ਜਾਣੋ, ਕਿਵੇਂ ਸ਼ੁਰੂ ਹੋਇਆ ਸੀ ‘ਪੱਗੜੀ ਸੰਭਾਲ ਜੱਟਾ’ ਅੰਦੋਲਨ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਚਾਚਾ ਅਜੀਤ ਸਿੰਘ ਸੰਨ 1913 ਤਕ ਪੈਰਿਸ ਵਿਚ ਰਹੇ, ਇਸ ਮਗਰੋਂ ਬਰਾਜ਼ੀਲ ਚਲੇ ਗਏ, ਜਿੱਥੇ ਆਪ ਨੇ 18 ਸਾਲ ਤੋਂ ਵੀ ਜ਼ਿਆਦਾ ਸਮਾਂ ਗੁਜ਼ਾਰਿਆ। 

Pagdi Sambhal jatta movement

ਦੇਸ਼ ਨੂੰ ਅਜ਼ਾਦ ਕਰਾਉਣ ਲਈ ਕਈ ਲਹਿਰਾਂ ਚੱਲੀਆਂ, ਅੰਦੋਲਨ ਹੋਏ ਤੇ ਪਾਰਟੀਆਂ ਬਣੀਆਂ। ਹਰ ਲਹਿਰ, ਹਰ ਪਾਰਟੀ ਅਤੇ ਹਰ ਅੰਦੋਲਨ ਵਿਚ  ਗਰੀਬ, ਨਿਮਾਣੇ ਤੇ ਨਿਤਾਣੇ ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਗਈ। ਇਸੇ ਦੌਰਾਨ 1907 ਵਿਚ ਅੰਗਰੇਜ਼ ਸਰਕਾਰ ਤਿੰਨ ਕਿਸਾਨ ਵਿਰੋਧੀ ਕਾਨੂੰਨ ਲੈ ਕੇ ਆਈ, ਜਿਨ੍ਹਾਂ ਵਿਰੁੱਧ ਪੰਜਾਬ ਦੇ ਕਿਸਾਨਾਂ ਵਿਚ ਬੇਹੱਦ ਰੋਸ ਪਾਇਆ ਗਿਆ। ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਨੇ ਇਨ੍ਹਾਂ ਕਾਨੂੰਨਾਂ ਵਿਰੁੱਧ ਆਵਾਜ਼ ਬੁਲੰਦ ਕਰਦੇ ਹੋਏ ਕਿਸਾਨਾਂ ਨੂੰ ਇਕੱਠੇ ਕੀਤਾ ਅਤੇ ਪੂਰੇ ਪੰਜਾਬ ਵਿਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋਇਆ।

ਇਨ੍ਹਾਂ ਮੀਟਿੰਗਾਂ ਵਿਚ ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂ ਲਾਲਾ ਲਾਜਪਤ ਰਾਏ ਨੂੰ ਬੁਲਾਇਆ ਗਿਆ। ਇਨ੍ਹਾਂ ਤਿੰਨੇ ਕਾਨੂੰਨਾਂ ਦਾ ਜ਼ਿਕਰ ਭਗਤ ਸਿੰਘ ਨੇ ਅਪਣੇ ਇਕ ਲੇਖ ਵਿਚ ਵੀ ਕੀਤਾ ਹੈ। ਹੁਣ ਤੁਹਾਨੂੰ ਦੱਸਦੇ ਆਂ ਕਿ ਕਿਵੇਂ ਸ਼ੁਰੂ ਹੋਇਆ ‘ਪੱਗੜੀ ਸੰਭਾਲ ਜੱਟਾ’ ਅੰਦੋਲਨ?ਇਹ ਉਹ ਸਮਾਂ ਸੀ ਜਦੋਂ ਅੰਗਰੇਜ਼ ਹਕੂਮਤ ਨੇ ਜ਼ੁਲਮਾਂ ਦੀ ਅੱਤ ਕੀਤੀ ਹੋਈ ਸੀ। ਇਸ ਦੇ ਬਾਵਜੂਦ ਪੰਜਾਬ ਦੇ ਕਿਸਾਨਾਂ ਨੇ ਖੇਤੀ ਕਾਨੂੰਨਾਂ ਵਿਰੁੱਧ ਜ਼ਬਰਦਸਤ ਆਵਾਜ਼ ਬੁਲੰਦ ਕੀਤੀ। ਇਸ ਲਹਿਰ ਦਾ ਇੰਨਾ ਜ਼ਿਆਦਾ ਅਸਰ ਹੋਇਆ ਕਿ ਝੰਗ ਸਿਆਲ ਪੱਤਿ੍ਰਕਾ ਦੇ ਸੰਪਾਦਕ ਲਾਲਾ ਬਾਂਕੇ ਦਿਆਲ ਪੁਲਿਸ ਦੀ ਨੌਕਰੀ ਛੱਡ ਕੇ ਅੰਦੋਲਨ ਵਿਚ ਸ਼ਾਮਲ ਹੋ ਗਏ।

ਇਸੇ ਦੌਰਾਨ ਉਨ੍ਹਾਂ ਨੇ ਮਾਰਚ 1907 ਵਿਚ ਲਾਇਲਪੁਰ ਵਿਖੇ ਇਕ ਵੱਡੀ ਸਭਾ ਵਿਚ ਦਿਲ ਨੂੰ ਛੂਹ ਜਾਣ ਵਾਲੀ ਕਵਿਤਾ ‘ਪੱਗੜੀ ਸੰਭਾਲ ਜੱਟਾ’ ਪੜ੍ਹੀ, ਜਿਸ ਵਿਚ ਕਿਸਾਨਾਂ ਦੇ ਸੋਸ਼ਣ ਨੂੰ ਬਾਖ਼ੂਬੀ ਬਿਆਨ ਕੀਤਾ ਗਿਆ। ਇਹ ਕਵਿਤਾ ਇੰਨੀ ਜ਼ਿਆਦਾ ਹਰਮਨ ਪਿਆਰੀ ਹੋਈ ਕਿ ਉਸ ਕਿਸਾਨ ਵਿਰੋਧੀ ਅੰਦੋਲਨ ਦਾ ਨਾਮ ਹੀ ਕਵਿਤਾ ਦੇ ਨਾਂਅ ’ਤੇ ‘ਪੱਗੜੀ ਸੰਭਾਲ ਜੱਟਾ’ ਅੰਦੋਲਨ ਪੈ ਗਿਆ।

21 ਅਪ੍ਰੈਲ 1907 ਨੂੰ ਰਾਵਲਪਿੰਡੀ ਦੀ ਇਕ ਵੱਡੀ ਮੀਟਿੰਗ ਵਿਚ ਚਾਚਾ ਅਜੀਤ ਸਿੰਘ ਨੇ ਅਜਿਹਾ ਜ਼ਬਰਦਸਤ ਭਾਸ਼ਣ ਦਿੱਤਾ, ਜਿਸ ਨੇ ਕਿਸਾਨਾਂ ਵਿਚ ਜੋਸ਼ ਭਰ ਦਿੱਤਾ ਪਰ ਉਨ੍ਹਾਂ ਦਾ ਇਹ ਭਾਸ਼ਣ ਅੰਗਰੇਜ਼ਾਂ ਨੂੰ ਹਜ਼ਮ ਨਹੀਂ ਹੋ ਸਕਿਆ। ਅੰਗਰੇਜ਼ ਹਕੂਮਤ ਨੇ ਅਜੀਤ ਸਿੰਘ ਦੇ ਭਾਸ਼ਣ ਨੂੰ ਬਾਗ਼ੀ ਬਿਰਤੀ ਵਾਲਾ ਦੱਸਦੇ ਹੋਏ ਉਨ੍ਹਾਂ ’ਤੇ ਦਫ਼ਾ 124ਏ ਤਹਿਤ ਮੁਕੱਦਮਾ ਦਰਜ ਕਰਦਿਆਂ ਅਜੀਤ ਸਿੰਘ ਅਤੇ ਲਾਲਾ ਲਾਜਪਤ ਰਾਏ ਨੂੰ ਬਰਮਾ ਦੀ ਮਾਂਡੇਲੇ ਜੇਲ੍ਹ ਵਿਚ ਬੰਦ ਕਰ ਦਿੱਤਾ। ਇਸ ਮਗਰੋਂ ਲੋਕਾਂ ਦਾ ਰੋਹ ਇੰਨਾ ਜ਼ਿਆਦਾ ਵਧ ਗਿਆ ਕਿ ਜਿਸ ਨੂੰ ਦੇਖਦੇ ਹੋਏ 11 ਨਵੰਬਰ 1907 ਨੂੰ ਅੰਗਰੇਜ਼ਾਂ ਨੇ ਦੋਵਾਂ ਨੂੰ ਰਿਹਾਅ ਕਰ ਦਿੱਤਾ।  

ਇਸ ਮਗਰੋਂ ਚਾਚਾ ਅਜੀਤ ਸਿੰਘ ਅਪਣੇ ਸਾਥੀ ਅੰਬਾ ਪ੍ਰਸਾਦ ਨਾਲ ਭੇਸ ਬਦਲ ਕੇ ਕਰਾਚੀ ਦੇ ਰਸਤੇ ਇਰਾਨ ਪਹੁੰਚ ਗਏ ਅਤੇ ਫਿਰ ਉਥੋਂ ਸਵਿੱਟਜ਼ਰਲੈਂਡ ਹੁੰਦੇ ਹੋਏ ਪੈਰਿਸ ਚਲੇ ਗਏ, ਜਿੱਥੇ ਕਈ ਮਹਾਨ ਕ੍ਰਾਂਤੀਕਾਰੀਆਂ ਨਾਲ ਉਨ੍ਹਾਂ ਦੀਆਂ ਮੁਲਾਕਾਤਾਂ ਹੋਈਆਂ, ਜਿਨ੍ਹਾਂ ਵਿਚ ਲਾਲਾ ਹਰਦਿਆਲ ਵੀ ਸ਼ਾਮਲ ਸਨ। ਬਰਲਿਨ ਵਿਚ ਆਪ ਨੇ ਇੰਡੀਅਨ ਨੈਸ਼ਨਲ ਪਾਰਟੀ ਦੀ ਸਥਾਪਨਾ ਕੀਤੀ। ਚਾਚਾ ਅਜੀਤ ਸਿੰਘ ਸੰਨ 1913 ਤਕ ਪੈਰਿਸ ਵਿਚ ਰਹੇ, ਇਸ ਮਗਰੋਂ ਬਰਾਜ਼ੀਲ ਚਲੇ ਗਏ, ਜਿੱਥੇ ਆਪ ਨੇ 18 ਸਾਲ ਤੋਂ ਵੀ ਜ਼ਿਆਦਾ ਸਮਾਂ ਗੁਜ਼ਾਰਿਆ। 

ਸਾਲ 1930 ਆ ਚੁੱਕਿਆ ਸੀ, ਜਿਸ ਸਮੇਂ ਭਾਰਤ ਵਿਚ ਉਨ੍ਹਾਂ ਦੇ ਭਤੀਜੇ ਭਗਤ ਸਿੰਘ ਨੇ ਅੰਗਰੇਜ਼ ਹਕੂਮਤ ਨੂੰ ਭਾਜੜਾਂ ਪਾਈਆਂ ਹੋਈਆਂ ਸਨ। ਇਸ ਦੌਰਾਨ ਅੰਗਰੇਜ਼ਾਂ ਨੇ ਭਗਤ ਸਿੰਘ ਨੂੰ ਗਿ੍ਰਫ਼ਤਾਰ ਕਰ ਲਿਆ ਪਰ ਜਿਵੇਂ ਇਸ ਦਾ ਪਤਾ ਚਾਚਾ ਅਜੀਤ ਸਿੰਘ ਨੂੰ ਲੱਗਿਆ ਤਾਂ ਉਨ੍ਹਾਂ ਨੇ ਭਗਤ ਸਿੰਘ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਨੂੰ ਚਿੱਠੀ ਲਿਖ ਕੇ ਭਗਤ ਸਿੰਘ ਨੂੰ ਬਰਾਜ਼ੀਲ ਭੇਜਣ ਦਾ ਸੁਝਾਅ ਦਿੱਤਾ ਪਰ ਉਨ੍ਹਾਂ ਨੂੰ ਇਸ ਵਿਚ ਕਾਮਯਾਬੀ ਨਹੀਂ ਮਿਲ ਸਕੀ। ਅੰਗਰੇਜ਼ ਸਰਕਾਰ ਨੇ ਭਗਤ ਸਿੰਘ ਨੂੰ ਸਾਥੀਆਂ ਸਮੇਤ 23 ਮਾਰਚ 1931 ਨੂੰ ਫਾਂਸੀ ਲਗਾ ਦਿੱਤੀ।

1937-38 ਦੌਰਾਨ ਚਾਚਾ ਅਜੀਤ ਸਿੰਘ ਦੀ ਮੁਲਾਕਾਤ ਪੰਡਤ ਜਵਾਹਰ ਲਾਲ ਨਹਿਰੂ ਨਾਲ ਹੋਈ, ਜਦੋਂ ਭਾਰਤ ਵਿਚ ਭਾਰਤ ਛੱਡੋ ਅੰਦੋਲਨ ਸ਼ੁਰੂ ਹੋਇਆ ਤਾਂ ਚਾਚਾ ਅਜੀਤ ਸਿੰਘ ਵੀ ਭਾਰਤ ਆ ਗਏ ਅਤੇ ਅੰਗਰੇਜ਼ਾਂ ਵਿਰੁੱਧ ਆਵਾਜ਼ ਬੁਲੰਦ ਕੀਤੀ। ਚਾਚਾ ਅਜੀਤ ਸਿੰਘ ਦਾ ਜਨਮ ਅੱਜ ਹੀ ਦੇ ਦਿਨ 23 ਫਰਵਰੀ ਨੂੰ 1881 ਨੂੰ ਪਿਤਾ ਸਰਦਾਰ ਅਰਜਨ ਸਿੰਘ ਅਤੇ ਮਾਤਾ ਜੈ ਕੌਰ ਦੀ ਕੁੱਖੋਂ ਪਿੰਡ ਖਟਕੜ ਕਲਾਂ ਜ਼ਿਲ੍ਹਾ ਜਲੰਧਰ ਵਿਖੇ ਹੋਇਆ ਪਰ 15 ਅਗਸਤ 1947 ਦੀ ਆਜ਼ਾਦੀ ਵਾਲੀ ਸਵੇਰ ਦੇ ਦਰਸ਼ਨ ਕਰਕੇ ਆਪ ਇਸ ਜਹਾਨ ਤੋਂ ਰੁਖ਼ਸਤ ਹੋ ਗਏ। 

ਚਾਚਾ ਅਜੀਤ ਸਿੰਘ ਦੀ ਦੇਸ਼ ਪ੍ਰਤੀ ਕੀਤੀਆਂ ਕੁਰਬਾਨੀਆਂ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ। ਅੱਜ 113 ਸਾਲ ਬਾਅਦ ਜਦੋਂ ਫਿਰ ਤੋਂ ਦੇਸ਼ ਕਿਸਾਨਾਂ ਨੂੰ ਉਸੇ ਸਥਿਤੀ ਨਾਲ ਨਿਪਟਣਾ ਪੈ ਰਿਹਾ ਏ ਤਾਂ ਉਨ੍ਹਾਂ ਨੂੰ ਵੀ ਚਾਚਾ ਅਜੀਤ ਸਿੰਘ ਦੀ ਤਰਜ਼ ’ਤੇ ‘ਪੱਗੜੀ ਸੰਭਾਲ ਜੱਟਾ’ ਅੰਦੋਲਨ ਸ਼ੁਰੂ ਕਰਨਾ ਪੈ ਰਿਹਾ ਏ ਕਿਉਂਕਿ ਅੰਗਰੇਜ਼ ਸਰਕਾਰ ਵਾਂਗ ਆਜ਼ਾਦ ਭਾਰਤ ਦੀ ਸਰਕਾਰ ਵੀ ਤਿੰਨ ਕਿਸਾਨ ਵਿਰੋਧੀ ਕਾਨੂੰਨ ਲੈ ਕੇ ਆਈ ਐ, ਜਿਨ੍ਹਾਂ ਨਾਲ ਕਿਸਾਨਾਂ ਨੂੰ ਫਿਰ ਤੋਂ ਅਪਣੀ ਜ਼ਮੀਨਾਂ ਖੁੱਸਣ ਦਾ ਡਰ ਪੈਦਾ ਹੋ ਗਿਆ ਹੈ ਅਤੇ ਉਹ ਕਿਸੇ ਵੀ ਹਾਲਤ ਵਿਚ ਅਪਣੀਆਂ ਜ਼ਮੀਨਾਂ ਨਹੀਂ ਖੁੱਸਣ ਦੇਣਗੇ, ਭਾਵੇਂ ਉਨ੍ਹਾਂ ਨੂੰ ਇਸ ਦੇ ਲਈ ਕਿੰਨੀਆਂ ਹੀ ਕੁਰਬਾਨੀਆਂ ਕਿਉਂ ਨਾ ਦੇਣੀਆਂ ਪੈਣ।
(ਮੱਖਣ ਸ਼ਾਹ)