ਅੰਧਵਿਸ਼ਵਾਸ ਅਤੇ ਬਾਬਾ ਨਾਨਕ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਮਨੀਕਰਨ ਵਿਚ ਹੋਇਆ ਕੀ ਤੇ ਲੋਕਾਂ ਨੂੰ ਬੁੱਧੂ ਬਣਾਉਣ ਲਈ ਫਸਾ ਕਿਥੇ ਦਿਤਾ

Gurudwara Manikaran

ਕਿਸੇ ਵੀ ਕਾਰਜ ਨੂੰ ਬਿਨਾਂ ਸੋਚੇ ਸਮਝੇ ਪਰਖੇ ਅੰਧਾਧੁੰਦ ਕਰੀ ਜਾਣ ਦਾ ਨਾਂ ਅੰਧਵਿਸ਼ਵਾਸ ਹੈ। ਅੰਧਵਿਸ਼ਵਾਸ ਦੇ ਵਹਿਣ ਵਿਚ ਵਹਿ ਕੇ ਬੰਦੇ ਦਾ ਮਾਨਸਕ ਵਿਕਾਸ ਰੁੱਕ ਜਾਂਦਾ ਹੈ। ਉਹ ਜਨੂੰਨੀ ਰਸਤੇ ਪੈ ਕੇ ਸੱਭ ਕੁੱਝ ਗਵਾਈ ਜਾਂਦਾ ਹੈ। ਬਾਬਾ ਨਾਨਕ ਜੀ ਸਾਡੇ ਸਮਾਜ ਵਿਚ ਇਕ ਵਿਸ਼ੇਸ਼, ਨਿਵੇਕਲੀ ਤੇ ਆਦਰਯੋਗ ਥਾਂ ਰਖਦੇ ਹਨ ਕਿਉਂਕਿ ਉਨ੍ਹਾਂ ਨੇ ਸਾਡੇ ਵਿਚੋਂ ਵਹਿਮ-ਭਰਮ ਤੇ ਅੰਧਵਿਸ਼ਵਾਸਾਂ, ਕਰਾਮਾਤਾਂ ਤੇ ਸਮਾਜਕ ਕੁਰੀਤੀਆਂ ਨਾਲ ਗ੍ਰਸਤ ਰੋਗੀ ਹੋ ਚੁਕੇ ਸਮਾਜ ਨੂੰ ਮੁੜ ਤੰਦਰੁਸਤੀ ਵਲ ਲਿਆਉਣ ਲਈ ਕੱਟੜਪੰਥੀਆਂ ਦੁਆਰਾ ਪੈਦਾ ਕੀਤੀਆਂ ਬੁਰਾਈਆਂ ਵਿਰੁਧ ਇਕ ਜ਼ੋਰਦਾਰ ਤਰਕਸ਼ੀਲ ਸੋਚ ਨਾਲ ਜੰਗ ਛੇੜ ਦਿਤੀ। ਪਰ ਅਜੋਕੇ ਸਮਾਜ ਵਿਚ ਹਰ ਵਰਗ ਦੇ ਪੁਜਾਰੀਆਂ ਤੇ ਰਾਜਨੀਤਕਾਂ ਨੇ ਅਪਣੇ ਨਿਜੀ ਹਿਤਾਂ ਦੀ ਪੂਰਤੀ ਖ਼ਾਤਰ ਆਪਸੀ ਗਠਜੋੜ ਕਰ ਕੇ ਅੰਧਵਿਸ਼ਵਾਸਾਂ ਦੀ ਲੰਮੇਰੀ ਉਮਰ ਕਰਨ ਲਈ ਯਾਨੀ ਬਾਬਾ ਨਾਨਕ ਜੀ ਦੀ ਅਣਥੱਕ ਘਾਲ ਦੇ ਉਲਟ ਜਾ ਕੇ, ਪੁੱਠਾ ਗੇੜਾ ਸ਼ੁਰੂ ਕਰ ਦਿਤਾ।

ਅੰਧਵਿਸ਼ਵਾਸ ਦੇ ਪੱਕੇ ਤਾਲੇ ਮਾਰ ਕੇ ਪੈਰਾਂ ਵਿਚ ਅੰਧਵਿਸ਼ਵਾਸ ਦੀਆਂ ਬੇੜੀਆਂ ਪਾ ਦਿਤੀਆਂ। ਉਨ੍ਹਾਂ ਨੇ ਲੋਕਾਂ ਦੀ ਲਾਈਲੱਗ ਸੋਚ ਦਾ ਲਾਹਾ ਲੈ ਕੇ ਉਨ੍ਹਾਂ ਨੂੰ ਸਾਖੀਆਂ, ਮਿਥਿਹਾਸਕ ਗੱਲਾਂ, ਕਰਾਮਾਤਾਂ ਦੇ ਫ਼ਰੇਬੀ ਜਾਲ ਵਿਚ ਫਸਾ ਦਿਤਾ ਜੋ ਕਿ ਗੁਰੂ ਸਾਹਿਬ ਜੀ ਦੀ ਸੋਚਣੀ ਤੇ ਕਾਰਜਾਂ ਦੇ ਉਲਟ ਸੀ। ਮੁਕਦੀ ਗੱਲ, ਗੁਰੂ ਜੀ ਨੇ ਲੋਕਾਂ ਨੂੰ ਜਿਹੜੇ ਗੰਦੇ ਸਮਾਜ ਵਿਚੋਂ ਕਢਿਆ, ਲਾਲਚੀ ਪੁਜਾਰੀ ਵਰਗ ਨੇ ਮੁੜ ਉਥੇ ਹੀ ਵਾੜ ਦਿਤਾ। ਬਾਬਾ ਨਾਨਕ ਜੀ ਦੀ ਜ਼ਿੰਦਗੀ ਦੀ ਇਕ ਆਮ ਘਟਨਾ ਨੂੰ ਮਿਥਿਹਾਸਕ ਤੌਰ ਤੇ ਲੈ ਕੇ ਕਰਾਮਾਤਾਂ ਵਜੋਂ ਪ੍ਰਚਾਰਨਾ ਅਸਲੀਅਤ ਤੋਂ ਕੋਹਾਂ ਦੂਰ ਤੇ ਅੰਧਵਿਸ਼ਵਾਸ ਫੈਲਾਉਣ ਵਾਲੀ ਗੱਲ ਹੈ। ਮਿਸਾਲ ਵਜੋਂ ਇਹ ਦਸਿਆ ਜਾਂਦਾ ਹੈ ਕਿ ਇਕ ਵਾਰ ਬਾਬਾ ਨਾਨਕ ਜੀ ਭਾਈ ਮਰਦਾਨਾ ਜੀ ਨਾਲ ਮਨੀਕਰਨ ਪਹੁੰਚੇ ਸਨ। ਮਰਦਾਨਾ ਜੀ ਨੂੰ ਭੁੱਖ ਲੱਗੀ। ਉਥੇ ਭੋਜਨ ਲਈ ਸਿਰਫ਼ ਚੌਲਾਂ ਦਾ ਪ੍ਰਬੰਧ ਹੋ ਸਕਿਆ ਸੀ। ਪਰ ਉਥੇ ਚੌਲਾਂ ਨੂੰ ਪਕਾਉਣ ਲਈ ਅੱਗ ਦਾ ਇੰਤਜ਼ਾਮ ਨਹੀਂ ਬਣ ਰਿਹਾ ਸੀ। ਬਾਬਾ ਜੀ ਤਾਂ ਜਾਣੀ ਜਾਣ (ਅੰਤਰਯਾਮੀ) ਸਨ। ਉਨ੍ਹਾਂ ਨੇ ਝੱਟ ਪਾਣੀ ਤੋਂ ਇਕ ਪੱਥਰ ਚੁਕਿਆ ਤਾਂ ਧਰਤੀ ਹੇਠੋਂ ਬਾਬਾ ਜੀ ਦੀ ਕਰਾਮਾਤੀ, ਗ਼ੈਬੀ ਸ਼ਕਤੀ ਨਾਲ ਉਬਲਦਾ ਪਾਣੀ ਨਿਕਲ ਪਿਆ।

ਫਿਰ ਉਨ੍ਹਾਂ ਨੇ ਉਹ ਚੌਲ ਕਿਸੇ ਭਾਂਡੇ ਵਿਚ ਪਾ ਕੇ ਗਰਮ ਪਾਣੀ ਵਿਚ ਉਬਾਲ ਕੇ ਭੋਜਨ ਤਿਆਰ ਕੀਤਾ ਤੇ ਪ੍ਰਸ਼ਾਦਾ ਛਕਿਆ। ਅੱਜ ਉਹ ਕੁੰਡ ਬਾਬਾ ਜੀ ਦੀ ਕਰਾਮਾਤੀ ਸ਼ਕਤੀ ਲਈ ਪ੍ਰਸਿੱਧ ਹੈ। ਹੁਣ ਇਸ ਸਾਖੀ ਤੋਂ ਸਾਧਾਰਣ ਤੋਂ ਸਾਧਾਰਣ ਬੁਧੀ ਵਾਲਾ ਬੰਦਾ ਵੀ ਦਿਮਾਗ਼ ਉਤੇ ਮਾਮੂਲੀ ਜਿਹਾ ਜ਼ੋਰ ਪਾ ਕੇ ਸਮਝ ਸਕਦਾ ਹੈ ਕਿ ਸੱਚ ਕੀ ਹੈ ਤੇ ਝੂਠ ਕੀ ਹੈ? ਕਿਉਂਕਿ : 1. ਉਹ ਉਬਲਦਾ ਪਾਣੀ ਤਾਂ 16 ਮੀਲ ਦੀ ਵਿੱਥ ਤਕ ਫੈਲਿਆ ਹੋਇਆ ਹੈ ਜਦਕਿ ਮਿਥਿਹਾਸ ਜਾਂ ਸਾਖੀ ਇਹੀ ਦਸਦੀ ਹੈ ਕਿ ਬਾਬਾ ਜੀ ਨੇ ਸਿਰਫ਼ ਇਕ ਜਗ੍ਹਾ ਤੋਂ ਹੀ ਪੱਥਰ ਚੁਕਿਆ ਸੀ, ਫਿਰ ਹੋਰ ਥਾਂ ਪਾਣੀ ਕਿਵੇਂ ਨਿਕਲ ਆਇਆ? 2. ਮਨੀਕਰਨ ਪਿੰਡ ਵਿਚ ਵੀ ਕਈ ਥਾਵਾਂ ਤੇ ਗਰਮ ਪਾਣੀ ਨਿਕਲ ਰਿਹਾ ਹੈ। 3. ਪਾਣੀ ਉਬਲਣ ਦੀ ਕਰਿਸ਼ਮੇ ਵਾਲੀ ਘਟਨਾ ਤਾਂ ਜੁਗਾਂ-ਜੁਗਾਂਤਰਾਂ ਤੋਂ ਚਲਦੀ ਆ ਰਹੀ ਹੈ। ਸੋ, ਪਾਣੀ ਉਬਲਣ ਦੀ ਘਟਨਾ ਗ਼ੈਬੀ ਜਾਂ ਕਰਾਮਾਤੀ ਨਹੀਂ, ਸਗੋਂ ਕਾਰਨ ਵਿਗਿਆਨਕ ਹੈ। 

ਇਸ ਲਈ ਗੁਰੂ ਸਾਹਿਬ ਜੀ ਦੀ ਪਵਿੱਤਰ ਸਾਫ਼-ਸੁਥਰੀ ਜੀਵਨੀ ਨੂੰ ਵਹਿਮਾਂ-ਭਰਮਾਂ, ਕਰਾਮਾਤਾਂ, ਅੰਧਵਿਸ਼ਵਾਸਾਂ ਨਾਲ ਲਬੇੜਨਾ ਉਨ੍ਹਾਂ ਦੀ ਪਾਕ ਪਵਿੱਤਰ ਜੀਵਨੀ ਦੀ ਤੌਹੀਨ ਕਰਨਾ ਹੈ ਤੇ ਇਹ ਗੱਲ ਸੋਭਾ ਨਹੀਂ ਦਿੰਦੀ। ਇਹੋ ਝੂਠ-ਕੁਫ਼ਰ ਭਰੀਆਂ ਅੰਧਵਿਸ਼ਵਾਸੀ ਬਿਨਾਂ ਸਿਰ ਪੈਰ ਦੀਆਂ ਸਾਖੀਆਂ ਸੁਣ-ਸੁਣ ਕੇ ਪਹਾੜੀ ਲੋਕ ਵੀ ਪੱਕੇ ਅੰਧਵਿਸ਼ਵਾਸੀ ਬਣ ਚੁੱਕੇ ਹਨ। ਉਹ ਹੁਣ ਵਿਆਹਾਂ ਉਤੇ, ਬੱਚਿਆਂ ਦੇ ਜਨਮ ਦਿਨਾਂ ਉਤੇ ਉਨ੍ਹਾਂ ਕੁੰਡਾਂ ਵਿਚ ਚੀਜ਼ਾਂ ਰੋਟੀਆਂ, ਸਬਜ਼ੀਆਂ, ਚੌਲ ਤਿਆਰ ਕਰ ਕੇ ਮੰਨਤਾਂ ਮੰਨਦੇ ਹਨ, ਜੋ ਕਿ ਨਿਰਾਪੁਰਾ ਅੰਧਵਿਸ਼ਵਾਸ ਤੇ ਪਾਖੰਡਬਾਜ਼ੀ ਹੈ। ਮਨੀਕਰਨ ਗੁਰਦਵਾਰਾ ਸਾਹਿਬ ਵਿਚ ਇਕ ਗਰਮ ਗੁਫ਼ਾ ਹੈ। ਉਸ ਵਿਚ ਜੋੜਾਂ ਦੇ ਦਰਦ ਵਾਲੇ ਲੋਕ ਕੁੱਝ ਮਿੰਟਾਂ ਲਈ ਅੰਦਰ ਬੈਠਦੇ ਹਨ, ਪਸੀਨਾ ਲੈਂਦੇ ਹਨ। ਉਹ ਉਥੇ ਰਹਿ ਕੇ ਬਹੁਤ ਦਿਨਾਂ ਤਕ ਇਹ ਅਭਿਆਸ ਕਰਦੇ ਰਹਿੰਦੇ ਹਨ। ਹੌਲੀ-ਹੌਲੀ ਰੋਮ ਖੁੱਲ੍ਹ ਜਾਂਦੇ ਹਨ ਤੇ ਖ਼ੂਨ ਦੀ ਚਾਲ ਠੀਕ  ਹੋ ਜਾਂਦੀ ਹੈ। ਉਨ੍ਹਾਂ ਲੋਕਾਂ ਵਿਚ ਕੁੱਝ ਲੋਕਾਂ ਨੂੰ ਆਰਾਮ ਆ ਜਾਂਦਾ ਹੈ ਪਰ ਇਸ ਦਾ ਕਾਰਨ ਉਹੀ ਵਿਗਿਆਨਕ ਹੈ, ਯਾਨੀ ਕੁਦਰਤੀ ਇਲਾਜ ਪ੍ਰਣਾਲੀ, ਜੋ ਦੇਸ਼ ਵਿਚ ਵੀ ਕਈ ਹੋਰ ਸਥਾਨਾਂ ਉਤੇ ਹੀ ਚਲਦੀ ਹੈ।

ਗੁਰਦਵਾਰਾ ਸਾਹਿਬ ਦੇ ਅੰਦਰ ਗੇਟ ਵੜਦੇ ਹੀ ਤਲਾਬ ਹੈ। ਉਥੇ ਪਾਈਪਾਂ ਰਾਹੀਂ ਗਰਮ ਤੇ ਠੰਢੇ ਪਾਣੀਆਂ ਦੇ ਤਲਾਬ ਬਣਾਏ ਹੋਏ ਹਨ। ਉਥੇ ਵੀ ਸ੍ਰੀਰ ਦੇ ਦਰਦਾਂ ਵਾਲੇ ਲੋਕ ਇਸ਼ਨਾਨ ਕਰਦੇ ਹਨ। ਉਨ੍ਹਾਂ ਵਿਚੋਂ ਬਹੁਤਿਆਂ ਨੂੰ ਆਰਾਮ ਵੀ ਆ ਜਾਂਦਾ ਹੈ। ਦੂਜੇ ਤਲਾਬ ਨਦੀ ਦੇ ਪਾਸੇ ਸੜਕ ਵਲ ਨੂੰ ਹਨ। ਉਥੇ ਵੀ ਇਸੇ ਪ੍ਰਕਾਰ ਦਾ ਗਰਮ-ਠੰਢਾ ਪਾਣੀ ਹੈ। ਉਥੇ ਵੀ ਤਲਾਬ ਹਨ। ਇਹ ਸੱਭ ਕੁਦਰਤੀ ਇਲਾਜ ਪ੍ਰਣਾਲੀ ਦਾ ਹੀ ਅੰਗ ਹਨ, ਕੋਈ ਮਿਹਰ ਵਾਲੀ ਜਾਂ ਕਰਾਮਾਤੀ ਗ਼ੈਬੀ ਸ਼ਕਤੀ ਵਾਲੀ ਗੱਲ ਨਹੀਂ। ਮਨੀਕਰਨ ਕੁੰਡਾਂ ਵਿਚ ਆਟਾ ਨਹੀਂ ਘੁਲਦਾ। ਰੋਟੀ ਪਕਦੀ ਉਪਰ ਆ ਜਾਂਦੀ ਹੈ ਪਰ ਉਸ ਵਿਚ ਤਵੇ ਦੀ ਰੋਟੀ ਨਾਲ ਬਣੀ ਆਟੇ ਦੀ ਕਚਿਆਈ ਜ਼ਰੂਰ ਰਹਿ ਜਾਂਦੀ ਹੈ। ਪਾਣੀ ਵਿਚ ਕੱਚਾ ਪੇੜਾ ਵਧਾ ਕੇ ਪਾਇਆ ਜਾਂਦਾ ਹੈ। ਉਪਰੋਕਤ ਸਾਰੀਆਂ ਗੱਲਾਂ ਕੁਦਰਤੀ ਨਜ਼ਾਰਿਆਂ ਦਾ ਇਕ ਹਿੱਸਾ ਹਨ ਤੇ ਕਾਰਨ ਸਿਰਫ਼ ਵਿਗਿਆਨਕ ਹੀ ਹੈ।

ਅਜਕਲ ਜਿਹੜੀ ਸੰਗਤ ਉਥੇ ਜਾਂਦੀ ਹੈ, ਉਨ੍ਹਾਂ ਵਿਚੋਂ ਜ਼ਿਆਦਾਤਰ ਕੁਦਰਤ ਦੇ ਨਜ਼ਾਰਿਆਂ ਨੂੰ ਤੱਕਣ ਨਹੀਂ ਜਾਂਦੀ ਸਗੋਂ ਉਹ ਅੰਧਵਿਸ਼ਵਾਸੀ, ਲਾਈਲੱਗ ਬਣ ਕੇ, ਲਕੀਰ ਦੇ ਫ਼ਕੀਰ ਬਣ ਕੇ ਬਾਬਾ ਜੀ ਦੀ ਕਰਾਮਾਤੀ ਸ਼ਕਤੀ ਸਮਝ ਕੇ ਵੇਖਣ ਜਾਂਦੀ ਹੈ। ਸੋ ਸਾਨੂੰ ਅੰਧਵਿਸ਼ਵਾਸਾਂ ਦਾ ਖ਼ਾਤਮਾ ਕਰਨ ਲਈ ਸੱਭ ਤੋਂ ਪਹਿਲਾਂ ਇਹ ਸਮਝਣਾ ਚਾਹੀਦਾ ਹੈ ਕਿ ਦੁਨੀਆਂ ਭਰ ਵਿਚ ਧਾਰਮਕ ਸਥਾਨ, ਤੀਰਥ ਸਥਾਨ, ਡੇਰੇ ਸਿਰਫ਼ ਸਥਾਨ ਹੀ ਹੋਇਆ ਕਰਦੇ ਹਨ। ਸੋ, ਮਿੱਥਾਂ, ਸਾਖੀਆਂ ਸੱਭ ਝੂਠ ਦਾ ਪੁਲੰਦਾ ਹਨ। ਉਪਰੋਕਤ ਸਮੁੱਚੀ ਲੇਖ ਸਮੱਗਰੀ ਮੈਨੂੰ ਕਾਮਰੇਡ ਹਰਦਿਆਲ ਸਿੰਘ ਗਰੇਵਾਲ ਨੇ ਜ਼ੁਬਾਨੀ ਦੱਸੀ ਸੀ ਜਿਸ ਨੂੰ ਮੈਂ ਅਪਣੀ ਸ਼ਬਦ ਮਾਲਾ ਵਿਚ ਪਰੋਇਆ ਹੈ। ਸੋ, ਸਾਨੂੰ ਚੰਗਾ ਇਨਸਾਨ ਬਣਨ ਲਈ ਸਿਰਫ਼ ਬਾਬਾ ਜੀ ਦੇ ਪਾਏ ਅਸਲੀ ਪੂਰਨਿਆਂ ਤੇ ਸੋਚ ਨੂੰ ਅਪਣੀ ਜ਼ਿੰਦਗੀ ਵਿਚ ਢਾਲਣਾ ਚਾਹੀਦਾ ਹੈ। ਇਹੀ ਸੱਚੀ ਸੁੱਚੀ ਰੌਸ਼ਨੀ ਹੋਵੇਗੀ।
                                                                                                      ਪਵਨ ਕੁਮਾਰ ਰੱਤੋਂ, ਸੰਪਰਕ : 94173-71455