ਕਿਹੜਾ ਪੰਜਾਬ, ਪੰਜਾਬੀ ਤੇ ਪੰਜਾਬੀਅਤ-3

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਕਦੇ ਕਿਸੇ ਦੀ ਟੈਂ ਨਾ ਮੰਨਣ ਵਾਲੇ ਇਸ ਦੇ ਪੁੱਤਰ ਅੱਜ ਨਿਸ਼ਚੇ ਹੀ ਨਸ਼ਿਆਂ, ਵਿਹਲੜਪੁਣੇ, ਨਿਕੰਮੇਪਣ, ਖ਼ਰਚੀਲੇਪਣ ਤੇ ਵਿਖਾਵੇ ਦੇ ਗ਼ੁਲਾਮ ਬਣ ਚੁੱਕੇ ਹਨ।

Photo

(ਲੜੀ ਜੋੜਨ ਲਈ ਪਿਛਲੇ ਬੁਧਵਾਰ ਦਾ ਅੰਕ ਵੇਖੋ)
ਕਦੇ ਕਿਸੇ ਦੀ ਟੈਂ ਨਾ ਮੰਨਣ ਵਾਲੇ ਇਸ ਦੇ ਪੁੱਤਰ ਅੱਜ ਨਿਸ਼ਚੇ ਹੀ ਨਸ਼ਿਆਂ, ਵਿਹਲੜਪੁਣੇ, ਨਿਕੰਮੇਪਣ, ਖ਼ਰਚੀਲੇਪਣ ਤੇ ਵਿਖਾਵੇ ਦੇ ਗ਼ੁਲਾਮ ਬਣ ਚੁੱਕੇ ਹਨ। ਗੈਂਗਸਟਰ ਬਣ ਕੇ ਚੋਰੀਆਂ, ਡਾਕੇ ਮਾਰਨ ਵਾਲਿਆਂ ਦਾ ਪਿਛੋਕੜ ਵੀ ਕੋਈ ਖ਼ਾਨਦਾਨੀ ਨਹੀਂ ਕਿਹਾ ਜਾ ਸਕਦਾ। ਉਂਜ ਬਹੁਤ ਵਾਰੀ ਉਨ੍ਹਾਂ ਦੀ ਪੁਸ਼ਤ ਪਨਾਹੀ ਸਿਆਸਤਦਾਨ ਹੀ ਕਰਦੇ ਹਨ।

ਉਨ੍ਹਾਂ ਨੂੰ ਵਰਤਦੇ ਵੀ ਹਨ ਤੇ ਬਚਾਉਂਦੇ ਵੀ। ‘ਨਿਰਸੰਦੇਹ, ਪਹਿਲਾਂ ਪੰਜਾਬੀ-ਪੁੱਤਰ ਅਣਖੀ, ਬਹਾਦਰ ਗ਼ੈਰਤਮੰਦ ਤੇ ਜੁਝਾਰੂ ਰਹੇ ਹਨ, ਜਿਨ੍ਹਾਂ ਨੇ ਇਤਿਹਾਸਕ ਪ੍ਰਾਪਤੀਆਂ ਕਰਦਿਆਂ ਪੰਜਾਬ ਨੂੰ ਗ਼ੌਰਵਸ਼ਾਲੀ ਤੇ ਸ਼ਕਤੀਸ਼ਾਲੀ ਬਣਾਇਆ ਸੀ। ਸੱਚੀਆਂ ਪਾਤਸ਼ਾਹੀਆਂ ਨੇ ਨਿਰਭਉ ਤੇ ਨਿਰਵੈਰ ਦੀਆਂ ਸਿਖਿਅਤ ਮਿਸਾਲਾਂ ਬਣਦਿਆਂ ਬਾਬਾ ਬੰਦਾ ਸਿੰਘ ਬਹਾਦਰ ਤੇ ਭਾਈ ਘਨੱਈਆ ਜਹੇ ਦਲੇਰ ਤੇ ਹਰਮਨ ਪਿਆਰੇ ਸੱਜਣ ਪੈਦਾ ਕੀਤੇ। ਦੇਸ਼ ਦੇ ਦਾਖਲਾ-ਦੁਆਰ ਤੇ ਵਸਦੇ ਇਸ ਦੇ ਮਹਾਨ ਸਪੁੱਤਰਾਂ ਨੇ ਜਮਰੌਂਦ ਦੇ ਕਿਲ੍ਹੇ ਫਤਹਿ ਕੀਤੇ।

ਗ਼ਜ਼ਨੀ ਦੇ ਬਾਜ਼ਾਰਾਂ ਵਿਚ ਵਿਕਦੀਆਂ ਅਣਗਿਣਤ ਹਿੰਦੀ ਕਨਿਆਵਾਂ ਤੇ ਬਹੂ-ਬੇਟੀਆਂ ਬਚਾ ਕੇ ਲਿਆਂਦੀਆਂ, ਮਾਵਾਂ, ਭੈਣਾਂ ਤੇ ਧੀਆਂ ਜਾਣਦਿਆਂ ਉਨ੍ਹਾਂ ਦੇ ਜਤ-ਸਤ ਦੀ ਰਾਖੀ ਵੀ ਕੀਤੀ। ਹੈਰਾਨੀ ਵੀ ਹੁੰਦੀ ਹੈ ਕਿ ਤੇ ਦੁੱਖ ਵੀ ਕਿ ਅਕਾਲੀ ਫੂਲਾ ਸਿੰਘ ਤੇ ਸਰਦਾਰ ਹਰੀ ਸਿੰਘ ਨਲੂਏ ਦੇ ਵਾਰਿਸ ਆਖ਼ਰ ਅੱਜ ਕਿਵੇਂ ਇਸ ਕਦਰ ਨਿਖੱਟੂ, ਨਸ਼ੇੜੀ, ਗੈਂਗਸਟਰ, ਤਸਕਰ, ਬੁਜਦਿਲ ਅਤੇ ਕਮਜ਼ੋਰ ਹੋ ਗਏ? ਭੁੱਲ ਕਿੱਥੇ ਹੋਈ? ਹਾਲਾਤ ਕਿਉਂ ਬਦਲੇ?

ਪਰਸਥਿਤੀਆਂ ਕਿਵੇਂ ਮੋੜ ਕੱਟ ਗਈਆਂ? ਸਿਰਲੱਥਾਂ ਦੇ ਵਾਰਸ ਉਦੋਂ ਵਧੇਰੇ ਹਤਾਸ਼, ਉਦਾਸ ਤੇ ਬੇਦਿਲ ਹੋ ਗਏ ਜਦੋਂ 1947 ਤੋਂ ਪਿੱਛੋਂ ਸਾਡੇ ਲਗਾਤਾਰ ਸੰਘਰਸ਼ ਕਰਦੇ ਰਹੇ ਆਗੂਆਂ ਨੂੰ ਕੇਂਦਰ ਸਰਕਾਰਾਂ ਨੇ ਅਣਗੌਲਿਆ ਕਰ ਦਿਤਾ। ਪੰਜਾਬ ਦੀਆਂ ਕੁਰਬਾਨੀਆਂ ਦਾ ਮੁੱਲ ਪਾਉਣ ਦੀ ਥਾਂ ਇਸ ਦੇ ਵੱਡੀ ਗਿਣਤੀ ਵਾਸੀਆਂ (ਸਿੱਖਾਂ ਨੂੰ) ਜਰਾਇਮ ਪੇਸ਼ਾ ਕੌਮ ਐਲਾਨ ਦਿਤਾ। ਪੰਜਾਬੀਆਂ ਅੰਦਰ ਬੇਗਾਨਗੀ ਦਾ ਅਹਿਸਾਸ ਹੋਣ ਲੱਗਾ ਕਿਉਂਕਿ ਜਿਸ ਮਾਂ-ਭੂਮੀ ਲਈ ਉਨ੍ਹਾਂ ਨੇ ਏਨੀਆਂ ਮੁਸ਼ਕਿਲਾਂ ਸਹਾਰੀਆਂ ਸਨ, ਉਸ ਨਾਲ ਤਾਂ ਮਤਰੇਈ ਮਾਂ ਵਾਲਾ ਸਲੂਕ ਹੋਣ ਲੱਗ ਪਿਆ ਸੀ।

ਪੰਜਾਬੀ ਸੂਬੇ ਲਈ ਮੋਰਚਾ ਲੱਗਾ। ਲੱਖਾਂ ਨੇ ਜੇਲ ਭੁਗਤੀ ਪਰ ਅਖ਼ੀਰ ਵਿਚ ਇਕ ਅਧੂਰਾ ਸੂਬਾ (ਸੂਬੀ) ਸਾਡੇ ਗਲ ਪਾ ਦਿਤਾ ਗਿਆ। ਵਧੇਰੇ ਦਰਿਆਈ ਪਾਣੀ ਇਕ ਸਾਜ਼ਸ਼ ਅਧੀਨ ਖੋਹ ਲਏ ਗਏ। ਇਹਦੇ ਮਾੜੇ ਮੋਟੇ ਉਦਯੋਗ ਬੱਦੀ (ਹਿਮਾਚਲ) ਤੁਰ ਗਏ। ਸੱਤਾਂ ਪੁਸ਼ਤਾਂ ਦੀ ਅਯਾਸ਼ੀ ਲਈ ਕਿਹੜੀ ਵਧੀਕੀ ਇਹਦੇ ਆਕਾਵਾਂ ਨੇ ਇਹਦੇ ਨਾਲ ਨਹੀਂ ਕੀਤੀ?

ਸੱਭ ਤੋਂ ਵੱਡੀ ਗ਼ਲਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਦਸਮੇਸ਼ ਪਿਤਾ ਦੀ ਬੇਅਦਬੀ ਜਿਸ ਬਾਰੇ ਕਈ ਸਾਲਾਂ ਬਾਅਦ ਵੀ ਕੋਈ ਉੱਘ-ਸੁੱਘ ਨਹੀਂ ਨਿਕਲੀ। ਕੁਰਸੀਆਂ ਤੇ ਚੌਧਰਾਂ ਖ਼ਾਤਰ ਅੰਦਰ ਖਾਤੇ ਦੋਸ਼ੀ ਧਿਰਾਂ ਨਾਲ ਜੱਫੀਆਂ ਵੀ ਪਾ ਲਈਆਂ ਤੇ ਪੂਰੇ ਸਿੱਖ ਜਗਤ ਨੂੰ ਮੂਰਖ ਵੀ ਬਣਾ ਦਿਤਾ। ਹਾਂ, ਝੂਠੇ ਸੌਦੇ ਦੇ ਵਣਜਾਰਿਆਂ ਨੂੰ ਸੱਚੇ ਸਿੱਧ ਕਰਨ ਦੀ ਕਵਾਇਦ ਨਿਰਸੰਦੇਹ ਸਾਡੇ ਗ਼ੱਦਾਰ ਆਗੂਆਂ ਨੂੰ ਮਹਿੰਗੀ ਜ਼ਰੂਰ ਪਈ।

ਚਿਰਕਾਲੀਨ ਪੰਜਾਬ ਦਾ ਸਭਿਆਚਾਰ ਸਾਂਝਾਂ ਦਾ ਮਜਮੂਆ ਸੀ। ਇਥੇ ਹਰ ਪ੍ਰਾਣੀ ਗਲਵਕੜੀਆਂ ਦਾ ਨਿੱਘ ਮਾਣਦਾ ਸੀ ਤੇ ਸਾਂਝਾਂ ਦੇ ਪੁਲ ਉਸਾਰਦਾ ਸੀ। ਸ਼ਾਹ ਮੁਹੰਮਦ ਨੇ ਐਵੇਂ ਤਾਂ ਨਹੀਂ ਸੀ ਲਿਖਿਆ- ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ,
ਸਿਰ ਨਹੀਂ ਸੀ ਕੋਈ ਆਫ਼ਾਤ ਆਈ,
ਸ਼ਾਹ ਮੁਹੰਮਦਾ ਵਿਚ ਪੰਜਾਬ ਦੇ ਜੀ,
ਕਦੇ ਨਹੀਂ ਸੀ ਦੂਸਰੀ ਜ਼ਾਤ ਆਈ।

ਵਾਹ ਸ਼ਾਹ ਮੁਹੰਮਦਾ! ਸਦਕੇ ਜਾਵਾਂ ਵੀਰਨਾ ਤੇਰੇ ਤੋਂ! ਤੂੰ ਤਾਂ ਹਿੰਦੂ, ਮੁਸਲਮਾਨ ਨੂੰ ਵੀ ਇਕੋ ਜਾਤ (ਪੰਜਾਬੀਅਤ) ਦੇ ਮੰਨਿਆ ਹੈ ਪਰ ਇਥੇ ਤਾਂ ਹਿੰਦੂ ਧਰਮ ਦੀ ਰਖਿਆ ਲਈ ਹਿੰਦ ਦੀ ਚਾਦਰ ਬਣਨ ਵਾਲਿਆਂ ਦੀ ਉਮਤ ਨੂੰ ਕੋਹ-ਕੋਹ ਕੇ ਮਾਰ ਦੇਣ ਵਾਲਿਆਂ ਦੀ ਵੀ ਕੋਈ ਘਾਟ ਨਹੀਂ ਹੈ। 1984 ਵਾਲੀ ਨਸਲਕੁਸ਼ੀ ਦਾ ਆਲਮ ਮੁੜ 2020 ਵਿਚ ਦੁਹਰਾਇਆ ਗਿਆ। ਦਿੱਲੀ ਵਿਚ ਸਾਂਝੀ ਪੰਜਾਬੀਅਤ ਦੀਆਂ ਮਿਸਾਲਾਂ ਫਿਰ ਉਜਾਗਰ ਹੋਈਆਂ ਜਦੋਂ ਜਾਨ ਉਤੇ ਖੇਡ ਕੇ ਵੀ ਪੰਜਾਬੀ ਸਿੱਖਾਂ ਨੇ ਬਹੁਤ ਸਾਰੀਆਂ ਕੀਮਤੀ ਜਾਨਾਂ ਬਚਾਈਆਂ।

ਕੁਦਰਤ ਤੇ ਕਾਦਰ ਦਾ ਰਿਸ਼ਤਾ ਬੇਹੱਦ ਗਹਿਰਾ ਤੇ ਸਦੀਵੀ ਹੈ। ਸਮੁੱਚਾ ਸ੍ਰੀ ਗੁਰੂ ਗ੍ਰੰਥ ਸਾਹਿਬ ਕੁਦਰਤ ਦੇ ਅਫ਼ਸਾਨੇ ਗਾਉਂਦਾ ਹੈ। ‘ਬਲਿਹਾਰੀ ਕੁਦਰਤ ਵਸਿਆ’ ਫਰਮਾ ਕੇ ਰਚਨਹਾਰਿਆਂ ਨੇ ਕੁਦਰਤ ਦੀ ਅਸੀਮਤਾ, ਵਿਵਧਤਾ, ਰੰਗੀਨੀ, ਬਰਕਤ ਤੇ ਮਹੱਤਤਾ ਨੂੰ ਉਜਾਗਰ ਕੀਤਾ ਹੈ। ਸੱਚੇ ਪਾਤਸ਼ਾਹਾਂ ਨੇ ਹਰ ਪਲ, ਹਰ ਥਾਂ, ਹਰ ਸਥਿਤੀ, ਹਰ ਵਿਚਾਰ ਤੇ ਹਰ ਪ੍ਰਸੰਗ ਨੂੰ ਕੁਦਰਤੀ ਹਵਾਲਿਆਂ ਰਾਹੀਂ ਪੁਸ਼ਟ ਕੀਤਾ ਹੈ। ਕਾਦਰ ਵਾਂਗ ਕੁਦਰਤ ਵੀ ਇਕ ਮਨੁੱਖ ਦੀ ਸਦੀਵੀ ਸਾਥੀ, ਰਾਹ-ਦਸੇਰਾ ਤੇ ਪ੍ਰੇਰਣਾਇਕ ਹੈ। ਹਰੇ ਇਨਕਲਾਬ ਦੀ ਚਕਾਚੌਂਧ, ਹਨੇਰੀ ਤੇ ਕਾਹਲ ਕਾਰਨ ਪੰਜਾਬ ਨੇ ਕੁਦਰਤ ਨਾਲ ਵੀ ਇਨਸਾਫ਼ ਨਹੀਂ ਕੀਤਾ।

ਫਲਸਰੂਪ 33 ਫ਼ੀ ਸਦੀ ਦੀ ਬਜਾਏ ਹੁਣ ਇਥੇ ਤਿੰਨ ਫ਼ੀ ਸਦੀ ਜੰਗਲ ਵੀ ਨਹੀਂ ਬਚੇ। ਅਸੀ ਵਿਦੇਸ਼ਾਂ ਵਾਂਗ ਕਦੇ ਅਪਣੇ ਬੱਚਿਆਂ ਨੂੰ ਬਾਲਪਨ ਤੋਂ ਕੁਦਰਤ ਨਾਲ ਜੁੜਨ, ਹਰਿਆਵਲ ਮਾਣਨ, ਫੁੱਲ-ਬੂਟੇ ਉਗਾਉਣਾ, ਪਹਾੜੀ ਨਜ਼ਾਰੇ ਵਿਖਾਉਣਾ, ਗੱਲ ਕੀ ਕੁਦਰਤ ਦੀ ਮਹਾਨਤਾ ਤੇ ਲੋੜ ਤੋਂ ਜਾਣੂ ਕਰਾਉਣ ਦੀ ਕੋਸ਼ਿਸ਼ ਨਹੀਂ ਕਰਦੇ। ਇਹੀ ਪੰਜਾਬ ਅਪਣੀਆਂ ਬਾਰਾਂ (ਲਹਿੰਦੇ ਪੰਜਾਬ) ਕਰਦੇ ਪ੍ਰਸਿੱਧ ਰਿਹਾ ਹੈ। ਪਰ ਹੁਣ ਸੱਭ ਪਾਸੇ ਕੰਕਰੀਟ ਦੇ ਬੇਜਾਨ ਦ੍ਰਿਸ਼ ਸਾਡੀ ਉਦਾਸੀ ਵਿਚ ਹੋਰ ਵਾਧਾ ਕਰਦੇ ਹਨ। ਖਾਣ ਪੀਣ ਦੇ ਮਾਮਲੇ ਵਿਚ ਵੀ ਅਸੀ ਪੰਜਾਬੀ ਕੁਦਰਤੀ ਖ਼ੁਰਾਕਾਂ ਤੋਂ ਬਹੁਤ ਦੂਰ ਨਿਕਲ ਗਏ ਹਾਂ। ‘ਰੁਖੀ ਮਿਸੀ ਖਾਇ ਕੈ ਠੰਢਾ ਪਾਣੀ ਪੀਉ॥’ ਦੀ ਸਦਾ ਬਹਾਰ ਸਿਖਿਆ ਹੁਣ ਸਾਨੂੰ ਕਾਇਲ ਨਹੀਂ ਕਰ ਰਹੀ ਕਿਉਂਕਿ ਸਾਗ, ਸਬਜ਼ੀਆਂ ਤੇ ਮਿੱਸੀਆਂ ਰੋਟੀਆਂ ਦੀ ਥਾਂ ਅਸੀ ਪੀਜ਼ੇ, ਬਰਗਰ, ਨੂਡਲਜ਼ ਤੇ ਕੇਕੜੇ (ਸਮੁੰਦਰੀ ਖਾਣੇ) ਖਾਣ ਦੇ ਆਦੀ ਹੋ ਗਏ ਹਾਂ।

ਦਰਅਸਲ ਸਿਆਸਤਦਾਨਾਂ ਨੇ ਹੀ ਪੰਜਾਬ ਦਾ ਭੱਠਾ ਬਿਠਾਇਆ ਹੈ। ਇਨ੍ਹਾਂ ਨੇ ਬਹੁਤ ਸਾਰੇ ਨੌਜੁਆਨਾਂ ਨੂੰ ਅਪਣੇ ਪਿੱਛੇ ਲਗਾ ਕੇ ਵੱਖ-ਵੱਖ ਅਦਾਰਿਆਂ ਤੇ ਯੂਨੀਵਰਸਟੀਆਂ ਵਿਚ ਗ਼ੈਰ ਰਵਾਇਤੀ ਜਹੀਆਂ ਅਜੀਬੋ ਗ਼ਰੀਬ ਜਥੇਬੰਦੀਆਂ ਬਣਾ ਲਈਆਂ ਹਨ। ਇਨ੍ਹਾਂ ਦੇ ਸਿਆਸੀ ਆਕਾ ਦੇਰ ਸਵੇਰ ਇਨ੍ਹਾਂ ਦੀ ਪੁਸ਼ਤ ਪਨਾਹੀ ਕਰਦੇ ਹਨ ਤੇ ਕਾਨੂੰਨੀ ਨੂੰ ਵੀ ਸਹੀ ਦਰਸਾਉਂਦੇ ਹਨ। ਬੇਰੁਜ਼ਗਾਰੀ ਦੇ ਭੰਨੇ ਸਾਡੇ ਗੱਭਰੂ ਤੇ ਮੁਟਿਆਰਾਂ ਇਨ੍ਹਾਂ ਦੇ ਢਹੇ ਚੜ੍ਹ ਕੇ ਬਹੁਤ ਕੱੁਝ ਗ਼ਲਤ ਕਰ ਰਹੇ ਹਨ। (ਉਦਾਹਰਣ ਦੇ ਤੌਰ ’ਤੇ ਯੂਨੀਵਰਸਟੀਆਂ ਦੇ ਗਰਲਜ਼ ਹੋਸਟਲ 24 ਘੰਟੇ ਖੁਲ੍ਹੇ ਰੱਖਣ ਲਈ ਮਹੀਨਾ-ਮਹੀਨਾ ਭਰ ਹੜਤਾਲਾਂ ਤੇ ਧਰਨੇ ਲਗਣੇ) ਪੰਜਾਬੀ ਸਮਾਜ ਇਸ ਗੱਲ ਦੀ ਇਜਾਜ਼ਤ ਨਹੀਂ ਦੇ ਸਕਦਾ, ਫਿਰ ਇਹ ਕਿਸ ਪੰਜਾਬ ਦੇ ਵਾਸੀ ਹੋ ਕੇ ਅਜਿਹੀ ਬੇਮੁਹਾਰੀ ਖੁੱਲ੍ਹ ਮੰਗ ਰਹੇ ਹਨ?

ਅਜੋਕੇ ਗਰਲ ਫ਼ਰੈਂਡ ਤੇ ਬੁਆਏ ਫਰੈਂਡ ਸਭਿਆਚਾਰ ਦੀ ਹਨੇਰੀ ਨੇ ਸਾਡੀ ਉਸ ਮਹਾਨ ਤੇ ਜੀਵਨਦਾਤੀ ਸਿਖਿਆ ਨੂੰ ਪੈਰਾਂ ਹੇਠ ਮਧੋਲ ਦਿਤਾ ਹੈ ਜਿਥੇ ਭਾਈ ਗੁਰਦਾਸ ਜੀ ਵਰਗੇ ਦਾਨਿਆਂ ਨੇ ‘ਵੇਖ ਪਰਾਈਆਂ ਚੰਗੀਆਂ, ਮਾਵਾਂ, ਭੈਣਾਂ-ਧੀਆਂ ਜਾਣੋਂ, ਕਹਿ ਕੇ ਸਾਨੂੰ ਅਮਲੀ ਰਾਹ ਵਿਖਾਇਆ ਸੀ। ਆਕਾਸ਼ ਵੇਲ ਵਾਂਗ ਫੈਲ ਰਹੀ ਲਚਰ ਗਾਇਕੀ, ਗੰਦੇ ਗੀਤਾਂ ਤੇ ਵੀਡੀਓਜ਼ ਦੀ ਭਰਮਾਰ, ਹਥਿਆਰਾਂ ਵਲ ਪ੍ਰੇਰਿਤ ਕਰਦੀ ਅਜੋਕੀ ਗਾਇਕੀ ਤੇ ਅਜੀਬੋ ਗ਼ਰੀਬ ਪੋਸ਼ਾਕਾਂ ਪੰਜਾਬੀਅਤ ਦੇ ਮੇਚੇ ਨਹੀਂ ਰਹੀਆਂ। ਬੇਰੁਜ਼ਗਾਰੀ ਨੇ ਪਾੜਿ੍ਹਆਂ ਨੂੰ ਮਹੀਨਿਆਂ-ਮਹੀਨਿਆਂ ਬੱਧੀ ਸੜਕਾਂ ਉਤੇ ਲਿਆ ਖਲਾਰਿਆ ਹੈ। ਕ੍ਰਿਸਾਨੀ ਡੁੱਬ ਰਹੀ ਹੈ। ਮਜ਼ਦੂਰ ਖ਼ੁਦਕੁਸ਼ੀਆਂ ਕਰ ਰਹੇ ਹਨ। ਖੇਤੀ ਪ੍ਰਧਾਨ ਸੂਬੇ ਦੀ ਖੇਤੀ ਅਸਲੋਂ ਸੁੱਕ ਗਈ ਹੈ-ਜਣਾ ਖਣਾ, ਛੋਟਾ ਮੱਧਮ ਤੇ ਵੱਡਾ ਸਾਰੇ ਹਤਾਸ਼ ਹਨ। ਕਿਸਾਨ ਅਪਣੀ ਜੀਵਨ ਲੀਲਾ ਖ਼ਤਮ ਕਰਨ ਦੀ ਸੋਚ ਨੂੰ ਲਗਾਤਾਰ ਪਾਲ ਰਹੇ ਹਨ। ਉਨ੍ਹਾਂ ਦਾ ਭਵਿੱਖ ਡਾਹਢਾ ਹਨੇਰਾ ਹੈ ਇਥੇ।

ਚੰਗੇ ਨਾਮੀ ਨਿਜੀ ਸਕੂਲ ਬੇਹਦ ਮਹਿੰਗੇ ਹੋ ਚੁੱਕੇ ਹਨ ਜਿਥੇ ਦਰਮਿਆਨੇ ਤਬਕੇ ਦੇ ਲੋਕ ਬੱਚੇ ਪੜ੍ਹਾਉਣ ਦੀ ਹਿੰਮਤ ਹੀ ਨਹੀਂ ਕਰ ਸਕਦੇ। ਇਨ੍ਹਾਂ ਸਕੂਲਾਂ ਵਿਚ ਮਾਂ-ਬੋਲੀ ਪੰਜਾਬੀ ਨੂੰ ਵੀ ਦਰਕਿਨਾਰ ਕੀਤਾ ਜਾ ਰਿਹਾ ਹੈ। ਅੱਧੀ ਛੁੱਟੀ ਵੇਲੇ ਵੀ, ਦੋ ਬੱਚੇ ਆਪਸ ਵਿਚ ਪੰਜਾਬੀ ਵਿਚ ਗੱਲਬਾਤ ਕਰਦੇ ਸੁਣ ਲਏ ਜਾਣ ਤਾਂ ਉਨ੍ਹਾਂ ਨੂੰ ਜੁਰਮਾਨਾ ਹੁੰਦਾ ਹੈ। ਪੰਜਾਬ ਨੂੰ ਪੜ੍ਹੇ ਲਿਖੇ ਲੋਕ ਗਵਾਰ ਭਾਸ਼ਾ ਸਮਝਦੇ ਹਨ। 95 ਫ਼ੀ ਸਦੀ ਪੰਜਾਬੀ ਅੰਗਰੇਜ਼ੀ ਵਿਚ ਦਸਤਖ਼ਤ ਕਰਦੇ ਹਨ। ਦੁਕਾਨਾਂ ਤੇ ਮਕਾਨਾਂ ਦੀਆਂ ਤਖਤੀਆਂ, ਵਿਆਹ ਦੇ ਕਾਰਡ, ਕਾਰੋਬਾਰੀ ਤੇ ਦਫ਼ਤਰੀ ਕੰਮ ਕਾਜ ਸੱਭ ਅੰਗਰੇਜ਼ੀ ਵਿਚ ਹੋ ਰਿਹਾ ਹੈ।

ਅੰਗਰੇਜ਼ਾਂ ਨੂੰ ਭਜਾਉਣ ਲਈ ਅਸੀ ਅਪਣਾ ਸੱਭ ਕੱੁਝ ਲੁਟਾ ਦਿਤਾ ਸੀ ਪਰ ਅੰਗਰੇਜ਼ੀ ਤੇ ਅੰਗਰੇਜ਼ੀਅਤ ਨੂੰ ਅਸੀ ਘੁੱਟ-ਘੁੱਟ ਸੀਨੇ ਨਾਲ ਲਗਾ ਰਖਿਆ ਹੈ। ਰਸੂਲ ਹਮਜ਼ਾਤੋਵ ਅਨੁਸਾਰ ਕਿਸੇ ਸਭਿਆਚਾਰ ਨੂੰ ਮਾਰ ਮੁਕਾਉਣ ਲਈ ਉਸ ਦੀ ਭਾਸ਼ਾ ਨੂੰ ਖ਼ਤਮ ਕਰ ਦੇਣਾ ਹੀ ਕਾਫ਼ੀ ਹੁੰਦੈ, ਇਹੀ ਕੱੁਝ ਹੋ ਰਿਹਾ ਹੈ ਇਥੇ! ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਦੇ ਕੇਂਦਰ ਵਿਚ ਮੰਤਰੀ ਸੰਵਿਧਾਨ ਦੀ ਰਾਖੀ ਦੀ ਸਹੁੰ ਜਦੋਂ ਅੰਗਰੇਜ਼ੀ ਵਿਚ ਚੁੱਕਣ ਦੀ ਹਿਮਾਕਤ ਕਰਨ ਤਾਂ ਸਮਝੋ ਮਾਂ-ਬੋਲੀ ਦੀ ਸੰਘੀ ਨੱਪੀ ਗਈ।

ਚੀਨ, ਜਾਪਾਨ, ਰੂਸ, ਜਰਮਨੀ, ਇੰਗਲੈਂਡ ਤੇ ਹੋਰ ਦੇਸ਼ਾਂ ਦੇ ਲੋਕ ਅਪਣੀ-ਅਪਣੀ ਮਾਤ-ਭਾਸ਼ਾ ਉਤੇ ਫ਼ਖ਼ਰ ਕਰਦੇ ਹਨ ਤੇ ਕਦੇ ਵੀ ਇਸ ਨੂੰ ਅਣਗੌਲਣ ਦੀ ਕੋਸ਼ਿਸ਼ ਨਹੀਂ ਕਰਦੇ ਪਰ ਇਕ ਪੰਜਾਬ ਹੀ ਅਜਿਹਾ ਬਦਕਿਸਮਤ ਖ਼ਿੱਤਾ ਕਿਹਾ ਜਾ ਸਕਦਾ ਹੈ ਜਿਸ ਦੇ ਵੱਖ-ਵੱਖ ਸ਼ਹਿਰਾਂ ਵਿਚ ਅੱਜ ਡੇਢ-ਡੇਢ ਸੌ ਆਈਲੈੱਟਸ ਕੇਂਦਰ ਹਨ। ਪਟਿਆਲਾ, ਬਠਿੰਡਾ ਤੇ ਕਈ ਹੋਰ ਮਹਾਂਨਗਰਾਂ ਦੀ ਉਦਾਹਰਣ ਸਾਡੇ ਸਾਹਮਣੇ ਹੈ।

ਪੰਜਾਬੀਉ! ਜੇਕਰ ਪੰਜਾਬ ਨੂੰ ਬੀਤੀ ਸਭਿਅਤਾ ਬਣਨ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਅਪਣੇ ਬੱਚਿਆਂ ਦਾ ਪ੍ਰਵਾਸ ਰੋਕੇ। ਸਤਿਗੁਰੂ ਜੀ ਦੇ ਦ੍ਰਿੜਾਏ ਕਿਰਤ ਸਿਧਾਂਤ ਤੋਂ ਪਿੱਛੇ ਹਟਣ ਕਰ ਕੇ ਹੀ ਅਸੀ ਬਾਹਰ ਵਲ ਝਾਕ ਲਗਾਈ ਬੈਠੇ ਹਾਂ ਜਦੋਂ ਕਿ ਬਾਹਰ ਜਾ ਕੇ ਸਾਡੇ ਹੀ ਬੱਚੇ ਨਖਿੱਧ ਤੋਂ ਨਖਿੱਧ ਕੰਮ ਵੀ ਹੱਸ ਹੱਸ ਕੇ ਕਰਦੇ ਹਨ। ਸੁੱਤੀ ਜ਼ਮੀਰ ਨੂੰ ਜਗਾ ਕੇ ਸਿਆਸਤਦਾਨ ਵੀ ਪੰਜਾਬ ਦੀ ਅਜੋਕੀ ਦੁਰਦਸ਼ਾ ਬਾਰੇ ਸੋਚਣ ਤੇ ਨੌਜੁਆਨਾਂ ਲਈ ਨੌਕਰੀਆਂ ਤੇ ਲਾਹੇਵੰਦ ਹੋਰ ਕਿੱਤੇ ਪੈਦਾ ਕਰਨ। ਪੰਜਾਬ, ਪੰਜਾਬੀਅਤ ਨੂੰ ਬਚਾਉਣ ਲਈ ਹਰ ਪੰਜਾਬੀ ਦਾ ਸਹਿਯੋਗ ਲਾਜ਼ਮੀ ਹੈ। ਆਉ! ਚਿੰਤਨ ਕਰੀਏ ਤੇ ਮੰਥਨ ਕਰੀਏ!!
ਸੰਪਰਕ : 98156-20515