ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਏਕਾ ਬਾਣੀ, ਏਕਾ ਗੁਰੁ, ਏਕਾ ਸ਼ਬਦ ਵਿਚਾਰਿ

Guru Granth sahib ji

ਭਾਜਪਾ ਸਰਾਕਰ ਦੀ ਛਤਰ ਛਾਇਆ ਹੇਠ ਆਰ.ਐਸ.ਐਸ ਵਲੋਂ ਦੇਸ਼ ਦੀਆਂ ਘੱਟ ਗਿਣਤੀਆਂ ਵਿਰੁਧ ਲਗਾਤਾਰ ਕੀਤੀਆਂ ਜਾਂ ਰਹੀਆਂ ਗਤੀਵਿਧੀਆਂ ਬਹੁਤ ਹੀ ਚਿੰਤਾਜਨਕ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਮਹਾਂਮਾਰੀ ਦੇ ਗੰਭੀਰ ਸੰਕਟ ਨੂੰ ਅੱਖੋਂ ਓਹਲੇ ਕਰ ਕੇ ਤੇ ਦੇਸ਼ ਦੀਆਂ ਸਰਹੱਦਾਂ ਤੇ ਮੰਡਰਾ ਰਹੇ ਚੀਨੀ ਹਮਲੇ ਦੇ ਡਰ ਨੂੰ ਲਾਂਭੇ ਰੱਖ ਕੇ, ਢਹਿ ਢੇਰੀ ਕੀਤੀ ਗਈ ਬਾਬਰੀ ਮਸਜਿਦ ਦੀ ਥਾਂ ਉਸਾਰੇ ਜਾਣ ਵਾਲੇ ਰਾਮ ਮੰਦਰ ਦੀ ਮੁਹਿੰਮ ਦੀ ਅਗਵਾਈ ਕਰ ਕੇ ਇਹ ਸਿੱਧ ਕਰ ਦਿਤਾ ਕਿ ਉਨ੍ਹਾਂ ਦਾ ਪ੍ਰਮੁੱਖ ਉਦੇਸ਼ ਹਿੰਦੁਤਵੀ ਏਜੰਡੇ ਨੂੰ ਲਾਗੂ ਕਰਨਾ ਦੇਣਾ ਹੈ। ਭੈ-ਭੀਤ ਹੋਏ ਮੁਸਲਮਾਨ ਕੌੜਾ ਘੁੱਟ ਭਰ ਕੇ ਬੈਠ ਗਏ ਤੇ ਖ਼ੁਸ਼ੀ ਵਿਚ ਫੁੱਲੇ ਨਾ ਸਮਾਉਂਦੇ, ਮੋਦੀ ਜੀ ਅਪਣੇ ਭਾਸ਼ਣ ਵਿਚ ਸਿੱਖ ਜਗਤ ਤੇ ਵੀ ਅਪਣਾ ਨਿਸ਼ਾਨਾ ਸਾਧ ਗਏ। ਉਨ੍ਹਾਂ ਨੇ ਕਿਹਾ ਕਿ ਦਸਵੇਂ ਗੁਰੂ ਗੋਬਿੰਦ ਸਿੰਘ ਵੀ ਰਮਾਇਣ ਦੇ ਲੇਖਕ ਸਨ। ਇਸੇ ਸਮਾਗਮ ਵਿਚ ਇਕ ਸਿੱਖੀ ਭੇਸ ਵਿਚ ਆਏ ਆਰ.ਐਸ.ਐਸ. ਦੇ ਏਜੰਟ ਤੋਂ ਇਹ ਵੀ ਅਖਵਾਇਆ ਗਿਆ ਕਿ ਸਿੱਖ ਤਾਂ ਲਵ-ਕੁਸ਼ ਦੀ ਔਲਾਦ ਹਨ। ਸਿੱਖਾਂ ਦੀ ਅਡਰੀ ਹੋਂਦ ਹਸਤੀ ਨੂੰ ਮਲੀਆ ਮੇਟ ਕਰਨ ਲਈ ਆਰ.ਐਸ.ਐਸ ਬਿਨਾਂ ਸੰਕੋਚ ਹਰ ਜਗ੍ਹਾ ਅਤੇ ਹਰ ਮੌਕੇ ਦੀ ਭਾਲ ਵਿਚ ਰਹਿੰਦੀ ਹੈ।

ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਸਰੂਪਾਂ ਅਤੇ ਬੇਅਦਬੀ ਦੀਆਂ ਘਟਨਾਵਾਂ ਦਾ ਦੁਖਾਂਤ ਝੇਲ ਰਹੇ ਸਿੱਖ ਜਗਤ ਨੂੰ ਇਕ ਹੋਰ ਵੱਡਾ ਝਟਕਾ ਉਦੋਂ ਲਗਿਆ ਜਦੋਂ ਇਕ ਗਿਣਣੀ ਮਿਥੀ ਸਾਜ਼ਿਸ਼ ਅਧੀਨ, 1 ਸਤੰਬਰ, 2020 ਨੂੰ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਦਿਨ ਗੁਰਦਵਾਰਾ ਬੰਗਲਾ ਸਾਹਿਬ ਦਿੱਲੀ ਵਿਖੇ ਬਚਿੱਤਰ ਨਾਟਕ ਨੂੰ ਸੁਸ਼ੋਭਿਤ ਕਰ ਕੇ ਉਸ ਦੀ ਵਿਆਖਿਆ ਆਰੰਭ ਕਰ ਦਿਤੀ ਗਈ। ਇਹ ਸਿੱਖ ਵਿਰੋਧੀ ਤਾਕਤਾਂ ਵਲੋਂ ਜੁਗੋ-ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ, ਵਿਲੱਖਣਤਾ ਅਤੇ ਸਰਬ-ਉੱਚਤਾ ਨੂੰ ਚੁਨੌਤੀ ਦੇਣ ਲਈ ਇਕ ਡੂੰਘੀ ਸਾਜ਼ਿਸ਼ ਹੈ। ਇਸ ਨਾਲ ਸਿੱਖ ਜਗਤ ਨੇ ਗੁਰਦਵਾਰਾ ਪ੍ਰਬੰਧਕਾਂ ਵਲੋਂ ਆਏ ਦਿਨ ਵੱਧ ਰਹੀ ਨਿੱਜ-ਪ੍ਰਸਤੀ, ਆਚਰਣ ਦੀ ਗਿਰਾਵਟ ਤੇ ਲੋਭ ਲਾਲਸਾ ਵਸ ਹੋ ਕੇ ਦੁਸ਼ਮਣ ਤਾਕਤਾਂ ਨਾਲ ਸਾਂਝ ਨੂੰ ਵੀ ਬੜੀ ਸ਼ਿਦਤ ਨਾਲ ਮਹਿਸੂਸ ਕੀਤਾ ਹੈ। ਇਸ ਮੌਕੇ ਦਿੱਲੀ ਦੀਆਂ ਸਿੱਖ ਸੰਗਤਾਂ ਵਲੋਂ ਵੱਡੇ ਪੱਧਰ ਤੇ ਕੀਤਾ ਗਿਆ ਸ਼ਾਂਤਮਈ ਰੋਸ ਪ੍ਰਦਰਸ਼ਨ ਦੇਸ਼-ਵਿਦੇਸ਼ ਵਿਚ ਵਸਦੇ ਸਿੱਖ ਜਗਤ ਦੀ ਗੁਰੂ ਗ੍ਰੰਥ ਸਾਹਿਬ ਪ੍ਰਤੀ, ਅਥਾਹ ਸ਼ਰਧਾ ਅਤੇ ਭਾਵਨਾ ਦਾ ਪ੍ਰਤੀਕ ਹੈ।

ਇਥੇ ਵਰਣਨਯੋਗ ਹੈ ਕਿ 2008 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਕ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਜਿਸ ਵਿਚ ਆਦੇਸ਼ ਦਿਤਾ ਗਿਆ ਸੀ ਕਿ ਬਚਿੱਤਰ ਨਾਟਕ ਦੇ ਹੱਕ ਵਿਚ ਜਾ ਵਿਰੋਧ ਵਿਚ ਕੋਈ ਵਿਵਾਦ ਨਾ ਛੇੜਿਆ ਜਾਵੇ। ਸਿੱਖ ਕੌਮ ਪਹਿਲਾਂ ਹੀ ਬੜੇ ਸੰਕਟਮਈ ਦੌਰ ਵਿਚੋਂ ਲੰਘ ਰਹੀ ਹੈ। ਦਿੱਲੀ ਦੇ ਗੁਰਦਵਾਰਾ ਪ੍ਰਬੰਧਕਾਂ ਨੇ ਕਿਸੇ ਗੱਲ ਦੀ ਪ੍ਰਵਾਹ ਨਾ ਕਰਦਿਆਂ, ਕਿਸੇ ਮਜਬੂਰੀ ਜਾਂ ਲਾਲਚ ਵਸ ਹੋ ਕੇ ਇਕ ਨਵਾਂ ਮਸਲਾ ਖੜਾ ਕਰ ਦਿਤਾ ਹੈ। ਅਫ਼ਸੋਸ ਦੀ ਗੱਲ ਤਾਂ ਇਹ ਹੈ ਕਿ ਜੋ ਪੰਥ-ਦੋਖੀ ਸ਼ਕਤੀਆਂ ਆਪ ਨਹੀਂ ਕਰ ਸਕੀਆਂ, ਉਹ ਸਾਡੇ ਲੀਡਰ ਖ਼ੁਦ ਕਰ ਰਹੇ ਹਨ। ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਬਾਦਲ ਅਕਾਲੀ ਦਲ ਨੇ ਭਾਜਪਾ ਨਾਲ ਸਾਂਝ ਪਾ ਕੇ ਅਤੇ ਪਤੀ-ਪਤਨੀ ਦਾ ਰਿਸ਼ਤਾ ਜੋੜ ਕੇ, ਸਿੱਖ ਸੰਸਥਾਵਾਂ ਨੂੰ ਅਪਣੇ ਵੱਡਮੁਲੇ ਤੇ ਗੌਰਵਮਈ ਵਿਰਸੇ ਨਾਲੋਂ ਤੋੜ ਕੇ, ਆਰ.ਐਸ.ਐਸ. ਦੇ ਆਦੇਸ਼ ਤੇ ਚਲਣ ਲਈ ਮਜਬੂਰ ਕਰ ਦਿਤਾ।

ਆਰ.ਐਸ.ਐਸ. ਦਾ ਮੁੱਖ ਮੰਤਵ ਸਿੱਖ ਸੰਸਥਾਵਾਂ ਨੂੰ ਗੁਰਮਰਯਾਦਾ ਤੋਂ ਦੂਰ ਹਟਾ ਕੇ ਤੇ ਬਾਬਾ ਨਾਨਕ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਤੋਂ ਵਖਰਾ ਕਰ ਕੇ ਸੰਤ ਪਰੰਪਰਾ ਨਾਲ ਜੋੜਨਾ ਹੈ ਤੇ ਸਿੱਖਾਂ ਦੀ ਵਿਲੱਖਣ ਹਸਤੀ ਨੂੰ ਖ਼ਤਮ ਕਰਨਾ ਹੈ। ਸੰਤ ਸਮਾਜ ਦੀ ਸਿਰਜਣਾ ਵੀ ਸਿੱਖਾਂ ਦੀ ਕ੍ਰਾਂਤੀਕਾਰੀ ਮਾਨਸਿਕਤਾ ਨੂੰ ਤਹਿਸ-ਨਹਿਸ ਕਰਨ ਲਈ ਹੀ ਕੀਤੀ ਗਈ ਹੈ। ਰਾਸ਼ਟਰੀ ਸਿੱਖ ਸੰਗਤ ਦੀ ਸਥਾਪਨਾ ਇਸੇ ਮੰਤਵ ਲਈ ਕੀਤੀ ਗਈ ਹੈ। ਆਰ.ਐਸ.ਐਸ. ਦੇ ਦਬਾਅ ਹੇਠ ਆ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ  ਅੰਮ੍ਰਿਤਸਰ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਤੋਂ ਵੀ ਅਸਮਰੱਥ ਹੈ। ਇਹੀ ਹਾਲ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਹੈ ਜਿਨ੍ਹਾਂ ਨੇ ਗੁਰਦਵਾਰਾ ਬੰਗਲਾ ਸਾਹਿਬ ਵਿਚ ਭਾਜਪਾ ਸਰਕਾਰ ਨੂੰ ਖ਼ੁਸ਼ ਕਰਨ ਲਈ ਬਚਿੱਤਰ ਨਾਟਕ ਸੁਸ਼ੋਭਿਤ ਕਰ ਦਿਤਾ ਤੇ ਇਕ ਬਹੁਤ ਵੱਡਾ ਵਿਵਾਦ ਖੜਾ ਕਰ ਦਿਤਾ। ਇਥੇ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੇ ਵੀ ਕੋਈ ਪ੍ਰਤੀਕਰਮ ਨਹੀਂ ਕੀਤਾ। ਘਟੋ-ਘੱਟ ਏਨਾ ਹੀ ਕਹਿ ਦਿੰਦੇ ਕਿ 2008 ਦੇ ਹੁਕਮਨਾਮੇ ਅਨੁਸਾਰ ਇਹੋ ਜਿਹਾ ਵਿਵਾਦ ਖੜਾ ਕਰਨਾ ਉਚਿਤ ਨਹੀਂ।

ਇਥੇ ਇਹ ਵਰਨਣਯੋਗ ਹੈ ਕਿ ਜਦੋਂ ਪੰਜਾਬ ਵਿਚ ਸਿੱਖ ਮੱਤ ਦਾ ਆਗਮਨ ਹੋਇਆ ਤਾਂ ਬ੍ਰਾਹਮਣ ਮੱਤ ਨੇ ਇਸ ਨੂੰ ਅਪਣੀ ਹੀ ਸੰਤਾਨ ਦਸਦਿਆਂ ਇਸ ਨੂੰ ਅਪਣੀ ਮੁੱਠੀ ਵਿਚ ਰੱਖਣ ਦੇ ਸਿਰਤੋੜ ਯਤਨ ਕੀਤੇ। ਬਾਬਾ ਨਾਨਕ ਜੀ ਦਾ ਮੌਲਿਕ ਦ੍ਰਿਸ਼ਟੀਕੋਣ ਹੈ, ਉਨ੍ਹਾਂ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਅੰਦਰ ਜਾਤ-ਪਾਤ ਦਾ ਕੋਈ ਭੇਦ-ਭਾਵ ਨਹੀਂ, ਔਰਤ ਤੇ ਮਰਦ ਦਾ ਦਰਜਾ ਬਰਾਬਰ ਹੈ। ਉਨ੍ਹਾਂ ਵਿਚ ਸੰਦੇਸ਼ ਇਕ ਸਰਬ-ਸ਼ਕਤੀਮਾਨ ਪ੍ਰਮਾਤਮਾ ਵਲੋਂ ਸਿਰਜੇ ਸਮੁੱਚੇ ਸੰਸਾਰ ਲਈ ਹੈ। ਇਹ ਵਿਚਾਰਧਾਰਾ ਬ੍ਰਾਹਮਣਵਾਦੀ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦੀ। ਗੁਰੂ ਸਾਹਿਬ ਨੇ ਅਪਣੇ ਸਮੇਂ ਦੇ ਧਾਰਮਕ ਅਤੇ ਰਾਜਸੀ ਆਗੂਆਂ ਦੇ ਜਬਰ-ਜ਼ੁਲਮ ਵਿਰੁਧ ਆਵਾਜ਼ ਬੁਲੰਦ ਕੀਤੀ ਤੇ ਨਗਾਰੇ ਦੀ ਚੋਟ ਵਾਂਗ ਖੁਲ੍ਹ ਕੇ ਉਸ ਸਮੇਂ ਦੇ ਹਾਕਮਾਂ ਦੀ ਵਿਰੋਧਤਾ ਕੀਤੀ। ਅਗਲੇ ਗੁਰੂ ਸਾਹਿਬਾਨ ਵੀ ਇਸੇ ਮਾਰਗ ਤੇ ਚਲਦੇ ਰਹੇ। ਬਾਬਾ ਨਾਨਕ ਵਲੋਂ ਦਰਸਾਏ 'ਜੇ ਤਉ ਪ੍ਰੇਮ ਖੇਲਣ ਕਾ ਚਾਉ, ਸਿਰ ਧਰ ਤਲੀ ਗਲੀ ਮੇਰੀ ਆਉ' ਦੇ ਮਾਰਗ ਤੇ ਚਲਦਿਆਂ ਗੁਰੂ ਅਰਜਨ ਤੇ ਗੁਰੂ ਤੇਗ ਬਹਾਦਰ ਜੀ ਸ਼ਹਾਦਤ ਦਾ ਜਾਮ ਪੀ ਗਏ ਤੇ ਇਤਿਹਾਸ ਨੂੰ ਨਵਾਂ ਮੋੜ ਦੇ ਗਏ।

ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਕਾਲ ਵਿਚ ਉਪਰੋਕਤ ਵਿਚਾਰਧਾਰਾ ਅਪਣੀ ਚਰਮ ਸੀਮਾ ਉਤੇ ਪਹੁੰਚ ਗਈ। ਗੁਰੂ ਸਾਹਿਬ ਦੀ ਟੱਕਰ ਨਾ ਸਿਰਫ਼ ਮੁਗ਼ਲ ਸਲਤਨਤ ਨਾਲ ਸੀ, ਸਗੋਂ ਕੱਟੜਵਾਦੀ ਪਹਾੜੀ ਹਿੰਦੂ ਰਾਜਿਆਂ ਨਾਲ ਵੀ ਸੀ ਜਿਹੜੇ ਕਿ ਗੁਰੂ ਸਾਹਿਬ ਦੀ ਮਹਾਨ ਪ੍ਰਤਿਭਾ ਤੇ ਉਨ੍ਹਾਂ ਦੀ ਨਿਵੇਕਲੀ ਵਿਚਾਰਧਾਰਾ ਨੂੰ ਸਮਝਣੋਂ ਅਸਮਰਥ ਸਨ। ਦਸਵੇਂ ਗੁਰੂ ਨੇ ਧਾਰਮਕ ਸੁਤੰਤਰਤਾ ਤੇ ਮਾਨਵੀ ਅਧਿਕਾਰਾਂ ਦੀ ਸੁਰੱਖਿਆ ਲਈ ਸਰਬੰਸ ਵਾਰ ਕੇ ਦੇਸ਼ ਦੇ ਇਤਿਹਾਸ ਤੇ ਅਮਿਟ ਛਾਪ ਛੱਡੀ। ਭਾਈ ਗੁਰਦਾਸ ਜੀ ਲਿਖਦੇ ਹਨ ਕਿ 'ਮਾਰਿਆ ਸਿਕਾ ਜਗਤ ਵਿਚ, ਨਾਨਕ ਨਿਰਮਲ ਪੰਥ ਚਲਾਇਆ' ਇਥੇ ਇਹ ਦਸਣਾ ਜ਼ਰੂਰੀ ਹੈ ਕਿ ਦਸਵੇਂ ਪਾਤਸ਼ਾਹ ਨੇ ਬਾਬੇ ਨਾਨਕ ਦੇ ਚਲਾਏ ਪੰਥ ਤੋਂ ਕੋਈ ਵਖਰਾ ਪੰਥ ਨਹੀਂ ਸੀ ਚਲਾਇਆ ਕਿਉਂਕਿ ਦੋਹਾਂ ਗੁਰੂਆਂ ਦੀ ਵਿਚਾਰਧਾਰਾ ਵਿਚ ਕੋਈ ਅੰਤਰ ਨਹੀਂ।

ਗੁਰੂ ਸਾਹਿਬ ਦੇ ਸਮਕਾਲੀ ਭਾਈ ਪ੍ਰਹਲਾਦ ਸਿੰਘ ਨੇ ਅਪਣੇ ਰਹਿਤਨਾਮੇ ਵਿਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪੰਥ ਬਾਬੇ ਨਾਨਕ ਨੇ ਹੀ ਚਲਾਇਆ, 'ਪੰਥ ਚਲਿਉ ਹੈ ਜਗਤ ਮੇਂ ਗੁਰੂ ਨਾਨਕ ਪ੍ਰਸਾਦਿ' ਗੁਰੂ ਗੋਬਿੰਦ ਸਿੰਘ ਨੇ ਖ਼ਾਲਸਾ ਪੰਥ ਦੀ ਸਾਜਨਾ ਕਰ ਕੇ ਬਾਬੇ ਨਾਨਕ ਦੇ ਪੰਥ ਨੂੰ ਅੰਤਮ ਸਰੂਪ ਦੇ ਕੇ ਉਸ ਨੂੰ ਗਰਿਆਈ ਸੌਂਪ ਦਿਤੀ। ਇਥੇ ਇਹ ਵੀ ਦਸਣਯੋਗ ਹੈ ਕਿ ਗੁਰੂ ਗੋਬਿੰਦ ਸਿੰਘ ਦਸਵੇਂ ਨਾਨਕ ਵਜੋਂ ਜਾਣੇ ਜਾਂਦੇ ਹਨ। ਭਾਈ ਨੰਦ ਸਿੰਘ ਦੇ ਰਹਿਤਨਾਮੇ ਵਿਚ ਦਸਵੇਂ ਪਾਤਸ਼ਾਹ ਦਾ ਮੁੱਖਵਾਕ ਦਰਜ ਹੈ, 'ਹਮੂ ਗੁਰੂ ਗੋਬਿੰਦ ਸਿੰਘ ਹਮੂ ਨਾਨਕ ਅਸਤ'। ਭਾਵ ਕਿ ਉਹੀ ਗੁਰੂ ਗੋਬਿੰਦ ਸਿੰਘ ਹੈ ਤੇ ਉਹੀ ਨਾਨਕ। ਕੋਈ ਫ਼ਰਕ ਨਹੀਂ।
(ਬਾਕੀ ਅਗਲੇ ਹਫ਼ਤੇ)

 ਡਾ. ਗੁਰਦਰਸ਼ਨ ਸਿੰਘ ਢਿਲੋਂ ਸਾਬਕਾ ਪ੍ਰੋ. ਇਤਿਹਾਸ ਵਿਭਾਗ, ਪੰਜਾਬ ਯੂਨੀਵਰਸਟੀ, ਚੰਡੀਗੜ੍ਹ,ਸੰਪਰਕ : 98151-43911