ਉਹ ਕਿਡੇ ਚੰਗੇ ਵੇਲੇ ਸਨ ਜਦ ਦੁਨੀਆਂ ਭੋਲੀ ਭਾਲੀ ਸੀ (ਭਾਗ 3)

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਦੂਜੇ ਪਾਸੇ ਜੋਗਿੰਦਰ ਸਿੰਘ ਸੰਧੂ ਅਕਲਮੰਦ ਹੋ ਗਿਆ। ਉਹਨੇ ਭੋਲੀ ਭਾਲੀ ਦੁਨੀਆਂ ਨੂੰ ਸ਼ੁਦਾਈ ਆਖ ਕੇ ਲੱਕ ਥਲਿਉਂ ਦੀ ਲੰਘਾ ਦਿਤਾ। ਲੰਦਨ ਆਏ ਨੂੰ ਮੈਨੂੰ ਇਕ ਹੀ ਵਰ੍ਹਾ ...

Amin Malik

ਦੂਜੇ ਪਾਸੇ ਜੋਗਿੰਦਰ ਸਿੰਘ ਸੰਧੂ ਅਕਲਮੰਦ ਹੋ ਗਿਆ। ਉਹਨੇ ਭੋਲੀ ਭਾਲੀ ਦੁਨੀਆਂ ਨੂੰ ਸ਼ੁਦਾਈ ਆਖ ਕੇ ਲੱਕ ਥਲਿਉਂ ਦੀ ਲੰਘਾ ਦਿਤਾ। ਲੰਦਨ ਆਏ ਨੂੰ ਮੈਨੂੰ ਇਕ ਹੀ ਵਰ੍ਹਾ ਹੋਇਆ ਸੀ। ਅਪਣੇ ਇਕ ਮਿਲਣ ਵਾਲੇ ਦਾ ਬੂਹਾ ਖੜਕਾਇਆ ਤਾਂ ਉਹ ਬੜਾ ਘਾਬਰਿਆ ਜਿਹਾ ਅੰਦਰੋਂ ਨਿਕਲਿਆ। ਅੱਖਾਂ ਦੀ ਲਾਲੀ ਦਸਦੀ ਸੀ ਕਿ ਵਲਾਇਤ ਦੇ ਦੁੱਖਾਂ ਦੀ ਬਰਸਾਤ ਹੁਣੇ ਹੁਣੇ ਵਰ੍ਹ ਕੇ ਹਟੀ ਏ। ਉਹ ਮੇਰੇ ਵਲ ਵੇਖ ਕੇ ਕੁੱਝ ਠਠਕਿਆ। ''ਖ਼ੈਰ ਤੇ ਹੈ?''

ਮੈਂ ਹਮਦਰਦੀ ਨਾਲ ਪੁਛਿਆ। ਆਖਣ ਨੂੰ 'ਤੇ ਉਸ ਨੇ ਆਖ ਦਿਤਾ ''ਹਾਂ ਖ਼ੈਰ ਈ ਏ'' ਪਰ ਜਿਹੜੇ ਭਾਂਡੇ ਵਿਚ ਤਰੇੜ ਪੈ ਗਈ ਹੋਵੇ, ਉਸ ਨੂੰ ਠਕੋਰੀਏ ਤੇ ਆਵਾਜ਼ ਦਸ ਦਿੰਦੀ ਹੈ ਕਿ ਉਹ ਠੋਕਰਿਆ ਗਿਆ ਹੈ। ਮੈਨੂੰ ਪਤਾ ਲੱਗ ਗਿਆ ਕਿ ਮੇਰੇ ਕੋਲੋਂ ਕੁੱਝ ਲੁਕਾਂਦਾ ਏ ਤੇ ਮੈਨੂੰ ਅੰਦਰ ਆਉਣ ਲਈ ਵੀ ਨਹੀਂ ਆਖਦਾ। ਮੈਂ ਪਰਤਣ ਲੱਗਾ ਤਾਂ ਖ਼ੌਰੇ ਉਹ ਨੂੰ ਕੀ ਖ਼ਿਆਲ ਆਇਆ, ਜਾਂ ਪੀੜਾਂ ਦੀ ਪੰਡ ਹੀ ਐਨੀ ਭਾਰੀ ਸੀ ਕਿ ਅਪਣੀ ਧੂਖ ਕੱਢਣ ਲਈ ਮੇਰਾ ਮੋਢਾ ਵਰਤਣਾ ਚਾਹੁੰਦਾ ਸੀ, ਆਖਣ ਲੱਗਾ ''ਆ ਜਾ ਯਾਰ ਅਮੀਨ, ਹੁਣ ਕਾਹਦਾ ਪੜਦਾ ਏ। ਆ ਜਾ ਅੰਦਰ ਲੰਘ ਆ।''

ਮੈਂ ਆਖਿਆ ''ਕੀ ਗੱਲ ਭਾ ਬਰਕਤ ਖ਼ੈਰ 'ਤੇ ਹੈ?'' ਉਹ ਆਖਣ ਲੱਗਾ ''ਆ ਜਾ, ਅੰਦਰ ਆ ਕੇ ਅਪਣੀਆਂ ਅੱਖਾਂ ਨਾਲ ਵੇਖ ਲੈ। ਖ਼ੈਰ ਕਾਹਦੀ ਹੋਣੀ ਏ! ਮੈਂ ਅੰਦਰ ਲੰਘਿਆ ਤਾਂ ਮੇਰਾ ਹਉਕਾ ਨਿਕਲ ਗਿਆ। ਇਕ ਸੋਫ਼ੇ ਤੇ ਦੋ ਪੁਲਿਸ ਵਾਲੇ, ਦੂਜੇ ਸੋਫ਼ੇ ਤੇ ਇਕ ਜੁਆਨ ਸਿੱਖ ਮੁੰਡਾ ਤੇ ਉਹਦੇ ਨਾਲ ਘਰ ਵਾਲਿਆਂ ਦੀ ਜੁਆਨ ਕੁੜੀ ਜੁੜ ਕੇ ਐਨੀ ਕੁ ਨੇੜੇ ਹੋ ਕੇ ਬੈਠੀ ਹੋਈ ਸੀ ਕਿ ਸ਼ਰਮ ਕਿਧਰੇ ਦੂਰ ਦੂਰ ਵੀ ਨਜ਼ਰ ਨਹੀਂ ਸੀ ਆਉੁਂਦੀ। ਮੈਂ ਪਾਕਿਸਤਾਨ ਤੋਂ ਨਵਾਂ ਨਵਾਂ ਹੀ ਆਇਆ ਸਾਂ। ਮੈਂ ਤੇ ਕਦੀ ਇਹ ਸੋਚਿਆ ਵੀ ਨਹੀਂ ਸੀ ਕਿ ਸਿਆਣਪ ਐਨੀ ਦੂਰ ਤਕ ਚਲੀ ਗਈ ਏ।

ਬਰਕਤ ਨੇ ਦਸਿਆ, ''ਪੁਲਿਸ ਇਸ ਸਿੱਖ ਮੁੰਡੇ ਨੂੰ ਤੇ ਮੇਰੀ ਧੀ ਸ਼ੱਬੋ ਨੂੰ ਨਾਲ ਲੈ ਕੇ ਆਈ ਏ ਕਿ ਇਹ ਦੋਵੇਂ ਵਿਆਹ ਕਰਾਉਣਾ ਚਾਹੁੰਦੇ ਨੇ ਪਰ ਸ਼ੱਬੋ ਅਜੇ ਅਠਾਰਾਂ ਵਰ੍ਹਿਆਂ ਦੀ ਨਹੀਂ ਹੋਈ। ਕਾਨੂੰਨ ਵਿਆਹ ਦੀ ਇਜਾਜ਼ਤ ਨਹੀਂ ਦਿੰਦਾ। ਤੁਸੀਂ ਹੀ ਇਸ ਨੂੰ ਸਮਝਾਉ''
ਮੈਂ ਨਵਾਂ ਨਵਾਂ ਅਜੇ ਪੰਜਾਬ ਤੋਂ ਗਿਆ ਸਾਂ। ਇਸ ਮੁਲਕ ਦੇ ਅਜਿਹੇ ਬੇਗ਼ੈਰਤ ਲੋਦੇ ਚੁਕ ਚੁਕ ਕੇ ਖੋਤੀ ਵਾਂਗ ਲਾਦੂ ਵੀ ਨਹੀਂ ਸਾ ਹੋਇਆ। ਮੈਂ ਅਜੇ ਕੀਰਨੇ ਪਾਉੁਂਦੀ ਹੋਈ ਸ਼ਰਮ ਅਤੇ ਝਾਟੇ ਵਿਚ ਪੈਂਦੀ ਖੇਹ ਨਹੀਂ ਸੀ ਵੇਖੀ...ਹਯਾ ਦੇ ਮੂੰਹ 'ਤੇ ਮਲੀ ਹੋਈ ਕਾਲਖ਼ ਦਾ ਨਜ਼ਾਰਾ ਨਹੀਂ ਸੀ ਕੀਤਾ।

ਭਾ ਬਰਕਤ ਦੀ ਗੱਲ ਸੁਣ ਕੇ ਮੈਨੂੰ ਅੱਗ ਲੱਗ ਗਈ । ਤੇੜ ਤੰਗ ਜਿਹੀ ਪਤਲੂਣ ਪਾਈ ਸ਼ੱਬੋ ਦੇ ਕਟੇ ਹੋਏ ਵਾਲਾਂ ਦੀ ਬੜੇ ਆਹਰ ਨਾਲ ਮੱਥੇ ਤੇ ਪਾਈ ਲਿਟ ਵੇਖ ਕੇ ਮੇਰੀ ਬੇਵਸੀ ਨੇ ਗ਼ੈਰਤ ਨੂੰ ਡੰਗ ਮਾਰਿਆ ਤੇ ਮੈਂ ਬਨਾਵਟੀ ਪਿਆਰ ਨਾਲ ਸ਼ੱਬੋ ਨੂੰ ਆਖਿਆ। ''ਪੁੱਤਰ ਜ਼ਰਾ ਉਠ ਕੇ ਮੇਰੇ ਕੋਲ ਆਈਂ ਨਾ''
ਸ਼ੱਬੋ ਦੋਵੇਂ ਮੋਢੇ ਨਚਾ ਕੇ ਆਖਣ ਲੱਗੀ ''ਇੱਟ ਇਜ਼ ਆਲ ਰਾਈਟ ਅੰਕਲ, ਮੈਂ ਐਥੇ ਹੀ ਠੀਕ ਆਂ।''

ਸ਼ੱਬੋ ਕੋਲੋਂ ਅਪਣੀ ਬਜ਼ੁਰਗੀ ਦੇ ਮੂੰਹ ਉਤੇ ਚਪੇੜ ਖਾ ਕੇ ਅਪਣੀ ਗ਼ੈਰਤ ਜੋਖਣ ਲਈ ਕੋਲ ਬੈਠੇ ਸਿੱਖ ਮੁੰਡੇ ਨੂੰ ਵਾਹਵਾ ਕੁੜਾਂਘੇ ਜਿਹੇ ਲਹਿਜੇ ਵਿਚ ਆਖਿਆ, ''ਓਏ ਤੈਨੂੰ ਸ਼ਰਮ ਨਹੀਂ ਆਂਦੀ ਮੁਸਲਮਾਨਾਂ ਦੀ ਕੁੜੀ ਪਿਛੇ ਖੇਹ ਖਾਂਦਾ ਫਿਰਦਾ ਏਂ....?'' ਅਜੇ ਮੈਂ ਅਪਣੀ ਗੱਲ ਪੂਰੀ ਨਹੀਂ ਸੀ ਕੀਤੀ ਤੇ ਮੁੰਡੇ ਨੇ ਮੇਰੀ ਪੂਰੀ ਦੀ ਪੂਰੀ ਇੱਜ਼ਤ ਲਾਹ ਕੇ ਮੇਰੇ ਹੱਥ ਫੜਾ ਦਿਤੀ। ਉਹ ਆਖਣ ਲੱਗਾ ''ਜ਼ਬਾਨ ਸੰਭਾਲ ਕੇ ਬੋਲੋ ਮਹਾਰਾਜ, ਅਸੀਂ ਐਥੇ ਬੇ ਇੱਜ਼ਤੀ ਕਰਵਾਉਣ ਨਹੀਂ ਆਏ'' ਮੈਂ ਮਾੜਾ ਜਿਹਾ ਹੋਰ ਔਖਾ ਹੋਇਆ ਤਾਂ ਕੋਲ ਬੈਠੇ ਪੁਲਿਸ ਵਾਲੇ ਨੂੰ ਗੱਲ ਸੁੱਝ ਗਈ।

ਉਸ ਨੇ ਸਿੱਖ ਮੁੰਡੇ ਨੂੰ ਕੁੱਝ ਪੁਛਿਆ ਪਰ ਕੋਲ ਬੈਠੀ ਸ਼ਰਮਾਂ ਵਾਲੀ ਧੀ ਨੇ ਅੰਗਰੇਜ਼ੀ ਦੀ ਮਸ਼ੀਨ 'ਤੇ ਪਟਾ ਚੜ੍ਹਾ ਦਿਤਾ। ਮੈਂ ਪਾਕਿਸਤਾਨੋਂ ਨਵਾਂ ਨਵਾਂ ਗਿਆ ਸਾਂ। ਮੈਨੂੰ ਕੀ ਪਤਾ ਸੀ ਕਿ ਇਹ ਅੰਗਰੇਜ਼ੀ ਬੋਲੀ ਜਾ ਰਹੀ ਏ ਜਾਂ ਪੀਪੇ ਵਿਚ ਪਾ ਕੇ ਰੋੜ ਖੜਕਾਏ ਜਾ ਰਹੇ ਨੇ। ਮੇਰੀ ਲੱਜ ਪਾਲ ਧੀ ਨੇ ਪਤਾ ਨਹੀਂ ਕੀ ਆਖਿਆ ਕਿ ਪੁਲਿਸ ਵਾਲਾ ਮੈਨੂੰ ਕੁੱਝ ਆਖਦਾ ਰਿਹਾ ਤੇ ਮੈਂ ਐਵੇਂ ਹੀ ਸਿਰ ਹਿਲਾਉੁਂਦਾ ਰਿਹਾ।

ਅਖ਼ੀਰ ਮੈਂ ਬਰਕਤ ਨੂੰ ਪੁਛਿਆ ਤੇ ਉਸ ਨੇ ਦਸਿਆ ਕਿ ਪੁਲਿਸ ਵਾਲਾ ਆਖਦਾ ਏ ''ਤੁਹਾਨੂੰ ਕਿਸੇ ਨੂੰ ਵੀ ਇਨ੍ਹਾਂ ਦੋਹਾਂ ਨੂੰ ਆਖਣ ਦਾ ਕੁੱਝ ਵੀ ਹੱਕ ਨਹੀਂ'' ਮੈਂ ਸੜ ਕੇ ਆਖਿਆ, ''ਭਾ ਜੀ ਇਹ ਸਾਡੀ ਧੀ ਏ। ਅਸੀਂ ਜੋ ਮਰਜ਼ੀ ਆਖੀਏ, ਇਹ ਪੁਲਿਸ ਸਾਡੀ ਧੀ ਦੀ ਮਾਮੀ ਲਗਦੀ ਏ?''
ਭਾ ਨੇ ਮੈਨੂੰ ਕਾਨੂੰਨੀ ਛੁਰੀ ਦਾ ਫੱਟ ਮਾਰਿਆ ਤੇ ਮੇਰਾ ਜੀ ਕਰੇ ਐਥੋਂ ਅਪਣੇ ਬਾਲ ਬੱਚੇ ਫੜਾਂ ਤੇ ਅੱਜ ਹੀ ਇਸ ਦੇਸ਼ ਦੇ ਮੂੰਹ 'ਤੇ ਥੁੱਕ ਜਾਵਾਂ। ਅਸੀਂ ਤੇ ਰੋਟੀ ਖਾਣ ਆਏ ਸਾਂ। ਐਥੇ ਰੋਟੀ ਨੇ ਸਾਡੀ ਅਣਖ ਖਾ ਲਈ ਏ.... ਸਾਡੀ ਖੱਟੀ ਨੇ ਸਾਨੂੰ ਲੁੱਟ ਲਿਆ ਤੇ ਕਣਕ ਦੇ ਦਾਣੇ ਨੇ ਜੰਨਤ 'ਚੋਂ ਕੱਢ ਦਿਤੇ।

ਪੁਲਿਸ ਦਾ ਪਿਆਰ, ਹਮਦਰਦੀ ਅਤੇ ਹੇਜ ਬਹੁਤਾ ਮੁੰਡੇ ਕੁੜੀ ਨਾਲ ਹੀ ਸੀ। ਪੁਲਿਸ ਨੇ ਪੁਛਿਆ ਤੇ ਕੁੜੀ ਨੇ ਆਖਿਆ ''ਮੈਨੂੰ ਅਪਣੇ ਮਾਪਿਆਂ ਕੋਲੋਂ ਡਰ ਲਗਦੈ। ਮੇਰਾ ਸਰਕਾਰੀ ਹੋਸਟਲ ਵਿਚ ਬੰਦੋਬਸਤ ਕੀਤਾ ਜਾਵੇ।'' ਪਿਉ ਨੂੰ ਹੱਥਾਂ ਪੈਰਾਂ ਦੀ ਪੈ ਗਈ। ਜੀ ਭਿਆਣੀ ਵਿਚਾਰੀ ਮਾਂ ਅੰਦਰ ਵੜ ਆਈ ਜਿਹੜੀ ਬੂਹੇ ਨਾਲ ਲੱਗ ਕੇ ਖ਼ੌਰੇ ਕਦੋਂ ਦੀ ਰੋ ਰਹੀ ਸੀ। ਉਸ ਨੇ ਧੀ ਦੇ ਪੈਰੀਂ ਹੱਥ ਲਾ ਕੇ ਤਰਲਾ ਕੀਤਾ ਅਤੇ ਪੁਲਿਸ ਨੂੰ ਯਕੀਨ ਦਿਵਾਇਆ ਕਿ ਕੁੜੀ ਨੂੰ ਤੱਤੀ 'ਵਾ ਨਹੀਂ ਲੱਗੇਗੀ।

ਸਿੱਖ ਮੁੰਡਾ ਅਪਣੇ ਘਰ ਟੁਰ ਗਿਆ ਅਤੇ ਪੁਲਿਸ ਦੀ ਜਾਨ ਵੀ ਛੁਟ ਗਈ। ਗੰਭੀਰਤਾ ਨਾਲ ਭਰੇ ਕਮਰੇ ਵਿਚ ਚੁਪ ਹੀ ਚੁਪ ਸੀ। ਭਾ ਬਰਕਤ ਦੇ ਘਰ ਮੈਂ ਆਉਣ ਵਾਲੇ ਵੇਲੇ ਦੀਆਂ ਅੱਖਾਂ ਵਿਚ ਉਤਰਦਾ ਹੋਇਆ ਲਹੂ ਵੇਖ ਕੇ ਡਰ ਗਿਆ। ਕੱਖਾਂ ਨਾਲ ਛੱਤੀ ਇੱਜ਼ਤ ਦੀ ਕੁੱਲੀ ਉਤੇ ਕੜਕਦੇ ਗਰਜਦੇ ਬੱਦਲ ਵੇਖ ਕੇ ਖ਼ਿਆਲ ਆਇਆ ਕਿ ਇਹ ਬੱਦਲ ਵਰ੍ਹ ਵੀ ਸਕਦੇ ਹਨ। ਕੱਚੀਆਂ ਕੰਧਾਂ ਤੇ ਉਸਰੀ ਇਹ ਕੁੱਲੀ ਢਹਿ ਵੀ ਸਕਦੀ ਹੈ।

ਪਰਦੇਸ ਦੇ ਇਸ ਗੁੰਗੇ ਬੋਲੇ ਬੱਦਲਾਂ ਦਾ ਫ਼ਾਂਡਾ ਪਰਨਾਲੇ ਵਿਚ ਪਈ ਰੇਤ ਵਰਗੀ ਇੱਜ਼ਤ ਨੂੰ ਰੋੜ੍ਹ ਕੇ ਲੈ ਗਿਆ ਤਾਂ ਕੀ ਕਰਾਂਗੇ ਇਸ ਪਰਾਈ ਚੋਪੜੀ ਨੂੰ? ਬਰਕਤ ਨੇ ਕਦੀ ਨੱਕ ਉਤੇ ਮੱਖੀ ਨਹੀਂ ਸੀ ਬਹਿਣ ਦਿਤੀ। ਅੱਜ ਉਹ ਦਾ ਨੱਕ ਉਹਦੀ ਧੀ ਦੇ ਪੈਰਾਂ ਵਿਚ ਪਿਆ ਹੋਇਐ। ਜਿਸ ਬੰਦੇ ਨੇ ਅਪਣੇ ਪਿੰਡੇ 'ਤੇ ਕਦੀ ਛਾਂਟਾ ਨਹੀਂ ਸੀ ਰਖਣ ਦਿਤਾ ਕਦੀ, ਅੱਜ ਬਾਲ ਹੂਟੇ ਲੈਂਦੇ ਨੇ। ਧੀਆਂ ਭੈਣਾਂ ਦੀਆਂ ਇੱਜ਼ਤਾਂ ਦੇ ਰਾਖੇ ਬਰਕਤ ਦੀ ਇੱਜ਼ਤ ਧੀ ਨੇ ਦਿਨ ਦੀਵੇਂ ਲੁੱਟ ਲਈ।

ਮੈਂ ਲੱਕ 'ਤੇ ਹੱਥ ਰੱਖ ਕੇ ਉਠਿਆ ਤੇ ਮੋਢਿਆਂ ਤੇ ਅਣਡਿੱਠੇ ਫ਼ਿਕਰਾਂ ਦੀ ਪੰਡ ਚੁਕ ਕੇ ਘਰ ਆ ਗਿਆ। ਵਿਹੜੇ ਵਿਚ ਖੇਡਦੀਆਂ ਅਪਣੀਆਂ ਦੋ ਨਿੱਕੀਆਂ ਨਿੱਕੀਆਂ ਧੀਆਂ ਨੂੰ ਕੁੱਝ ਚਿਰ ਵੇਖਦਾ ਰਿਹਾ..... ਉਨ੍ਹਾਂ ਤੋਂ ਦੋ ਹੰਝੂ ਵਾਰੇ ਤੇ ਸੋਚਾਂ ਦੀਆਂ ਸੂਲਾਂ ਨਾਲ ਲੈ ਕੇ ਸੌਂ ਗਿਆ। -43 ਆਕਲੈਂਡ ਰੋਡ, ਲੰਡਨ-ਈ 15-2ਏਐਨ,  
ਫ਼ੋਨ : 0208-519 21 39