ਸਿੱਟਿਆਂ ਵਾਲੀ ਭੈਣ ਜੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਮੈਂ ਚੰਗੇ ਅੰਕਾਂ ਵਿਚ ਦਸਵੀਂ ਪਾਸ ਕਰ ਗਈ। ਔਖਿਆਂ-ਸੌਖਿਆਂ ਮੈਨੂੰ ਜੇ.ਬੀ.ਟੀ., ਪ੍ਰਭਾਕਰ ਵੀ ਕਰਾ ਦਿਤੀ

punjabi farmer lady

ਹਰ ਮਾਂ-ਬਾਪ ਦੀ ਦਿਲੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦੇ ਬੱਚੇ ਵੱਡੇ ਹੋ ਕੇ ਚੰਗੀ ਸ਼ਖ਼ਸੀਅਤ ਦੇ ਮਾਲਕ ਬਣਨ, ਭਾਵੇਂ ਬੱਚਿਆਂ ਨੂੰ ਅਨੁਸ਼ਾਸਨਬੱਧ ਸਾਂਚੇ ਵਿਚ ਢਾਲਣ ਲਈ ਮਾਪਿਆਂ ਨੂੰ ਕਿੰਨਾ ਵੀ ਔਖਾ ਕਿਉਂ ਨਾ ਹੋਣਾ ਪਵੇ। ਮੇਰੇ ਮਾਤਾ-ਪਿਤਾ ਨੂੰ ਵੀ ਅਪਣੀ ਔਲਾਦ ਨੂੰ ਪੈਰਾਂ ਤੇ ਖੜਾ ਕਰਨ ਅਤੇ ਘਰ ਦਾ ਗੁਜ਼ਾਰਾ ਕਰਨ ਲਈ ਕਈ ਤਰ੍ਹਾਂ ਦੇ ਪਾਪੜ ਵੇਲਣੇ ਪਏ। ਪਿੰਡ ਦੇ ਬੱਸ ਅੱਡੇ ਤੇ ਪਿਤਾ ਜੀ ਸਿਰਕੀ ਕਾਨੇ ਦੀ ਬਣੀ ਝੁੱਗੀ ਵਿਚ ਚਾਹ ਅਤੇ ਸਾਈਕਲ ਮੁਰੰਮਤ ਕਰਨ ਦਾ ਕੰਮ ਕਰਿਆ ਕਰਦੇ ਸਨ। ਮਾਂ ਹਾੜੀ-ਸਾਉਣੀ ਵਿਚ ਹੀ ਖੇਤਾਂ ਵਿਚ ਜਾਇਆ ਕਰਦੀ ਸੀ। ਮੈਂ ਛੁੱਟੀ ਵਾਲੇ ਦਿਨ ਮਾਂ ਨਾਲ ਖੇਤ ਨਰਮਾ ਚੁਗਣ ਚਲੀ ਜਾਂਦੀ। ਵਾਢੀ ਮੌਕੇ ਸਾਰਾ ਟੱਬਰ ਰਲ ਕੇ ਸਾਲ ਭਰ ਦੇ ਦਾਣੇ ਕਰ ਲੈਂਦੇ। ਜਦੋਂ ਕਦੇ-ਕਦਾਈਂ ਪਿਤਾ ਜੀ ਸਾਡੇ ਕੋਲ ਖੇਤ ਥੱਬੇ ਚੁੱਕਣ ਆਉਂਦੇ ਤਾਂ ਸਾਨੂੰ ਬੱਚਿਆਂ ਨੂੰ ਗੋਡੇ ਗੋਡੇ ਚਾਅ ਚੜ੍ਹਨਾ ਕਿ ਅੱਜ ਮੰਡਲੀ ਲਾਉਣ ਵੇਲੇ ਭਾਰੀ ਮੁਸ਼ੱਕਤ ਨਹੀਂ ਕਰਨੀ ਪੈਣੀ। ਖੇਤੀਂ ਕੰਮ ਮੁੱਕਣ ਤੇ ਮਾਂ ਪਿਤਾ ਜੀ ਨਾਲ ਦੁਕਾਨ ਦੇ ਕੰਮਾਂ ਵਿਚ ਹੱਥ ਵਟਾਇਆ ਕਰਦੀ ਸੀ।
ਆਖ਼ਰ ਉਨ੍ਹਾਂ ਦੀ ਮਿਹਨਤ ਰੰਗ ਲਿਆਈ। ਮੈਂ ਚੰਗੇ ਅੰਕਾਂ ਵਿਚ ਦਸਵੀਂ ਪਾਸ ਕਰ ਗਈ। ਔਖਿਆਂ-ਸੌਖਿਆਂ ਮੈਨੂੰ ਜੇ.ਬੀ.ਟੀ., ਪ੍ਰਭਾਕਰ ਵੀ ਕਰਾ ਦਿਤੀ। ਕੋਰਸ ਕਰਦਿਆਂ ਹਮੇਸ਼ਾ ਫ਼ੀਸ ਦੇ ਰੂਪ ਵਿਚ ਕਾਗ਼ਜ਼ੀ ਨੋਟਾਂ ਦੀ ਥਾਂ ਭਾਨ ਵਾਲਾ ਲਿਫ਼ਾਫ਼ਾ ਇੰਚਾਰਜ ਦੇ ਮੂਹਰੇ ਢੇਰੀ ਕਰ ਦਿੰਦੀ। ਉਹ ਬੜੇ ਸੂਝਵਾਨ ਸਨ। ਪ੍ਰਵਾਰ ਦੀ ਕਮਾਈ ਦਾ ਸਾਧਨ ਜਾਣ ਕੇ ਚੁਆਨੀਆਂ-ਅਠਿਆਨੀਆਂ ਗਿਣਦੇ-ਗਿਣਦੇ ਮੇਰੇ ਵਲ ਝਾਤੀ ਮਾਰ ਲੈਂਦੇ, ਪਰ ਕਹਿੰਦੇ ਕੁੱਝ ਨਾ। ਛੇਤੀ ਹੀ ਰੱਬ ਨੇ ਨੇੜਿਉਂ ਹੋ ਕੇ ਸੁਣੀ। ਦਸਵੀਂ ਕਰਨ ਤੋਂ ਤਿੰਨ ਸਾਲ ਬਾਅਦ ਹੀ ਮੈਨੂੰ ਸਰਕਾਰੀ ਅਧਿਆਪਕਾ ਦੀ ਨੌਕਰੀ ਮਿਲ ਗਈ। ਮੇਰੀ ਨਿਯੁਕਤੀ ਸਰਕਾਰੀ ਹਾਈ ਸਕੂਲ ਖੂਣਨਕਲਾਂ ਵਿਖੇ ਹਿੰਦੀ ਅਧਿਆਪਕ ਵਜੋਂ ਹੋਈ, ਜੋ ਮੇਰੇ ਪਿੰਡ ਚਿਬੜਾਂ ਵਾਲੀ ਤੋਂ 4 ਕਿਲੋਮੀਟਰ ਦੂਰ ਹੈ। ਉਨ੍ਹਾਂ ਸਮਿਆਂ ਵਿਚ ਮਰਦ ਅਧਿਆਪਕ ਨੂੰ 'ਵੀਰ ਜੀ' ਜਾਂ 'ਬਾਈ ਜੀ' ਅਤੇ ਔਰਤ ਅਧਿਆਪਕ ਨੂੰ 'ਭੈਣ ਜੀ' ਕਹਿਣ ਦਾ ਰਿਵਾਜ ਸੀ। ਕਿਸੇ ਵਿਰਲੇ ਵਾਂਝੇ ਨੂੰ ਛੱਡ ਕੇ ਅਕਸਰ ਹੀ ਅਧਿਆਪਕ ਸਾਈਕਲਾਂ ਤੇ ਸਕੂਲ ਆਉਂਦੇ। ਮੇਰੇ ਚਾਚਾ ਜੀ ਪਹਿਲਾਂ ਹੀ ਉਸ ਸਕੂਲ ਵਿਚ ਸਮਾਜਕ ਸਿਖਿਆ ਵਿਸ਼ੇ ਤੇ ਅਧਿਆਪਕ ਨਿਯੁਕਤ ਸਨ। ਸਾਡੇ ਪਿੰਡ ਦਾ ਸਕੂਲ ਮਿਡਲ ਹੋਣ ਕਰ ਕੇ ਚਾਚਾ ਜੀ ਦੇ ਤਿੰਨ ਬੱਚੇ, ਮੈਂ ਤੇ ਪਿੰਡ ਦੇ ਹੋਰ ਛੇ-ਸੱਤ ਵਿਦਿਆਰਥੀ ਸਾਈਕਲਾਂ ਉਤੇ ਸਕੂਲ ਵਲ ਡਾਰਾਂ ਬੰਨ੍ਹੀ ਜਾਂਦੇ। ਪਿੰਡ ਵਿਚ ਦਾਖ਼ਲ ਹੁੰਦਿਆਂ ਹੀ ਕੁੱਝ ਸਕੂਲੀ ਬੱਚੇ ਡਰ ਨਾਲ ਅਤੇ ਕੁੱਝ ਸਤਿਕਾਰ ਸਹਿਤ ਇਕ ਪਾਸੇ ਹੋ ਖੜਦੇ। ਸਕੂਲ ਪਹੁੰਚ ਕੇ ਮੈਨੂੰ ਕਦੇ ਵੀ 'ਭੈਣ ਜੀ' ਵਾਲਾ ਅਹਿਸਾਸ ਨਾ ਆਇਆ। ਹੱਥ ਵਿਚ ਨਾ ਹੀ ਪਰਸ ਹੁੰਦਾ ਅਤੇ ਨਾ ਹੀ ਸੋਹਣਾ ਸੂਟ ਪਹਿਨਿਆ ਹੁੰਦਾ। ਕਦੇ ਕਦੇ ਹੀਣ ਭਾਵਨਾ ਦੀ ਡਾਢੀ ਸ਼ਿਕਾਰ ਵੀ ਹੋਈ। ਜਦੋਂ ਵੀ ਅਪਣੇ ਤੇ ਪੈਸੇ ਲਾਉਣ ਬਾਰੇ ਸੋਚਦੀ ਤਾਂ ਮਾਂ ਦੀ ਟਾਕੀਆਂ ਵਾਲੀ ਸਲਵਾਰ ਚੇਤੇ ਆ ਜਾਂਦੀ। ਪਿਤਾ ਜੀ ਨੂੰ ਛੱਡ ਸਾਰੇ ਚਾਚੇ-ਤਾਏ ਸਰਕਾਰੀ ਨੌਕਰੀ ਕਰਦੇ ਸਨ। ਮੇਰਾ ਇਕੋ ਮਕਸਦ ਸੀ ਦੂਜੇ ਪ੍ਰਵਾਰਾਂ ਵਰਗੇ ਪੜ੍ਹੇ-ਲਿਖੇ ਹੋਣਾ।
ਸਾਡੇ ਪਿੰਡ ਚਿੱਬੜਾਂ ਵਾਲੀ ਦੀ ਹੱਦ ਨਾਲ, ਉਸ ਪਿੰਡ ਦੇ ਜ਼ਿਮੀਂਦਾਰਾਂ ਦੀ ਜ਼ਮੀਨ ਵੀ ਲਗਦੀ ਸੀ ਜਿਸ ਪਿੰਡ ਮੈਂ ਪੜ੍ਹਾਉਣ ਜਾਂਦੀ ਸੀ। ਮੇਰੇ ਪਿੰਡ ਦੇ ਗ਼ਰੀਬ ਪ੍ਰਵਾਰਾਂ ਦੀਆਂ ਔਰਤਾਂ ਅਕਸਰ ਹੀ ਹਾੜੀ-ਸਾਉਣੀ ਸਿੱਟੇ ਚੁਗਣ ਉਨ੍ਹਾਂ ਖੇਤਾਂ ਵਿਚ ਜਾਇਆ ਕਰਦੀਆਂ ਸਨ। ਇਕ ਦਿਨ ਸਕੂਲ ਤੋਂ ਛੁੱਟੀ ਹੋਣ ਉਪਰੰਤ ਅਸੀ ਸਾਰੇ ਸਾਈਕਲਾਂ ਉਤੇ ਘਰ ਆ ਰਹੇ ਸੀ। ਅਪ੍ਰੈਲ ਦਾ ਮਹੀਨਾ ਤੇ ਵਾਢੀ ਦੀ ਰੁੱਤ ਸੀ। ਮੈਂ ਵੇਖਿਆ ਸੜਕ ਕਿਨਾਰੇ ਖੇਤ ਵਿਚ 30-40 ਔਰਤਾਂ ਕਣਕ ਦੀਆਂ ਬੱਲੀਆਂ ਚੁਗ ਰਹੀਆਂ ਸਨ। ਗਹੁ ਨਾਲ ਵੇਖਣ ਤੇ ਮੈਨੂੰ ਉਨ੍ਹਾਂ ਔਰਤਾਂ ਵਿਚ ਮੇਰੀ ਮਾਂ ਵੀ ਵਿਖਾਈ ਦਿਤੀ, ਜਿਸ ਨੂੰ ਮੇਰੇ ਸਕੂਲ ਤੋਂ ਪੜ੍ਹਾ ਕੇ ਆਉਣ ਵਾਲੇ ਸਮੇਂ ਦਾ ਅੰਦਾਜ਼ਾ ਸੀ। ਉਸ ਹੱਥ ਹਿਲਾਇਆ ਅਤੇ ਅੱਗੋਂ ਮੈਂ ਵੀ ਹੱਥ ਚੁਕਿਆ। ਸਾਈਕਲ ਉਥੇ ਹੀ ਆੜ ਵਿਚ ਟੇਢਾ ਕਰ ਕੇ ਲਾ ਦਿਤਾ। ਮਾਂ ਮੇਰੇ ਵਲ ਪਾਣੀ ਵਾਲਾ ਕੁੱਜਾ ਚੁੱਕੀ ਆ ਰਹੀ ਸੀ। ਮੈਂ ਪਾਣੀ ਪੀਤਾ ਤੇ ਚਾਦਰ ਫੜ ਲੱਕ ਦੁਆਲੇ ਝਲੂੰਗਾ ਬੰਨ੍ਹ ਸਿੱਟੇ ਚੁਗਣ ਵਿਚ ਮਸਤ ਹੋ ਗਈ। ਮਾਂ ਮਮਤਾ ਮਾਰੀ ਵਾਰ ਵਾਰ ਕਹਿ ਰਹੀ ਸੀ, ''ਪੁੱਤਰ ਘਰ ਚਲੀ ਜਾਹ ਥੱਕ ਗਈ ਹੋਵੇਂਗੀ।'' ਮੇਰੀ ਕੰਮ ਪ੍ਰਤੀ ਨਿਸ਼ਠਾ ਵੇਖ ਕੇ ਅੰਦਰੋਂ-ਅੰਦਰੀ ਖ਼ੁਸ਼ ਵੀ ਹੋ ਰਹੀ ਸੀ। ਜਦ ਮੈਂ ਕਣਕ ਦੀਆਂ ਬੱਲੀਆਂ ਦਾ ਭਰਿਆ ਝਲੂੰਗਾ ਆਡ ਉਤੇ ਉਤਾਰਨ ਲੱਗੀ ਤਾਂ ਕੋਲੋਂ ਲੰਘਦੀ ਸੜਕ ਤੇ ਮੈਨੂੰ ਦਸਵੀਂ ਜਮਾਤ ਵਿਚ ਪੜ੍ਹਦੇ ਦੋ ਵਿਦਿਆਰਥੀਆਂ, ਜੋ ਸਕੂਟਰ ਤੇ ਸਵਾਰ ਸਨ, ਨੇ ਵੇਖ ਲਿਆ। ਉਡਦੀ ਜਹੀ ਨਜ਼ਰ ਮੇਰੀ ਵੀ ਪਈ। ਕੋਈ ਪ੍ਰਵਾਹ ਨਾ ਕੀਤੀ। ਜਿਸ ਮਾਂ ਨੇ ਅਪਣੀ ਭਰ-ਜਵਾਨੀ ਦੇ ਅਰਮਾਨ ਮਾਰ ਕੇ ਮੈਨੂੰ ਇਸ ਮੁਕਾਮ ਤਕ ਪਹੁੰਚਾਇਆ, ਉਸ ਨੂੰ ਛੱਡ ਕੇ ਭਲਾ ਅਗਾਂਹ ਕਿਵੇਂ ਲੰਘ ਜਾਂਦੀ? ਆਥਣ ਨੂੰ ਸਾਈਕਲ ਉਤੇ ਸਿੱਟਿਆਂ ਦੀ ਪੰਡ ਰੱਖ ਕੇ ਮਾਵਾਂ-ਧੀਆਂ ਘਰ ਆ ਗਈਆਂ।
ਅਗਲੇ ਦਿਨ ਮੈਂ ਸਕੂਲ ਗਈ। ਪ੍ਰਾਰਥਨਾ ਸਭਾ ਤੋਂ ਬਾਅਦ ਸਟਾਫ਼ ਰੂਮ ਵਲ ਜਾਂਦਿਆਂ ਮੇਰੇ ਕੰਨੀਂ ਕਿਸੇ ਵਿਦਿਆਰਥੀ ਦੀ ਮੱਠੀ ਜਹੀ ਆਵਾਜ਼ ਪਈ 'ਸਿੱਟਿਆਂ ਵਾਲੀ ਭੈਣ ਜੀ'। ਮੈਂ ਸੁਣ ਲਿਆ ਪਰ ਬਿਨਾਂ ਪਿੱਛੇ ਵੇਖਿਆਂ ਅੱਗੇ ਨਿਕਲ ਗਈ। ਸ਼ਾਇਦ ਇਹ ਉਹੀ ਵਿਦਿਆਰਥੀ ਸੀ ਜਿਸ ਨੇ ਮੈਨੂੰ ਬੀਤੇ ਦਿਨ ਸੜਕ ਕਿਨਾਰੇ ਸਿੱਟੇ ਚੁਗਦਿਆਂ ਵੇਖ ਲਿਆ ਸੀ। ਸੋਚਿਆ ਬਚਪਨ ਦੇ ਕੱਚੇ ਨਾਂ ਵਿਚੋਂ ਮੈਨੂੰ ਪਿਆਰ ਮਿਲਿਆ, ਪੱਕੇ ਨਾਂ ਨਾਲ ਰੁਜ਼ਗਾਰ ਜੁੜਿਆ ਪਰ ਇਸ ਦੁਰਲੱਭ ਤੇ ਨਵੇਂ ਨਾਂ 'ਸਿੱਟਿਆਂ ਵਾਲੀ ਭੈਣ ਜੀ' ਵਿਚੋਂ ਮੈਨੂੰ ਅਪਣਾ ਕਰਮ, ਧਰਮ ਤੇ ਫ਼ਰਜ਼ ਝਲਕਦਾ ਵਿਖਾਈ ਦਿਤਾ, ਜੋ ਹੁਣ ਤਕ ਨਿਭਾ ਰਹੀ ਹਾਂ।
ਸੰਪਰਕ : 95015-01133