ਸਿੱਖ ਕੌਮ ਅੰਦਰੋਂ ਅੱਜ ਭਰੀ ਪੀਤੀ ਹੋਈ ਹੈ, ਕਿਸੇ ਦਿਨ ਫੁਟ ਪਵੇਗੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਭਾਰਤ ਨੂੰ ਰਿਸ਼ੀਆਂ, ਅਵਤਾਰਾਂ, ਪੀਰਾਂ, ਪੈਗ਼ੰਬਰਾਂ ਦਾ ਦੇਸ਼ ਕਿਹਾ ਜਾਂਦਾ ਹੈ। ਇਥੇ ਕਈ ਮਹਾਂਪੁਰਸ਼ ਸਮੇਂ-ਸਮੇਂ ਪ੍ਰਗਟ ਹੋਏ ਤੇ ਉਨ੍ਹਾਂ ਮਨੁੱਖਤਾ ਨੂੰ ਨਵੇਂ-ਨਵੇਂ ...

Chandigarh

ਭਾਰਤ ਨੂੰ ਰਿਸ਼ੀਆਂ, ਅਵਤਾਰਾਂ, ਪੀਰਾਂ, ਪੈਗ਼ੰਬਰਾਂ ਦਾ ਦੇਸ਼ ਕਿਹਾ ਜਾਂਦਾ ਹੈ। ਇਥੇ ਕਈ ਮਹਾਂਪੁਰਸ਼ ਸਮੇਂ-ਸਮੇਂ ਪ੍ਰਗਟ ਹੋਏ ਤੇ ਉਨ੍ਹਾਂ ਮਨੁੱਖਤਾ ਨੂੰ ਨਵੇਂ-ਨਵੇਂ ਸੰਕਲਪ, ਸਿਧਾਂਤ, ਰਸਤੇ, ਨਿਯਮ ਤੇ ਸਿਖਿਆਵਾਂ ਦਿਤੀਆਂ ਤਾਕਿ ਮਨੁੱਖ ਉਸਾਰੂ ਪਰਉਪਕਾਰ ਤੇ ਭਾਈਚਾਰਕ ਸਾਂਝ ਵਾਲਾ ਜੀਵਨ ਜੀਅ ਸਕਣ। ਜਦੋਂ ਬਾਬਾ ਨਾਨਕ ਦੁਨੀਆਂ ਵਿਚ ਪ੍ਰਗਟ ਹੋਏ ਤਾਂ ਉਨ੍ਹਾਂ ਵੇਖਿਆ ਕਿ ਇਹ ਸੰਸਾਰ ਸਮਾਜਕ ਰਾਗਾਂ, ਰਾਜਨੀਤਕ ਰੰਗਾਂ, ਆਰਥਕ ਲੁੱਟ ਦੇ ਰੋਗਾਂ, ਆਤਮਕ ਰੋਗਾਂ, ਊਚ-ਨੀਚ ਦੇ ਭਾਰੇ ਕਸ਼ਟਦਾਇਕ ਰੋਗਾਂ ਦਾ ਸ਼ਿਕਾਰ ਹੋਇਆ ਪਿਆ ਹੈ।

ਮਨੁੱਖੀ ਜ਼ਿੰਦਗੀ ਦੇ ਗਿਣਤੀ ਦੇ ਦਿਨ ਹੁੰਦੇ ਹਨ। ਇਨ੍ਹਾਂ ਦਿਨਾਂ ਦੀ ਗਿਣਤੀ ਤੋਂ ਵੀ ਵੱਧ, ਬਾਬੇ ਨਾਨਕ ਨੇ ਜਗਤ ਦੇ ਕਾਰਜ ਤੇ ਰੋਗਾਂ ਦੀ ਗਿਣਤੀ ਕੀਤੀ ਹੋਈ ਸੀ। ਬਾਬਾ ਜੀ ਨੇ ਕੁੱਝ ਨਵੇਕਲੇ ਵਿਚਾਰ ਸਿਧਾਂਤ ਤੇ ਨਿਵੇਕਲੇ ਹੀ ਇਲਾਜ ਪ੍ਰਚਲਤ ਕਰਨ ਲਈ ਅਪਣੀ ਆਤਮਾ ਨਾਲ ਕਈ-ਕਈ ਦਿਨਾਂ ਜਾਂ ਹਫ਼ਤੇ ਦਾ ਸਮਾਂ ਇਕਾਂਤ ਵਿਚ ਬੈਠ ਕੇ ਡੂੰਘੀ ਵਿਚਾਰ ਕੀਤੀ ਤੇ ਅਖ਼ੀਰ ਇਕ ਸੁਨਹਿਰੀ ਵਿਚਾਰ ਜੋ ਉਨ੍ਹਾਂ ਨੇ ਦੁਨੀਆਂ ਅੱਗੇ ਰੱਖਣ ਦਾ ਫ਼ੈਸਲਾ ਕੀਤਾ, ਉਹ ਸੀ ਸਿੱਖੀ ਤੇ ਇਸ ਦੇ ਸਦਾਬਹਾਰ, ਸਰਬ ਸਾਂਝੇ ਤੇ ਸਾਦਗੀ ਵਿਚ ਰੰਗੇ ਵਿਚਾਰ।

ਇਹ ਵਿਚਾਰ, ਸਿਖਿਆਵਾਂ, ਸਿਧਾਂਤ, ਅਸਰਦਾਰ ਦਵਾਈਆਂ ਦੀ ਪਟਾਰੀ ਸੀ, ਜੋ ਬਾਬਾ ਨਾਨਕ ਵਰਗਾ ਮਨੁੱਖਤਾ ਦਾ ਦਰਦੀ ਵੈਦ ਮਨੁੱਖਤਾ ਨੂੰ ਵੰਡ ਕੇ ਦਿਲਾਂ ਤੇ ਜੰਮੀਆਂ ਰੋਗਾਂ ਦੀਆਂ ਕਠੋਰ ਪਰਤਾਂ ਨੂੰ ਖੁਰਚ-ਖੁਰਚ ਕੇ ਲਾਹ ਰਿਹਾ ਸੀ। ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ, ਊਚਨੀਚ, ਛੋਹ ਭਿੱਟ, ਭੇਦਭਾਵ ਨਸਲੀ ਨਫ਼ਰਤ ਛੱਡੋ, ਜਾਤ ਜਾਂ ਵਰਗ ਵੰਡ ਤਿਆਗੀ 'ਜਾਣਹੁ ਜੋਤਿ ਨ ਪੂਛਹੂ ਜਾਤੀ ਆਗੈ ਜਾਤਿ ਨ ਹੇ£' ਮਿਲ ਜੁਲ ਕੇ ਰਹੋ, ਕਿਸੇ ਦਾ ਹੱਕ ਨਾ ਮਾਰੌ, ''ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ£'' ਕ੍ਰਾਂਤੀਕਾਰੀ ਬਣੋ, ਨਾ ਡਰੋ, ਨਾ ਡਰਾਉ, ਇਨਸਾਫ਼ਪਸੰਦ ਤੇ ਪਰਉਪਕਾਰੀ ਬਣੋ, ਵਿਤਕਰਾ ਨਾ ਕਰੋ, ਵਿਤਕਰਾ ਨਾ ਸਹੋ, ਹੌਂਸਲਾ ਕਰੋ,

ਜੁਰਅਤ ਰਖੋ, ਪਾਖੰਡ ਨਾ ਕਰੋ, ਭਰਮ ਨਾ ਕਰੋ, ਸਚਿਆਰੇ ਬਣੋ, ਸੇਵਾਦਾਰ ਬਣੋ ਅਥਾਹ ਗਿਆਨ ਹਾਸਲ ਕਰੋ, ਦਿਲ ਵਿਚੋਂ ਨਫ਼ਰਤ ਕੱਢ ਕੇ ਪਿਆਰ ਪ੍ਰੇਮ ਵਸਾਉ ਤੇ ਸੱਭ ਲਈ ਅਰਦਾਸ ਕਰੋ ਕਿ 'ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ'। ਪਾਪ ਕਰ ਕੇ, ਵਿਹਲੇ ਰਹਿ ਕੇ, ਦੂਜਿਆਂ ਦਾ ਪੇਟ ਕੱਟ ਕੇ, ਅਪਣੀ ਗੋਗੜ ਵਧਾਉਣ ਵਾਲੇ, ਸਰਾਪ ਦਾ ਡਰ ਦੇ ਕੇ, ਲੋਕ ਪ੍ਰਲੋਕ ਦਾ ਡਰ ਦੇਣ ਵਾਲੇ, ਧਰਮੀ ਡਾਕੂ ਲੁਟੇਰੇ, ਲੋਕਾਂ ਦੀਆਂ ਨੂੰਹਾਂ-ਧੀਆਂ ਦੀ ਭਰਮ ਫੈਲਾਅ ਕੇ ਡਰਾ ਡਰਾ ਕੇ ਇੱਜ਼ਤ ਰੋਲਣ ਵਾਲਿਆਂ ਨੂੰ ਇਹ ਨਾਨਕ ਸਾਹਿਬ ਦੇ ਨਵੇਂ ਵੀਚਾਰ ਕਿਥੋਂ ਰਾਸ ਆਉਣੇ ਸਨ।

ਉਨ੍ਹਾਂ ਤੁਰਤ ਇਕੱਠੇ ਹੋ ਕੇ ਲੰਗੋਟੀਆ, ਰਮਾਲੀਆਂ ਕਸ ਲਈਆਂ। ਉਨ੍ਹਾਂ ਜੰਗੀ ਪੱਧਰ ਉਤੇ ਖ਼ਤਰਾ ਸਮਝ ਕੇ ਸਿੱਖੀ ਦਾ ਵਿਰੋਧ ਸ਼ੁਰੂ ਕਰ ਦਿਤਾ ਜੋ ਗੁਰੂ ਗਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਅਰਥਾਤ ਇਕ ਜੂਨ 2015 ਤਕ ਪੂਰੀ ਸਕੀਮ ਤਹਿਤ ਜਾਰੀ ਰਿਹਾ। ਬਾਬਾ ਨਾਨਕ ਨੂੰ ਅਹਿਸਾਸ ਹੋਇਆ ਕਿ ਇਨ੍ਹਾਂ ਜ਼ੁਲਮੀ ਕੰਧਾਂ ਨਾਲ ਸਦਾ ਸਿੱਖੀ ਨੂੰ ਟਕਰਾਉਣਾ ਪਵੇਗਾ।

ਇਕ ਕੱਟੜ ਧਰਮ ਦੋਖੀਆਂ ਦੀ ਕੰਧ, ਦੂਜੀ ਰਾਜ ਜਾਂ ਸਰਕਾਰੀ ਕੰਧ, ਇਕ ਬਾਬਰ ਦੀ ਕੰਧ, ਔਰੰਗਜ਼ੇਬ ਦੀ ਕੰਧ, ਪਹਾੜੀ ਰਾਜਿਆਂ ਦੀ ਕੱਟੜ ਧਰਮੀ ਕੰਧ, ਵਲਾਇਤੀ ਸ਼ਾਸਕਾਂ ਦੀ ਕੰਧ, ਦੇਸ਼ੀ ਕੱਚੇ-ਧਰਮੀ ਚਾਪਲੂਸ ਗ਼ੱਦਾਰਾਂ ਦੀ ਕੰਧ। ਸਿੱਖੀ ਨੇ ਕਦੇ ਹੌਸਲਾ ਨਾ ਢਾਹਿਆ ਤੇ ਇਨ੍ਹਾਂ ਕੰਧਾਂ ਵਿਚ ਦਰਾੜਾਂ ਪਾਉਂਦੀ ਰਹੀ ਤੇ ਇਹ ਕੰਧਾਂ ਵੀ ਕਦੇ ਨਾ ਮੁੱਕੀਆਂ। ਨਿੱਕੀ ਜਿਹੀ ਸਿੱਖ ਸ਼ਕਤੀ ਇਕ ਕੰਧ ਢਾਹੁੰਦੀ, ਦੁਸ਼ਮਣ ਹੋਰ ਵੱਡੀ ਤੇ ਪੱਥਰਾਂ ਦੀ ਕੰਧ ਉਸਾਰ ਦਿੰਦੇ?

ਸਿੱਖਾਂ ਨੇ ਜ਼ੁਲਮ ਸਹਿ ਕੇ ਅੰਗਰੇਜ਼ਾਂ, ਮੁਗ਼ਲਾਂ ਆਦਿ ਤੋਂ ਅਜ਼ਾਦੀ ਹਾਸਲ ਕੀਤੀ। ਜਾਇਦਾਦਾਂ ਗਵਾ ਕੇ ਤੇ ਜੇਲਾਂ ਭਰ-ਭਰ ਕੇ ਅਕਾਲੀ ਸਰਕਾਰ ਇਹ ਸੋਚ ਕੇ ਬਣਾਈ ਗਈ ਸੀ ਕਿ ਹੁਣ ਸਿੱਖਾਂ ਦਾ ਖ਼ੂਨ ਵਗਣਾ ਬੰਦ ਹੋ ਜਾਵੇਗਾ, ਬੱਚੇ-ਬੱਚੀਆਂ ਪੜ੍ਹਨਗੇ, ਨੌਕਰੀਆਂ ਕਰਨਗੇ। ਅਫ਼ਸਰ, ਡਾਕਟਰ, ਜਰਨੈਲ ਆਗੂ ਬਣ ਕੇ ਕੌਮ ਦੀ ਸੇਵਾ ਕਰ ਕੇ ਸੁੱਖ ਦਾ ਸਾਹ ਲੈਣਗੇ, ਅਪਣੇ ਢੰਗ ਦਾ ਜੀਵਨ ਜਿਉਣਗੇ। ਬੱਸ ਦਹਾਕਾ ਕੁ ਹੀ ਬੀਤਿਆ ਸੀ

ਕਿ ਅਕਾਲ ਤਖ਼ਤ, ਸ਼੍ਰੋਮਣੀ ਕਮੇਟੀ, ਅਕਾਲੀ ਦਲ ਚਲਦੇ-ਚਲਦੇ ਹੋਰ ਹੀ ਰੰਗ ਵਿਚ ਆ ਗਏ। ਅਕਾਲ ਤਖ਼ਤ ਦੀ ਜਥੇਦਾਰੀ, ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੇ ਹੋਰ ਰਾਜਸੀ ਧਾਰਮਕ ਜਥੇਬੰਦੀਆਂ ਦਾ ਤਾਣਾ ਹੀ ਬਦਲ ਗਿਆ। ਇਕ ਖੋਟਾ ਰਾਜਨੀਤਕ ਬਾਦਸ਼ਾਹ ਬਦਰੰਗ ਜਿਹਾ ਤਾਜ ਪਹਿਨ ਕੇ ਤਖ਼ਤ ਉਤੇ ਜਾ ਬੈਠਿਆ। ਭਾਵੇਂ ਇਹ ਅਪਣਾ ਰਾਜ ਹੈ ਪਰ ਸਿੱਖਾਂ ਦਾ ਅਪਣਾ ਕੁੱਝ ਵੀ ਵਿਖਾਈ ਨਹੀਂ ਦਿੰਦਾ, ਅਪਣਾ ਤਖ਼ਤ ਨਹੀਂ, ਅਪਣਾ ਅੰਮ੍ਰਿਤਸਰ ਨਹੀਂ, ਅਪਣੀ ਬੋਲੀ ਨਹੀਂ, ਅਪਣਾ ਪਾਣੀ ਨਹੀਂ, ਅਪਣਾ ਜ਼ੋਰ ਨਹੀਂ, ਅਪਣੇ ਨੇਤਾ ਨਹੀਂ, ਅਪਣੀ ਸ਼੍ਰੋਮਣੀ ਕਮੇਟੀ ਨਹੀਂ, ਹੁਣ ਤਾਂ ਅਪਣਾ ਰੋਣਾ ਵੀ ਅਪਣੇ ਵੱਸ ਵਿਚ ਨਹੀਂ ਰਿਹਾ?

ਇਕ ਨਵੰਬਰ ਨੂੰ ਜਦੋਂ ਪੰਜਾਬੀ ਸੂਬਾ ਬਣਿਆ ਤਾਂ ਇਹ ਪਹਿਲਾ ਸੂਬਾ ਸੀ ਜਿਸ ਦੀ ਤਾਜਪੋਸ਼ੀ ਵੇਲੇ ਕੋਈ ਰਾਜਧਾਨੀ ਨਹੀਂ ਸੀ। ਇਥੇ ਕੋਈ ਵਿਰੋਧ ਜਾਂ ਧਰਨਾ ਅਕਾਲੀਆਂ ਨੇ ਨਹੀਂ ਲਗਾਇਆ। ਪਾਣੀ ਖੋਹੇ ਗਏ ਪਰ ਫੋਕੀ ਬਿਆਨਬਾਜ਼ੀ ਤੋਂ ਸਿਵਾਏ ਕੁੱਝ ਨਾ ਕੀਤਾ ਗਿਆ। ਹਿਮਾਚਲ, ਹਰਿਆਣਾ, ਪੰਜਾਬੀ ਬੋਲਦੇ ਇਲਾਕੇ ਵੱਖ ਕਰ ਲਏ ਗਏ ਪਰ ਕਦੇ ਅਕਾਲੀ ਸਰਕਾਰ ਨੇ ਅੱਖਾਂ ਲਾਲ ਨਾ ਕੀਤੀਆਂ।

1984 ਵਿਚ ਦਰਬਾਰ ਸਾਹਿਬ ਤੇ ਹਮਲਾ, ਬੇਦੋਸ਼ੇ ਸਿੱਖਾਂ ਉਤੇ ਕਹਿਰ ਦੀ ਹਨੇਰੀ ਕਤਲੇਆਮ, ਅਕਾਲ ਤਖ਼ਤ ਢਹਿਢੇਰੀ, ਦਰਬਾਰ ਸਾਹਿਬ ਦੀ ਰੂਹ ਨੂੰ ਗੋਲੀਆਂ ਮਾਰੀਆਂ, ਇਹ ਸੱਭ ਕੁੱਝ ਇਨ੍ਹਾਂ ਦੇ ਹੁੰਦਿਆਂ ਹੋਇਆ। 3 ਫ਼ੀ ਸਦੀ ਵੋਟਾਂ ਲੈ ਕੇ ਬੇਅੰਤ ਸਿੰਘ ਨੇ ਜ਼ਕਰੀਆ ਖ਼ਾਨ ਤੇ ਔਰੰਗਜ਼ੇਬ ਵਰਗੀ ਸਰਕਾਰ ਬਣਾ ਕੇ ਰੱਜ-ਰੱਜ ਕੇ ਜਾਮ ਭਰ-ਭਰ ਕੇ ਸਿੱਖ ਬੱਚਿਆਂ ਦਾ ਖ਼ੂਨ ਪੀਤਾ।

ਅਕਾਲੀਆਂ ਨੇ ਵੱਡੇ-ਵੱਡੇ ਬਿਆਨ ਛੱਡੇ ਕਿ ਜ਼ਾਲਮ ਨੇਤਾਵਾਂ ਤੇ ਪੁਲਿਸ ਅਧਿਕਾਰੀਆਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜੇ ਕਰ ਕੇ ਸਿੱਖਾਂ ਨੂੰ ਇਨਸਾਫ਼ ਦੁਆਵਾਂਗੇ। 1997 ਦੀ ਚੋਣ ਹੋਈ ਭਾਜਪਾ ਨੂੰ ਭਾਈਵਾਲ ਬਣਾ ਕੇ ਅਜਿਹੀ ਸਰਕਾਰ ਬਣਾਈ ਕਿ ਵਾਅਦੇ ਮਰ ਗਏ ਤੇ ਲਾਰਿਆਂ ਦੀ ਪਨੀਰੀ ਉੱਗ ਪਈ। ਪੰਜਾਬ ਦੇ ਮਸਲੇ ਬੇਰੁਖ਼ੀ ਦੀ ਰੇਤ ਹੇਠ ਦਬ ਗਏ। ਭਾਜਪਾ ਤੇ ਆਰਐਸਐਸ ਦਾ ਦਬਦਬਾ ਤੇ ਦਖ਼ਲ ਪੰਜਾਬ ਵਿਚ ਵਧਣ ਲੱਗ ਪਿਆ।

ਈਮਾਨਦਾਰ ਤੇ ਕੁੱਝ ਅੱਛੇ ਨੇਤਾ ਜੋ ਸਿੱਖੀ ਦਾ ਦਰਦ ਰਖਦੇ ਸਨ, ਉਹ ਸਾਰੇ ਕੂਟਨੀਤੀ ਤੇ ਸੀਨਾਜ਼ੋਰੀ ਕਰ ਕੇ ਪਟੜੀ ਤੋਂ ਦੂਰ ਵਗਾਹ ਮਾਰੇ। ਡੇਰਾਵਾਦ ਖ਼ੂਬ ਵਧਣ ਲੱਗ ਪਿਆ। ਡੇਰੇਦਾਰ ਸਿੱਖੀ ਸਿਧਾਂਤ, ਮਰਿਆਦਾ ਨੂੰ ਛਿੱਕੇ ਟੰਗ ਕੇ ਬਾਬੇ ਨਾਨਕ ਦੀ ਬਾਣੀ, ਕਲਗੀਧਰ ਪਾਤਸ਼ਾਹ ਦੀ ਖ਼ਾਲਸਈ ਸ਼ਾਨ, ਨਿਸ਼ਾਨ ਸਾਹਿਬ, ਤੇਗਾਂ, ਨਗਾਰਿਆਂ ਨੂੰ ਵਿਸਾਰਨ ਲੱਗ ਪਏ।

ਬਾਬੇ ਨਾਨਕ ਦੀ ਬਾਣੀ ਦੀ ਥਾਂ ਧਾਰਨਾਵਾਂ ਵਾਲੀ ਕੱਚੀ ਬਾਣੀ ਪ੍ਰਚੱਲਤ ਕਰਨ ਲੱਗ ਪਏ। ਸ਼ਰੇਆਮ ਸਿੱਖ ਰਹਿਤ ਮਰਿਆਦਾ, ਨਿੱਤਨੇਮ ਦੀਆਂ ਬਾਣੀਆਂ, ਅਰਦਾਸ ਵਿਚ ਮਨਮਰਜ਼ੀ ਨਾਲ ਤਬਦੀਲੀਆਂ ਕਰ ਕੇ ਗੁਰੂਘਰ ਤੋਂ ਵਖਰੀ ਹੋਂਦ ਵਿਖਾਉਣ ਲੱਗ ਪਏ। ਨਾਨਕਸ਼ਾਹੀ ਕੈਲੰਡਰ 2003 ਦਾ ਲਾਗੂ ਹੋਇਆ, ਉਹ ਇਨ੍ਹਾਂ ਅਕਾਲੀਆਂ ਦੇ ਭਾਈਵਾਲਾਂ ਨੇ ਮਧੋਲ ਸੁਟਿਆ।

ਅਕਾਲੀ-ਭਾਜਪਾ ਸਰਕਾਰ ਹੁੰਦਿਆਂ ਮੁਕਤਸਰ, ਸੰਗਰੂਰ, ਲੁਧਿਆਣਾ ਆਦਿ ਸ਼ਹਿਰਾਂ ਵਿਚ ਸਿੱਖ ਨੌਜੁਆਨਾਂ ਨੂੰ ਤਸੀਹੇ ਦੀ ਦੇ ਕੇ ਮਾਰਿਆ ਗਿਆ ਤੇ ਸਰਕਾਰ ਨੇ ਉਨ੍ਹਾਂ ਨੂੰ ਤਰੱਕੀਆਂ ਦੇ ਦਿਤੀਆਂ। ਡੇਰੇਦਾਰਾਂ ਨੂੰ ਅਕਾਲੀ ਸਰਕਾਰ ਨੇ ਹਿੱਕ ਦਾ ਵਾਲ ਬਣਾਇਆ ਹੋਇਆ ਹੈ। ਇਨ੍ਹਾਂ ਦੇ ਕਾਰਿਆਂ ਵਿਰੁਧ ਜਿਥੇ-ਜਿਥੇ ਵੀ ਸਿੱਖ ਸੰਗਤਾਂ ਨੇ ਵਿਰੋਧ ਕੀਤਾ, ਉਥੇ-ਉਥੇ ਸਿੱਖ ਨੌਜਵਾਨਾਂ ਉਤੇ ਗੋਲੀ ਚਲਾਈ ਗਈ, ਮੁਕੱਦਮੇ ਚਲਾ ਕੇ ਜੇਲਾਂ ਵਿਚ ਸੁੱਟੇ ਗਏ। 

ਕਹਿੰਦੇ ਹਨ ਕਿ ਸਿੱਖ ਬੜਬੋਲੇ ਹਨ, ਟਿਕਦੇ ਨਹੀਂ, ਬਾਗ਼ੀ ਗੱਲਾਂ ਕਰਦੇ ਰਹਿੰਦੇ ਹਨ। ਬਾਦਲ ਸਾਹਬ ਨੇ ਇਕ ਨਵਾਂ ਹੀ ਨਾਮ ਦੇ ਕੇ ਪੰਥ ਪਿਆਰਿਆਂ ਦੇ ਅੱਗੇ ਕੰਧ ਉਸਾਰ ਦਿਤੀ ਹੈ। ਇਹ ਨਾਮ ਹੈ ਗਰਮਦਲੀਏ, ਖ਼ਾਲਿਸਤਾਨੀ ਆਦਿ ਆਦਿ। ਜ਼ਰਾ ਸੋਚੋ ਕਿ ਜਦ ਕੋਈ ਗੱਲਾਂ ਕਰਦਾ ਹੈ, ਬੜਾ ਹੌਲੀ ਸ਼ਾਂਤਮਈ ਤਰੀਕੇ ਨਾਲ ਬੋਲਦਾ ਹੈ ਤਾਂ ਉਸ ਵਲ ਕੋਈ ਨੇਤਾ ਜਾਂ ਸਰਕਾਰ ਧਿਆਨ ਨਹੀਂ ਦਿੰਦੀ ਪਰ ਜਦ ਉਸ ਨੂੰ ਅਪਣੀ ਮੰਗ ਮਨਵਾਉਣ ਲਈ ਥੋੜੀ ਸਖ਼ਤੀ ਵਰਤਨੀ ਪੈਂਦੀ ਹੈ ਤਾਂ ਅਕਾਲੀ ਸਰਕਾਰ ਉਸ ਨੂੰ ਗਰਮਦਲੀਏ ਕਹਿ ਕੇ ਪ੍ਰਚਾਰ ਕਰਦੀ ਹੈ ਕਿ ਲੋਕੋ ਇਨ੍ਹਾਂ ਦੀ ਗੱਲ ਨਾ ਸੁਣੋ, ਇਨ੍ਹਾਂ ਨੇ ਬਖੇੜੇ ਪਾ ਕੇ ਪੰਜਾਬ ਦਾ ਨੁਕਸਾਨ ਹੀ ਕਰਨਾ ਹੈ।

ਭਾਈਚਾਰਾ ਬਣਾ ਕੇ ਰੱਖੋ, ਇਨ੍ਹਾਂ ਗਰਮਦਲੀਆਂ ਨੂੰ ਮੂੰਹ ਨਾ ਲਗਾਉ। ਜਦ ਏਨੀ ਪੁਰਾਣੀ ਸਰਕਾਰ ਦਾ ਮਾਲਕ ਇਹ ਕੁੜ ਪ੍ਰਚਾਰ ਕਰੇ ਤਾਂ ਭੋਲੇ ਲੋਕ ਉਤੇ ਅਸਰ ਹੋ ਹੀ ਜਾਂਦਾ ਹੈ। ਇਹ ਲੋਕ ਇਹ ਨਹੀਂ ਸੋਚਦੇ ਕਿ ਇਨ੍ਹਾਂ ਠੰਢੇਦਲੀਆਂ ਨੇ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਕੋਲ ਕੀ ਕੁੱਝ ਵਿਰਸਾ ਛਡਿਆ ਹੈ। ਕੋਈ ਸਭਿਆਚਾਰ ਨਹੀਂ ਰਹਿਣ ਦਿਤਾ, ਖਰਾ ਇਤਿਹਾਸ ਨਹੀਂ ਰਹਿਣ ਦਿਤਾ। ਪ੍ਰੋ. ਦਰਸ਼ਨ ਸਿੰਘ, ਗਿਆਨੀ ਦਿੱਤ ਸਿੰਘ, ਪ੍ਰੋ. ਗੁਰਮੁਖ ਸਿੰਘ, ਸ. ਜੋਗਿੰਦਰ ਸਿਘ, ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਵਰਗੇ ਹੀਰੇ ਰੋਲ ਦਿਤੇ ਹਨ। 

ਕੋਈ ਭਵਿੱਖ ਨਹੀਂ, ਕੋਈ ਰਾਜਧਾਨੀ ਨਹੀਂ, ਕੋਈ ਸਾਹਿਤ ਨਹੀਂ ਛਡਿਆ। ਪੰਜਾਬ ਨੂੰ ਇਨ੍ਹਾਂ ਨੇ ਲੁੱਟ ਲਿਆ, ਪੱਟ ਦਿਤਾ, ਤਖ਼ਤਾਂ ਦੀ ਸ਼ਾਨ ਰੋਲ ਦਿਤੀ, ਘਟੀਆ ਧਾਰਮਕ ਆਗੂ ਪੰਜਾਬ ਵਿਚ ਪੈਦਾ ਕਰ ਕੇ ਸਾਰੇ ਸਿਧਾਂਤ, ਅਣਖਾਂ, ਮਿਹਨਤਾਂ ਰੋਲ ਕੇ ਪੰਜਾਬ ਨੂੰ ਵਿਹਲੜ, ਪਿਛਲੱਗ, ਨਸ਼ਈ, ਬੇਰੁਜ਼ਗਾਰ ਬਣਾ ਕੇ ਰੱਖ ਦਿਤਾ। ਜੇਕਰ ਕੋਈ ਰੋਕਦਾ ਹੈ ਤਾਂ ਉਹ ਗਰਮਦਲੀਆ ਹੈ। ਹੁਣ ਸਿੱਖੀ ਤੋਂ ਬਾਅਦ ਸਿੱਧਾ ਹੀ ਹਮਲਾ ਸਾਡੇ ਗੁਰੂ ਗਰੰਥ ਸਾਹਿਬ ਉਪਰ ਇਕ ਜੂਨ 2015 ਨੂੰ ਹੋਇਆ। ਗੁਰੂ ਸਾਹਿਬ ਦੇ ਸਰੂਪ ਚੋਰੀ ਕਰ ਕੇ ਏਨੀ ਬੇਹਰੁਮਤੀ ਕੀਤੀ ਗਈ ਕਿ ਪੰਨਾ-ਪੰਨਾ ਕਰ ਕੇ ਬਰਗਾੜੀ ਦੀਆਂ ਗਲੀਆਂ ਵਿਚ ਸੁੱਟ ਦਿਤੇ ਗਏ।

ਵੰਗਾਰ ਭਰੇ ਇਸ਼ਤਿਹਾਰ ਕੰਧਾਂ ਉਪਰ ਲਗਾਏ ਗਏ। ਪਰ ਧੰਨ ਬਾਦਲ ਸਰਕਾਰ ਦਾ ਸਿੱਖੀ ਪਿਆਰ ਕਿ ਸ਼ਾਂਤਮਈ ਰੋਸ ਧਰਨੇ ਉਤੇ ਜਾਪ ਕਰਦੀਆਂ ਸੰਗਤਾਂ ਉਪਰ ਲਾਠੀਆਂ ਗੋਲੀਆਂ ਤੇ ਪਾਣੀ ਦੀਆਂ ਤੋਪਾਂ ਨਾਲ ਨਿਹੱਥੀ ਸੰਗਤ ਨੂੰ ਖਦੇੜਨ ਦਾ ਜ਼ੁਲਮ ਕੀਤਾ ਗਿਆ। ਦੋ ਸਿੰਘ ਸ਼ਹੀਦ ਹੋ ਗਏ ਕਈ ਜ਼ਖ਼ਮੀ ਹੋ ਗਏ, ਪਰ ਮੁੱਖ ਮੰਤਰੀ ਦੀ ਅੱਖ ਵਿਚੋਂ ਝੂਠਾ ਇਕ ਹੰਝੂ ਦਾ ਤੁਪਕਾ ਵੀ ਨਾ ਨਿਕਲਿਆ। ਇਨ੍ਹਾਂ ਕਾਰਿਆਂ ਦੀ ਜੜ੍ਹ ਸੌਦਾ ਸਾਧ ਨੂੰ ਜਥੇਦਾਰ ਅਕਾਲ ਤਖ਼ਤ ਨੇ ਮਾਫ਼ੀ ਦਿਤੀ ਤੇ ਵੋਟਾਂ ਪਾਉਣ ਦਾ ਵਾਅਦਾ ਲਿਆ। ਸਿੱਖ ਹਿਰਦੇ ਭੁੱਬਾਂ ਮਾਰ ਉਠੇ।

ਜਥੇਦਾਰਾਂ, ਪ੍ਰਾਧਾਨਾਂ ਨੂੰ ਅਪਣੇ ਨਿਜੀ ਸਵਾਰਥਾਂ ਲਈ ਵਰਤਿਆਂ ਜਾਣ ਲੱਗਾ ਤਾਂ 2015 ਦਾ ਸਰਬੱਤ ਖ਼ਾਲਸੇ ਦਾ ਇਕੱਠ ਬੁਲਾਇਆ ਗਿਆ। ਉੱਧਰ ਬਾਦਲ ਨੇ, ਕਮਿਸ਼ਨ, ਇਨਕੁਆਰੀਆਂ ਬਿਠਾਈਆਂ ਜਿਹੜੀਆਂ ਸਿੱਖ ਨੌਜੁਆਨਾਂ ਦੇ ਹੀ ਸਿਰ ਵਿਚ ਸੋਟੀਆਂ ਬਣ ਕੇ ਵਜੀਆਂ। ਕੌਮ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਿੱਖ ਕੌਮ ਨੇ ਸੱਭ ਧਰਮਾਂ ਨਾਲੋਂ ਵੱਧ ਤਸ਼ੱਦਦਾਂ ਦਾ ਸਾਹਮਣਾ ਕੀਤਾ ਹੈ।

ਸਾਰੀ ਕੌਮ ਅੰਦਰੋਂ ਭਰੀ-ਪੀਤੀ ਹੋਈ ਹੈ, ਕੁੱਝ ਵੀ ਕਰਨ ਲਈ ਉਤਾਵਲੀ ਹੈ, ਪਰ ਜਦੋਂ ਗੱਲ ਯੋਗ, ਈਮਾਨਦਾਰ ਤੇ ਦ੍ਰਿੜ ਅਗਵਾਈ ਦੀ ਆਉਂਦੀ ਹੈ ਤਾਂ ਦਿਲ ਘੁੱਟ ਕੇ ਬੈਠਣ ਲਈ ਮਜਬੂਰ ਹੋ ਜਾਂਦੀ ਹੈ। ਹੁਣ ਸ਼ਾਇਦ ਕੁੱਝ ਠੀਕ ਹੋਣ ਦੀ ਆਸ ਜਾਗੀ ਹੈ। ਤੇਲ ਵੇਖੋ ਤੇਲ ਦੀ ਧਾਰ ਵੇਖੋ। ਵਕਤ ਤੋਂ ਪਹਿਲਾਂ ਕਿਸੇ ਬਾਰ ਕੁੱਝ ਨਹੀਂ ਕਿਹਾ ਜਾ ਸਕਦਾ।

ਜਜ਼ਬਾਤੀ ਸਿੱਖਾਂ ਨੇ ਤਾਂ ਪੰਥ ਦਾ ਨਾਹਰਾ, ਲਾਉਣ ਵਾਲੇ ਹਰ ਆਗੂ ਨੂੰ ਸਿਰ ਅੱਖਾਂ ਤੇ ਬਿਠਾਇਆ ਪਰ ਅਖ਼ੀਰ ਤੇ ਆ ਕੇ ਸਾਰੇ ਹੀ ਦਗਾ ਦੇ ਗਏ। ਰੱਬ ਸੁੱਖ ਰੱਖੇ, ਭਲੇ ਦਿਨ ਤੇ ਚੰਗੇ ਆਗੂ ਕੌਮ ਨੂੰ ਨਸੀਬ ਹੋਣ। 
 ਸੰਪਰਕ : 94654-09480