿੰਗ ਵਿਚ ਕਿਸਾਨ ਆਗੂਆਂ ਨੂੰ ਕਾਨੂੰਨਾਂ ਦੇ ਫ਼ਾਇਦੇ ਦੱਸਣ ਤੋਂ ਅੱਗੇ ਨਹੀਂ ਵੱਧ ਰਹੀ। ਇਨ੍ਹਾਂ ਸਵਾਲਾਂ ਦਾ ਉੱਤਰ ਸਰਕਾਰ ਦੇ ਅੰਦੋਲਨ ਪ੍ਰਤੀ ਨਜ਼ਰੀਏ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਸਰਕਾਰ ਤੇ ਕਾਰਪੋਰੇਟ ਜਗਤ ਦਾ ਪੂਰੀ ਤਰ੍ਹਾਂ ਗਲਬਾ ਹੈ ਜਿਸ ਦੇ ਚਲਦਿਆਂ ਉਹ ਕੋਈ ਵੀ ਕਿਸਾਨ ਪੱਖੀ ਫ਼ੈਸਲਾ ਲੈਣ ਤੋਂ ਟਾਲਾ ਵਟਦੇ ਆ ਰਹੇ ਹਨ। ਇਹ ਵੀ ਕਿਸਾਨ ਆਗੂਆਂ ਨੂੰ ਭਲੀਭਾਂਤ ਪਤਾ ਹੁੰਦਾ ਹੈ ਕਿ ਮੀਟਿੰਗਾਂ ਵਿਚੋਂ ਉਨੀ ਦੇਰ ਕੋਈ ਵੀ ਸਾਰਥਕ ਹੱਲ ਨਿਕਲਣ ਵਾਲਾ ਨਹੀਂ ਹੈ, ਜਿੰਨੀ ਦੇਰ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਉੱਚ ਘਰਾਣਿਆਂ ਦਾ ਮੋਹ ਤਿਆਗ ਕੇ ਜਨਤਕ ਤੌਰ ਉਤੇ ਇਹ ਸਵੀਕਾਰ ਨਹੀਂ ਕਰਦੇ ਕਿ ਸਰਕਾਰ ਕਾਨੂੰਨਾਂ ਨੂੰ ਰੱਦ ਕਰਨ ਬਾਰੇ ਫ਼ੈਸਲਾ ਕਰਨ ਲਈ ਸੰਜੀਦਾ ਹੈ।

ਉਪਰੋਕਤ ਗੱਲਾਂ ਕਿਸਾਨ ਆਗੂ ਮੀਟਿੰਗ ਵਿਚ ਸ਼ਾਮਲ ਹੋਣ ਲਈ ਜਾਂਦੇ ਸਮੇਂ ਖ਼ੁਦ ਕਹਿੰਦੇ ਸੁਣੇ ਜਾ ਰਹੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸਰਕਾਰ ਸਮਾਂ ਬਰਬਾਦ ਕਰ ਕੇ ਕਿਸਾਨਾਂ ਦੇ ਅੰਦੋਲਨ ਨੂੰ ਲਮਕਾਉਣਾ ਚਾਹੁੰਦੀ ਹੈ ਤਾਕਿ ਲੰਮੇ ਸਮੇਂ ਵਿਚ ਕਿਸਾਨਾਂ ਦੀ ਕੋਈ ਕਮਜ਼ੋਰ ਕੜੀ ਲੱਭ ਕੇ ਅੰਦੋਲਨ ਨੂੰ ਤਾਰਪੀਡੋ ਕੀਤਾ ਜਾ ਸਕੇ ਪਰ ਹੁਣ ਤਕ ਦੇ ਤੁਜਰਬੇ ਦਸਦੇ ਹਨ ਕਿ ਸਰਕਾਰ ਦੀ ਇਹ ਬਦਨੀਤੀ ਉਨ੍ਹਾਂ ਤੇ ਹੀ ਭਾਰੂ ਪੈ ਰਹੀ ਹੈ। ਸਰਕਾਰ  ਦੀ ਏਜੰਸੀ ਐਨ.ਆਈ.ਏ ਹੁਣ ਇਥੇ ਤਕ ਆ ਚੁਕੀ ਹੈ ਕਿ ਉਹ ਸੇਵਾ ਕਰ ਰਹੇ ਪਤਵੰਤਿਆਂ ਨੂੰ ਨੋਟਿਸ ਭੇਜ ਰਹੀ ਹੈ ਤੇ ਡਰਾ ਰਹੀ ਹੈ ਕਿ ਉਹ ਕਿਸਾਨਾਂ ਦੀ ਮਦਦ ਨਾ ਕਰਨ ਪਰ ਇਸ ਵਾਰ ਕਿਸਾਨ ਅੰਦੋਲਨ ਤੇ ਸਰਕਾਰ ਦੀਆਂ ਇਨ੍ਹਾਂ ਏਜੰਸੀਆਂ ਦੀ ਕੋਈ ਵੀ ਚਾਲ ਸਫ਼ਲ ਨਹੀਂ ਹੋ ਰਹੀ ਕਿਉਂਕਿ ਇਸ ਅੰਦੋਲਨ ਦੀ ਅਗਵਾਈ ਅਕਾਲ ਪੁਰਖ ਦੀ ਵਰੋਸਾਈ ਸਾਧ ਸੰਗਤ ਖ਼ੁਦ ਕਰ ਰਹੀ ਹੈ। ਕੁਦਰਤ ਨੇ ਅਜਿਹਾ ਕ੍ਰਿਸ਼ਮਾ ਕੀਤਾ ਹੈ ਜਿਸ ਦੇ ਸਾਹਮਣੇ ਹਕੂਮਤਾਂ ਦੇ ਸਾਰੇ ਮਨਸੂਬੇ ਫ਼ੇਲ ਹੁੰਦੇ ਜਾਪ ਰਹੇ ਹਨ। ਸਰਬ ਸਾਂਝੀਵਾਲਤਾ, ਨਿਮਰਤਾ, ਆਪਸੀ ਪਿਆਰ, ਇਸ ਅੰਦੋਲਨ ਦੀ ਤਾਕਤ ਬਣਿਆ ਹੋਇਆ ਹੈ। 

ਅੰਦੋਲਨਕਾਰੀਆਂ ਨੇ ਭਾਵੇਂ ਉਹ ਕਿਸੇ ਵੀ ਸੂਬੇ ਦੇ ਹੋਣ ਤੇ ਕਿਸੇ ਵੀ ਮਜ਼੍ਹਬ ਦੇ ਹੋਣ, ਸੱਭ ਨੇ ਸਿੱਖ ਸਭਿਆਚਾਰ, ਪੰਜਾਬੀ ਕੌਮ ਦੀ ਬਹਾਦਰੀ ਵਾਲੀ ਭਾਵਨਾ, ਸਰਬੱਤ ਦੇ ਭਲੇ ਅਤੇ ਲੰਗਰ ਦੀ ਮਹਾਨ ਪ੍ਰੰਪਰਾ ਨੂੰ ਸ਼ਿੱਦਤ ਨਾਲ ਜਾਣਿਆ ਤੇ ਕਬੂਲਿਆ ਹੈ। ਹਰ ਪਾਸਿਉਂ ਜੈਕਾਰਿਆਂ ਦੀ ਗੂੰਜ ਸੁਣਾਈ ਦੇਣਾ ਵੀ ਸਿੱਖਾਂ ਪ੍ਰਤੀ ਬਣੀ ਨਵੀਂ ਧਾਰਨਾ ਨੂੰ ਪ੍ਰਗਟ ਕਰਦਾ ਹੈ, ਇਹ ਅਲੋਕਿਕ ਵਰਤਾਰਾ ਦਰਸਾਉਂਦਾ ਹੈ ਕਿ ਮਾਨਵਤਾਵਾਦੀ ਸਿੱਖੀ ਸੋਚ ਦਾ ਬੋਲਬਾਲਾ ਹੁਣ ਹਰ ਪਾਸੇ ਵੇਖਿਆ, ਸੁਣਿਆ ਤੇ ਮਹਿਸੂਸ ਕੀਤਾ ਜਾ ਰਿਹਾ ਹੈ ਤੇ ਇਸ ਵੱਡੇ ਰੁਹਾਨੀ ਬਦਲਾਅ ਦਾ ਜ਼ਰੀਆ ਇਹ ਕਿਸਾਨ ਅੰਦੋਲਨ ਬਣ ਰਿਹਾ ਹੈ। ਹੁਣ ਇਹ ਤੈਅ ਹੋ ਚੁਕਿਆ ਹੈ ਕਿ ਕਿਸਾਨੀ ਅੰਦੋਲਨ ਵਿਚ ਜਿੱਤ ਕਿਸਾਨਾਂ ਦੀ ਹੋਵੇਗੀ। ਕਿਹਾ ਜਾਂਦਾ ਹੈ ਕਿ ਹੁਣ ਕੇਂਦਰ ਸਰਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀਆਂ ਸੇਵਾਵਾਂ ਵੀ ਲੈਣ ਦੀ ਇੱਛਾ ਰਖਦੀ ਹੈ ਤਾਕਿ ਇਕ ਤੀਰ ਨਾਲ ਫਿਰ ਦੋ ਦੋ ਨਿਸ਼ਾਨੇ ਸਾਧੇ ਜਾਣ। ਪਰ ਕਿਸਾਨਾਂ ਦੇ ਇਸ ਅੰਦੋਲਨ ਅੰਦਰ ਪਾੜ ਪਾਉਣਾ ਹੁਣ ਸੌਖਾ ਨਹੀਂ ਰਿਹਾ। ਇਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕਹਿਣਾ ਬਣਦਾ ਹੈ ਕਿ ਉਹ ਕੋਈ ਵੀ ਅਜਿਹੀ ਗ਼ਲਤੀ ਭੁੱਲ ਕੇ ਵੀ ਨਾ ਕਰ ਲੈਣ, ਜਿਹੜੀ ਦੁਨੀਆਂ ਵਿਚ ਸਤਿਕਾਰ ਕਮਾ ਚੁੱਕੀ ਕੌਮ ਨੂੰ ਨਮੋਸ਼ੀ ਦੇ ਆਲਮ ਵਲ ਧੱਕ ਦੇਵੇ।  ਸੋ ਦੇਸ਼ ਦੇ ਕੁੱਝ ਕੁ ਉੱਚ ਘਰਾਣਿਆਂ ਦੀ ਪੁਸ਼ਤ ਪਨਾਹੀ ਕਰਨ ਵਾਲੀ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਉਹ ਕਿਸਾਨਾਂ ਦੇ ਸਿੱਧੇ ਤੌਰ ਤੇ ਖੋਹੇ ਜਾ ਰਹੇ ਹੱਕਾਂ ਦੀ ਬਹਾਲੀ ਲਈ ਵਿੱਢੇ ਅੰਦੋਲਨ ਨੂੰ ਕਾਮਯਾਬ ਕਰੇ, ਕੇਂਦਰ ਕਿਸਾਨਾਂ ਦੀਆਂ ਮੰਗਾਂ ਮੰਨ ਲਵੇ ਤੇ ਲਿਆਂਦੇ ਤਿੰਨ ਕਾਲੇ ਕਾਨੂੰਨ ਬਰਖ਼ਾਸਤ ਕਰ ਦੇਵੇ।
                                                     ਬਘੇਲ ਸਿੰਘ ਧਾਲੀਵਾਲ ,ਸੰਪਰਕ : 99142-58142