ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਕੋਟਿ-ਕੋਟਿ ਪ੍ਰਣਾਮ

Shaheed Bhagat Singh

 

ਅੱਜ  ਦੀ ਰਾਜਸੀ ਦੁਨੀਆਂ ਵਿਚ ਚਾਰੇ ਪਾਸੇ ਫੈਲੀ ਹੋਈ ਮੌਕਾ-ਪ੍ਰਸਤੀ, ਕੁਰਸੀ ਤੇ ਹੰਕਾਰ ਦੀ ਦੌੜ, ਦੂਜੇ ਨੂੰ ਪਿੱਛੇ ਸੁੱਟ ਕੇ ਅੱਗੇ ਵਧਣ ਦੀ ਪ੍ਰਵਿਰਤੀ, ਧੜੇਬੰਦੀ, ਬਨਾਵਟੀ-ਪੁਣਾ ਵਰਗੇ ਹਾਲਾਤ ਨੂੰ ਨੂੰ ਵੇਖ ਕੇ ਉਨ੍ਹਾਂ ਮਹਾਨ ਅਤੇ ਪਵਿੱਤਰ ਆਦਰਸ਼ਾਂ ਵਾਲੇ ਲੋਕਾਂ ਦੀ ਯਾਦ ਆਉਂਦੀ ਹੈ ਜਿਨ੍ਹਾਂ ਨੇ ਭਾਰਤ ਦੇਸ਼ ਦੇ ਸੁਨਹਿਰੀ ਭਵਿੱਖ  ਲਈ ਅਪਣੀਆਂ ਜਾਨਾਂ ਕੁਰਬਾਨ ਕਰ ਦਿਤੀਆਂ। ਅੱਜ ਦੀ ਨਸ਼ਿਆਂ ਵਿਚ ਗ਼ਲਤਾਨ, ਵਿਦੇਸ਼ਾਂ ਵਲ ਪਰਵਾਸ ਕਰਦੀ ਨੌਜਵਾਨੀ ਨੂੰ ਦੇਖ ਕੇ, ਭਾਰਤੀ ਜਨਤਾ ਦਾ ਉਜਲਾ ਭਵਿੱਖ ਦੇਖਣ ਵਾਲੇ ਭਗਤ ਸਿੰਘ ਵਰਗੇ ਨੌਜਵਾਨਾਂ ਦੀ ਯਾਦ ਆਉਂਦੀ ਹੈ, ਉਹ ਨੌਜਵਾਨ,  ਜੋ ਸਾਮਰਾਜਵਾਦ ਤੇ ਪੂੰਜੀਵਾਦ ਨੂੰ ਖ਼ਤਮ ਕਰਨਾ ਚਾਹੁੰਦੇ ਸਨ। ਇਕ ਪਾਸੇ ਅੱਜ ਦੇ ਨੌਜਵਾਨ ਹਨ

ਜਿਨ੍ਹਾਂ ਨੂੰ ਅਪਣੇ ਆਪ ਤਕ ਦੀ ਵੀ ਸੋਝੀ ਤਕ ਨਹੀਂ,  ਦੂਜੇ ਪਾਸੇ ਭਗਤ ਸਿੰਘ ਵਰਗੇ ਮਹਾਂਨਾਇਕ ਸਨ, ਜੋ ਸਾਮਰਾਜਵਾਦ ਦੇ ਦਲਾਲਾਂ ਦੀਆਂ ਸਕੀਮਾਂ ਤੋਂ ਚੰਗੀ ਤਰ੍ਹਾਂ ਜਾਣੂ ਸਨ ਅਤੇ ਅੰਗਰੇਜ਼ਾਂ ਦੀਆਂ ਫੁੱਟ ਪਾਊ ਨੀਤੀਆਂ ਨੂੰ ਖ਼ਤਮ ਕਰਨਾ ਚਾਹੁੰਦੇ ਸਨ । 27 ਸਤੰਬਰ 1907 ਨੂੰ ਜਨਮਿਆ ਅਤੇ ਕ੍ਰਾਂਤੀਕਾਰੀ ਮਾਹੌਲ ਵਿਚ ਪੜ੍ਹ ਕੇ ਵੱਡਾ ਹੋਇਆ ਭਗਤ ਸਿੰਘ ਜਦੋਂ ਅੰਗਰੇਜ਼ਾਂ ਦੇ ਜ਼ੁਲਮਾਂ ਨੂੰ ਦੇਖਦਾ ਤਾਂ ਉਸ ਦਾ ਖ਼ੂਨ ਖੌਲ ਉਠਦਾ। ਬਾਲ ਉਮਰ ਵਿਚ ਹੀ ਬੰਦੂਕਾਂ ਬੀਜ ਕੇ ਅੰਗਰੇਜ਼ਾਂ ਤੋਂ ਨਿਹੱਥੇ ਭਾਰਤੀ ਲੋਕਾਂ ਦੇ ਖ਼ੂਨ ਦਾ ਬਦਲਾ ਲੈਣ ਵਾਲਾ ਭਗਤ ਸਿੰਘ, ਆਜ਼ਾਦੀ ਦਾ ਮਹਾਂਨਾਇਕ ਹੋ ਨਿਬੜਿਆ।

ਅਪਣੀ ਉਮਰ ਦੇ ਹਿਸਾਬ ਨਾਲ ਉਸ ਨੇ ਅਕਾਲੀ ਲਹਿਰ ਵਿਚ ਵੀ ਵਧ ਚੜ੍ਹ ਕੇ ਹਿੱਸਾ ਲਿਆ। ਉਸ ਨੇ ਸਰਕਾਰ ਦੇ ਝੋਲੀ ਚੁੱਕ ਪਿੱਠੂਆਂ ਦਾ ਡਟ ਕੇ ਵਿਰੋਧ ਕੀਤਾ। 1925  ਵਿਚ ਨੌਜਵਾਨ ਸਭਾ ਦਾ ਮੈਂਬਰ ਬਣ ਕੇ ਭਗਤ ਸਿੰਘ ਨੇ ਲੋਕਾਂ ਨੂੰ ਸਮਝਾਇਆ ਕਿ ਅੰਗਰੇਜ਼ੀ ਗ਼ੁਲਾਮੀ ਤੋਂ ਆਜ਼ਾਦ ਹੋਣਾ ਅਸਲੀ ਆਜ਼ਾਦੀ ਨਹੀਂ। ਸਾਡੀ ਅਸਲੀ ਲੜਾਈ ਤਾਂ ਲੁੱਟ ਖਸੁੱਟ ਦੇ ਵਿਰੁਧ ਹੋਵੇਗੀ। ਇਨਕਲਾਬ ਦੀ ਲਹਿਰ ਦੇ ਪ੍ਰਚਾਰ ਲਈ ਉਹ ਲੋਕਾਂ ਵਿਚ ਆਪ ਜਾ ਕੇ ਵਿਚਰਦਾ, ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ, ਕਾਮਿਆਂ ਅੰਦਰ ਜਾਗ੍ਰਿਤੀ ਲਿਆਉਣ ਲਈ ਉਹ ਪਰਚਿਆਂ ਅਤੇ ਸਭਾਵਾਂ ਦੁਆਰਾ ਲੋਕਾਂ ਨੂੰ ਹੱਕਾਂ ਪ੍ਰਤੀ ਸੁਚੇਤ ਕਰਦਾ। ਫੜੇ ਜਾਣ ਤੋਂ ਬਾਅਦ ਵੀ ਉਸ ਨੇ ਅਦਾਲਤ ਅਤੇ ਜੇਲ੍ਹ ਨੂੰ ਅਪਣੇ ਵਿਚਾਰਾਂ ਦੇ ਪ੍ਰਚਾਰ ਦੇ ਸਾਧਨ ਦੇ ਰੂਪ ਵਿਚ ਵਰਤਿਆ।

ਅੰਗਰੇਜ਼ ਅਫ਼ਸਰ ਸਾਂਡਰਸ 17 ਦਸੰਬਰ 1928 ਨੂੰ ਭਗਤ ਸਿੰਘ ਅਤੇ ਰਾਜਗੁਰੂ ਦੇ ਹੱਥੋਂ ਗੋਲੀ ਦਾ ਸ਼ਿਕਾਰ ਹੋਇਆ। ਭਗਤ ਸਿੰਘ ਖ਼ੂਨ ਵਹਾਉਣ ਦੀ ਇਸ ਮਜਬੂਰੀ ਨੂੰ ਆਜ਼ਾਦੀ ਦਿਵਾਉਣ ਲਈ ਜ਼ਰੂਰੀ ਮੰਨਦਾ ਸੀ। ਕੰਨਾਂ ਤੋਂ ਬੋਲੀ ਸਮੇਂ ਦੀ ਸਰਕਾਰ ਤਕ ਇਨਕਲਾਬੀਆਂ ਦੀ ਆਵਾਜ਼ ਪਹੁੰਚਾਉਣ ਲਈ ਅਸੈਂਬਲੀ ਹਾਲ ਵਿਚ ਬੰਬ ਸੁੱਟੇ ਜਾਣ ਦੇ ਕੰਮ ਨੂੰ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ ਸਿਰੇ ਚਾੜਿ੍ਹਆ। ਕਿਰਤੀ ਸਮਾਜ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਏ ਗਏ। ਜੇਕਰ ਭਗਤ ਸਿੰਘ ਚਾਹੁੰਦਾ ਤਾਂ ਬੜੀ ਆਸਾਨੀ ਨਾਲ ਭੀੜ ਨਾਲ ਅਸੈਂਬਲੀ ’ਚੋਂ ਬਾਹਰ ਨਿਕਲ  ਸਕਦਾ ਸੀ ਪਰ ਉਸ ਦਾ ਮਕਸਦ ਅਦਾਲਤ ਦੀ ਸਟੇਜ ਤੋਂ ਖੜੇ ਹੋ ਕੇ ਸਪੱਸ਼ਟ ਰੂਪ ਵਿਚ ਅਪਣੀ ਆਵਾਜ਼ ਲੋਕਾਂ ਤਕ ਪਹੁੰਚਾਉਣਾ ਸੀ। ਭਗਤ ਸਿੰਘ ਸੱਚਮੁਚ ਹੀ ਕ੍ਰਾਂਤੀਕਾਰੀ ਸੀ ਅਤੇ ਕ੍ਰਾਂਤੀਕਾਰੀ ਦਾ ਉਦੇਸ਼ ਹੁੰਦਾ ਹੈ ਕਿ ਜਨਤਾ ਰਾਹੀਂ ਸਮਾਜ ਦੇ ਵਿਗੜ ਚੁੱਕੇ ਢਾਂਚੇ ਵਿਚ ਤਬਦੀਲੀ ਲਿਆਂਦੀ ਜਾਵੇ। 

ਦੇਸ਼ ਦੀ ਆਜ਼ਾਦੀ ਲਈ ਭਾਵੇਂ ਭਗਤ ਸਿੰਘ ਨੂੰ ਕਿੰਨੇ ਹੀ ਤਸੀਹੇ ਝਲਣੇ ਪਏ, ਕੈਦੀਆਂ ਨਾਲ ਹੋ ਰਹੇ ਗ਼ੈਰ-ਇਨਸਾਨੀ ਵਰਤਾਰੇ ਲਈ ਭੁੱਖ ਹੜਤਾਲ ਕਰਨੀ ਪਈ, ਪਰ ਉਸ ਨੇ ਕਦੇ ਵੀ ਵੈਰੀ ਦੀ ਅਦਾਲਤ ਤੋਂ ਕਿਸੇ ਕਿਸਮ ਦੀ ਆਸ ਨਹੀਂ ਰੱਖੀ। ਉਸ ਨੇ ਤਾਂ ਅਦਾਲਤੀ ਡਰਾਮੇ ਅਤੇ ਨਿਆਂ ਦੇ ਢਕੋਂਸਲਿਆਂ ਦਾ ਪਾਖੰਡ ਲੋਕਾਂ ਸਾਹਮਣੇ ਲਿਆ ਕੇ ਕ੍ਰਾਂਤੀਕਾਰੀਆਂ ਦੀ ਮਾਨਸਕ ਸ਼ਕਤੀ ਨੂੰ ਦੁਨੀਆਂ ਸਾਹਮਣੇ ਪੇਸ਼ ਕੀਤਾ। ਹਸਦੇ-ਹਸਦੇ ਫਾਂਸੀ ਦੇ ਰੱਸੇ ਚੁੰਮਣ ਵਾਲੇ ਇਸ ਨੌਜਵਾਨ ਭਗਤ ਸਿੰਘ ਅਤੇ ਉਹਦੇ ਸਾਥੀਆਂ ਦੀ ਬਹਾਦਰੀ ਅਤੇ ਜੋਸ਼ ਨੇ ਲੋਕਾਂ ਦੇ ਵਿਚਾਰਾਂ ਵਿਚ ਤਬਦੀਲੀ ਲਿਆਂਦੀ। 23 ਮਾਰਚ 1931 ਨੂੰ ਭਾਵੇਂ ਅੰਗਰੇਜ਼ੀ ਸਰਕਾਰ ਨੇ ਉਨ੍ਹਾਂ ਤੋਂ ਸਾਹ ਲੈਣ ਦੇ ਅਧਿਕਾਰ ਖੋਹ ਲਏ ਪਰ ਇਨ੍ਹਾਂ ਦੀਆਂ ਕੁਰਬਾਨੀਆਂ ਨੇ ਅੰਗਰੇਜ਼ਾਂ ਨੂੰ ਦੇਸ਼ ਵਿਚੋਂ ਨਿਕਲਣ ਤੇ ਮਜਬੂਰ ਕਰ ਦਿਤਾ।

ਪਰ ਸੋਚਣ ਵਾਲੀ ਗੱਲ ਹੈ ਕਿ ਜੋ ਆਜ਼ਾਦੀ ਅੱਜ ਅਸੀ ਲਈ ਬੈਠੇ ਹਾਂ, ਕੀ ਇਸੇ ਆਜ਼ਾਦੀ ਲਈ ਭਗਤ ਸਿੰਘ ਨੇ ਅਪਣੀ ਕੀਮਤੀ ਜਾਨ ਕੁਰਬਾਨ ਕੀਤੀ ਸੀ? ਕੀ ਇਸੇ ਆਜ਼ਾਦੀ ਲਈ ਉਸ ਨੇ ਫਾਂਸੀ ਦਾ ਰੱਸਾ ਚੁੰਮਿਆ ਸੀ? ਨਹੀਂ, ਬਿਲਕੁਲ ਨਹੀਂ। ਭਗਤ ਸਿੰਘ ਨੇ ਭਾਰਤ ਦੇ ਅਜਿਹੇ ਭਵਿੱਖ ਦਾ ਸੁਪਨਾ ਕਦੇ ਵੀ ਨਹੀਂ ਦੇਖਿਆ ਸੀ। ਅੱਜ ਦੇ ਭਾਰਤ ਵਿਚ ਫੈਲੇ ਪਾਖੰਡ, ਵਹਿਮ-ਭਰਮ, ਧਾਰਮਕ ਅਸਥਿਰਤਾ, ਲੁੱਟ-ਖਸੁੱਟ  ਕਿਸਾਨੀ ਅਤੇ ਆਮ ਜਨਤਾ ਦੀ ਨਿਘਰਦੀ ਹਾਲਤ ਦੇਖ ਕੇ ਅਜੋਕੀਆਂ ਸਰਕਾਰਾਂ ਅਤੇ ਅੰਗਰੇਜ਼ਾਂ ਵਿਚਕਾਰ ਕੋਈ ਬਹੁਤਾ ਫ਼ਰਕ ਨਜ਼ਰ ਨਹੀਂ ਆਉਂਦਾ।

ਭਾਰਤ ਵਰਗੇ ਦੇਸ਼ ਵਿਚ ਅੱਜ ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਗ਼ਰੀਬੀ, ਬੇਰੁਜ਼ਗਾਰੀ ਅਤੇ ਸ਼ੋਸ਼ਣ ਦਾ ਆਲਮ ਉਵੇਂ ਹੀ ਕਾਇਮ ਹੈ। ਭਗਤ ਸਿੰਘ ਦੀ ਸੋਚ ਵਾਲੀ ਮਾਨਵੀ ਸ਼ਕਤੀ ਭਾਰਤੀ ਲੋਕਾਂ ਵਿਚ ਨਜ਼ਰ ਨਹੀਂ ਆਉਂਦੀ। ਮਾਨਸਕਤਾ, ਸੋਚਾਂ ਅਤੇ ਵਿਚਾਰਾਂ ਦੀ ਗ਼ੁਲਾਮੀ ਨੇ ਭਾਰਤੀਆਂ ਲਈ ਇਸ ਆਜ਼ਾਦੀ ਦੇ ਮਾਇਨੇ ਸੁਤੰਤਰਤਾ ਵਿਹੂਣੇ ਕਰ ਦਿਤੇ ਹਨ। ਪੜ੍ਹੇ-ਲਿਖੇ ਡਿਗਰੀਆਂ ਵਾਲੇ ਲੋਕਾਂ ਉਤੇ ਅਨਪੜ੍ਹ ਨੇਤਾ ਸ਼ਾਸਨ ਕਰ ਰਹੇ ਹਨ। ਜਵਾਨੀ ਵਿਦੇਸ਼ਾਂ ਵਿਚ ਜਾਣ ਨੂੰ ਕਾਹਲੀ ਬੈਠੀ ਹੈ, ਅਮੀਰ ਨਿੱਤ ਦਿਨ ਅਮੀਰ ਹੋ ਰਿਹਾ ਹੈ ਅਤੇ ਗ਼ਰੀਬ ਨਿੱਤ ਮਰ ਰਿਹਾ ਹੈ। ਸਾਮਰਾਜਵਾਦ ਤੇ ਪੂੰਜੀਵਾਦ ਸਾਡੀ ਸੁਤੰਤਰਤਾ ਦਾ ਮੂੰਹ ਚਿੜਾ ਰਿਹਾ ਹੈ ।
ਅੱਜ ਉਹ ਕਿੰਨੇ ਕੁ ਲੋਕ ਹਨ ਜੋ ਭਗਤ ਸਿੰਘ ਦੀ ਵਿਚਾਰਧਾਰਾ ਤੋਂ ਜਾਣੂ ਹਨ?

ਸ਼ਾਇਦ ਮੁੱਠੀ ਭਰ। ਸਿਰਫ਼ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਉਸ ਨੂੰ ਫੁੱਲ ਚੜ੍ਹਾਉਣ ਨਾਲ ਹੀ ਅਸੀ ਉਸ ਦੀ ਸੋਚ ਦਾ, ਉਸ ਦੇ ਸੁਪਨਿਆਂ ਦੇ ਭਾਰਤ ਦਾ ਵਿਕਾਸ ਨਹੀਂ ਕਰ ਸਕਦੇ। ਅਸਲ ਵਿਚ ਅੱਜ ਦੇ ਸਮੇਂ ਵਿਚ ਸਾਡੀ ਅਪਣੀ ਕੋਈ ਵਿਚਾਰਧਾਰਾ ਨਹੀਂ। ਅਸੀ ਇਕ ਦੂਜੇ ਦੀ ਦੇਖਾ-ਦੇਖੀ ਅਪਣਾ ਭਵਿੱਖ ਨਿਰਧਾਰਤ ਕਰ ਰਹੇ ਹਾਂ। ਸੋਚਣ ਵਾਲੀ ਗੱਲ ਹੈ ਕਿ ਦੇਖਾ-ਦੇਖੀ ਅਪਣਾ ਭਵਿੱਖ ਨਿਰਧਾਰਤ ਕਰਨ ਵਾਲੇ ਭਾਰਤੀ, ਆਉਣ ਵਾਲੇ ਸਮੇਂ ਵਿਚ ਭਾਰਤ ਨੂੰ ਕਿਹੋ ਜਿਹਾ ਸੁਨਹਿਰੀ ਭਵਿੱਖ ਦੇਣਗੇ? ਅਜਿਹੇ ਭਾਰਤ ਤੋਂ ਕਿਹੋ ਜਿਹੇ ਇਨਕਲਾਬ ਦੀ ਆਸ ਕੀਤੀ ਜਾ ਸਕਦੀ ਹੈ ਕਿਉਂਕਿ ਇਨਕਲਾਬ ਵਿਹਲੇ ਬੈਠ ਕੇ ਉਡੀਕਿਆਂ ਨਹੀਂ, ਮਿਹਨਤ ਕੀਤਿਆਂ ਹੀ ਵਾਪਰਦੇ ਹਨ। ਜਿਵੇਂ ਦੀਵੇ ਦਾ ਉਦੇਸ਼ ਬਲਣਾ ਹੀ ਨਹੀਂ, ਹਨੇਰਾ ਦੂਰ ਕਰਨਾ ਹੁੰਦਾ ਹੈ

ਅਤੇ ਹਨ੍ਹੇਰੀ ਵਿਚ ਵੀ ਜਗਦੇ ਰਹਿਣਾ ਹੁੰਦਾ ਹੈ, ਉਵੇਂ ਹੀ ਭਗਤ ਸਿੰਘ ਦਾ ਉਦੇਸ਼ ਫ਼ਾਂਸੀ ਦਾ ਰੱਸਾ ਚੁੰਮਣਾ ਨਹੀਂ ਸੀ, ਭਾਰਤੀਆਂ ਦੀਆਂ ਅੱਖਾਂ ਖੋਲ੍ਹਣਾ ਸੀ ਅਤੇ ਉਨ੍ਹਾਂ ਨੂੰ ਆਜ਼ਾਦੀ ਦੇ ਸਹੀ ਮਾਇਨਿਆਂ ਤੋਂ ਜਾਣੂ ਕਰਵਾਉਣਾ ਸੀ। ਜਿਸ ਸਮਾਜ ਵਿਚ ਮਨੁੱਖੀ ਊਰਜਾ ਅਤੇ ਸ਼ਕਤੀ ਨੂੰ ਉਸਾਰੂ ਪਾਸੇ ਲਾਉਣ ਦੀ ਯੋਗਤਾ ਜਾਂ ਸਮਰੱਥਾ ਨਹੀਂ ਹੁੰਦੀ, ਉਹ ਸਮਾਜ ਤਬਾਹੀ ਅਤੇ ਵਿਨਾਸ਼ ਹੀ ਸਿਰਜਦੇ ਹਨ। ਭਾਰਤੀ ਸਮਾਜ ਵਿਚ ਮਨੁੱਖੀ ਊਰਜਾ ਅਤੇ ਸ਼ਕਤੀ ਦੀ ਕੋਈ ਘਾਟ ਨਹੀਂ, ਘਾਟ ਹੈ ਤਾਂ ਉਸ ਨੂੰ ਸਹੀ ਪਾਸੇ ਵਲ ਲਗਾਉਣ ਦੀ, ਸਹੀ ਦਿਸ਼ਾ ਦੇਣ ਦੀ ।

ਕਦੀ-ਕਦੀ ਤਾਂ ਮੈਨੂੰ ਇੰਝ ਲਗਦਾ ਹੈ ਕਿ ਅਸੀ ਹਨੇਰੇ ਵਿਚ ਲੜਦੀਆਂ ਹੋਈਆਂ ਫ਼ੌਜਾਂ ਦੇ ਹਾਰੇ ਹੋਏ ਸਿਪਾਹੀ ਹਾਂ। ਅਸੀ ਇਨਕਲਾਬ ਦੀਆਂ ਸਿਰਫ਼ ਗੱਲਾਂ ਕਰਦੇ ਹਾਂ ਇਨਕਲਾਬ ਅਸਲ ਵਿਚ ਕਿਵੇਂ ਵਾਪਰੇਗਾ, ਇਸ ਬਾਰੇ ਕਦੇ ਸੋਚਿਆ ਹੀ ਨਹੀਂ। ਅੱਜ ਗਾਣਿਆਂ ਰਾਹੀਂ ਭਗਤ ਸਿੰਘ ਨੂੰ ਵਾਜਾਂ ਮਾਰ ਕੇ ਬੁਲਾਉਣ ਦੀ ਬਜਾਏ ਸਾਨੂੰ ਉਸ ਦੇ ਵਿਚਾਰਾਂ ਨੂੰ ਅਪਨਾਉਣਾ ਚਾਹੀਦਾ ਹੈ। ਭਗਤ ਸਿੰਘ ਦੇ ਸੁਪਨੇ ਨੂੰ ਸੱਚ ਕਰਨ ਲਈ ਅੱਜ ਲੋੜ ਹੈ ਕਿ ਅਸੀ ਇਕਮੁੱਠ ਹੋਈਏ ਅਤੇ  ਭਗਤ ਸਿੰਘ ਦੇ ਸੁਪਨਿਆਂ ਵਿਚਲੇ ਸ਼ੋਸ਼ਣ ਮੁਕਤ ਸਮਾਜ ਦੀ ਸਿਰਜਣਾ ਕਰਨ ਲਈ ਇਨਕਲਾਬ ਜ਼ਿੰਦਾਬਾਦ, ਸਾਮਰਾਜਵਾਦ ਮੁਰਦਾਬਾਦ ਦੇ ਨਾਅਰੇ ਨੂੰ ਬੁਲੰਦ ਕਰੀਏ।
ਭਾਰਤ ਵਿਚ ਵੀ ਸਚਮੁੱਚ ਇਨਕਲਾਬ ਆਵੇਗਾ ਜਦੋਂ ਹਰ ਇਕ ਭਾਰਤੀ ਤਰਕਪੂਰਨ ਸੋਚ ਅਪਣਾਏਗਾ.......
- ਜਸਵਿੰਦਰ ਕੌਰ ਦੱਧਾਹੂਰ
ਮੋਬਾਈਲ : 98144 94984