ਧੀਏ ਘਰ ਜਾ ਅਪਣੇ
ਅਪਣੇ ਬਚਪਨ ਰੂਪੀ ਬੇੜੀ ਦੀ ਯਾਦ ਆ ਗਈ, ਜਦੋਂ ਕਿਸੇ ਕਲੀ ਨੂੰ ਬਾਬੁਲ ਦੇ ਬਗੀਚੇ ਵਿਚੋਂ ਪੁੱਟ ਕੇ ਦੂਜੇ ਘਰ (ਸਹੁਰੇ ਘਰ) ਲਿਜਾ ਕੇ ਲਾਇਆ ਜਾਂਦਾ ਹੈ
ਜਦੋਂ ਇਹ ਮਨੁੱਖੀ ਸ੍ਰੀਰ ਬਾਲਪੁਣੇ ਵਿਚ ਹੁੰਦਾ ਹੈ ਤਾਂ ਕਈ ਤਰ੍ਹਾਂ ਦੀਆਂ ਕਲਪਨਾਵਾਂ ਜਨਮ ਲੈਂਦੀਆਂ ਅਤੇ ਮਰਦੀਆਂ ਹਨ। ਪਰ ਜੋ ਬਚਪਨ ਦੀਆਂ ਕਲਪਨਾਵਾਂ ਹੁੰਦੀਆਂ ਹਨ, ਉਨ੍ਹਾਂ ਦੀ ਵਿਲੱਖਣਤਾ ਕੁਝ ਵਖਰੀ ਹੀ ਹੁੰਦੀ ਹੈ। ਜਿਵੇਂ ਬਸੰਤ ਰੁੱਤ ਦਾ ਆਗ਼ਾਜ਼ ਹੁੰਦਾ ਹੈ ਪਰ ਇਸ ਬਸੰਤ ਸੁੱਤੀ ਬਗੀਚੇ ਦੇ ਵਿਹੜੇ ਵਿਚ ਇਕ ਕਲੀ ਅਜਿਹੀ ਵੀ ਹੈ ਜੋ ਕਿ ਅਪਣੇ ਸਹੁਰੇ ਪ੍ਰਵਾਰ ਦੀ ਕਲਪਨਾ ਕਰਦੀ ਹੈ। ਮੈਨੂੰ ਅਚਾਨਕ ਇਕ ਦਿਨ ਕਲਪਨਾ ਦੇ ਸਮੁੰਦਰ ਵਿਚ ਤੈਰਦੀ ਹੋਈ ਅਪਣੇ ਬਚਪਨ ਰੂਪੀ ਬੇੜੀ ਦੀ ਯਾਦ ਆ ਗਈ, ਜਦੋਂ ਕਿਸੇ ਕਲੀ ਨੂੰ ਬਾਬੁਲ ਦੇ ਬਗੀਚੇ ਵਿਚੋਂ ਪੁੱਟ ਕੇ ਦੂਜੇ ਘਰ (ਸਹੁਰੇ ਘਰ) ਲਿਜਾ ਕੇ ਲਾਇਆ ਜਾਂਦਾ ਹੈ। ਉਸ ਸਮੇਂ ਡੋਲੀ ਤੁਰਨ ਸਮੇਂ ਉਪਰੋਕਤ ਸਿਰਲੇਖ ਦੀ ਧੁਨੀ ਜੋ ਬੈਂਡ ਪਾਰਟੀ ਵਲੋਂ ਬੈਂਡ ਜ਼ਰੀਏ ਵੱਜ ਰਹੀ ਹੁੰਦੀ ਸੀ 'ਧੀਏ ਘਰ ਜਾ ਅਪਣੇ ਤੈਨੂੰ ਸੁਖੀ ਸੰਸਾਰ ਮਿਲੇ' ਦੇ ਖ਼ਿਆਲਾਂ ਵਿਚ ਇਕ ਭੂਚਾਲ ਜਿਹਾ ਆ ਜਾਂਦਾ ਹੈ। ਜਦੋਂ ਕਿਤੇ ਅਸੀ ਛੋਟੇ ਹੁੰਦਿਆਂ ਕਿਸੇ ਰਿਸ਼ਤੇਦਾਰੀ ਵਿਚ ਕੁੜੀ ਦੇ ਵਿਆਹ ਵਿਚ ਜਾਂਦੇ ਹੁੰਦੇ ਸੀ ਤਾਂ ਇਕ ਵਿਆਹ ਵਿਚ ਮੈਂ ਮਾਂ ਤੋਂ ਪੁੱਛ ਹੀ ਲਿਆ ਕੀ ਇਹ ਸੱਚ ਹੈ। ਸਾਨੂੰ ਅਪਣੇ ਭੈਣ-ਭਰਾਵਾਂ ਸਕੇ ਸਬੰਧੀਆਂ ਅਤੇ ਅਪਣਾ ਘਰ ਛੱਡ ਕੇ ਜਾਣਾ ਪਵੇਗਾ? ਤਾਂ ਮਾਂ ਨੇ ਕਹਿਣਾ, ''ਇਹ ਤੇਰਾ ਹੀ ਘਰ ਹੈ। ਇਹ ਤਾਂ ਇਕ ਗੀਤ ਹੈ ਜੋ ਵਿਆਹ ਸਮੇਂ ਗਾਇਆ ਜਾਂਦਾ ਹੈ।''
ਸਮਾਂ ਅਪਣੀ ਗਤੀ ਮੁਤਾਬਕ ਚਲਦਾ ਗਿਆ ਤਾਂ ਮੈਨੂੰ ਅਪਣੀ ਮਾਂ ਨੂੰ ਇਸ ਗੀਤ ਦੀਆਂ ਸਤਰਾਂ, ਜੋ ਜ਼ਿਆਦਾਤਰ ਵਿਆਹ ਵਾਲੇ ਘਰ ਹੀ ਸੁਣਦੀਆਂ ਸਨ, ਬਾਰੇ ਪੁੱਛਣ ਦਾ ਕਾਰਨ ਅਪਣੇ-ਆਪ ਹੀ ਪਤਾ ਲੱਗ ਗਿਆ ਕਿ ਇਸ ਬਾਬਲ ਰੂਪੀ ਸੰਸਾਰ ਨੂੰ ਇਕ ਨਾ ਇਕ ਦਿਨ ਅਲਵਿਦਾ ਕਹਿਣਾ ਹੀ ਹੈ। ਮੈਨੂੰ ਉਸ ਸਮੇਂ ਇਨ੍ਹਾਂ ਸਤਰਾਂ ਦੇ ਲੇਖਕ ਅਤੇ ਗਾਇਕ ਬਾਰੇ ਰੋਸ ਜਾਗਿਆ ਜਦੋਂ ਇਹ ਇਕ ਝੂਠ ਹੀ ਨਿਕਲਿਆ ਕਿਉਂਕਿ ਜਿਸ ਘਰ ਨੂੰ ਅਪਣਾ (ਉਪਰੋਕਤ ਸਿਰਲੇਖ ਮੁਤਾਬਕ ਕਿਹਾ ਜਾਂਦਾ ਹੈ) ਇਹ ਇਕੋ ਝੂਠ ਦਾ ਪੁਲੰਦਾ ਹੈ, ਇਸ ਤੋਂ ਸਵਾਏ ਕੁੱਝ ਵੀ ਨਹੀਂ। ਇਸ ਸਤਰਾਂ ਨੂੰ, ਜੋ ਡੋਲੀ ਤੁਰਨ ਸਮੇਂ ਗਾਈਆਂ ਗਈਆਂ ਸਨ, ਨੂੰ ਅਜੇ ਕੁੱਝ ਹੀ ਦਿਨ ਜਾਂ ਮਹੀਨੇ ਹੋਏ ਹੁੰਦੇ ਹਨ ਕਿ ਜਿਸ ਦੇ ਲੜ ਲਾ ਕੇ ਮਾਂ-ਪਿਉ ਨੇ ਹੈਸੀਅਤ ਤੋਂ ਵੱਧ ਕਰਜ਼ਾ ਚੁੱਕ ਕੇ ਅਪਣੇ ਜਿਗਰ ਦੇ ਟੋਟੇ ਨੂੰ ਸਮਾਜਕ ਰੀਤਾਂ ਨਿਭਾਉਂਦਿਆਂ ਭੇਜਿਆ ਹੁੰਦਾ ਹੈ, ਅੱਗੋਂ ਉਸ ਨੂੰ ਸਹੁਰੇ ਪ੍ਰਵਾਰ ਵਲੋਂ ਗਾਲੀ-ਗਲੋਚ ਤੋਂ ਇਲਾਵਾ ਮਾਰਕੁੱਟ ਕਰ ਕੇ ਕਹਿ ਦਿਤਾ ਜਾਂਦਾ ਹੈ ਕਿ ਨਿਕਲ ਜਾ ਮੇਰੇ ਘਰ ਤੋਂ। ਜੇਕਰ ਇਸ ਦੇ ਉਲਟ ਇਹ ਮਨੁੱਖ-ਮਨੁੱਖੀ ਕਦਰਾਂ ਕੀਮਤਾਂ ਨੂੰ ਜਾਣਦਾ ਹੋਇਆਂ, ਇਸ ਤਰ੍ਹਾਂ ਦਾ ਵਿਹਾਰ ਅਪਣੀ ਜੀਵਨਸਾਥੀ ਨਾਲ ਨਹੀਂ ਕਰਦਾ ਤਾਂ ਉਸ ਦੀ ਪਿੱਠ ਪਿੱਛੇ ਜਾਂ ਕਈ ਵਾਰ ਉਸ ਦੇ ਸਾਹਮਣੇ ਹੀ ਲੜਕੀ ਦੀ ਸੱਸ ਜਾਂ ਸਹੁਰਾ ਇਸ ਤਰ੍ਹਾਂ ਦੇ ਬੋਲ ਬੋਲਦਿਆਂ ਕਿ 'ਨਿਕਲ ਜਾ ਸਾਡੇ ਘਰੋਂ' ਆਮ ਹੀ ਵੇਖੇ ਜਾ ਸਕਦੇ ਹਨ। ਮੇਰੇ ਕਹਿਣ ਦਾ ਮਤਲਬ ਹੈ ਕਿ ਉਸ ਨੂੰ ਸਹੁਰੇ ਪ੍ਰਵਾਰ ਵਿਚੋਂ ਕੋਈ ਨਾ ਕੋਈ ਜੀਅ ਇਸ ਦਾ ਅਹਿਸਾਸ ਜ਼ਰੂਰ ਕਰਵਾ ਦਿੰਦਾ ਹੈ ਕਿ ਇਹ ਤੇਰਾ ਘਰ ਨਹੀਂ ਤਾਂ ਮੈਨੂੰ ਕਿਸੇ ਵਿਦਵਾਨ ਲੇਖਕ ਦੀਆਂ ਲਿਖੀਆਂ ਉਹ ਸਤਰਾਂ ਯਾਦ ਆ ਜਾਂਦੀਆਂ ਹਨ ਕਿ 'ਔਰਤ ਨਿੱਕਿਆਂ ਹੁੰਦੇ ਤੋਂ ਮਰਨ ਤਕ ਘਰ ਨੂੰ ਸੰਵਾਰਦੀ ਹੈ, ਪਰ ਉਸ ਦਾ ਅਪਣਾ ਘਰ ਕੋਈ ਵੀ ਨਹੀਂ ਹੁੰਦਾ।'
ਸੋ ਘਰ ਦੇ ਜ਼ਿੰਮੇਵਾਰ ਮਨੁੱਖ ਜੋ ਅਪਣੀ ਜੀਵਨਸਾਥੀ ਨਾਲ ਜਿਸ ਛੱਤ ਹੇਠ ਰਹਿ ਰਹੇ ਹਨ, ਉਸ ਘਰ ਉਤੇ ਜੀਵਨਸਾਥੀ ਦਾ ਵੀ ਓਨਾ ਹੀ ਅਧਿਕਾਰ ਹੋਣਾ ਚਾਹੀਦਾ ਹੈ ਜਿੰਨਾ ਉਸ ਦਾ ਖ਼ੁਦ ਦਾ ਹੈ। ਇਸ ਅਧਿਕਾਰ ਨਾਲ ਔਰਤਾਂ ਵਿਚ ਸਵੈਮਾਣ ਵਧੇਗਾ ਅਤੇ ਉਪਰੋਕਤ ਸਿਰਲੇਖ ਦੇ ਕਵੀ ਦੀਆਂ ਸਤਰਾਂ ਨੂੰ ਵੀ ਇਕ ਤਰ੍ਹਾਂ ਦੀ ਮਾਨਤਾ ਮਿਲ ਜਾਵੇਗੀ। ਕਈ ਵਾਰੀ ਕਿਸੇ ਦਾ ਗ੍ਰਹਿਸਾਥੀ ਕਿਸੇ ਮਾੜੀ ਸੰਗਤ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਉਹ ਅਪਣੇ ਘਰ, ਜਿਸ ਨੂੰ ਉਪਰੋਕਤ ਸਤਰਾਂ ਵਿਚ 'ਧੀਏ ਘਰ ਜਾ ਅਪਣੇ' ਕਿਹਾ ਗਿਆ ਹੈ, ਬਿਨਾਂ ਘਰ ਦੀ ਸਹਿਮਤੀ ਦੇ, ਬਾਹਰ ਦੀ ਬਾਹਰ ਵੇਚ ਦਿੰਦਾ ਹੈ। ਪਤਨੀ ਵਿਚਾਰੀ ਵੇਖਦੀ ਹੀ ਰਹਿ ਜਾਂਦੀ ਹੈ।
ਜਸਵਿੰਦਰ ਕੌਰ, ਸੰਪਰਕ : 87278-49752