ਦਲਿਤ ਅਤਿਆਚਾਰ ਧੁੰਦਲੀ ਹੁੰਦੀ ਸਮਾਜ ਦੀ ਸੋਭਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਕਿਸੇ ਲੜਕੀ ਨੂੰ ਅੱਜ ਦੇ ਸਭਿਅਕ ਸਮਾਜ ਵਿਚ ਜਿਊਂਦਾ ਸਾੜਨ ਦੀ ਘਟਨਾ ਜ਼ਾਲਮ ਰਾਜਿਆਂ ਅਤੇ ਤਾਨਾਸ਼ਾਹਾਂ ਦੀ ਯਾਦ ਦਿਵਾਉਂਦੀ ਹੈ।

dalit

ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਸਿਰਫ਼ 58 ਕਿਲੋਮੀਟਰ ਦੂਰ ਉਨਾਵ ਸ਼ਹਿਰ ਹੈ। ਇਥੋਂ ਦੇ ਵਾਰਾਸਗਵਰ ਇਲਾਕੇ ਦੇ ਸਥਨੀ ਪਿੰਡ ਵਿਚ 22 ਫ਼ਰਵਰੀ ਨੂੰ 19 ਸਾਲ ਦੀ ਮੋਨੀ ਨਾਂ ਦੀ ਲੜਕੀ ਨੂੰ ਜਿਊਂਦਿਆਂ ਹੀ ਸਾੜ ਦਿਤਾ ਗਿਆ। ਮੋਨੀ ਸਾਈਕਲ ਰਾਹੀਂ ਅਪਣੇ ਪਿੰਡ ਤੋਂ ਬਾਜ਼ਾਰ ਵਲ ਜਾ ਰਹੀ ਸੀ। ਏਨੇ ਨੂੰ ਕੁੱਝ ਮੁੰਡੇ ਸਾਈਕਲ ਤੇ ਆਏ ਅਤੇ ਉਸ ਨੂੰ ਖੇਤ ਵਿਚ ਧੂਹ ਕੇ ਲੈ ਗਏ। ਫਿਰ ਉਸ ਉਤੇ ਪਟਰੌਲ ਸੁੱਟ ਕੇ ਅੱਗ ਲਾ ਦਿਤੀ ਗਈ। ਜਾਨ ਬਚਾਉਣ ਲਈ ਲੜਕੀ ਸੜਕ ਵਲ ਭੱਜੀ ਪਰ ਉਸ ਦੀ ਮਦਦ ਕਰਨ ਵਾਲਾ ਕੋਈ ਨਹੀਂ ਸੀ। ਬਦਮਾਸ਼ ਲੜਕੀ ਨੂੰ ਸੜਦੀ ਹੋਈ ਛੱਡ ਕੇ ਭੱਜ ਗਏ। ਲੜਕੀ ਦੀ ਮੌਤ ਹੋ ਗਈ।
ਪੁਲਿਸ ਨੇ ਦੋ ਦਿਨ ਬਾਅਦ ਵਿਕਾਸ ਨਾਂ ਦੇ ਇਕ ਲੜਕੇ ਨੂੰ ਫੜ ਕੇ ਜੇਲ ਭੇਜ ਦਿਤਾ। ਵਿਕਾਸ ਉਤੇ ਦੋਸ਼ ਹੈ ਕਿ ਉਸ ਦੀ ਮੋਨੀ ਨਾਲ ਦੋਸਤੀ ਸੀ। ਦੋਸਤੀ ਵਿਚ ਦਰਾੜ ਪਈ ਤਾਂ ਉਸ ਨੇ ਇਹ ਕਾਂਡ ਕਰ ਦਿਤਾ। ਕਿਸੇ ਲੜਕੀ ਨੂੰ ਅੱਜ ਦੇ ਸਭਿਅਕ ਸਮਾਜ ਵਿਚ ਜਿਊਂਦਾ ਸਾੜਨ ਦੀ ਘਟਨਾ ਜ਼ਾਲਮ ਰਾਜਿਆਂ ਅਤੇ ਤਾਨਾਸ਼ਾਹਾਂ ਦੀ ਯਾਦ ਦਿਵਾਉਂਦੀ ਹੈ।
ਕੇਂਦਰ ਅਤੇ ਸੂਬੇ ਵਿਚ ਸਰਕਾਰਾਂ ਚਲਾ ਰਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਲਈ ਉਨਾਵ ਮਹੱਤਵਪੂਰਨ ਜ਼ਿਲ੍ਹਾ ਹੈ। ਭਾਜਪਾ ਦੇ ਸਾਕਸ਼ੀ ਮਹਾਰਾਜ ਇਥੋਂ ਦੇ ਸੰਸਦ ਦਾ ਮੈਂਬਰ ਹਨ। ਉਨ੍ਹਾਂ ਦੇ ਹਲਕੇ ਵਿਚ ਦਲਿਤ ਲੜਕੀ ਦੇ ਜ਼ਾਲਮਾਨਾ ਕਤਲ ਤੋਂ ਪਤਾ ਚਲਦਾ ਹੈ ਕਿ ਅਸਰ-ਰਸੂਖ ਵਾਲੇ ਲੋਕਾਂ ਦੀ ਹਿੰਮਤ ਕਿੰਨੀ ਵਧੀ ਹੋਈ ਹੈ। ਸੂਬਾ ਸਰਕਾਰ ਵਿਚ ਮਹੱਤਵਪੂਰਨ ਅਹੁਦਾ ਸੰਭਾਲ ਰਹੇ ਵਿਧਾਨ ਸਭਾ ਸਪੀਕਰ ਹਿਰਦੈ ਨਾਰਾਇਣ ਦੀਕਸ਼ਿਤ ਦਾ ਕਾਰਜ ਖੇਤਰ ਵੀ ਉਨਾਵ ਹੀ ਹੈ। ਇਕ ਪਾਸੇ ਕੇਂਦਰ ਤੋਂ ਲੈ ਕੇ ਸੂਬੇ ਤਕ ਦੋਵੇਂ ਸਰਕਾਰਾਂ 'ਬੇਟੀ ਬਚਾਉ ਬੇਟੀ ਪੜ੍ਹਾਉ' ਮੁਹਿੰਮ ਦਾ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕਰ ਰਹੇ ਹਨ, ਦੂਜੇ ਪਾਸੇ ਇਨ੍ਹਾਂ ਹੀ ਸਰਕਾਰਾਂ ਦੇ ਸਮੇਂ ਵਿਚ ਲੜਕੀਆਂ ਸਾੜੀਆਂ ਜਾ ਰਹੀਆਂ ਹਨ।
ਉਨਾਵ ਦੀ ਘਟਨਾ ਤੋਂ ਕੁੱਝ ਹੀ ਦਿਨ ਪਹਿਲਾਂ ਉੱਤਰ ਪ੍ਰਦੇਸ਼ ਦੀ ਸਿਖਿਆ ਨਗਰੀ ਕਹੇ ਜਾਣ ਵਾਲੇ ਇਲਾਹਾਬਾਦ ਸ਼ਹਿਰ ਵਿਚ ਇਕ ਦਲਿਤ ਗੱਭਰੂ ਨੂੰ ਇਕ ਰੇਸਤਰਾਂ ਵਿਚ ਕੁੱਟ ਕੁੱਟ ਕੇ ਮਾਰ ਦਿਤਾ ਗਿਆ। ਝਗੜਾ ਮਾਮੂਲੀ ਜਹੇ ਕਾਰਨ ਕਰ ਕੇ ਸ਼ੁਰੂ ਹੋਇਆ ਸੀ। ਦੋਹਾਂ ਘਟਨਾਵਾਂ ਵਿਚ ਲੋਕਾਂ ਨੇ ਸ਼ਰੇਆਮ ਇਕੱਲੇ ਨੂੰ ਮਾਰਿਆ। ਉਨਾਵ ਦੀ ਮੋਨੀ ਨੂੰ ਪਟਰੌਲ ਛਿੜਕ ਕੇ ਸਾੜਿਆ ਗਿਆ ਅਤੇ ਇਲਾਹਾਬਾਦ ਦੇ ਨੌਜਵਾਨ ਨੂੰ ਨਾਲੀ ਦੇ ਕਿਨਾਰੇ ਕੁੱਟ ਕੁੱਟ ਕੇ ਮਾਰ ਦਿਤਾ ਗਿਆ। ਨੌਜਵਾਨ ਦੇ ਮਰਨ ਮਗਰੋਂ ਵੀ ਉਸ ਨੂੰ ਕੁਟਿਆ ਜਾਂਦਾ ਰਿਹਾ। 
ਉਨਾਵ ਅਤੇ ਇਲਾਹਾਬਾਦ ਦੀਆਂ ਘਟਨਾਵਾਂ ਪੂਰੀ ਤਰ੍ਹਾਂ ਤੋਂ ਜ਼ੁਲਮ ਨਾਲ ਭਰੀਆਂ ਹੋਈਆਂ ਹਨ। ਇਹ ਤਦ ਹੈ ਜਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਕਹਿੰਦੇ ਹਨ ਕਿ ਬਦਮਾਸ਼ਾਂ ਨੂੰ ਉਨ੍ਹਾਂ ਦੀ ਹੀ ਭਾਸ਼ਾ ਵਿਚ ਜਵਾਬ ਦਿਤਾ ਜਾਵੇ। ਪੁਲਿਸ ਨੇ ਕੁੱਝ ਮੁਕਾਬਲੇ ਕਰ ਕੇ ਸਨਸਨੀ ਫੈਲਾਉਣ ਦੀ ਕੋਸ਼ਿਸ਼ ਕੀਤੀ ਪਰ ਅਸਰ-ਰਸੂਖ ਵਾਲੇ ਲੋਕਾਂ ਉਤੇ ਅਸਰ ਪੈਂਦਾ ਤਾਂ ਅਜਿਹੀਆਂ ਘਟਨਾਵਾਂ ਨਾ ਵਾਪਰਦੀਆਂ।
ਹਿੰਦੂਤਵ ਦੇ ਨਾਂ ਤੇ ਗੁੰਡਾਗਰਦੀ: ਯੋਗੀ ਦੇ ਰਾਜ ਵਿਚ ਇਹ ਹਿੰਦੂਤਵ ਦੀ ਰਾਖੀ ਦੇ ਨਾਂ ਤੇ ਚੋਲਾ ਬਦਲ ਚੁੱਕੇ ਹਿੰਦੂ ਦਬੰਗ ਅਤੇ ਗੁੰਡੇ ਕਾਰਜਸ਼ੀਲ ਹੋ ਗਏ। ਇਹ ਭਗਵੇਂ ਪਰਨਾਧਾਰੀ ਬਣ ਗਏ ਹਨ। ਹੁਣ ਇਨ੍ਹਾਂ ਨੂੰ ਕਿਸੇ ਪਾਰਟੀ ਦੇ ਝੰਡੇ ਤਕ ਦੀ ਲੋੜ ਨਹੀਂ ਰਹਿ ਗਈ। ਅਜਿਹੇ ਦਬੰਗ ਲੋਕ ਲੀਡਰਾਂ ਲਈ ਭੀੜ ਇਕੱਠੀ ਕਰਨ ਵਿਚ ਵੀ ਅੱਗੇ ਹੋ ਜਾਂਦੇ ਹਨ। ਜਿਥੇ ਚੰਗੇ ਕੰਮ ਵਿਚ 5 ਲੋਕ ਇਕੱਠੇ ਨਹੀਂ ਖੜੇ ਹੁੰਦੇ, ਉਥੇ ਇਹ ਲੋਕ ਕਤਲ ਵਰਗੇ ਨੀਚ ਅਪਰਾਧ ਕਰਨ ਲਈ ਵੀ ਬਹੁਤ ਸਾਰੇ ਲੋਕਾਂ ਨੂੰ ਤਿਆਰ ਕਰ ਲੈਂਦੇ ਹਨ। 
ਉਨਾਵ ਅਤੇ ਇਲਾਹਾਬਾਦ ਦੋਹਾਂ ਸ਼ਹਿਰਾਂ ਦੀਆਂ ਹੀ ਘਟਨਾਵਾਂ ਵਿਚ ਦਬੇ ਕੁਚਲੇ ਲੋਕਾਂ ਦਾ ਸਾਥ ਦੇਣ ਵਾਲੇ ਦੂਜੇ ਲੋਕ ਵੀ ਸਨ। ਕਾਸਗੰਜ ਵਿਚ ਹੋਏ ਦੰਗੇ ਵਿਚ ਵੀ ਅਜਿਹੇ ਹੀ ਦਬੰਗ ਸ਼ਾਮਲ ਸਨ। ਇਨ੍ਹਾਂ ਨੂੰ ਕਾਨੂੰਨ ਦੀ ਪ੍ਰਵਾਹ ਨਹੀਂ ਹੁੰਦੀ। ਕਾਸਗੰਜ ਵਿਚ ਧਾਰਾ 144 ਲਾਗੂ ਹੋਣ ਤੋਂ ਬਾਅਦ ਵੀ ਤਿਰੰਗਾ ਯਾਤਰਾ ਕੱਢਣ ਦੀ ਇਜਾਜ਼ਤ ਲੈਣ ਦੀ ਲੋੜ ਨਹੀਂ ਸਮਝੀ ਗਈ। ਸੂਬੇ ਵਿਚ ਜੇਕਰ ਕਾਨੂੰਨ ਦਾ ਰਾਜ ਹੁੰਦਾ ਤਾਂ ਲੋਕਾਂ ਵਿਚ ਜ਼ਰੂਰ ਕਾਨੂੰਨ ਦਾ ਡਰ ਹੁੰਦਾ ਅਤੇ ਇਕ ਤੋਂ ਬਾਅਦ ਇਕ ਜ਼ਾਲਮਾਨਾ ਘਟਨਾਵਾਂ ਨਾ ਵਾਪਰਦੀਆਂ। ਗਊ ਰਖਿਆ ਦੇ ਨਾਂ ਤੇ ਕਾਨੂੰਨ ਤੋੜਨ ਵਾਲੇ ਜਦ ਬਚਣ ਲੱਗੇ ਤਾਂ ਦੂਜੇ ਦਬੰਗਾਂ ਦੀ ਹਿੰਮਤ ਵੀ ਵਧਣ ਲੱਗੀ। ਇਹ ਹੁਣ ਨਿਡਰ ਹੋ ਗਏ ਹਨ। ਹਰ ਪਿੰਡ ਗਲੀ ਵਿਚ ਜਾਤੀ ਦਾ ਟੋਇਆ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ। ਅਜਿਹੇ ਵਿਚ ਜਦ ਲੋਕਾਂ ਨੂੰ ਇਹ ਜਾਪਦਾ ਹੈ ਕਿ ਸਾਹਮਣੇ ਵਾਲਾ ਉਸ ਤੋਂ ਵੀ ਨੀਵੀਂ ਜਾਤੀ ਦਾ ਹੈ ਤਾਂ ਉਹ ਹੋਰ ਵੀ ਵੱਧ ਹਿੰਸਕ ਹੋ ਕੇ ਉਸ ਨੂੰ ਕੁੱਟਣ ਲਗਦਾ ਹੈ। ਦਲਿਤਾਂ ਨਾਲ ਹੋ ਰਹੀਆਂ ਘਟਨਾਵਾਂ ਪਿੱਛੇ ਪਾਖੰਡੀ ਸੋਚ ਦਾ ਵੱਡਾ ਹੱਥ ਹੈ। ਇਸ ਨੂੰ ਰੋਜ਼ ਹੱਲਾਸ਼ੇਰੀ ਦਿਤੀ ਜਾ ਰਹੀ ਹੈ। 
ਧਰਮ ਦੇ ਨਾਂ ਤੇ ਪ੍ਰਵਚਨਾਂ ਰਾਹੀਂ ਲੋਕਾਂ ਨੂੰ ਲਗਾਤਾਰ ਇਹ ਦਸਿਆ ਜਾ ਰਿਹਾ ਹੈ ਕਿ ਸਮਾਜ ਵਿਚ ਵੱਖ ਵੱਖ ਖ਼ੇਮੇ ਭਗਵਾਨ ਦੀ ਦੇਣ ਹਨ। ਇਹ ਪਿਛਲੇ ਜਨਮਾਂ ਵਿਚ ਕੀਤੇ ਗਏ ਪਾਪਾਂ ਦਾ ਫੱਲ ਹੈ। ਗੁੰਡਾਗਰਦੀ ਕਰਨ ਵਾਲੇ ਜਾਣਦੇ ਹਨ ਕਿ ਉਨ੍ਹਾਂ ਉਤੇ ਉਂਗਲੀ ਨਹੀਂ ਚੁੱਕੀ ਜਾਵੇਗੀ ਕਿਉਂਕਿ ਇਹ ਸਮਾਜ ਦਾ ਦਸਤੂਰ ਹੈ। ਦਲਿਤਾਂ ਨੂੰ ਅੱਜ ਵੀ ਧਾਰਮਕ ਕਹਾਣੀਆਂ ਵਿਚ ਇਹੀ ਸਮਝਾਇਆ ਜਾਂਦਾ ਹੈ ਕਿ ਸਵਰਣਾਂ ਅਤੇ ਉੱਚ ਜਾਤੀ ਦੀ ਸੇਵਾ ਕਰੋ, ਤਾਂ ਹੀ ਭਲਾ ਹੋਵੇਗਾ। ਇਹੀ ਸੋਚ ਇਕ ਦਲਿਤ ਲੜਕੀ ਨੂੰ ਜਿਊਂਦਾ ਸਾੜਨ ਨੂੰ ਪ੍ਰੇਰਿਤ ਕਰਦੀ ਹੈ। ਅੱਜ ਤਕ ਜਿਨ੍ਹਾਂ ਬਾਬਿਆਂ ਦੇ ਆਸ਼ਰਮਾਂ ਦਾ ਪਰਦਾਫ਼ਾਸ਼ ਹੋਇਆ, ਉਥੇ ਸੱਭ ਤੋਂ ਵੱਧ ਦਲਿਤ ਕੁੜੀਆਂ ਹੀ ਮਿਲੀਆਂ ਹਨ। ਇਸ ਤੋਂ ਵੀ ਸਮਾਜ ਵਿਚ ਊਚ-ਨੀਚ ਦੇ ਫ਼ਰਕ ਨੂੰ ਸਮਝਿਆ ਜਾ ਸਕਦਾ ਹੈ। 
ਸਰਕਾਰ ਦੀ ਸੁਰੱਖਿਆ ਨਾਲ ਵੱਧ ਰਹੀ ਗੁੰਡਾਗਰਦੀ: ਉੱਤਰ ਪ੍ਰਦੇਸ਼ ਵਿਚ ਦਲਿਤਾਂ ਵਿਰੁਧ ਵੱਧ ਰਹੀਆਂ ਹਿੰਸਕ ਘਟਨਾਵਾਂ ਉਤੇ ਜਿਥੇ ਬਹੁਤ ਸਾਰੇ ਦਲਿਤ ਲੀਡਰ ਅਤੇ ਪਾਰਟੀਆਂ ਚੁੱਪੀ ਧਾਰੀ ਬੈਠੀਆਂ ਹਨ ਉਥੇ ਹੀ ਸੇਵਾਮੁਕਤ ਆਈ.ਪੀ.ਐਸ. ਅਫ਼ਸਰ ਅਤੇ ਉੱਤਰ ਪ੍ਰਦੇਸ਼ ਸਵਰਾਜ ਸਮਿਤੀ ਦੇ ਮੈਂਬਰ ਆਰ.ਐਸ. ਦਾਰਾਪੁਰੀ ਪੂਰੀ ਤਰ੍ਹਾਂ ਨਾਲ ਦੁਖੀ ਹਨ। ਉਹ ਕਹਿੰਦੇ ਹਨ, ''ਦਲਿਤਾਂ ਉਤੇ ਹਿੰਸਕ ਘਟਨਾਵਾਂ ਦੀ ਸ਼ੁਰੂਆਤ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਸਹੁੰ ਲੈਂਦੇ ਹੀ ਸ਼ੁਰੂ ਹੋ ਗਈ ਸੀ। ਜਦ ਸਹਾਰਨਪੁਰ ਦੇ ਸਬੀਰਪੁਰ ਪਿੰਡ ਵਿਚ ਕਿਹਾ ਗਿਆ ਸੀ ਕਿ 'ਜੇਕਰ ਯੂ.ਪੀ. ਵਿਚ ਰਹਿਣਾ ਹੈ ਤਾਂ ਯੋਗੀ ਯੋਗੀ ਕਹਿਣਾ ਹੈ।' ਇਸ ਨਾਹਰੇ ਵਿਚ ਹੀ ਬਾਅਦ ਵਿਚ ਵੰਦੇ ਮਾਤਰਮ ਵੀ ਜੋੜ ਦਿਤਾ ਗਿਆ। ਇਹੀ ਨਹੀਂ, ਉਥੇ ਡਾ. ਭੀਮ ਰਾਉ ਅੰਬੇਦਕਰ ਨੂੰ ਲੈ ਕੇ ਵੀ ਇਤਰਾਜ਼ਯੋਗ ਟਿਪਣੀਆਂ ਕੀਤੀਆਂ ਗਈਆਂ। ਇਸ ਨਾਲ ਹਿੰਦੂਤਵ ਦੇ ਨਾਂ ਤੇ ਕੰਮ ਕਰਨ ਵਾਲਿਆਂ ਦਾ ਹੌਸਲਾ ਵੱਧ ਗਿਆ ਹੈ। ਸਰਕਾਰ ਦੇ ਇਸ ਕਦਮ ਨਾਲ ਖੁੱਲ੍ਹੀ ਗੁੰਡਾਗਰਦੀ, ਹਿੰਸਾ ਅਤੇ ਦਬਦਬਾਈ ਨੂੰ ਸੁਰੱਖਿਆ ਮਿਲਣ ਲੱਗੀ। ਕਈ ਤਰ੍ਹਾਂ ਦੀ ਵਾਹਨੀਆਂ ਅਤੇ ਸੈਨਾਵਾਂ ਅਪਣਾ ਅਪਣਾ ਵਿਰੋਧ ਪ੍ਰਦਰਸ਼ਨ ਕਰਨ ਲੱਗੀਆਂ। ਇਸ ਨਾਲ ਸਮਾਜ ਦਾ ਮਾਹੌਲ ਖ਼ਰਾਬ ਹੋਇਆ। ਸਮਾਜ ਵਿਚ ਕਾਨੂੰਨ ਦਾ ਡਰ ਖ਼ਤਮ ਹੋ ਗਿਆ। ਸਮਾਜ ਵਿਚ ਇਕ ਹਿੰਸਕ ਵਾਤਾਵਰਣ ਬਣ ਗਿਆ ਹੈ ਜੋ ਸਾਰੇ ਸਮਾਜ ਲਈ ਮਾਰੂ ਹੈ।''
ਦਲਿਤ ਅੰਦੋਲਨ ਦੀ ਚੁੱਪੀ ਉਤੇ ਦਾਗਪੁਰੀ ਨੇ ਕਿਹਾ, ''ਬਸਪਾ ਦੇ ਸਮੇਂ ਤੋਂ ਦਲਿਤ ਅੰਦੋਲਨ ਕਮਜ਼ੋਰ ਹੋ ਗਿਆ ਸੀ। ਡਾ. ਅੰਬੇਦਕਰ ਹਮੇਸ਼ਾ ਕਹਿੰਦੇ ਸਨ ਕਿ ਹਿੰਦੂ ਰਾਸ਼ਟਰ ਸਮਾਜ ਲਈ ਘਾਤਕ ਹੋਵੇਗਾ। ਇਥੇ ਸ਼ੰਭੂਕ ਅਤੇ ਬਾਲੀ ਵਾਂਗ ਲੋਕਾਂ ਦੇ ਕਤਲ ਹੋਣਗੇ। ਸੀਤਾ ਵਾਂਗ ਔਰਤਾਂ ਨਾਲ ਬੇਇਨਸਾਫ਼ੀ ਹੋਵੇਗੀ। ਉਹ ਹਮੇਸ਼ਾ ਦੇਸ਼ ਵਿਚ ਹਿੰਦੂ ਰਾਸ਼ਟਰ ਦੀ ਕਾਇਮੀ ਦਾ ਵਿਰੋਧ ਕਰਦੇ ਰਹੇ। ਕਾਂਸ਼ੀਰਾਮ ਅੰਦੋਲਨ ਦੀ ਥਾਂ ਇਸ ਤਰ੍ਹਾਂ ਕੰਮ ਕਰਦੇ ਸਨ ਜਿਸ ਨਾਲ ਦਲਿਤ ਕਮਜ਼ੋਰ ਬਣ ਕੇ ਉਨ੍ਹਾਂ ਦੇ ਪਿੱਛੇ-ਪਿੱਛੇ ਚਲਦਾ ਰਹੇ ਜਿਸ ਕਰ ਕੇ ਅੱਜ ਵੀ ਦਲਿਤ ਨਾਰਾਜ਼ ਹੋ ਕੇ ਅਪਣੀ ਗੱਲ ਨਹੀਂ ਕਹਿ ਪਾ ਰਿਹਾ। ਅੱਜ ਉਹ ਫਿਰ ਤੋਂ ਬਸਪਾ ਦਾ ਸਾਥ ਛੱਡ ਕੇ ਉੱਚੀਆਂ ਜਾਤਾਂ ਦੀ ਅਗਵਾਈ ਕਰਨ ਵਾਲਿਆਂ ਦੇ ਪਿਛੇ ਖੜਾ ਹੋ ਗਿਆ ਹੈ। ਇਸ ਨਾਲ ਭਾਜਪਾ ਨੇ ਦਲਿਤ ਲੀਡਰਾਂ ਨੂੰ ਅਪਣੇ ਪੱਖ ਵਿਚ ਕਰ ਲਿਆ, ਇਸ ਲਈ ਦਲਿਤ ਚੁੱਪ ਹਨ। ਉਨ੍ਹਾਂ ਨੂੰ ਸਮਝ ਵਿਚ ਨਹੀਂ ਆ ਰਿਹਾ ਕਿ ਉਹ ਕੀ ਕਰਨ?''
ਖ਼ਾਮੋਸ਼ ਹਨ ਦਲਿਤ ਜਥੇਬੰਦੀਆਂ: ਦਲਿਤਾਂ ਦੀਆਂ ਜਥੇਬੰਦੀਆਂ ਨੇ ਇਨ੍ਹਾਂ ਘਟਨਾਵਾਂ ਉਤੇ ਚੁੱਪੀ ਧਾਰੀ ਹੋਈ ਹੈ। ਬਹੁਜਨ ਸਮਾਜ ਪਾਰਟੀ ਦੀ ਚੁੱਪੀ ਸੱਭ ਤੋਂ ਵੱਡੀ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਉਤੇ ਭਾਜਪਾ ਦੇ ਲੀਡਰ ਕੌਸ਼ਲ ਕਿਸ਼ੋਰ ਦੋਹਾਂ ਹੀ ਥਾਵਾਂ ਉਤੇ ਗਏ ਅਤੇ ਉਥੇ ਪੀੜਤ ਪ੍ਰਵਾਰਾਂ ਦੀ ਮਦਦ ਦਾ ਪੂਰਾ ਭਰੋਸਾ ਦਿਵਾਇਆ। ਦਲਿਤਾਂ ਦੇ ਕੌੜੇ ਨਾ ਹੋਣ ਦਾ ਪ੍ਰਮੁੱਖ ਕਾਰਨ ਇਹ ਹੈ ਕਿ ਭਾਜਪਾ ਨੇ ਹਿੰਦੂਤਵ ਦੇ ਨਾਂ ਤੇ ਉਨ੍ਹਾਂ ਨੂੰ ਅਪਣੇ ਨਾਲ ਕਰ ਲਿਆ ਸੀ। 
ਦੇਸ਼ ਅਤੇ ਸੂਬੇ ਦੇ ਸਾਰੇ ਵੱਡੇ ਦਲਿਤ ਲੀਡਰ ਭਾਜਪਾ ਦੇ ਟਿਕਟ ਉਤੇ ਚੋਣ ਲੜੇ ਅਤੇ ਹੁਣ ਉਹ ਭਾਜਪਾ ਦੇ ਨਾਲ ਹਨ। ਅਜਿਹੇ ਵਿਚ ਉਹ ਚੁੱਪ ਹਨ। ਦਲਿਤ ਗਿਣਤੀ ਵਿਚ ਵੱਧ ਹਨ। ਅਜਿਹੇ ਵਿਚ ਲੀਡਰ ਉਨ੍ਹਾਂ ਨੂੰ ਨਾਲ ਰੱਖ ਕੇ ਵੋਟ ਲੈਣ ਤਕ ਉਨ੍ਹਾਂ ਦੇ ਨਾਲ ਰਹਿੰਦੇ ਹਨ। ਬਾਅਦ ਵਿਚ ਉਹ ਉਨ੍ਹਾਂ ਦੀਆਂ ਮੂਲ ਸਮੱਸਿਆਵਾਂ ਉਤੇ ਚੁੱਪ ਹੋ ਜਾਂਦੇ ਹਨ। ਦਲਿਤ ਅਪਣੇ ਤੋਂ ਉੱਚੀਆਂ ਜਾਤਾਂ ਨਾਲ ਮੇਲਜੋਲ ਨਹੀਂ ਰੱਖ ਪਾਉਂਦੇ। ਉੱਚੀਆਂ ਜਾਤਾਂ ਵਾਲਿਆਂ ਦਾ ਮੰਨਣਾ ਹੈ ਕਿ ਦਲਿਤਾਂ ਨੂੰ ਉਵੇਂ ਹੀ ਰਹਿਣਾ ਚਾਹੀਦਾ ਹੈ ਜਿਵੇਂ ਉਹ ਸਦੀਆਂ ਤੋਂ ਰਹਿੰਦੇ ਆਏ ਹਨ। 
ਅੱਜ ਜਿਸ ਤਰ੍ਹਾਂ ਦਬੰਗਾਂ ਦੇ ਹੌਸਲੇ ਬੁਲੰਦ ਹਨ ਉਸ ਨਾਲ ਸਰਕਾਰ ਦਾ ਅਕਸ ਖ਼ਰਾਬ ਹੋ ਰਿਹਾ ਹੈ। ਇਲਾਹਾਬਾਦ ਅਤੇ ਉਨਾਵ ਦੋਹਾਂ ਵਿਚਲੀਆਂ ਘਟਨਾਵਾਂ ਵਿਚ ਪੁਲਿਸ ਨੇ ਪਹਿਲਾਂ ਤਾਂ ਮੁਕੱਦਮਾ ਹੀ ਦਰਜ ਨਾ ਕੀਤਾ। ਜਦ ਇਲਾਹਾਬਾਦ ਅਤੇ ਉਨਾਵ ਦੀਆਂ ਘਟਨਾਵਾਂ ਦੇ ਵੀਡੀਉ ਅਤੇ ਫ਼ੋਟੋ ੋਸੋਸ਼ਲ ਮੀਡੀਆ ਉਤੇ ਫੈਲੇ ਤਾਂ ਪੁਲਿਸ ਹਰਕਤ ਵਿਚ ਆਈ। ਥਾਣਾ ਪੱਧਰ ਤੇ ਅੱਜ ਵੀ ਦਲਿਤ ਪੀੜਤ ਦੇ ਪੱਖ ਵਿਚ ਕੋਈ ਕਾਰਵਾਈ ਨਹੀਂ ਹੁੰਦੀ। ਸਰਕਾਰ ਇਹ ਕਹਿ ਕੇ ਅਪਣਾ ਪੱਲਾ ਝਾੜਦੀ ਰਹਿੰਦੀ ਹੈ ਕਿ ਇਹ ਪ੍ਰੇਮ-ਪ੍ਰਸੰਗ ਹੈ, ਉਹ ਪ੍ਰਵਾਰਕ ਝਗੜਾ ਹੈ, ਵਗੈਰਾ-ਵਗੈਰਾ। ਅਸਲ ਵਿਚ ਤਾਂ ਇਹ ਵਰਣਵਾਦ ਹੀ ਹੈ, ਉਹ ਵੀ ਸਦੀਆਂ ਪੁਰਾਣਾ। 
ਅਨੁਵਾਦ : ਪਵਨ ਕੁਮਾਰ ਰੱਤੋਂ
ਸੰਪਰਕ : 94173-71455