ਔਰਤ ਨੂੰ ਵੀ ਮਿਲਣਾ ਚਾਹੀਦਾ ਹੈ ਬਰਾਬਰਤਾ ਦਾ ਅਧਿਕਾਰ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਹੱਕਾਂ ਲਈ ਸਾਡਾ ਆਵਾਜ਼ ਚੁਕਣਾ ਵਾਜਬ ਹੈ ਪਰ ਜੇਕਰ ਅਸੀ ਲੜਕਿਆਂ ਵਾਂਗ ਸ਼ਰਾਬ ਪੀਣ, ਨਸ਼ੇ ਕਰਨ ਨੂੰ ਆਜ਼ਾਦੀ ਦਾ ਨਾਂ ਦਿੰਦੇ ਹਾਂ ਤਾਂ ਸਰਾਸਰ ਗ਼ਲਤ ਹੈ।

image

8 ਮਾਰਚ ਦੀ ਸੰਪਾਦਕੀ, ਜੋ ਔਰਤ ਦਿਵਸ ਦੇ ਸੰਦਰਭ ਵਿਚ ਬੀਬਾ ਨਿਮਰਤ ਵਲੋਂ ਲਿਖੀ ਗਈ, ਬਹੁਤ ਹੀ ਵਧੀਆ ਲੱਗੀ। ਹਕੀਕਤ ਇਹ ਹੈ ਕਿ ਔਰਤ ਦੇ ਬਰਾਬਰ ਹੋਣ ਅਤੇ ਆਜ਼ਾਦੀ ਦੇ ਮਤਲਬ ਸਮਝਣਾ ਬਹੁਤ ਜ਼ਰੂਰੀ ਹੈ। ਔਰਤ ਦਾ ਮਰਦ ਦੇ ਬਰਾਬਰ ਹੋਣਾ ਕਿਵੇਂ ਠੀਕ ਹੈ ਤੇ ਕਿਵੇਂ ਨਹੀਂ, ਇਹ ਵੀ ਵੇਖਣ ਅਤੇ ਸਮਝਣ ਦੀ ਜ਼ਰੂਰਤ ਹੈ। ਬਿਲਕੁਲ ਹੱਕਾਂ ਲਈ ਸਾਡਾ ਆਵਾਜ਼ ਚੁਕਣਾ ਵਾਜਬ ਹੈ ਪਰ ਜੇਕਰ ਅਸੀ ਲੜਕਿਆਂ ਵਾਂਗ ਸ਼ਰਾਬ ਪੀਣ, ਨਸ਼ੇ ਕਰਨ ਨੂੰ ਆਜ਼ਾਦੀ ਦਾ ਨਾਂ ਦਿੰਦੇ ਹਾਂ ਤਾਂ ਸਰਾਸਰ ਗ਼ਲਤ ਹੈ। ਕੀ ਘੱਟ ਅਤੇ ਛੋਟੇ ਕਪੜਿਆਂ ਨੂੰ ਆਜ਼ਾਦੀ ਅਤੇ ਬਰਾਬਰਤਾ ਕਿਹਾ ਜਾਣਾ ਠੀਕ ਹੈ? ਕੁਦਰਤ ਨੇ ਔਰਤ ਨੂੰ ਮਰਦ ਨਾਲੋਂ ਵਧੇਰੇ ਖ਼ੂਬਸੂਰਤ ਬਣਾਇਆ ਹੈ। ਹੋਰ ਗੁਣ ਵੀ ਹਨ, ਜੋ ਔਰਤ ਵਿਚ ਹਨ ਪਰ ਫਿਰ ਵੀ ਮਰਦ ਦੇ ਬਰਾਬਰ ਹੋਣ ਦੀ ਦੁਹਾਈ ਪੈਂਦੀ ਹੈ। ਅਪਣੇ ਹੱਕ ਮੰਗੋ, ਅਪਣੇ ਮਾਂ-ਬਾਪ ਕੋਲੋਂ ਭਰਾ ਦੇ ਬਰਾਬਰ ਹਿੱਸੇ ਦੇ ਹੱਕਦਾਰ ਹੋ। ਅਪਣਾ ਹੱਕ ਜ਼ਰੂਰ ਮੰਗੋ, ਭਾਵਨਾਵਾਂ ਵਿਚ ਵਹਿ ਕੇ ਤਕਰੀਬਨ ਹਰ ਔਰਤ ਮਾਪਿਆਂ ਵਲੋਂ ਹੀ ਠੱਗੀ ਜਾਂਦੀ ਹੈ। ਔਰਤ ਦਿਵਸ ਮਨਾਉਣ ਨਾਲ ਨਾ ਤਾਂ ਇੱਜ਼ਤ ਵਧਦੀ ਹੈ ਅਤੇ ਨਾ ਹੀ ਹੱਕ ਮਿਲਦੇ ਹਨ। ਪਿੰਡਾਂ ਵਿਚ ਰਹਿਣ ਵਾਲੀਆਂ ਔਰਤਾਂ ਨੂੰ ਵਧੇਰੇ ਕਰ ਕੇ ਨਾ ਇਸ ਦਿਵਸ ਦਾ ਪਤਾ ਹੈ ਅਤੇ ਨਾ ਹੀ ਉਨ੍ਹਾਂ ਲਈ ਇਸ ਦੀ ਮਹੱਤਤਾ ਹੈ। ਰਾਖਵੇਂਕਰਨ ਨਾਲ ਪੰਚ, ਸਰਪੰਚ, ਕੌਂਸਲਰ ਤਾਂ ਔਰਤਾਂ ਬਣ ਗਈਆਂ ਪਰ ਕੁੱਝ ਇਕ ਨੂੰ ਛੱਡ ਕੇ, ਸੱਭ ਦੇ ਪਤੀ ਹੀ ਫ਼ੈਸਲੇ ਲੈਂਦੇ ਹਨ। ਉਹ ਸਿਰਫ਼ ਨਾਂ ਦੀਆਂ ਹੀ ਅਹੁਦੇਦਾਰ ਹਨ। ਪੜੇ-ਲਿਖੇ ਪ੍ਰਵਾਰਾਂ ਵਿਚ ਵੀ, ਲੜਕੀਆਂ ਨੂੰ ਪੁੱਤਰਾਂ ਬਰਾਬਰ ਜਾਇਦਾਦ ਦਾ ਹਿੱਸਾ ਨਹੀਂ ਦਿਤਾ ਜਾਂਦਾ। ਉਨ੍ਹਾਂ ਕਾਨੂੰਨਾਂ ਦਾ ਕੋਈ ਫ਼ਾਇਦਾ ਨਹੀਂ ਜੋ ਸਖ਼ਤੀ ਨਾਲ ਲਾਗੂ ਨਹੀਂ ਕਰਵਾਏ ਜਾਂਦੇ ਜਾਂ ਕੀਤੇ ਜਾਂਦੇ। ਲੜਕੀ ਦਾ ਬਾਪ ਦੀ ਜਾਇਦਾਦ ਵਿਚ ਕਾਨੂੰਨੀ ਤੌਰ ਤੇ ਬਣਦਾ ਹਿੱਸਾ, ਡਰਾ ਧਮਕਾ ਕੇ ਭਰਾ ਖੋਹ ਲੈਂਦੇ ਹਨ। ਬਰਾਬਰ ਦੇ ਹੱਕ ਦੇਣ ਵਾਸਤੇ ਸੋਚ ਦਾ ਬਦਲਣਾ ਬੇਹੱਦ ਜ਼ਰੂਰੀ ਹੈ। ਜਦੋਂ ਮਾਪੇ ਅਤੇ ਭਰਾ ਹੀ ਧੀਆਂ ਨੂੰ ਇਨਸਾਫ਼ ਨਹੀਂ ਦੇ ਰਹੇ ਤਾਂ ਦੂਜਿਆਂ ਤੋਂ ਆਸ ਕਰਨੀ ਹੀ ਨਹੀਂ ਚਾਹੀਦੀ। ਬਹੁਤ ਵਧੀਆ ਸੰਪਾਦਕੀ ਸੀ, ਔਰਤਾਂ ਨੂੰ ਜਾਗਰੂਕ ਕਰਨ ਵਾਲੀ ਅਤੇ ਬਰਾਬਰਤਾ ਦੇ ਸਹੀ ਅਰਥ ਕੀ ਹਨ ਤੇ ਵਿਸਥਾਰਪੂਰਵਕ ਲਿਖਿਆ ਹੈ।  ਸੁਖਦੇਵ ਸਿੰਘ ਸਿੱਧੂ, ਸੰਪਰਕ : 9465033331