ਜੰਮੂ ਕਸ਼ਮੀਰ ਵਿਚੋਂ ਪੰਜਾਬੀ ਨੂੰ ਦੇਸ਼-ਨਿਕਾਲਾ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਬਹੁਗਿਣਤੀ ਸਰਕਾਰ ਵਲੋਂ ਲੋਕ ਰਾਏ ਦਾ ਅਪਮਾਨ

Punjabi Language

 ਮੁਗ਼ਲਾਂ ਦੇ ਸਦੀਆਂ ਭਰ ਦੇ ਜ਼ੁਲਮਾਂ ਤੇ ਸ਼ਾਹ ਮੀਰ ਦੇ ਰਾਜ ਘਰਾਣੇ ਦੇ ਵਿਨਾਸ਼ਕਾਰੀ ਸਮੇਂ ਪਿੱਛੋਂ, ਜਦੋਂ ਜੰਮੂ ਕਸ਼ਮੀਰ ਵਿਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਤਾਂ ਸਾਰੇ ਲੋਕਾਂ ਨੇ ਸੁੱਖ ਦਾ ਸਾਹ ਲਿਆ। ਸਾਰੀ ਹੀ ਪਰਜਾ ਨੂੰ ਅਪਣੀ ਔਲਾਦ ਸਮਝਣ ਵਾਲੇ ਮਹਾਰਾਜੇ ਵਲੋਂ ਨਾ ਤਾਂ ਕਿਸੇ ਨਾਲ ਧਰਮ-ਆਧਾਰੀ ਵਿਤਕਰੇ ਦੀ ਇਜਾਜ਼ਤ ਸੀ ਤੇ ਨਾ ਹੀ ਭਾਸ਼ਾ ਕਾਰਨ। ਸੋ ਜਿਥੇ ਹਰ ਧਰਮ ਪ੍ਰਫੁੱਲਤ ਹੋਣ ਲੱਗਾ, ਉਥੇ ਹਰ ਭਾਸ਼ਾ ਨੂੰ ਵੀ ਪ੍ਰਵਾਨਗੀ ਮਿਲੀ। ਪੰਜਾਬੀ ਨੂੰ ਭਾਵੇਂ ਉਸ ਸਮੇਂ ਰਾਜ ਭਾਸ਼ਾ ਦਾ ਸਥਾਨ ਤਾਂ ਨਾ ਮਿਲ ਸਕਿਆ ਪਰ ਇਸ ਸਮੇਂ ਆਮ ਬੋਲ ਚਾਲ ਦੀਆਂ ਭਾਸ਼ਾਵਾਂ ਵਿਚ ਇਸ ਨੂੰ ਪ੍ਰਮੁੱਖਤਾ ਹਾਸਲ ਰਹੀ। ਪੰਜਾਬੀ ਨਾਲ ਡੋਗਰੀ ਵੀ ਤਰੱਕੀ ਦੀਆਂ ਮੰਜ਼ਲਾਂ ਸਰ ਕਰਨ ਲੱਗੀ।

 

ਅੱਜ, ਸਦੀਆਂ ਤਕ ਇਸ ਖਿੱਤੇ ਨਾਲ ਵਾਬਸਤਾ ਰਹੀ, ਪੰਜਾਬੀ ਭਾਸ਼ਾ ਨੂੰ, ਇਕ ਸੋਚੀ ਸਮਝੀ ਚਾਲ ਅਧੀਨ, ਇਥੋਂ ਦੇਸ਼-ਨਿਕਾਲਾ ਦਿਤਾ ਜਾ ਰਿਹਾ ਹੈ। ਆਖ਼ਰ ਕੀ ਲੋੜ ਪੈ ਗਈ ਚੰਗੀ ਭਲੀ ਮਾਨਤਾ ਪ੍ਰਾਪਤ ਪੰਜਾਬੀ ਭਾਸ਼ਾ ਨੂੰ ਇਥੋਂ ਰੁਖ਼ਸਤ ਕਰਨ ਦੀ? ਮੀਡੀਏ ਵਿਚ ਅੱਜ ਮਹਾਂਮਾਰੀ ਕੋਰੋਨਾ ਤੇ ਚੀਨ-ਵਿਵਾਦ ਦੇ ਚਰਚਿਤ ਮੁੱਦਿਆਂ ਦੇ ਨਾਲ-ਨਾਲ ਜਿਹੜਾ ਮੁੱਦਾ ਪੂਰੀ ਦੁਨੀਆਂ ਦਾ ਸਰੋਕਾਰ ਬਣਿਆ ਹੋਇਆ ਹੈ, ਉਹ ਹੈ ਭਾਸ਼ਾ ਬਿੱਲ-2020 ਵਿਚੋਂ ਜੰਮੂ ਕਸ਼ਮੀਰ ਵਿਚੋਂ ਪੰਜਾਬੀ ਨੂੰ ਬਾਹਰ ਕਢਣਾ। ਆਖ਼ਰ ਅਜਿਹਾ ਕੀ ਵਾਪਰ ਗਿਆ ਕਿ ਪੰਜਾਬੀ, ਦੇਸ਼ ਦੇ ਪ੍ਰਬੰਧਕਾਂ ਨੂੰ ਵਾਧੂ ਜਾਪਣ ਲੱਗ ਪਈ ਹੈ? ਸੰਸਾਰ ਭਰ ਵਿਚ ਬੋਲੀਆਂ ਜਾਂਦੀਆਂ ਭਾਸ਼ਾਵਾਂ ਵਿਚੋਂ, ਦਸਵਾਂ ਸਥਾਨ ਹਾਸਲ ਕਰ ਚੁੱਕੀ ਪੰਜਾਬੀ, ਜੰਮੂ ਵਾਸੀਆਂ ਦੀ ਤਾਂ ਜਿੰਦ ਜਾਨ ਹੈ। 15 ਕਰੋੜ ਪੰਜਾਬੀਆਂ ਦੀ ਮਾਂ ਬੋਲੀ ਪੰਜਾਬੀ ਲਾਹੌਰ ਦੀ ਪਟਰਾਣੀ ਰਹੀ ਹੈ ਤੇ ਅੱਜ ਵੀ ਹੈ।

ਅਸੀ, ਜਿਹੜੇ ਪੰਜਾਬ ਦੀ ਖ਼ੂਨੀ-ਵੰਡ ਤੋਂ ਬਾਅਦ ਪੈਦਾ ਹੋਏ ਹਾਂ ਜਦੋਂ ਵੀ ਪਾਕਿਸਤਾਨੋਂ ਆਏ ਲੋਕਾਂ ਤੋਂ ਪੰਜਾਬੀ ਦਾ ਉਚਾਰਣ ਸੁਣਦੇ ਹਾਂ, ਫ਼ਿਲਮਾਂ ਵੇਖਦੇ ਹਾਂ ਜਾਂ ਨਾਟਕ ਤਕਦੇ ਹਾਂ ਤਾਂ ਅਸ਼-ਅਸ਼ ਕਰ ਉਠਦੇ ਹਾਂ ਕਿਉਂਕਿ ਉੱਧਰਲੀ ਠੇਠਤਾ, ਸ਼ੁਧਤਾ ਤੇ ਲਗਾਉ ਕਿਸੇ ਤੋਂ ਛੁਪੇ ਹੋਏ ਨਹੀਂ ਤੇ ਜੰਮੂ ਕਸ਼ਮੀਰ ਦੇ ਸਾਰੇ ਹੁਕਮਰਾਨ ਮਹਾਰਾਜੇ ਦੀ ਮੌਤ ਪਿੱਛੋਂ ਵੀ ਲਾਹੌਰ ਦਰਬਾਰ ਦੇ ਅਧੀਨ ਸਨ। ਨਿਰਸੰਦੇਹ, ਪੰਜਾਬੀਅਤ ਨਾਲ ਲਬਰੇਜ਼ ਕੌਮਾਂ ਪੰਜਾਬੀ ਭਾਸ਼ਾ ਤੇ ਪੰਜਾਬੀ ਸਭਿਆਚਾਰ ਨਾਲ ਪੂਰੀ ਸ਼ਿੱਦਤ ਨਾਲ ਜੁੜੀਆਂ ਚਲੀਆਂ ਆ ਰਹੀਆਂ ਹਨ। ਭਾਵੇਂ ਉਹ ਲਾਹੌਰ, ਸਿਆਲਕੋਟ, ਰਾਵਲਪਿੰਡੀ, ਨਾਰੋਵਾਲ, ਗੁਜਰਾਂਵਾਲਾ ਜਾਂ ਫ਼ੈਸਲਾਬਾਦ ਕਿਤੇ ਵੀ ਕਿਆਮ ਕਰ ਰਹੀਆਂ ਹੋਣ। ਅਮੀਨ ਮਲਿਕ ਲੰਡਨ ਰਹਿ ਕੇ ਵੀ ਕਿੰਨਾ-ਵੱਡਾ ਪੰਜਾਬੀ ਸੀ!

ਪੂਰੇ ਸੰਸਾਰ ਵਿਚ ਮਾਂ-ਬੋਲੀ ਪੰਜਾਬੀ ਨਾਲ ਜੁੜੇ ਲੋਕਾਂ ਵਿਚ ਅੱਜ ਸਿਰੇ ਦੀ ਬੇਚੈਨੀ, ਬੇਗ਼ਾਨਗੀ, ਅਵਿਸ਼ਵਾਸੀ ਤੇ ਬੇ-ਭਰੋਸਗੀ ਦਾ ਆਲਮ ਹੈ। ਮੌਜੂਦਾ ਸਰਕਾਰ, ਇਕ ਪਾਸੇ ਤਾਂ ਖ਼ਾਲਿਸਤਾਨ ਦੇ ਨਾਂ ਤੋਂ ਤ੍ਰਭਕਦੀ ਹੈ, ਦੂਜੇ ਪਾਸੇ ਪੰਜਾਬੀਆਂ (ਖ਼ਾਸ ਕਰ ਕੇ ਸਿੱਖਾਂ) ਨਾਲ ਵਿਤਕਰਾ ਦਰ ਵਿਤਕਰਾ ਕਰਨ ਉਤੇ ਉਤਾਰੂ ਹੈ। ਅਸੀ ਜਾਣਨਾ ਚਾਹੁੰਦੇ ਹਾਂ ਕਿ ਪਹਿਲਾਂ ਤੋਂ ਮੌਜੂਦ ਜੰਮੂ ਕਸ਼ਮੀਰ ਰਾਜ ਭਾਸ਼ਾ ਐਕਟ ਵਿਚ ਦਰਜ ਭਾਸ਼ਾਵਾਂ ਵਿਚੋਂ ਪੰਜਾਬੀ ਨੂੰ ਮਨਫ਼ੀ ਕਰਨ ਪਿੱਛੇ ਕੀ ਦਲੀਲ ਹੈ? ਕਿਉਂ ਇਸੇ ਉਤੇ ਹੀ ਕੁਹਾੜਾ ਚਲਾਇਆ ਜਾ ਰਿਹਾ ਹੈ? ਕੀ ਇਸ ਲਈ ਕਿ ਜੰਮੂ ਕਸ਼ਮੀਰ ਦਾ ਪੰਜਾਬ ਨਾਲ ਕਦੇ ਅਟੁਟ ਸਬੰਧ ਰਿਹਾ ਹੈ? 1947 ਦੀ ਦੇਸ਼-ਵੰਡ ਤਕ, ਡੋਗਰੀ ਪੰਜਾਬੀ ਦੀ ਉੱਪ ਭਾਸ਼ਾ ਰਹੀ ਹੈ, ਭਾਵੇਂ ਹੁਣ ਇਸ ਨੂੰ ਦੇਸ਼ ਦੀਆਂ ਪ੍ਰਮੁੱਖ ਭਾਸ਼ਾਵਾਂ ਵਿਚ ਆਜ਼ਾਦਾਨਾ ਸਥਾਨ ਮਿਲ ਚੁੱਕਾ ਹੈ।

ਸਦੀਆਂ ਤਕ ਜਿਹੜੀ ਭਾਸ਼ਾ ਕਿਸੇ ਦੂਜੀ ਭਾਸ਼ਾ ਦੀ ਅਧੀਨਗੀ ਵਿਚ ਰਹੀ ਹੋਵੇ, ਉਸ ਨੂੰ ਤਾਂ ਪੂਰਾ ਸੂਰਾ ਦਰਜਾ ਦੇ ਦਿਤਾ ਜਾਵੇ, ਪ੍ਰੰਤੂ ਪ੍ਰਮੁੱਖ ਰਹੀ ਭਾਸ਼ਾ ਨੂੰ ਨਦਾਰਦ ਕਰ ਦਿਤਾ ਜਾਵੇ, ਇਹ ਬਹੁਤ ਵਡੀ ਬੇਇਨਸਾਫ਼ੀ ਹੈ, ਸਿਰੇ ਦੀ ਜ਼ਿਆਦਤੀ ਹੈ। ਪੰਜਾਬ ਨਾਲ ਲਗਾਤਾਰ ਕੀਤੀਆਂ ਜਾ ਰਹੀਆਂ ਵਧੀਕੀਆਂ ਦੀ ਸੂਚੀ ਵਿਚ ਇਕ ਹੋਰ ਜ਼ਿਕਰਯੋਗ ਵਾਧਾ। ਪਹਿਲਾਂ ਹੀ ਪਛਾੜੇ ਜਾ ਰਹੇ ਸੂਬੇ ਦੇ ਲੋਕਾਂ ਅੰਦਰ ਰੋਹ, ਰੋਸ ਤੇ ਬਦਅਮਨੀ ਪੈਦਾ ਕਰਨ ਦਾ ਨਵਾਂ ਮੁੱਦਾ!! ਬਹੁਗਿਣਤੀ ਸਰਕਾਰ ਵਲੋਂ ਲੋਕ ਰਾਏ ਦਾ ਅਪਮਾਨ। ਔਰਤਾਂ ਲਈ ਜਦੋਂ ਸਬਰੀਮਾਲਾ ਮੰਦਰ ਦੇ ਕਿਵਾੜ ਖੋਲ੍ਹਣ ਦਾ ਫ਼ੈਸਲਾ ਉੱਚ ਅਦਾਲਤ ਵਲੋਂ ਸੁਣਾਇਆ ਗਿਆ ਸੀ ਤਾਂ ਦੇਸ਼ ਦੇ ਮੌਜੂਦਾ ਗ੍ਰਹਿ ਮੰਤਰੀ ਦਾ ਬਿਆਨ ਆਇਆ ਸੀ ਕਿ ਅਦਾਲਤਾਂ ਨੂੰ ਫ਼ੈਸਲਾ ਲੈਂਦੇ ਸਮੇਂ ਲੋਕ ਰਾਇ (ਭਾਵ ਸਮਾਜਕ ਮਰਯਾਦਾਵਾਂ) ਦਾ ਖ਼ਿਆਲ ਰਖਣਾ ਚਾਹੀਦਾ ਹੈ। ਕੀ ਅੱਜ ਇਹ ਗੱਲ ਸਾਡੇ ਹਾਕਮਾਂ ਨੂੰ ਵਿਸਰ ਗਈ ਹੈ? ਪੰਜਾਬੀ ਵਰਗੀ ਹਰਮਨ ਪਿਆਰੀ, ਪੁਰਾਤਨ, ਗੁਰੂ-ਬਖ਼ਸ਼ਿੰਦ ਤੇ ਸੂਫ਼ੀ ਸ਼ਾਇਰਾਂ ਦੀ ਲਾਡਲੀ ਭਾਸ਼ਾ ਦਾ ਨਿਕਾਲਾ ਕੀ ਅਸੀ ਪ੍ਰਵਾਨ ਕਰ ਸਕਦੇ ਹਾਂ?

ਇਸ ਮਰਹਲੇ 'ਤੇ, ਜੰਮੂ ਕਸ਼ਮੀਰ ਵਾਸੀਆਂ ਵਲੋਂ ਇਸ ਫ਼ੈਸਲੇ ਵਿਰੁਧ ਸੱਭ ਤੋਂ ਵੱਧ ਵਿਰੋਧ ਹੋ ਰਿਹਾ ਹੈ ਕਿਉਂਕਿ ਡੋਗਰਾ ਰਾਜ ਵੇਲੇ ਵੀ ਇਥੇ ਪੰਜਾਬੀ ਦੀ ਸਰਦਾਰੀ ਰਹੀ ਹੈ। ਰਾਜਾ ਗੁਲਾਬ ਸਿੰਘ, ਕੋਟਾ ਰਾਣੀ, ਰਣਬੀਰ ਸਿੰਘ, ਪ੍ਰਤਾਪ ਸਿੰਘ ਤੇ ਹਰੀ ਸਿੰਘ ਦੇ ਰਾਜ ਵੇਲੇ ਵੀ ਪੰਜਾਬੀ ਭਾਸ਼ਾ ਪੂਰੀ ਚੜ੍ਹਦੀਕਲਾ ਵਿਚ ਰਹੀ। ਪੂਰੀ ਰਿਆਸਤ ਵਿਚ ਸੈਂਕੜੇ ਹੀ ਗੁਰਦਵਾਰੇ ਇਤਿਹਾਸਕ ਮਹੱਤਤਾ ਰਖਦੇ ਹਨ। ਸਤਿਗੁਰ ਨਾਨਕ ਜੀ ਤੋਂ ਲੈ ਕੇ ਵਧੇਰੇ ਗੁਰੂ ਸਾਹਿਬਾਨ ਨੇ ਕਸ਼ਮੀਰੀ ਸੰਗਤਾਂ ਨੂੰ ਸਮੇਂ-ਸਮੇਂ ਖ਼ੁਦ ਜਾ ਕੇ ਉਪਦੇਸ਼ ਦਿਤਾ। ਡੱਲ ਝੀਲ ਲਾਗੇ, ਛੇਵੀਂ ਪਾਤਿਸ਼ਾਹੀ ਦੀ ਯਾਦ ਨੂੰ ਲੈ ਕੇ ਬੀਬੀ ਭਾਗ ਭਰੀ ਦੀ ਗੁਰੂ-ਭਗਤੀ ਨੂੰ ਦਰਸਾਉਂਦਾ ਨਿਹਾਇਤ ਆਲੀਸ਼ਾਨ ਤੇ ਵਿਸ਼ਾਲ ਗੁਰਦਵਾਰਾ ਅੱਜ ਵੀ ਹਜ਼ਾਰਾਂ-ਹਜ਼ਾਰਾਂ ਸੰਗਤਾਂ ਦੀ ਟੇਕ ਹੈ, ਜਿਥੇ ਵਿਸਾਖੀ ਨੂੰ ਇਸ ਕਦਰ ਇਕੱਠ ਵੇਖਿਆ ਗਿਆ ਕਿ ਅਪਣੀਆਂ ਅੱਖਾਂ ਉਤੇ ਯਕੀਨ ਨਾ ਆਇਆ।

ਏਅਰਪੋਰਟ ਤੋਂ ਉਤਰ ਕੇ, ਸ਼ੇਰ-ਏ-ਕਸ਼ਮੀਰ ਯੂਨੀਵਰਸਟੀ ਸ੍ਰੀਨਗਰ ਪਹੁੰਚਣ ਲਈ ਸਾਨੂੰ ਸਾਢੇ ਚਾਰ ਘੰਟੇ ਲੱਗੇ ਕਿਉਂਕਿ 14 ਅਪ੍ਰੈਲ ਨੂੰ ਵਿਸਾਖੀ ਮਨਾਉਣ ਲਈ ਪੂਰਾ ਕਸ਼ਮੀਰ ਹੀ ਇਸ ਗੁਰਦਵਾਰੇ ਢੁਕਿਆ ਹੋਇਆ ਸੀ, ਟ੍ਰੈਫ਼ਿਕ ਬੇਕਾਬੂ ਸੀ ਤੇ ਸੰਗਤਾਂ ਉਤਸ਼ਾਹੀ। ਗੁਰਦਵਾਰਾ ਸਾਹਿਬ ਪੁੱਜ ਕੇ ਸੰਗਤਾਂ ਨੂੰ ਮੁਖ਼ਾਤਿਬ ਕਰਨ ਵਿਚ ਵੀ ਕਾਮਯਾਬੀ ਨਾ ਮਿਲ ਸਕੀ। ਕਹਿਣ ਤੋਂ ਭਾਵ ਕਿ ਪੰਜਾਬੀ ਤੇ ਪੰਜਾਬੀਅਤ, ਕਸ਼ਮੀਰੀਅਤ ਨਾਲ ਰੂਹ ਤੇ ਜਿਸਮ ਵਾਂਗ ਇਕਮਕ ਹਨ। ਸਾਰੇ ਕਸ਼ਮੀਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਪੰਜਾਬੀਅਤ ਦੇ ਵੱਡੇ ਕਦਰਦਾਨ ਹਨ। ਗੁਰੂ ਸਾਹਿਬਾਨ, ਬਾਬਾ ਫ਼ਰੀਦ, ਭਗਤ ਸਾਹਿਬਾਨ, ਰਿਸ਼ੀਆਂ ਮੁਨੀਆਂ, ਸੂਫ਼ੀ ਕਵੀਆਂ, ਕਿੱਸਾਕਾਰਾਂ, ਵਾਰਤਾਕਾਰਾਂ ਤੇ ਲੋਕ ਨਾਇਕਾਂ ਦੀ ਮਹਿਬੂਬ, ਜਿੰਦ ਜਾਨ, ਸੰਸਾਰ ਦੇ ਸੱਭ ਤੋਂ ਅਹਿਮ, ਅਜ਼ੀਮ, ਅਮਰ, ਅਨਾਦੀ ਤੇ ਅਣਮੋਲ ਗ੍ਰੰਥ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਸੰਦੀਦਾ ਭਾਸ਼ਾ-ਪੰਜਾਬੀ ਭਾਸ਼ਾ ਇਤਿਹਾਸ ਦੇ ਲੰਮੇ ਪੈਂਡੇ ਝਾਗ ਕੇ ਪ੍ਰਵਾਨ ਚੜ੍ਹੀ ਹੈ।

ਅਸੀ ਕੇਂਦਰੀ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਪਹਿਲਾਂ ਹੀ ਉਦਾਸੀਨ ਪੰਜਾਬੀਆਂ ਨੂੰ ਹੋਰ ਨਾਰਾਜ਼ ਕਰਨ ਦੀ ਸੋਚ ਤਿਆਗ ਕੇ, ਉਨ੍ਹਾਂ ਦੀ ਮਾਂ-ਬੋਲੀ ਨੂੰ ਪਹਿਲਾਂ ਵਾਂਗ ਹੀ ਜੰਮੂ ਕਸ਼ਮੀਰ ਰਾਜ ਭਾਸ਼ਾ ਐਕਟ ਦੇ ਮਸੌਦੇ ਵਿਚ ਸ਼ਾਮਲ ਕਰੋ। ਅਜਿਹਾ ਕਰ ਕੇ ਤੁਸੀ ਸੰਸਾਰ ਭਰ ਵਿਚ ਵੱਸ ਰਹੇ ਪੰਜਾਬੀਆਂ ਦੀ ਹਮਦਰਦੀ ਤੇ ਖ਼ੁਸ਼ਨੂਦੀ ਜਿੱਤੋਗੇ। ਇਹ ਬੜਾ ਨਾਜ਼ੁਕ ਤੇ ਮਹੱਤਵਪੂਰਨ ਮੌਕਾ ਹੈ ਕਿਉਂਕਿ ਮਾਂ-ਬੋਲੀ, ਬੋਲਣ ਵਾਲਿਆਂ ਲਈ ਮਾਂ ਜਿੰਨੀ ਹੀ ਮਹੱਤਤਾ ਰਖਦੀ ਹੈ। ਮਾਂ ਹੁੰਦੀ ਹੈ ਮਾਂ ਐ ਦੁਨੀਆਂ ਵਾਲਿਉ!

                                        ਡਾ. ਕੁਲਵੰਤ ਕੌਰ,ਸੰਪਰਕ : 98156-20515