ਭਾਰਤ ਦੇ ਆਜ਼ਾਦੀ ਸੰਗਰਾਮ ਦੇ ਵਿਸ਼ਲੇਸ਼ਣ ਦੀ ਲੋੜ 

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਅੰਗਰੇਜ਼ ਨੇ ਅਪਣੇ ਹਮਾਇਤੀਆਂ ਨੂੰ ਆਜ਼ਾਦੀ ਸੰਗਰਾਮ ਦੇ ਨੇਤਾ ਕਿਵੇਂ ਬਣਾਇਆ?

Mahatma Gandhi & Nehru

ਭਾਰਤ ਦੀ ਆਜ਼ਾਦੀ ਦੇ ਸੰਗਰਾਮ ਦਾ ਇਤਿਹਾਸ ਗੰਭੀਰਤਾ ਨਾਲ ਵਿਚਾਰ ਕਰਨ ਤੇ ਵਿਸ਼ਲੇਸ਼ਣ ਦੀ ਮੰਗ ਕਰ ਰਿਹਾ ਹੈ। ਅੰਗਰੇਜ਼ੀ ਐਸ਼ਪ੍ਰਸਤ ਤੇ ਚਾਟੂਕਾਰਾਂ ਦੀ ਬਣਾਈ ਜਮਾਤ ਕਾਂਗਰਸ ਦੀ ਵਾਗਡੋਰ ਸਦਾ ਸਰਕਾਰਪ੍ਰਸਤ ਲੋਕਾਂ ਦੇ ਹੱਥ ਵਿਚ ਰਹੀ ਹੈ। ਪਹਿਲੀ ਆਲਮੀ ਜੰਗ ਵਿਚ ਅੰਗਰੇਜ਼ ਸਰਕਾਰ ਦੀ ਮਦਦ ਕਰਨ ਵਾਲੇ ਲੀਡਰਾਂ ਨੂੰ ਰੌਲਟ ਐਕਟ ਅੱਗੇ ਨਤਮਸਤਕ ਹੋਣਾ ਪਿਆ। ਕੇਵਲ ਜਲਿਆਂਵਾਲੇ ਬਾਗ਼ ਦੇ ਖ਼ੂਨੀ ਸਾਕੇ ਮਗਰੋਂ ਉੱਚੀ ਹੋਈ ਪੰਜਾਬ ਦੀ ਆਵਾਜ਼ ਤੇ ਅਕਾਲੀ ਸਤਿਆਗ੍ਰਹੀਆਂ ਦੀ ਗਰਜ ਨਾਲ ਅੰਗਰੇਜ਼ਪ੍ਰਸਤ ਕਾਂਗਰਸੀ ਲੀਡਰਾਂ ਦੀ ਖ਼ੁਮਾਰੀ ਟੁੱਟੀ। ਵਲੈਤੋਂ ਵਕਾਲਤ ਪੜ੍ਹੇ ਲੀਡਰਾਂ ਦੀ ਫ਼ੈਂਸੀ ਜਮਾਤ ਮੋਹਨ ਦਾਸ ਗਾਂਧੀ ਦੀ ਅਗਵਾਈ ਹੇਠ ਲੋਕ ਚੇਤਨਾ ਨਾਲ ਜੁੜਨੀ ਸ਼ੁਰੂ ਹੋਈ।

ਮੋਹਨ ਦਾਸ ਗਾਂਧੀ ਦੀ ਸਰਕਾਰ ਪ੍ਰਸਤੀ ਕਾਰਨ ਕਈ ਲੀਡਰ ਕਾਂਗਰਸ ਤੋਂ ਬਾਹਰ ਨਿਕਲ ਜਾਂਦੇ ਰਹੇ ਤੇ ਫਿਰ ਮੁੜ ਆਉਂਦੇ ਰਹੇ। ਸਰਕਾਰਪ੍ਰਸਤ ਕਾਂਗਰਸ ਦੇ ਵਲੈਤੀ ਵਕੀਲ ਲੀਡਰਾਂ ਦੀ ਸਿੱਧੀ ਨਜ਼ਰ, ਕਿਸੇ ਵੀ ਕੱਚੀ ਪੱਕੀ ਸਰਕਾਰ ਦੇ ਭਾਈਵਾਲ ਬਣਨ ਉਥੇ ਟਿਕੀ ਰਹੀ ਹੈ। ਪੰਜਾਬ ਦੀ ਪੂਰੀ ਬਰਬਾਦੀ ਤੇ ਬੰਗਾਲ ਦੀ ਵੰਡ ਦੀ ਕੂਟਨੀਤੀ ਨਾਲ ਮਿਲੀ ਆਜ਼ਾਦੀ ਤੋਂ ਸਾਰੇ ਨਿਸ਼ਕਾਮ ਲੀਡਰ ਹਾਸ਼ੀਏ ਤੋਂ ਬਾਹਰ ਸੁੱਟ ਦਿਤੇ ਗਏ। ਕ੍ਰਾਂਤੀਕਾਰੀਆਂ ਦੀ ਖੁੱਲ੍ਹੀ ਨਿਖੇਧੀ ਕਰਨ ਦੇ ਇਨਾਮ ਵਿਚ ਮੋਹਨ ਦਾਸ ਗਾਂਧੀ ਨੂੰ ਸਰਕਾਰੀ ਮਹਾਤਮਾ ਬਣਾ ਕੇ ਭਾਰਤ ਦੀ ਜਜ਼ਬਾਤੀ ਜਨਤਾ ਨੂੰ ਚੰਗਾ ਉੱਲੂ ਬਣਾਇਆ ਗਿਆ। 

ਗਾਂਧੀ ਦੀ ਅੰਗਰੇਜ਼ਪ੍ਰਸਤੀ ਤੋਂ ਦੁਖੀ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਮਹਾਨ ਕਰਮ ਯੋਗੀ ਬਣ ਕੇ ਵਿਦੇਸ਼ਾਂ ਵਿਚ ਜਾਰੀ ਆਜ਼ਾਦ ਹਿੰਦ ਫ਼ੌਜ ਨਾਲ ਭਾਰਤ ਦੇ ਪੂਰਬ ਵਿਚ ਪ੍ਰਵੇਸ਼ ਕਰ ਕੇ ਆਜ਼ਾਦੀ ਦੀ ਸਵੇਰ ਦੀ ਝਲਕ ਦੇ ਦਿਤੀ ਅਤੇ ਜਨਤਾ ਦੇ ਹਿਰਦੇ ਵਿਚ ਨੇਤਾ ਜੀ ਦੀ ਸੱਚੀ ਸੁੱਚੀ ਤਸਵੀਰ ਛੱਪ ਗਈ। ਅੰਗਰੇਜ਼ੀ ਸਰਕਾਰ ਦੀ ਇਕ ਵੀ ਲਾਠੀ ਨਾ ਖਾਣ ਵਾਲੇ ਮੋਹਨ ਦਾਸ ਗਾਂਧੀ ਦਾ ਕਤਲ ਹਿੰਦੂਤਵ ਵਾਦੀਆਂ ਨੇ ਕੀਤਾ ਤੇ ਇਸ ਕਿੰਗ ਮੇਕਰ ਨੂੰ ਨਹਿਰੂ ਸਰਕਾਰ ਨੇ ਰਾਸ਼ਟਰ ਪਿਤਾ ਕਹਿ ਦਿਤਾ। ਪਰ ਅੱਜ ਇਸ ਦੀ ਜਨਤਕ ਹਿਰਦੇ ਵਿਚ ਉਕਰੀ ਤਸਵੀਰ ਤੇ ਬੁੱਢੇ ਬ੍ਰਹਮਚਾਰੀ ਪ੍ਰਯੋਗਾਂ ਦਾ ਸੱਚ ਸੋਸ਼ਲ ਮੀਡੀਆ ਬੇਨਕਾਬ ਕਰ ਰਿਹਾ ਹੈ। ਇਤਿਹਾਸ ਦੇ ਨਿਰਪੱਖ ਮੰਥਨ ਦੀ ਮੰਗ ਹੋ ਰਹੀ ਹੈ ਤਾਕਿ ਕੱਚ ਤੇ ਸੱਚ ਦਾ ਨਿਤਾਰਾ ਹੋ ਸਕੇ। 
- ਕਰਤਾਰ ਸਿੰਘ ਨੀਲਧਾਰੀ, ਸੰਪਰਕ : 94650-11310