'ਕਾਸ਼ ਮਾਂ ਤੂੰ ਜਿਊਂਦੀ ਹੁੰਦੀ ਤਾਂ ਮੈਂ ਏਡਜ਼ ਵਰਗੀ ਬਿਮਾਰੀ ਦਾ ਸ਼ਿਕਾਰ ਨਾ ਹੁੰਦਾ'

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਮੈਂ  ਛੇ ਮਹੀਨੇ ਦਾ ਸੀ ਜਦ ਮੇਰੀ ਮਾਂ ਮੈਨੂੰ ਛੱਡ ਕੇ ਚਲੀ ਗਈ। ਮੇਰਾ ਦਿਮਾਗ਼ ਵਾਰ ਵਾਰ ਇਹ ਸਵਾਲ ਪੁਛਦਾ ਹੈ ਕਿ ਮਾਂ ਇਸ ਰੰਗਲੀ ਦੁਨੀਆਂ ਵਿਚੋਂ ਜਾਣ ਨੂੰ ਕਿਸ ...

Mother's Love

''ਮੈਂ  ਛੇ ਮਹੀਨੇ ਦਾ ਸੀ ਜਦ ਮੇਰੀ ਮਾਂ ਮੈਨੂੰ ਛੱਡ ਕੇ ਚਲੀ ਗਈ। ਮੇਰਾ ਦਿਮਾਗ਼ ਵਾਰ ਵਾਰ ਇਹ ਸਵਾਲ ਪੁਛਦਾ ਹੈ ਕਿ ਮਾਂ ਇਸ ਰੰਗਲੀ ਦੁਨੀਆਂ ਵਿਚੋਂ ਜਾਣ ਨੂੰ ਕਿਸ ਤਰ੍ਹਾਂ ਤੇਰਾ ਦਿਲ ਕੀਤਾ? ਕਿਸ ਤਰ੍ਹਾਂ ਮੈਨੂੰ ਤੇ ਵੀਰੇ ਨੂੰ ਰੋਦਿਆਂ ਛੱਡ ਕੇ ਚਲੀ ਗਈ? ਕਿਸ ਦੁੱਖ ਨੇ ਤੈਨੂੰ ਏਨਾ ਪ੍ਰੇਸ਼ਾਨ ਕੀਤਾ ਕਿ ਤੂੰ ਇਸ ਦੁਨੀਆਂ ਵਿਚੋਂ ਜਾਣ ਦਾ ਫ਼ੈਸਲਾ ਕਰ ਲਿਆ? ਇਹ ਸਾਰੇ ਸਵਾਲ ਮੇਰੇ ਦਿਮਾਗ਼ ਵਿਚ ਵਾਰ-ਵਾਰ ਘੁੰਮਦੇ ਹਨ ਪਰ ਕੋਈ ਵੀ ਜਵਾਬ ਮੈਨੂੰ ਕਿਤਿਉਂ ਨਹੀਂ ਮਿਲਦਾ। ਤੇਰੇ ਜਾਣ ਤੋਂ ਬਾਅਦ ਪਾਪਾ ਨੇ ਨਵੀਂ ਮੰਮੀ ਲਿਆਂਦੀ। ਨਵੀਂ ਮੰਮੀ ਸਾਨੂੰ ਬਿਲਕੁਲ ਪਸੰਦ ਨਹੀਂ ਸੀ ਕਰਦੀ।''

''ਵੀਰਾ ਤਾਂ ਮਾਮੇ ਹੋਰਾਂ ਕੋਲ ਰਹਿਣ ਲੱਗ ਪਿਆ ਅਤੇ ਮੈਂ ਦਾਦੀ ਕੋਲ। ਮੰਮੀ, ਪਾਪਾ ਨਾਲੋਂ ਵੀ ਵੱਖ ਰਹਿਣ ਲੱਗ ਪਏ। ਜਦ ਮੈਂ 7 ਸਾਲ ਦਾ ਹੋਇਆ ਤਾਂ ਮੈਨੂੰ ਬਹੁਤ ਜ਼ੁਕਾਮ ਅਤੇ ਬੁਖ਼ਾਰ ਹੋਇਆ ਸੀ। ਪਾਪਾ ਨੇ ਮੈਨੂੰ ਪੈਸੇ ਦੇ ਕੇ ਪਿੰਡ ਵਾਲੇ ਡਾਕਟਰ ਕੋਲ ਦਵਾਈ ਲੈਣ ਭੇਜ ਦਿਤਾ। ਡਾਕਟਰ ਨੇ ਮੈਨੂੰ ਇੰਜੈਕਸ਼ਨ ਲਗਾ ਦਿਤਾ। ਉਸ ਇੰਜੈਕਸ਼ਨ ਨੇ ਮੈਨੂੰ ਇਹ ਲਾਇਲਾਜ ਬਿਮਾਰੀ 'ਏਡਜ਼' ਦੇ ਦਿਤੀ। ਜੇ ਮਾਂ ਤੂੰ ਹੁੰਦੀ ਤਾਂ ਸ਼ਾਇਦ ਮੈਂ ਇਸ ਬਿਮਾਰੀ ਦਾ ਸ਼ਿਕਾਰ ਨਾ ਹੁੰਦਾ।''

''ਹੁਣ ਮੈਂ 22 ਸਾਲ ਦਾ ਹੋ ਚੁੱਕਾ ਹਾਂ। ਵੀਰੇ ਦਾ ਵਿਆਹ ਹੋ ਗਿਆ ਹੈ। ਹੁਣ ਮੇਰੀ ਭਾਬੀ ਵੀ ਮੈਨੂੰ ਬਿਲਕੁਲ ਪਸੰਦ ਨਹੀਂ ਕਰਦੀ। ਹੁਣ ਜਦ ਵੀਰਾ ਕਮਾਈ ਲਈ ਕਿਤੇ ਬਾਹਰ ਚਲਾ ਜਾਂਦਾ ਹੈ ਤਾਂ ਭਾਬੀ ਅਪਣੇ ਪੇਕੇ ਅਤੇ ਮੈਂ ਫਿਰ ਇਕੱਲਾ ਰਹਿ ਜਾਂਦਾ। ਮੈਂ ਤੇ ਵੀਰਾ ਗੱਲਾਂ ਕਰਦੇ ਹਾਂ ਕਿ ਜੇ ਮਾਂ ਹੁੰਦੀ ਤਾਂ ਇਸ ਤਰ੍ਹਾਂ ਨਾ ਹੁੰਦਾ। ਅਸੀ ਇਸ ਤਰ੍ਹਾਂ ਕਰਦੇ, ਅਸੀ ਖ਼ੁਸ਼ ਹੁੰਦੇ ਵਗੈਰਾ-ਵਗੈਰਾ। ਅਸੀ ਤੈਨੂੰ ਯਾਦ ਕਰ ਕੇ ਬਹੁਤ ਰੋਂਦੇ ਹਾਂ। ਵੀਰਾ ਮੇਰਾ ਬਹੁਤ ਖ਼ਿਆਲ ਰਖਦਾ ਹੈ, ਦਵਾਈ ਵੀ ਦਿੰਦਾ ਹੈ। ਫਿਰ ਵੀ ਇਸ ਬੇਅਰਥ ਜ਼ਿੰਦਗੀ ਦਾ ਕੀ ਫ਼ਾਇਦਾ? ਮਾਂ ਇਕ ਤੇਰੇ ਬਿਨਾਂ ਮੇਰੀ ਜ਼ਿੰਦਗੀ ਅਰਥਹੀਣ ਹੋ ਗਈ। ਵੀਰਾ ਵੀ ਬਹੁਤ ਪ੍ਰੇਸ਼ਾਨ ਰਹਿੰਦਾ ਹੈ।''

ਇਸ ਬੱਚੇ ਦੇ ਦਰਦ ਨੇ ਮੈਨੂੰ ਅੰਦਰ ਤਕ ਹਿਲਾ ਦਿਤਾ ਅਤੇ ਮੈਂ ਸੋਚਣ ਲਈ ਮਜਬੂਰ ਹੋ ਗਈ ਕਿ ਕਿਵੇਂ ਕੋਈ ਮਾਂ ਅਪਣੇ ਬੱਚਿਆਂ ਨੂੰ ਰੋਂਦਿਆਂ ਛੱਡ ਕੇ ਜਾ ਸਕਦੀ ਹੈ। ਹੁਣ ਹਰ ਰੋਜ਼ ਅਖ਼ਬਾਰਾਂ ਵਿਚ 'ਤਿੰਨ ਬੱਚੇ ਛੱਡ ਕੇ ਪ੍ਰੇਮੀ ਨਾਲ ਫਰਾਰ', 'ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ' ਜਾਂ 'ਪ੍ਰੇਮਿਕਾ ਨਾਲ ਮਿਲ ਕੇ ਪਤਨੀ ਦਾ ਕਤਲ' ਵਰਗੀਆਂ ਖ਼ਬਰਾਂ ਪ੍ਰੇਸ਼ਾਨ ਕਰ ਦਿੰਦੀਆਂ ਹਨ। ਨਾਬਾਲਗ਼ ਬੱਚੇ ਘਰੋਂ ਭੱਜ ਕੇ ਵਿਆਹ ਕਰਵਾ ਰਹੇ ਹਨ। ਹੁਣ ਦੇ ਸਮੇਂ ਵਿਚ ਤਲਾਕਾਂ ਦੀ ਗਿਣਤੀ ਵਧਣ ਨਾਲ ਪਤਾ ਨਹੀਂ ਕਿੰਨੇ ਬੱਚਿਆਂ ਦੀ ਹਾਲਤ ਇਸ ਬੱਚੇ ਵਰਗੀ ਹੋਵੇਗੀ।

ਕਾਲਜੇ ਵਿਚ ਤੀਰ ਵਜਦਾ ਹੈ ਜਦ ਕੋਈ ਕਹਿੰਦਾ ਹੈ ਇਸ ਬੱਚੇ ਦੀ ਮਾਂ ਇਸ ਨੂੰ ਛੱਡ ਕੇ ਚਲੀ ਗਈ। ਮਾਂ ਤੋਂ ਬਿਨਾਂ ਬੱਚੇ ਦਾ ਮਾਨਸਕ ਵਿਕਾਸ ਅਤੇ ਬੌਧਿਕ ਵਿਕਾਸ ਇਕ ਤਰ੍ਹਾਂ ਰੁਕ ਜਾਂਦਾ ਹੈ। ਇਕ ਮਾਂ ਹੀ ਬੱਚੇ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਕਰ ਸਕਦੀ ਹੈ। ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ। ਵੱਧ ਰਹੇ ਤਲਾਕ ਵੀ ਚਿੰਤਾ ਦਾ ਵਿਸ਼ਾ ਹਨ। ਔਰਤ ਨੂੰ ਹੱਕ ਤਾਂ ਬਹੁਤ ਮਿਲ ਗਏ ਪਰ ਹੱਕਾਂ ਦੇ ਗ਼ਲਤ ਇਸਤੇਮਾਲ ਨਾਲ ਘਰ ਵੀ ਬਹੁਤ ਉਜੜ ਰਹੇ ਹਨ।

ਜ਼ਿਆਦਾਤਰ ਵਿਆਹ ਹੰਕਾਰ ਦੀ ਭੇਟ ਚੜ੍ਹ ਰਹੇ ਹਨ। ਇਹ ਮੈਂ-ਮੈਂ ਦੀ ਸਥਿਤੀ ਇਕ ਦਿਨ ਸਮਾਜਕ ਹਾਲਤ ਖ਼ਰਾਬ ਕਰ ਦੇਵੇਗੀ। ਔਰਤਾਂ ਦੇ ਨਾਲ-ਨਾਲ ਹੁਣ ਤਾਂ ਸਹੁਰਿਆਂ ਤੋਂ ਤੰਗ ਆ ਕੇ ਮਰਦ ਵੀ ਆਤਮਹਤਿਆ ਕਰਨ ਲੱਗ ਪਏ ਹਨ। ਆਤਮਹਤਿਆ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀ। ਮਿਲ ਬੈਠ ਕੇ ਕਿਸੇ ਵੀ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। 
ਸੰਪਰਕ : 97799-33942