ਪੱਤ ਲੁਹਾ ਕੇ ਹੁਣ 'ਬਾਦਲ' ਦਲ ਵਿਚ ਦਾਖ਼ਲਾ ਲੈਣ ਵਾਲੇ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਜਥੇਦਾਰ ਟੌਹੜਾ ਦੀ ਅੰਤਿਮ ਅਰਦਾਸ ਸਮੇਂ ਸਟੇਜ ਤੋਂ ਉਨ੍ਹਾਂ ਦੇ ਹਮਦਰਦ ਨਜ਼ਦੀਕੀ ਆਗੂਆਂ ਨੇ ਕਈ ਵਾਰ ਕਿਹਾ ਕਿ ਟੌਹੜਾ ਜੀ ਆਖਿਆ ਕਰਦੇ ਸਨ ਕਿ ਮੇਰੀ ਮੌਤ ਉਤੇ...

Sukhbir Singh Badal

ਜਥੇਦਾਰ ਟੌਹੜਾ ਦੀ ਅੰਤਿਮ ਅਰਦਾਸ ਸਮੇਂ ਸਟੇਜ ਤੋਂ ਉਨ੍ਹਾਂ ਦੇ ਹਮਦਰਦ ਨਜ਼ਦੀਕੀ ਆਗੂਆਂ ਨੇ ਕਈ ਵਾਰ ਕਿਹਾ ਕਿ ਟੌਹੜਾ ਜੀ ਆਖਿਆ ਕਰਦੇ ਸਨ ਕਿ ਮੇਰੀ ਮੌਤ ਉਤੇ ਨਾ ਰੋਇਉ, ਮੇਰੀ ਸੋਚ ਨੂੰ ਬਚਾਇਉ। ਆਮ ਸਾਧਾਰਣ ਟਕਸਾਲੀ ਅਕਾਲੀ ਵਰਕਰਾਂ ਨੂੰ ਮਾਣ ਸਤਿਕਾਰ ਮਿਲਣਾ ਜਥੇਦਾਰ ਟੌਹੜਾ ਦੀ ਮੌਤ ਤੋਂ ਬਾਅਦ ਬਾਦਲ ਅਕਾਲੀ ਦਲ ਦੇ ਸਿਲੇਬਸ ਵਿਚੋਂ ਮਨਫ਼ੀ ਹੋ ਗਿਆ ਹੈ। 

'ਜਿਨ੍ਹਾਂ ਨੂੰ ਹੱਥੀਂ ਰੋਲਿਆ, ਬਦਨਾਮ ਕੀਤਾ, ਅਣਗੌਲਿਆ, ਅੱਜ ਕਿਹੜੇ ਮੂੰਹ ਨਾਲ ਜਾ ਰਹੇ ਨੇ ਉਸੇ ਦਰਵਾਜ਼ੇ ਉਤੇ?' ਇਹ ਲਾਈਨਾਂ ਸ. ਬਰਾੜ ਤੇ ਹਰਮੇਲ ਟੌਹੜਾ ਜੀ ਉਤੇ ਪੂਰਨ ਢੁਕਦੀਆਂ ਹਨ। ਕੈਪਟਨ ਕੰਵਲਜੀਤ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਜਥੇਦਾਰ ਮੋਹਣ ਸਿੰਘ ਤੁੜ, ਜ਼ਮੀਨ ਤੇ ਕੰਮ ਕਰ ਕੇ ਆਮ ਵਰਕਰਾਂ ਵਿਚ ਵਿਚਰ ਕੇ ਵੱਡੇ ਅਹੁਦਿਆਂ ਉਤੇ ਪਹੁੰਚੇ ਸਨ। ਅਕਾਲੀ ਦਲ ਆਗੂਆਂ ਨੇ ਤਸੀਹੇ ਝੱਲੇ ਤੇ ਜੇਲਾਂ ਕੱਟੀਆਂ ਸਨ ਪਰ ਅਜਕਲ ਯੂਥ ਵਿੰਗ ਵਿਚ ਘੋਨਮੋਨ ਕਾਕਿਆਂ ਦੀ ਭਰਮਾਰ ਹੈ। ਅਕਾਲੀ ਵਰਕਰੋ ਹੁਣ ਜਾਗਣ ਦਾ ਸਮਾਂ ਹੈ, ਜਾਗੋ ਤੇ ਜਗਾਉ, ਅਕਾਲੀਅਤ ਭਰਪੂਰ ਸੋਚ ਅਕਾਲੀ ਦਲ ਵਿਚ ਲਿਆਉ।

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੋਂ ਪ੍ਰਵਾਰਵਾਦੀ ਸੋਚ ਨੂੰ ਲਾਹ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ ਮਰਿਆਦਾ ਬਹਾਲ ਕਰਾਉ। ਦਿਲ ਦੁਖਦਾ ਹੈ ਕਿ 1920 ਤੋਂ ਹੋਂਦ ਵਿਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਤਕ ਅਪਣੇ ਘਰ ਪੰਜਾਬ ਵਿਚ ਹੀ ਇਕ ਮਰਿਆਦਾ ਲਾਗੂ ਨਹੀਂ ਕਰਵਾ ਸਕੀ। ਜਥੇਦਾਰ ਬਲਦੇਵ ਸਿੰਘ ਸਿਰਸਾ ਇਤਿਹਾਸ ਨੂੰ ਤਰੋੜ ਮਰੋੜ ਕੇ ਪੇਸ਼ ਕਰਦੀਆਂ ਪੁਸਤਕਾਂ ਜੋ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਨਾਂ ਹੇਠ ਛਪੀਆਂ ਹੋਈਆਂ ਹਨ, ਸਬੰਧੀ ਕੇਸ ਅਦਾਲਤਾਂ ਵਿਚ ਲੜ ਰਹੇ ਹਨ। ਅੱਜ ਪੰਜਾਬ ਦੇ ਹਾਲਾਤ ਇਹ ਬਣਾ ਦਿਤੇ ਹਨ ਕੁਰਸੀਵਾਦੀ, ਮਾਇਆਵਾਦੀ ਤੇ ਪ੍ਰਵਾਰਵਾਦੀ ਸਿੱਖ ਲੀਡਰਸ਼ਿਪ ਨੇ ਕਿ ਹਰ ਪਾਸੇ ਡੇਰੇਦਾਰਾਂ ਦੀ ਭਰਮਾਰ ਹੈ, ਮਾਇਆ ਦਾ ਬੋਲਬਾਲਾ ਹੈ, ਗੁਰੂ ਦੀ ਗੋਲਕ ਦੀ ਦੁਰਵਰਤੋਂ ਹੋ ਰਹੀ ਹੈ।

ਇਨ੍ਹਾਂ ਕੁਰੀਤੀਆਂ ਨੂੰ ਠੱਲ੍ਹ ਪਾਉਣ ਲਈ ਸ. ਬਲਦੇਵ ਸਿੰਘ ਸਿਰਸਾ ਤੇ ਡਾ. ਗੁਰਦਰਸ਼ਨ ਸਿੰਘ ਢਿੱਲੋਂ ਆਦਿ ਸਿੱਖ ਵਿਦਵਾਨਾਂ ਦੇ ਪੰਜਾਬ ਵਿਚ ਪਿੰਡ-ਪਿੰਡ ਅੰਦਰ ਸੈਮੀਨਾਰ ਕਰਵਾਉਣ ਦੀ ਲੋੜ ਹੈ ਨਾ ਕਿ ਢੋਲਕੀ ਕੁੱਟ, ਚਿਮਟਾ ਵਜਾਊ ਲਾਣੇ ਦੇ ਦੀਵਾਨਾਂ ਦੀ ਲੋੜ ਹੈ। ਅਕਾਲੀ ਦਲ ਬਾਦਲ ਉਤੇ ਬੇਅਦਬੀ ਅਤੇ ਕਾਂਗਰਸ ਉਤੇ ਜੂਨ '84 ਤੇ ਨਵੰਬਰ '84 ਦੇ ਕਲੰਕ ਸਦੀਵੀ ਲੱਗ ਚੁੱਕੇ ਹਨ। ਸਿੱਖੋ, ਇਨ੍ਹਾਂ ਘਟਨਾਵਾਂ ਨੂੰ ਓਨਾ ਚਿਰ ਭੁਲਾਉਣਾ ਗੁਨਾਹ ਬਰਾਬਰ ਹੈ ਜਿੰਨਾ ਚਿਰ ਇਨਸਾਫ਼ ਨਾ ਮਿਲੇ।
-ਤੇਜਵੰਤ ਸਿੰਘ ਭੰਡਾਲ, ਸੰਪਰਕ : 98152-67963