ਸ਼੍ਰੋਮਣੀ ਕਮੇਟੀ ਸਮੇਤ ਅਖੌਤੀ ਜਥੇਬੰਦੀਆਂ ਦੀ ਕਾਰਗੁਜ਼ਾਰੀ-1

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਇਕ ਗ੍ਰੰਥ, ਇਕ ਪੰਥ ਤੇ ਇਕ ਮਰਯਾਦਾ ਦੇ ਸਿਧਾਂਤ ਉਤੇ ਪਹਿਰਾ ਦੇਣਾ ਸੀ.........

SGPC

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਇਕ ਗ੍ਰੰਥ, ਇਕ ਪੰਥ ਤੇ ਇਕ ਮਰਯਾਦਾ ਦੇ ਸਿਧਾਂਤ ਉਤੇ ਪਹਿਰਾ ਦੇਣਾ ਸੀ, ਜੋ ਵਰਤਮਾਨ ਸਮੇਂ ਵਿਚ ਅਪਣੇ ਫ਼ਰਜ਼ਾਂ ਤੋਂ ਪੂਰੀ ਤਰ੍ਹਾਂ ਕਿਨਾਰਾ ਕਰ ਚੁਕੀ ਹੈ। ਸ਼੍ਰੋਮਣੀ ਕਮੇਟੀ ਦੀ ਢਿੱਲੀ ਕਾਰਗੁਜ਼ਾਰੀ ਕਰ ਕੇ ਸੜਕ ਛਾਪ ਲੀਡਰ ਤੇ ਆਪੇ ਬਣੀਆਂ ਅਖੌਤੀ ਪੰਥਕ ਜਥੇਬੰਦੀਆਂ ਦੀ ਭਰਮਾਰ ਵਿਚ ਦਿਨ-ਬ-ਦਿਨ ਵਾਧਾ ਹੋਈ ਜਾ ਰਿਹਾ ਹੈ। ਸੱਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੂੰ ਸਾਲ ਵਿਚ ਦੋ ਵਾਰ ਇਜਲਾਸ ਬਲਾਉਣਾ ਚਾਹੀਦਾ ਹੈ, ਜਿਹੜਾ ਘੱਟ ਤੋਂ ਘੱਟ ਦਸ ਦਿਨ ਦਾ ਹੋਣਾ ਚਾਹੀਦਾ ਹੈ। ਹਰ ਮੈਂਬਰ ਦੀ ਕਾਰਗੁਜ਼ਾਰੀ ਉਤੇ ਨਜ਼ਰਸਾਨੀ ਹੋਣੀ ਚਾਹੀਦੀ ਹੈ ਤੇ ਉਸ ਨੂੰ ਬੋਲਣ ਦਾ ਪੂਰਾ ਮੌਕਾ ਮਿਲਣਾ ਚਾਹੀਦਾ ਹੈ।

ਸਿੱਖ ਸਿਧਾਂਤ ਦੀ ਵਿਆਖਿਆ ਵਾਸਤੇ ਵਿਦਵਾਨਾਂ ਦੀ ਸਬ-ਕਮੇਟੀ ਹੋਣੀ ਚਾਹੀਦੀ ਹੈ। ਹਰ ਸਾਲ ਹੀ ਬਜਟ ਪਾਸ ਕਰਾਉਣ ਲਈ ਜਨਰਲ ਇਜਲਾਸ ਸੱਦਣ ਦਾ ਡਰਾਮਾ ਕੀਤਾ ਜਾਂਦਾ ਹੈ ਕਿਉਂਕਿ ਬਜਟ ਉਤੇ ਕੋਈ ਬਹਿਸ ਤਾਂ ਹੋਣੀ ਨਹੀਂ ਹੁੰਦੀ। ਗਿਆਰਾਂ ਅਰਬ ਦਾ ਬਜਟ ਬਾਹਵਾਂ ਖੜੀਆਂ ਕਰ ਕੇ ਪ੍ਰਵਾਨ ਕਰ ਲਿਆ ਜਾਂਦਾ ਹੈ। ਇਸ ਵਾਰ ਤਾਂ ਜੱਗੋਂ ਤੇਰ੍ਹਵੀਂ ਕਰਦਿਆਂ ਇਕੱਤੀ ਪੰਨਿਆਂ ਵਾਲੇ ਬਜਟ ਦੇ ਕੇਵਲ 12 ਪੰਨੇ ਹੀ ਪੜ੍ਹੇ ਸਨ,

ਤਾਂ ਬਾਦਲ ਪ੍ਰਵਾਰ ਤੇ ਅਕਾਲੀ ਦਲ ਨਾਲ ਵਫ਼ਾਦਾਰੀ ਵਿਖਾਉਂਦਿਆਂ ਹੋਇਆਂ ਸ਼੍ਰੋਮਣੀ ਕਮੇਟੀ ਦੇ ਸਾਰੇ ਮੈਂਬਰ ਕਹਿਣ ਲੱਗ ਪਏ ਕਿ ''ਕੋਈ ਗੱਲ ਨਹੀਂ ਜੀ ਬੱਸ ਬੱਜਟ ਪੜ੍ਹਿਆ ਗਿਆ ਹੀ ਸਮਝੋ। ਬਾਕੀ ਦਾ ਬਜਟ ਪੜ੍ਹਨ ਲਈ ਰਹਿਣ ਦਿਉ, ਸਾਨੂੰ ਸਾਰੀ ਸਮਝ ਆ ਗਈ ਹੈ। ਜੈਕਾਰਾ ਲਗਾ ਕੇ ਪਾਸ ਕਰ ਦਿਉ।'' ਇਹ ਸ਼੍ਰੋਮਣੀ ਦੇ ਨਿਘਾਰ ਦੀ ਚਰਮ ਸੀਮਾ ਹੀ ਕਹੀ ਜਾ ਸਕਦੀ ਹੈ।

ਅੱਜ ਸੋਚਣ ਵਾਲਾ ਵਿਸ਼ਾ ਹੈ ਕਿ 1920 ਦੀ ਬਣੀ ਹੋਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਪਣੇ ਟੀਚਿਆਂ ਉਤੇ ਪੂਰਾ ਉਤਰ ਰਹੀ ਹੈ ਜਾਂ ਫਿਰ ਇਕ ਖਾਨਾਪੂਰਤੀ ਕਰਦੀ ਹੋਈ ਨਜ਼ਰ ਆ ਰਹੀ ਹੈ? ਕਿਤੇ ਅੱਜ ਸ਼ਹੀਦਾਂ ਦੀ ਜਥੇਬੰਦੀ ਸੜਕ ਛਾਪ ਲੀਡਰਾਂ, ਅਖੌਤੀ ਜਥੇਬੰਦੀਆਂ ਤੇ ਅਖੌਤੀ ਡੇਰਿਆਂ ਦੀ ਪੁਸ਼ਤਪਨਾਹੀ ਤਾਂ ਨਹੀਂ ਕਰ ਰਹੀ?

ਵਿਚਾਰਕ ਮਤਭੇਦਾਂ ਕਰ ਕੇ ਵਿਦਵਾਨਾਂ ਨੂੰ ਪੰਥ ਵਿਚੋਂ  ਖ਼ਾਰਜ ਕੀਤਾ ਜਾ ਰਿਹਾ ਹੈ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਕੇਵਲ ਤਮਾਸ਼ਬੀਨ ਬਣ ਕੇ ਸਾਰਾ ਕੁੱਝ ਵੇਖ ਰਹੇ ਹਨ। ਸਾਧ ਲਾਣੇ ਅਤੇ ਵਾਧੂ ਜਿਹੇ ਲੀਡਰਾਂ ਵਲੋਂ ਸਿੱਖ ਕੌਮ ਦਾ ਪੂਰੀ ਤਰ੍ਹਾਂ ਹਿੰਦੂਤਵ ਕੀਤਾ ਜਾ ਰਿਹਾ ਹੈ। ਇਸ ਸਾਰੇ ਕੁੱਝ ਵਿਚ ਸਿੱਖਾਂ ਦੀ ਰਾਜਨੀਤਕ ਪਾਰਟੀ ਅਕਾਲੀ ਦਲ (ਜੋ ਅਜਕਲ ਪੰਜਾਬੀ ਪਾਰਟੀ ਬਣ ਚੁੱਕੀ ਹੈ) ਸਿੱਖ ਸਿਧਾਂਤ ਤੋਂ ਪੂਰੀ ਤਰ੍ਹਾਂ ਕਿਨਾਰਾ ਕਰ ਚੁੱਕਾ ਹੈ। ਕੌਮ ਦਾ ਹਿੰਦੂਤਵ ਵੇਖ ਕੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਕਦੇ ਕੰਨ ਉਤੇ ਜੂੰ ਨਹੀਂ ਸਰਕੀ। ਉਂਜ ਆਖਦੇ ਇਹੀ ਹਨ ਕਿ ਅਸੀ ਕੌਮ ਦੀ ਅਗਵਾਈ ਕਰ ਰਹੇ ਹਾਂ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਇਮੀ ਦਾ ਮੁੱਢ : ਡਾ. ਹਰਜਿੰਦਰ ਸਿੰਘ ਦਿਲਗੀਰ ਸਿੱਖ ਤਵਾਰੀਖ਼ ਵਿਚ ਲਿਖਦੇ ਹਨ ''ਖ਼ਾਲਸਾ ਬਰਾਦਰੀ ਕਾਰਜ ਸਾਧਕ ਦਲ'' ਜਥੇਬੰਦੀ ਵਲੋਂ ਜਲ੍ਹਿਆਂ ਵਾਲੇ ਬਾਗ਼ ਵਿਚ 10 ਤੋਂ 12 ਅਕਤੂਬਰ ਨੂੰ ਅਖੌਤੀ ਪਛੜੀਆਂ ਸ਼੍ਰੇਣੀਆਂ ਦਾ ਇਕ ਇਕੱਠ ਸਦਿਆ ਗਿਆ। ਇਸ ਜਥੇਬੰਦੀ ਦੇ ਮੁਖੀ ਭਾਈ ਮਹਿਤਾਬ ਸਿੰਘ ਸਨ, ਜੋ ਬਕਾਪੁਰ ਜਲੰਧਰ ਵਾਲੇ ਮੌਲਵੀ ਕਰੀਮ ਬਖ਼ਸ਼ ਜੋ 14 ਜੂਨ ਨੂੰ ਖੰਡੇ ਦੀ ਪਾਹੁਲ ਲੈ ਕੇ ਲਖਬੀਰ ਸਿੰਘ ਬਣ ਗਏ ਸਨ, ਉਨ੍ਹਾਂ ਦੇ ਪੁੱਤਰ ਸਨ। ਇਨ੍ਹਾਂ ਦੇ ਮਨ ਵਿਚ ਸਿੱਖੀ ਪ੍ਰਤੀ ਬਹੁਤ ਤੜਫ ਸੀ। ਇਸ ਇਕੱਠ ਲਈ ਉਨ੍ਹਾਂ ਇਕ ਇਸ਼ਤਿਹਾਰ ਛਪਾਇਆ ਜਿਸ ਉਤੇ ਇਹ ਨਜ਼ਮ ਲਿਖੀ ਹੋਈ ਸੀ।

ਚੀਫ਼ ਖ਼ਾਲਸਾ ਦੀਵਾਨ ਔਰ ਜਥੇ ਵੀ ਤਮਾਮ, 
ਗੁਣੀ ਗਿਆਨੀ ਮਿਲ ਆਏ ਦਰਸ ਸਿਖੌਣਗੇ।
ਜਾਤ ਦਾ ਜੋ ਭੂਤ ਦੁਖਦਾਈ ਭਾਰਾ, 
ਏਕਤਾ ਦਾ ਮੰਤਰ ਫੂਕ ਝੱਟ ਹੀ ਉਡੌਣਗੇ।

ਖ਼ਾਲਸਾ ਜੀ ਪੰਥ ਗੁਰੂ ਦਸਵੇਂ ਦਾ ਸਾਜਿਆ ਜੋ,
ਇਸ ਦੇ ਅਕਾਲੀ ਇਕ ਝੰਡੇ ਥੱਲੇ ਸੱਭ ਨੂੰ ਲਿਔਣਗੇ।
ਰਹਿਤੀਏ, ਰਾਮਦਾਸੀਏ ਤੇ ਮਜ਼੍ਹਬੀ ਜੋ ਹੋਰ ਜਾਤਾਂ,
ਉਨ੍ਹਾਂ ਤਾਈਂ ਮੇਟ ਇਕੋ ਖ਼ਾਲਸਾ ਸਜੌਣਗੇ।

ਪਹਿਲੇ ਦਿਨ ਤਾਂ ਕੋਈ ਸਿੱਖ ਆਗੂ ਸ਼ਾਮਲ ਨਾ ਹੋਇਆ। ਹੋਰ ਤਾਂ ਹੋਰ ਇਨ੍ਹਾਂ ਨੂੰ ਲੰਗਰ ਲਈ ਬਰਤਨ ਵੀ ਨਾ ਮਿਲੇ। ਦੂਜੇ ਦਿਨ ਸੁੰਦਰ ਸਿੰਘ ਮਜੀਠੀਆ, ਕਰਤਾਰ ਸਿੰਘ ਝੱਬਰ, ਤੇਜਾ ਸਿੰਘ ਭੁੱਚਰ, ਮੰਗਲ ਸਿੰਘ, ਬਹਾਦਰ ਸਿੰਘ ਆਦਿ ਹੋਰ ਸਿੱਖ ਵੀ ਹਾਜ਼ਰ ਹੋਏ। ਇਹ ਉਹ ਸਮਾਂ ਸੀ ਜਦੋਂ ਦਰਬਾਰ ਸਾਹਿਬ ਦੇ ਪੁਜਾਰੀ ਅਖੌਤੀ ਪਛੜੀਆਂ ਸ਼੍ਰੇਣੀਆਂ ਦਾ ਪ੍ਰਸ਼ਾਦ ਪ੍ਰਵਾਨ ਨਹੀਂ ਕਰਦੇ ਸਨ। 11 ਅਕਤੂਬਰ ਦੀ ਰਾਤ ਨੂੰ ਮਤਾ ਪਾਸ ਹੋਇਆ ਕਿ ਸਵੇਰੇ ਦਰਬਾਰ ਸਾਹਿਬ ਇਹ ਅਖੌਤੀ ਪਛੜੀਆਂ ਸ਼੍ਰੇਣੀਆਂ ਪ੍ਰਸ਼ਾਦ ਲੈ ਕੇ ਜਾਣਗੀਆਂ ਜਿਸ ਦੀ ਅਗਵਾਈ ਸ੍ਰ. ਸੁੰਦਰ ਸਿੰਘ ਮਜੀਠੀਆ ਕਰਨਗੇ।

ਅਗਲੇ ਦਿਨ ਇਹ ਸਾਰੇ ਦਰਬਾਰ ਸਾਹਿਬ ਪ੍ਰਸ਼ਾਦ ਲੈ ਕੇ ਗਏ ਪਰ ਪੁਜਾਰੀਆਂ ਨੇ ਅਖੌਤੀ ਜਾਤਾਂ ਵਾਲਿਆਂ ਦਾ ਪ੍ਰਸ਼ਾਦ ਲੈਣ ਤੋਂ ਇਨਕਾਰ ਕਰ ਦਿਤਾ। ਬਾਵਾ ਹਰਕ੍ਰਿਸ਼ਨ ਸਿੰਘ ਨੇ ਗਲ ਵਿਚ ਪੱਲਾ ਪਾ ਕੇ ਪੁਜਾਰੀਆਂ ਨੂੰ ਤਿੰਨ ਵਾਰ ਕਿਹਾ ਪਰ ਉਹ ਟੱਸ ਤੋਂ ਮੱਸ ਨਾ ਹੋਏ। ਹੌਲੀ-ਹੌਲੀ ਸੰਗਤ ਦਾ ਇਕੱਠ ਵਧਦਾ ਵੇਖ ਕੇ ਪੁਜਾਰੀਆਂ ਨੂੰ ਅਰਦਾਸ ਕਰਨੀ ਪਈ। ਪ੍ਰਸ਼ਾਦ ਵਰਤਾਇਆ ਗਿਆ। ਸੰਗਤਾਂ ਦਾ ਜੋਸ਼ ਵਧਦਾ ਵੇਖ ਕੇ ਪੁਜਾਰੀ ਅਕਾਲ ਤਖ਼ਤ ਛਡ ਕੇ ਤੁਰਦੇ ਬਣੇ। ਇਸ ਇਕੱਠ ਵਿਚੋਂ ਗੁਰਦਵਾਰਿਆਂ ਦੇ ਸੁਚੱਜੇ ਪ੍ਰਬੰਧ ਲਈ ਸ਼੍ਰੋਮਣੀ ਕਮੇਟੀ ਦਾ ਮੁੱਢ ਬਝਿਆ।

ਕੁੱਝ ਚਿਰ ਮਗਰੋਂ ਮਾਸਟਰ ਮੋਤਾ ਸਿੰਘ ਜਦੋਂ ਅੰਮ੍ਰਿਤਸਰ ਆਏ ਤਾਂ ਉਨ੍ਹਾਂ ਨੇ ਸੁਝਾਅ ਦਿਤਾ ਕਿ ਅਕਾਲ ਤਖ਼ਤ ਵਲੋਂ ਇਕ ਸਰਬੱਤ ਖ਼ਾਲਸਾ ਬਲਾਇਆ ਜਾਏ, ਸਮੁੱਚੇ ਗੁਰਦਵਾਰਿਆਂ ਦੀ ਸੇਵਾ ਸੰਭਾਲ ਦਾ ਜ਼ਿੰਮਾ ਪੰਥਕ ਕਮੇਟੀ ਨੂੰ ਦਿਤਾ ਜਾਏ। ਡਾਕਟਰ ਗੁਰਬਖ਼ਸ਼ ਸਿੰਘ ਵਲੋਂ ਅਕਾਲ ਤਖ਼ਤ ਦੇ ਨਾਂ ਉਤੇ ਇਕ ਹੁਕਮਨਾਮਾ ਸਿੱਖ ਕੌਮ ਦੇ ਨਾਂ ਜਾਰੀ ਕੀਤਾ ਗਿਆ। ਉਦੋਂ ਜਥੇਦਾਰ ਸ਼ਬਦ ਦੀ ਥਾਂ ਤੇ ਸੇਵਕ ਸ਼ਬਦ ਵਰਤਿਆ ਗਿਆ। ਉਸ ਹੁਕਮਨਾਮੇ ਦੀ ਇਬਾਰਤ ਇੰਜ ਦੀ ਸੀ :

ਸਮੂਹ ਖ਼ਾਲਸਾ ਪ੍ਰਤੀ ਵਿਦਤ ਹੋਵੇ, 1 ਮੱਘਰ ਸੰਮਤ 1977, ਨਾਨਕਸ਼ਾਹੀ ਸੰਮਤ 451 ਮੁਤਾਬਕ 15 ਨਵੰਬਰ 1920 ਨੂੰ ਦਿਨ ਦੇ ਨੌਂ ਵਜੇ ਇਕ ਮਹਾਨ ਇਕੱਠ ਅਕਾਲ ਤਖ਼ਤ ਦੇ ਸਾਹਮਣੇ ਹੋਵੇਗਾ ਜਿਸ ਵਿਚ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਸਮੂਹ ਗੁਰਦਵਾਰਿਆਂ ਆਦਿ ਦੇ ਇੰਤਜ਼ਾਮ ਵਾਸਤੇ, ਡੂੰਘੀ ਵਿਚਾਰ ਕਰ ਕੇ, ਇਕ ਨੁਮਾਇੰਦਾ ਪੰਥਕ ਕਮੇਟੀ ਚੁਣੀ ਜਾਵੇਗੀ। ਇਸ ਲਈ ਸਰਬੱਤ ਗੁਰੂ ਤਖ਼ਤਾਂ, ਗੁਰਦਵਾਰਿਆਂ, ਖ਼ਾਲਸਾ ਜਥਿਆਂ, ਸਿੱਖ ਪਲਟਣਾਂ, ਰਿਆਸਤੀ ਸਿੱਖ ਫ਼ੌਜਾਂ ਹੇਠ ਲਿਖੀ ਧਾਰਨਾ ਵਾਲੇ ਸਿੰਘ ਹੇਠ ਲਿਖੀ ਵਿਊਂਤਬੰਦੀ ਅਨੁਸਾਰ ਚੁਣ ਕੇ ਭੇਜਣ।

ਨੁਮਾਇੰਦੇ ਦੀ ਧਾਰਨਾ : ਅੰਮ੍ਰਿਤਧਾਰੀ ਹੋਵੇ, ਪੰਜ ਬਾਣੀਆਂ ਦਾ ਨੇਮੀ ਹੋਵੇ, ਪੰਜ ਕਕਾਰ ਦਾ ਰਹਿਤਵਾਨ ਹੋਵੇ, ਅੰਮ੍ਰਿਤ ਵੇਲੇ ਉੱਠਣ ਵਾਲਾ ਹੋਵੇ ਤੇ ਦਸਵੰਧ ਦੇਣ ਵਾਲਾ ਹੋਵੇ। ਖ਼ਾਲਸਾ ਪੰਥ ਦੇ ਇਕੱਠ ਵਿਚੋਂ ਸ਼੍ਰੋਮਣੀ ਕਮੇਟੀ ਦਾ ਜਨਮ ਹੋਣ ਤੋਂ ਰੋਕਣ ਲਈ ਕੁੱਝ ਸਿੱਖ ਪੰਜਾਬ ਗਵਰਨਰ ਨੂੰ ਮਿਲੇ। ਪੰਜਾਬ ਗਵਰਨਰ ਨੇ ਅਪਣੀ ਤਰਫ਼ੋਂ ਸ਼੍ਰੋਮਣੀ ਕਮੇਟੀ ਘੋਸ਼ਤ ਕਰ ਦਿਤੀ, ਦੋ ਦਿਨ ਪਹਿਲਾਂ ਭਾਵ 13 ਅਕਤੂਬਰ ਨੂੰ ਜਦੋਂ ਪੰਥ ਦਾ ਇਕੱਠ 15 ਅਕਤੂਬਰ ਨੂੰ ਹੋਣਾ ਮਿਥਿਆ ਗਿਆ ਸੀ।

ਨੋਟ - ਇਨ੍ਹਾਂ ਤੋਂ ਪਹਿਲਾਂ 13 ਅਕਤੂਬਰ ਨੂੰ ਹੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਦਰਬਾਰ ਸਾਹਿਬ ਦੇ ਪ੍ਰਬੰਧ ਲਈ ਇਕ ਛੱਤੀ ਮੈਂਬਰੀ ਕਮੇਟੀ ਬਣਾ ਦਿਤੀ ਸੀ।

ਸ਼੍ਰੋਮਣੀ ਕਮੇਟੀ ਦੇ ਮੈਬਰਾਂ ਦੀ ਸੁਧਾਈ :- 15 ਅਕਤੂਬਰ ਦੇ ਇਕੱਠ ਲਈ ਦਾਖ਼ਲਾ ਟਿਕਟਾਂ ਰਾਹੀਂ ਹੋਇਆ ਜਿਸ ਵਿਚ 742 ਸਿੰਘ ਹਾਜ਼ਰ ਹੋਏ। ਉਂਜ ਇਕੱਠ ਅੱਠ ਹਜ਼ਾਰ ਦਾ ਹੋ ਗਿਆ ਸੀ। ਸ਼੍ਰੋਮਣੀ ਕਮੇਟੀ ਦੇ ਮੈਂਬਰ ਚੁਣੇ ਗਏ ਤੇ ਇਨ੍ਹਾਂ ਮੈਂਬਰਾਂ ਦੀ ਬਕਾਇਦਾ ਸੁਧਾਈ ਲਈ ਇਕ ਪੰਜ ਮੈਂਬਰੀ ਕਮੇਟੀ ਬਣਾਈ ਗਈ। ਬਹੁਤ ਸਾਰੇ ਮੈਂਬਰਾਂ ਨੇ ਅੰਮ੍ਰਿਤ ਨਹੀਂ ਸੀ ਛਕਿਆ ਹੋਇਆ। ਹੋਰ ਪੁੱਛ ਬਤੀਤ ਕਰ ਕੇ ਇਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣਨ ਦਾ ਮੌਕਾ ਮਿਲਿਆ। ਕੀ ਬਜਟ ਇਲਜਾਸ ਵਿਚ ਸ਼ਾਮਲ ਹੋਣ ਆਏ ਜਾਂ ਚੁਣੇ ਗਏ ਮੈਂਬਰਾਂ ਦੀ ਅੱਜ ਵੀ ਸੁਧਾਈ ਹੁੰਦੀ ਹੈ?

ਸ਼੍ਰੋਮਣੀ ਕਮੇਟੀ ਦੇ ਸੁਹਿਰਦ ਮੈਂਬਰਾਂ ਦੀ ਦੇਣ :-  ਬੜੀ ਜਦੋਜਹਿਦ ਵਿਚੋਂ ਗੁਰਦਵਾਰਿਆਂ ਦੇ ਪ੍ਰਬੰਧ ਲਈ ਸ਼੍ਰੋਮਣੀ ਕਮੇਟੀ ਤਿਆਰ ਹੋਈ। ਇਸ ਨੇ ਖ਼ਾਲਸਾ ਪੰਥ ਨੂੰ ਏਕਤਾ ਵਿਚ ਪਰੋਣ ਲਈ ਇਕ ਵਿਧੀ ਵਿਧਾਨ ਤਿਆਰ ਕਰਾਇਆ ਤੇ ਉਸ ਦਾ ਨਾਂ ਰਖਿਆ ਸਿੱਖ ਰਹਿਤ ਮਰਯਾਦਾ। ਸ਼੍ਰੋਮਣੀ ਕਮੇਟੀ ਨੇ ਗੁਰਦਵਾਰਿਆਂ ਦੇ ਪ੍ਰਬੰਧ ਵਿਚ ਸੁਧਾਰ ਲਿਆਉਣ ਦਾ ਯਤਨ ਕੀਤਾ ਤੇ ਨਾਲ ਵਿਦਿਆ ਦੇ ਪਸਾਰ ਵਲ ਵੀ ਧਿਆਨ ਦਿਤਾ। ਅਜੋਕੇ ਸਮੇਂ ਵਿਚ ਲੋਕਰਾਜੀ ਢਾਂਚੇ ਵਿਚ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਚੁਣੀ ਹੋਈ ਨੁਮਾਇੰਦਾ ਜਮਾਤ ਹੈ।

ਸਵੈ-ਪੜਚੋਲ : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਇਕ ਗ੍ਰੰਥ, ਇਕ ਪੰਥ ਤੇ ਇਕ ਮਰਯਾਦਾ ਦੇ ਸਿਧਾਂਤ ਉਤੇ ਪਹਿਰਾ ਦੇਣਾ ਸੀ, ਜੋ ਵਰਤਮਾਨ ਸਮੇਂ ਵਿਚ ਅਪਣੇ ਫ਼ਰਜ਼ਾਂ ਤੋਂ ਪੂਰੀ ਤਰ੍ਹਾਂ ਕਿਨਾਰਾ ਕਰ ਚੁਕੀ ਹੈ। ਸ਼੍ਰੋਮਣੀ ਕਮੇਟੀ ਦੀ ਢਿੱਲੀ ਕਾਰਗੁਜ਼ਾਰੀ ਕਰ ਕੇ ਸੜਕ ਛਾਪ ਲੀਡਰ ਤੇ ਆਪੇ ਬਣੀਆਂ ਅਖੌਤੀ ਪੰਥਕ ਜਥੇਬੰਦੀਆਂ ਦੀ ਭਰਮਾਰ ਵਿਚ ਦਿਨ-ਬ-ਦਿਨ ਵਾਧਾ ਹੋਈ ਜਾ ਰਿਹਾ ਹੈ। ਸੱਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੂੰ ਸਾਲ ਵਿਚ ਦੋ ਵਾਰ ਇਜਲਾਸ ਬਲਾਉਣਾ ਚਾਹੀਦਾ ਹੈ, ਜਿਹੜਾ ਘੱਟ ਤੋਂ ਘੱਟ ਦਸ ਦਿਨ ਦਾ ਹੋਣਾ ਚਾਹੀਦਾ ਹੈ।

ਹਰ ਮੈਂਬਰ ਦੀ ਕਾਰਗੁਜ਼ਾਰੀ ਉਤੇ ਨਜ਼ਰਸਾਨੀ ਹੋਣੀ ਚਾਹੀਦੀ ਹੈ ਤੇ ਉਸ ਨੂੰ ਪੂਰਾ-ਪੂਰਾ ਬੋਲਣ ਦਾ ਮੌਕਾ ਮਿਲਣਾ ਚਾਹੀਦਾ ਹੈ। ਸਿੱਖ ਸਿਧਾਂਤ ਦੀ ਵਿਆਖਿਆ ਵਾਸਤੇ ਵਿਦਵਾਨਾਂ ਦੀ ਸਬ-ਕਮੇਟੀ ਹੋਣੀ ਚਾਹੀਦੀ ਹੈ। ਹਰ ਸਾਲ ਹੀ ਬਜਟ ਪਾਸ ਕਰਾਉਣ ਲਈ ਜਨਰਲ ਇਜਲਾਸ ਸੱਦਣ ਦਾ ਡਰਾਮਾ ਕੀਤਾ ਜਾਂਦਾ ਹੈ ਕਿਉਂਕਿ ਬਜਟ ਉਤੇ ਕੋਈ ਬਹਿਸ ਤਾਂ ਹੋਣੀ ਨਹੀਂ ਹੁੰਦੀ। ਗਿਆਰਾਂ ਅਰਬ ਦਾ ਬਜਟ ਬਾਹਵਾਂ ਖੜੀਆਂ ਕਰ ਕੇ ਪ੍ਰਵਾਨ ਕਰ ਲਿਆ ਜਾਂਦਾ ਹੈ।

ਇਸ ਵਾਰ ਤਾਂ ਜੱਗੋਂ ਤੇਰ੍ਹਵੀਂ ਕਰਦਿਆਂ ਇਕੱਤੀ ਪੰਨਿਆਂ ਵਾਲੇ ਬਜਟ ਦੇ ਕੇਵਲ 12 ਪੰਨੇ ਹੀ ਪੜ੍ਹੇ ਸਨ, ਤਾਂ ਬਾਦਲ ਪ੍ਰਵਾਰ ਦੇ ਅਕਾਲੀ ਦਲ ਨਾਲ ਵਫ਼ਾਦਾਰੀ ਵਿਖਾਉਂਦਿਆਂ ਹੋਇਆਂ ਸ਼੍ਰੋਮਣੀ ਕਮੇਟੀ ਦੇ ਸਾਰੇ ਮੈਂਬਰ ਕਹਿਣ ਲੱਗ ਪਏ ਕਿ ''ਕੋਈ ਗੱਲ ਨਹੀਂ ਜੀ, ਬੱਸ ਬੱਜਟ ਪੜ੍ਹਿਆ ਗਿਆ ਹੀ ਸਮਝੋ। ਬਾਕੀ ਦਾ ਬਜਟ ਪੜ੍ਹਨ ਲਈ ਰਹਿਣ ਦਿਉ ਸਾਨੂੰ ਸਾਰੀ ਸਮਝ ਆ ਗਈ ਹੈ। ''ਜੈਕਾਰਾ ਲਗਾ ਕੇ ਪਾਸ ਕਰ ਦਿਉ।'' ਇਹ ਸ਼੍ਰੋਮਣੀ ਦੇ ਨਿਘਾਰ ਦੀ ਚਰਮ ਸੀਮਾ ਹੀ ਕਹੀ ਜਾ ਸਕਦੀ ਹੈ।                      (ਬਾਕੀ ਕੱਲ) 

ਪ੍ਰਿੰ. ਗੁਰਬਚਨ ਸਿੰਘ ਪੰਨਵਾਂ, ਥਾਈਲੈਂਡ ਵਾਲੇ
ਸੰਪਰਕ : 99155-29725